You’re viewing a text-only version of this website that uses less data. View the main version of the website including all images and videos.
ਪ੍ਰਭਸਿਮਰਨ ਸਿੰਘ ਤੇ ਹਰਪ੍ਰੀਤ ਬਰਾੜ: ਆਈਪੀਐੱਲ 'ਚ ਪੰਜਾਬ ਕਿੰਗਜ਼ ਦੀਆਂ ਆਸਾਂ ਜ਼ਿੰਦਾ ਰੱਖਣ ਵਾਲੇ ਦੋ ਗੱਭਰੂ ਖਿਡਾਰੀਆਂ ਦੀ ਕਹਾਣੀ
- ਲੇਖਕ, ਵਾਤਸਲਿਆ ਰਾਏ
- ਰੋਲ, ਬੀਬੀਸੀ ਪੱਤਰਕਾਰ
ਕਹਿਣ ਨੂੰ ਤਾਂ ਇਹ ਮੈਚ ਦੋ ਟੀਮਾਂ ਦਰਮਿਆਨ ਸੀ। ਇੱਕ ਪਾਸੇ ਪੰਜਾਬ ਕਿੰਗਜ਼ ਦੀ ਟੀਮ ਸੀ ਅਤੇ ਦੂਜੇ ਪਾਸੇ ਦਿੱਲੀ ਕੈਪੀਟਲਜ਼।
ਹਾਲਾਂਕਿ ਜੇ ਦੇਖਿਆ ਜਾਵੇ ਤਾਂ, ਦਿੱਲੀ ਦੀਆਂ ਉਸ ਦੇ ਘਰੇਲੂ ਮੈਦਾਨ ਵਿੱਚ ਗੋਢਣੀਆਂ ਲਗਵਾਉਣ ਦਾ ਸਿਹਰਾ ਪੰਜਾਬ ਦੇ ਦੋ ਖਿਡਾਰੀਆਂ ਦੇ ਸਿਰ ਹੀ ਬੱਝਿਆ।
ਜੇਕਰ ਸ਼ਨੀਵਾਰ ਦੇ ਮੈਚ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਨੇ 'ਕ੍ਰਿਸ਼ਮਈ ਖੇਡ' ਨਾ ਦਿਖਾਈ ਹੁੰਦੀ ਤਾਂ ਪੰਜਾਬ ਲਈ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਦਿੱਲੀ ਟੀਮ ਨੂੰ ਨੱਥ ਪਾਉਣਾ ਮੁਸ਼ਕਲ ਹੋ ਜਾਣਾ ਸੀ।
ਇਹ ਦੋ ਖਿਡਾਰੀ ਹਨ 22 ਸਾਲਾ ਤੇਜ਼ ਗੇਂਦਬਾਜ਼ ਪ੍ਰਭਸਿਮਰਨ ਸਿੰਘ ਅਤੇ 27 ਸਾਲਾ ਸਪਿਨਰ ਹਰਪ੍ਰੀਤ ਬਰਾੜ।
ਬਾਕੀ ਟੀਮ ਕੁਝ ਖਾਸ ਨਾ ਕਰ ਸਕੀ ਪਰ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਬਦੌਲਤ ਪੰਜਾਬ ਕਿੰਗਜ਼ ਦੇ ਪਲੇਆਫ 'ਚ ਪਹੁੰਚਣ ਦੀ ਉਮੀਦ ਬਣੀ ਹੋਈ ਹੈ।
ਦਿੱਲੀ ਦੀ ਮੁਸ਼ਕਲ ਪਿੱਚ 'ਤੇ ਪੰਜਾਬ ਕਿੰਗਜ਼ ਨੇ ਪਹਿਲਾਂ ਖੇਡਦੇ ਹੋਏ 167 ਦੌੜਾਂ ਬਣਾਈਆਂ। ਇਸ ਵਿੱਚ ਪ੍ਰਭਸਿਮਰਨ ਦਾ ਯੋਗਦਾਨ 103 ਦੌੜਾਂ ਦਾ ਰਿਹਾ।
ਟੀਮ ਦੇ ਬਾਕੀ ਸਾਰੇ ਬੱਲੇਬਾਜ਼ਾਂ ਨੇ ਮਿਲ ਕੇ ਸਿਰਫ਼ 51 ਦੌੜਾਂ ਬਣਾਈਆਂ। ਜੇਕਰ ਪ੍ਰਭਸਿਮਰਨ ਨੇ ਸੈਂਕੜਾ ਨਾ ਜੜਿਆ ਹੁੰਦਾ ਤਾਂ ਪੰਜਾਬ ਟੀਮ ਦਾ ਪਲੇਆਫ਼ ਦੀ ਦੌੜ 'ਚ ਬਣੇ ਰਹਿਣ ਦਾ ਸੁਪਨਾ ਕੱਚ ਦੇ ਗਲਾਸ ਵਾਂਗ ਖੇਰੂੰ-ਖੇਰੂੰ ਹੋ ਜਾਣਾ ਸੀ।
ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼
- ਪੰਜਾਬ ਨੇ ਦਿੱਲੀ ਨੂੰ 31 ਦੌੜਾਂ ਨਾਲ ਹਰਾਇਆ
- ਪੰਜਾਬ ਕਿੰਗਜ਼ - 167/7 (20 ਓਵਰ) ਪ੍ਰਭਸਿਮਰਨ ਸਿੰਘ 103, ਇਸ਼ਾਂਤ ਸ਼ਰਮਾ 2/27
- ਦਿੱਲੀ ਕੈਪੀਟਲਜ਼ -136/8 (20 ਓਵਰ) ਡੇਵਿਡ ਵਾਰਨਰ 54 ਦੌੜਾਂ, ਹਰਪ੍ਰੀਤ ਬਰਾੜ 4/30
- ਮੈਨ ਆਫ ਦਾ ਮੈਚ - ਪ੍ਰਭਸਿਮਰਨ ਸਿੰਘ
ਮੈਚ ਰੁਖ ਮੋੜਨ ਵਾਲੇ ਖਿਡਾਰੀ
ਇਸ ਦੇ ਨਾਲ ਹੀ ਹਰਪ੍ਰੀਤ ਬਰਾੜ ਨੇ ਵੀ ਆਪਣੀ ਗੇਂਦ ਨਾਲ ਦਿੱਲੀ ਦੇ ਕਿਲ੍ਹੇ 'ਚ ਉਦੋਂ ਸੰਨ੍ਹ ਲਾਈ ਜਦੋਂ ਮੈਚ ਹੱਥੋਂ ਨਿਕਲਦਾ ਜਾ ਰਿਹਾ ਸੀ।
ਦਿੱਲੀ ਦੇ ਸਲਾਮੀ ਬੱਲੇਬਾਜ਼ ਨੇ 6.1 ਓਵਰਾਂ 'ਚ 69 ਦੌੜਾਂ ਜੋੜੀਆਂ ਸਨ ਅਤੇ ਉਨ੍ਹਾਂ ਦੀ ਟੀਮ ਜਿੱਤ ਤੋਂ ਮਹਿਜ਼ 99 ਦੌੜਾਂ ਦੂਰ ਸੀ ਪਰ ਇਸ ਤੋਂ ਬਾਅਦ ਹਰਪ੍ਰੀਤ ਦੀਆਂ ਗੇਂਦਾਂ ਅਜਿਹੀਆਂ ਘੁੰਮੀਆਂ ਕਿ ਖੇਡ ਦਾ ਪਾਸਾ ਹੀ ਪਲਟ ਗਿਆ।
ਦਿੱਲੀ ਨੇ ਅਗਲੀਆਂ 23 ਗੇਂਦਾਂ 'ਤੇ ਛੇ ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਵਿੱਚੋਂ ਚਾਰ ਹਰਪ੍ਰੀਤ ਬਰਾੜ ਦੇ ਖਾਤੇ ਵਿੱਚ ਦਰਜ ਹੋਈਆਂ।
ਹਰਪ੍ਰੀਤ ਨੇ ਜਿਨ੍ਹਾਂ ਖਿਡਾਰੀਆਂ ਨੂੰ ਆਊਟ ਕੀਤਾ, ਉਹ ਸਨ- ਅਰਧ ਸੈਂਕੜਾ ਜੜ ਚੁੱਕੇ ਦਿੱਲੀ ਦੇ ਕਪਤਾਨ ਡੇਵਿਡ ਵਾਰਨਰ, ਸਲਾਮੀ ਬੱਲੇਬਾਜ਼ ਫਿਲ ਸਾਲਟ, ਰਾਇਲੀ ਰੂਸੋ ਅਤੇ ਮਨੀਸ਼ ਪਾਂਡੇ ਸ਼ਾਮਲ, ਜੋ ਪੂਰੀ ਤਰ੍ਹਾਂ ਡਟ ਗਏ ਸਨ।
ਕਪਤਾਨ ਸ਼ਿਖਰ ਧਵਨ ਨੇ ਇਸ ਨੂੰ ਮੈਚ ਦਾ ਅਦਭੁਤ ਟਰਨਿੰਗ ਪੁਆਇੰਟ ਮੰਨਿਆ।
ਧਵਨ ਨੇ ਕਿਹਾ, "(ਪਾਵਰ ਪਲੇਅ ਦੇ ਅੰਤ ਤੱਕ ਜਦੋਂ ਦਿੱਲੀ ਦੇ ਸਲਾਮੀ ਬੱਲੇਬਾਜ਼ ਖੇਡ ਰਹੇ ਸਨ) ਮੈਂ ਸੋਚ ਰਿਹਾ ਸੀ ਕਿ ਮੈਚ ਕਿੱਧਰ ਨੂੰ ਜਾ ਰਿਹਾ ਹੈ। ਜਿਵੇਂ ਅਸੀਂ ਵਾਪਸੀ ਕੀਤੀ, ਉਹ ਹੈਰਾਨੀਜਨਕ ਹੈ।"
ਹਰਪ੍ਰੀਤ ਬਰਾੜ ਦੇ ਬੇਮਿਸਾਲ ਸਾਬਤ ਹੋਣ ਦਾ ਇੱਕ ਹੋਰ ਕਾਰਨ ਵੀ ਸੀ। ਉਨ੍ਹਾਂ ਨੂੰ ਇੱਕਲੇ ਆਪਣੇ ਦਮ 'ਤੇ ਸਫ਼ਲਤਾ ਨਹੀਂ ਮਿਲੀ।
ਕਪਤਾਨ ਸ਼ਿਖਰ ਧਵਨ ਨੇ ਤੀਜੇ ਓਵਰ ਵਿੱਚ ਹੀ ਉਸ ਨੂੰ ਗੇਂਦ ਸੌਂਪ ਦਿੱਤੀ ਸੀ।
ਇਸ ਓਵਰ ਦੀਆਂ ਪਹਿਲੀਆਂ ਚਾਰ ਗੇਂਦਾਂ 'ਤੇ ਦਿੱਲੀ ਦੇ ਸਲਾਮੀ ਬੱਲੇਬਾਜ਼ਾਂ ਨੇ ਤਿੰਨ ਨੂੰ ਬਾਊਂਡਰੀ ਤੋਂ ਬਾਹਰ ਭੇਜ ਦਿੱਤਾ।
ਉਸ ਸਮੇਂ ਕਪਤਾਨ ਨੇ ਉਨ੍ਹਾਂ ਨੂੰ ਗੇਂਦਬਾਜ਼ੀ ਲਾਂਭੇ ਕੀਤਾ ਅਤੇ ਪਾਵਰ ਪਲੇ ਖਤਮ ਹੋਣ ਤੋਂ ਬਾਅਦ ਗੇਂਦ ਫੜਾਈ। ਇਹ ਛੇਵਾਂ ਓਵਰ ਸੀ।
ਇਸ ਵਾਰ ਵੀ ਸਾਲਟ ਨੇ ਹਰਪ੍ਰੀਤ ਦੇ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਜੜਿਆ ਪਰ ਅਗਲੀ ਗੇਂਦ 'ਤੇ ਹਰਪ੍ਰੀਤ ਨੇ ਸਾਲਟ ਨੂੰ ਬੋਲਡ ਕਰਕੇ ਖੇਡ ਦਾ ਰੁਖ ਮੋੜਨਾ ਸ਼ੁਰੂ ਕਰ ਦਿੱਤਾ।
ਕਪਤਾਨ ਸ਼ਿਖਰ ਧਵਨ ਨੇ ਕਿਹਾ, ''ਜਿਸ ਤਰ੍ਹਾਂ ਉਸ ਨੇ (ਪਿੱਛੇ ਖੜ੍ਹੇ ਹੋ ਕੇ) ਵਿਕਟਾਂ ਲਈਆਂ ਉਹ ਵੱਡੀ ਗੱਲ ਹੈ।
ਹਰਪ੍ਰੀਤ ਬਰਾੜ ਨੇ ਮੈਚ ਤੋਂ ਬਾਅਦ ਦੱਸਿਆ ਕਿ ਉਹ ਪਹਿਲੇ ਓਵਰ 'ਚ 'ਮਹਿੰਗੇ' ਸਾਬਤ ਹੋਣ ਤੋਂ ਬਾਅਦ 'ਘਬਰਾ' ਗਏ ਸੀ।
ਉਨ੍ਹਾਂ ਨੇ ਕਿਹਾ, "ਮੈਂ ਪਹਿਲੇ ਓਵਰ ਵਿੱਚ 13 ਦੌੜਾਂ ਖਰਚ ਕੀਤੀਆਂ ਅਤੇ ਮੈਂ ਥੋੜ੍ਹਾ ਘਬਰਾਇਆ ਹੋਇਆ ਸੀ ਪਰ ਮੈਨੂੰ ਪਤਾ ਸੀ ਕਿ ਮੈਂ ਵਾਪਸੀ ਕਰ ਸਕਦਾ ਹਾਂ।"
ਪ੍ਰਭਸਿਮਰਨ ਸਿੰਘ ਦੇ ਬੱਲੇ ਵਿੱਚ ਦਮ ਹੈ
ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਦੌਰਾਨ ਪ੍ਰਭਸਿਮਰਨ ਸਿੰਘ ਨੇ ਵੀ ਸ਼ਾਨਦਾਰ ਵਾਪਸੀ ਕੀਤੀ।
ਪੰਜਾਬ ਦੀ ਟੀਮ ਨੇ ਕਪਤਾਨ ਸ਼ਿਖਰ ਧਵਨ ਸਮੇਤ ਪਹਿਲੀਆਂ ਤਿੰਨ ਵਿਕਟਾਂ ਸਸਤੇ ਵਿੱਚ ਗੁਆ ਦਿੱਤੀਆਂ ਸਨ। ਇਸ ਦਾ ਅਸਰ ਪ੍ਰਭਸਿਮਰਨ ਸਿੰਘ ਦੀ ਬੱਲੇਬਾਜ਼ੀ 'ਤੇ ਵੀ ਦੇਖਣ ਨੂੰ ਮਿਲਿਆ।
ਜਦੋਂ ਪੰਜਾਬ ਦੀ ਪਾਰੀ ਦੇ ਪਹਿਲੇ 10 ਓਵਰ ਹੋਏ ਤਾਂ ਪ੍ਰਭਸਿਮਰਨ ਨੇ 31 ਗੇਂਦਾਂ ਖੇਡੀਆਂ ਸਨ ਅਤੇ ਉਨ੍ਹਾਂ ਦੇ ਬੱਲੇ ਤੋਂ ਸਿਰਫ਼ 27 ਦੌੜਾਂ ਹੀ ਨਿਕਲੀਆਂ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਗੇਅਰ ਬਦਲਿਆ ਅਤੇ ਅਗਲੀਆਂ 11 ਗੇਂਦਾਂ 'ਤੇ 23 ਹੋਰ ਦੌੜਾਂ ਜੋੜ ਕੇ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 50 ਦੌੜਾਂ ਤੱਕ ਪਹੁੰਚਣ ਲਈ 42 ਗੇਂਦਾਂ ਖੇਡੀਆਂ।
ਇਸ ਤੋਂ ਬਾਅਦ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੋ ਗਿਆ। ਅਗਲੀਆਂ 19 ਗੇਂਦਾਂ ਵਿੱਚ, ਉਨ੍ਹਾਂ ਨੇ ਆਪਣੇ ਖਾਤੇ ਵਿੱਚ 50 ਹੋਰ ਦੌੜਾਂ ਜੋੜੀਆਂ ਅਤੇ 61 ਗੇਂਦਾਂ ਵਿੱਚ ਆਪਣਾ ਪਹਿਲਾ ਆਈਪੀਐੱਲ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਆਪਣੀਆਂ ਸੌ ਦੌੜਾਂ ਤੱਕ ਪਹੁੰਚਣ ਲਈ 10 ਚੌਕੇ ਅਤੇ ਛੇ ਛੱਕੇ ਲਗਾਏ।
ਉਨ੍ਹਾਂ ਨੇ ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਅਤੇ ਉਨ੍ਹਾਂ ਦੇ ਸਾਰੇ ਗੇਂਦਬਾਜ਼ਾਂ ਦੀ ਖੇਡ ਵਿਉਂਤ ਨੂੰ ਇਕੱਲੇ ਹੀ ਢਹਿ-ਢੇਰੀ ਕਰ ਦਿੱਤਾ। ਉਨ੍ਹਾਂ ਨੇ ਇਹ ਪਾਰੀ ਦਿੱਲੀ ਦੀ ਉਸ ਪਿੱਚ 'ਤੇ ਖੇਡੀ, ਜਿਸ ਨੂੰ ਹਰ ਬੱਲੇਬਾਜ਼ ਨੇ ਬਹੁਤ ਮੁਸ਼ਕਲ ਦੱਸਿਆ ਸੀ।
ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੇ ਕਿਹਾ, ''ਮੈਂ ਉਸ ਦੀ ਪਾਰੀ ਨੂੰ ਉੱਚ ਪੱਧਰ 'ਤੇ ਰੱਖ ਰਿਹਾ ਹਾਂ। ਉਸ ਨੇ ਜਿਸ ਸਟ੍ਰਾਈਕ ਰੇਟ ਨਾਲ ਇਹ ਪਾਰੀ ਖੇਡੀ ਅਤੇ ਟਰਨਿੰਗ ਗੇਂਦਾਂ 'ਤੇ ਜਿਸ ਤਰ੍ਹਾਂ ਦੇ ਸ਼ਾਟ ਖੇਡੇ ਉਹ ਲਾਜਵਾਬ ਸਨ। ਉਸ ਦੀ ਪਾਰੀ ਦੀ ਬਦੌਲਤ ਹੀ ਅਸੀਂ ਇਸ (ਵੱਡੇ) ਸਕੋਰ ਤੱਕ ਪਹੁੰਚ ਸਕੇ।''
ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਨੇ ਵੀ ਪ੍ਰਭਸਿਮਰਨ ਸਿੰਘ ਦੀ ਪਾਰੀ ਦੀ ਤਾਰੀਫ਼ ਕੀਤੀ।
ਪ੍ਰਭਸਿਮਰਨ ਸਿੰਘ ਲਈ ਵੀ ਇਹ ਪਾਰੀ ਕਾਫੀ ਮਾਅਨੇ ਰੱਖਦੀ ਹੈ। ਉਨ੍ਹਾਂ ਕਿਹਾ, "ਇਹ ਮੇਰੇ ਲਈ ਬਹੁਤ ਮਹੱਤਵਪੂਰਨ ਪਾਰੀ ਹੈ। ਮੈਂ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਿਹਾ ਸੀ।"
ਆਈਪੀਐੱਲ 2023 ਵਿੱਚ, ਪ੍ਰਭਸਿਮਰਨ ਪੰਜਾਬ ਨੂੰ ਤੇਜ਼ ਸ਼ੁਰੂਆਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰਦੇ ਹੋਏ ਦੇਖਿਆ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਬੱਲੇ ਤੋਂ ਵੱਡਾ ਸਕੋਰ ਨਹੀਂ ਨਿਕਲ ਸਕਿਆ।
ਫਿਰ ਵੀ ਪੰਜਾਬ ਦੀ ਟੀਮ ਨੂੰ ਉਨ੍ਹਾਂ ਦੀ ਪ੍ਰਤਿਭਾ 'ਤੇ ਭਰੋਸਾ ਕਾਇਮ ਰਿਹਾ ਹੈ।
ਉਨ੍ਹਾਂ ਨੂੰ ਦਿੱਤੀ ਗਈ ਵੱਡੀ ਰਕਮ ਨੂੰ ਲੈ ਕੇ ਕਾਫੀ ਆਲੋਚਨਾ ਵੀ ਹੋਈ ਸੀ। ਸ਼ਾਇਦ ਪ੍ਰਭਸਿਮਰਨ ਨੂੰ ਵੀ ਉਹ ਗੱਲਾਂ ਯਾਦ ਹੋਣ।
ਇਸ ਲਈ ਸ਼ਨੀਵਾਰ ਨੂੰ ਸੈਂਕੜਾ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਆਪਣਾ ਹੈਲਮੇਟ ਉਤਾਰਿਆ, ਫਿਰ ਬੱਲਾ ਚੁੱਕਿਆ ਅਤੇ ਦਰਸ਼ਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ ਅਤੇ ਫਿਰ ਹੱਥ ਜੋੜ ਕੇ ਸਿਰ ਝੁਕਾ ਕੇ ਬੱਲੇ ਅਤੇ ਹੈਲਮੇਟ ਨੂੰ ਜ਼ਮੀਨ 'ਤੇ ਰੱਖਿਆ।
ਮੈਚ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਤਰ੍ਹਾਂ ਰੱਬ ਦਾ ਸ਼ੁਕਰਾਨਾ ਕਰ ਰਹੇ ਸੀ। ਇਸ 'ਤੇ ਪ੍ਰਭਸਿਮਰਨ ਨੇ ਕਿਹਾ, "ਹਾਂ, ਮੈਂ ਰੱਬ ਨਾਲ ਗੱਲ ਕਰ ਰਿਹਾ ਸੀ। ਮੈਂ ਪ੍ਰਬੰਧਕਾਂ ਨੂੰ (ਧੰਨਵਾਦ) ਵੀ ਕਹਿ ਰਿਹਾ ਸੀ।"
ਭਰੋਸਾ ਕੰਮ ਆਇਆ
- ਪ੍ਰਭਸਿਮਰਨ ਸਿੰਘ 2019 ਤੋਂ ਆਈਪੀਐੱਲ ਵਿੱਚ ਪੰਜਾਬ ਟੀਮ ਦਾ ਹਿੱਸਾ ਹਨ।
- ਉਨ੍ਹਾਂ ਨੂੰ ਪਹਿਲੇ ਚਾਰ ਸੀਜ਼ਨਾਂ 'ਚ ਸਿਰਫ਼ ਛੇ ਮੈਚ ਖੇਡਣੇ ਮਿਲੇ ਸਨ
- ਜਦੋਂ ਉਨ੍ਹਾਂ ਨੂੰ ਆਈਪੀਐੱਲ ਵਿੱਚ ਜ਼ਿਆਦਾ ਪ੍ਰਸਿੱਧੀ ਨਹੀਂ ਮਿਲੀ ਸੀ ਉਦੋਂ ਵੀ ਘਰੇਲੂ ਕ੍ਰਿਕਟ ਵਿੱਚ ਤਾਂ ਉਨ੍ਹਾਂ ਦਾ ਨਾਮ ਹਰ ਕਿਸੇ ਦੀ ਜ਼ੁਬਾਨ 'ਤੇ ਸੀ।
- 2022 ਵਿੱਚ ਹਿਮਾਚਲ ਦੇ ਖਿਲਾਫ਼ ਪੰਜਾਬ ਲਈ ਪਹਿਲਾ ਰਣਜੀ ਟਰਾਫੀ ਮੈਚ ਖੇਡਿਆ ਅਤੇ ਸੈਂਕੜਾ ਲਗਾਇਆ।
- ਹੁਣ ਤੱਕ 11 ਪਹਿਲੇ ਦਰਜੇ ਦੇ ਮੈਚ ਖੇਡੇ ਹਨ ਅਤੇ ਤਿੰਨ ਸੈਂਕੜੇ ਲਗਾਏ ਹਨ।
- ਉਨ੍ਹਾਂ ਨੇ 53 ਟੀ-20 ਮੈਚਾਂ 'ਚ 2 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਹਨ |
- ਪ੍ਰਭਸਿਮਰਨ ਸਿੰਘ ਵਿਕਟਕੀਪਿੰਗ ਵੀ ਕਰਦੇ ਹਨ। 2019 ਵਿੱਚ, ਪੰਜਾਬ ਟੀਮ ਨੇ ਉਨ੍ਹਾਂ ਨੂੰ 4.8 ਕਰੋੜ ਦੀ ਭਾਰੀ ਕੀਮਤ 'ਤੇ ਸ਼ਾਮਲ ਕੀਤਾ ਸੀ।
- ਆਈਪੀਐੱਲ ਦੇ ਪਹਿਲੇ ਅੰਡਰ-19 ਏਸ਼ੀਆ ਕੱਪ ਫਾਈਨਲ ਵਿੱਚ ਸ੍ਰੀਲੰਕਾ ਖ਼ਿਲਾਫ਼ 37 ਗੇਂਦਾਂ ਵਿੱਚ 65 ਦੌੜਾਂ ਦੀ ਪਾਰੀ।
- ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਮੁੰਬਈ ਖਿਲਾਫ 20 ਗੇਂਦਾਂ 'ਚ 54 ਦੌੜਾਂ। ਉਦੋਂ ਕੇਐੱਲ ਰਾਹੁਲ ਪੰਜਾਬ ਟੀਮ ਵਿੱਚ ਖੇਡਦੇ ਸਨ ਜੋ ਕਿ ਵਿਕਟਕੀਪਿੰਗ ਵੀ ਕਰਦੇ ਸਨ।
- ਅਜਿਹੇ ਵਿੱਚ ਪ੍ਰਭਸਿਮਰਨ ਨੂੰ 2019 ਵਿੱਚ ਸਿਰਫ ਇੱਕ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਉਹ 16 ਦੌੜਾਂ ਹੀ ਬਣਾ ਸਕੇ।
ਹਰਪ੍ਰੀਤ ਬਰਾੜ ਯੁਵਰਾਜ ਦੇ ਛੱਕੇ ਦੇਖ ਕੇ ਕ੍ਰਿਕਟਰ ਬਣੇ
ਪ੍ਰਭਸਿਮਰਨ ਵਾਂਗ ਸ਼ਨੀਵਾਰ ਨੂੰ ਦਿੱਲੀ ਖਿਲਾਫ਼ ਪੰਜਾਬ ਦੀ ਜਿੱਤ ਦਾ ਰਾਹ ਪੱਧਰਾ ਕਰਨ ਵਾਲੇ ਹਰਪ੍ਰੀਤ ਬਰਾੜ ਵੀ 2019 ਤੋਂ ਆਈਪੀਐੱਲ ਵਿੱਚ ਪੰਜਾਬ ਟੀਮ ਦਾ ਹਿੱਸਾ ਰਹੇ ਹਨ।
ਯੁਵਰਾਜ ਸਿੰਘ ਨੂੰ ਸਟੂਅਰਟ ਬ੍ਰਾਡ ਦੀ ਗੇਂਦ 'ਤੇ 6 ਛੱਕੇ ਮਾਰਦੇ ਦੇਖ ਕੇ ਉਨ੍ਹਾਂ ਨੇ ਕ੍ਰਿਕਟ 'ਚ ਕਰੀਅਰ ਬਣਾਉਣ ਬਾਰੇ ਸੋਚਿਆ।
ਹਾਲਾਂਕਿ ਫਿਰ ਉਨ੍ਹਾਂ ਦਾ ਇਰਾਦਾ ਬਦਲ ਗਿਆ ਤੇ ਉਹ ਕੈਨੇਡਾ ਜਾਣ ਦੀ ਸੋਚਣ ਲੱਗੇ ਪਰ ਫਿਰ ਉਨ੍ਹਾਂ ਦਾ ਰਾਹ ਆਈਪੀਐੱਲ ਦੀ ਪੰਜਾਬ ਟੀਮ ਨਾਲ ਜੁੜ ਗਿਆ।
ਪਹਿਲੇ ਦੋ ਸੀਜ਼ਨਾਂ ਵਿੱਚ ਉਨ੍ਹਾਂ ਨੇ ਤਿੰਨ ਮੈਚ ਖੇਡੇ ਪਰ ਕੋਈ ਵਿਕਟ ਨਹੀਂ ਲੈ ਸਕੇ। ਉਨ੍ਹਾਂ ਨੇ 2021 ਵਿੱਚ ਖੇਡੇ ਗਏ ਸੱਤ ਮੈਚਾਂ ਵਿੱਚ ਪੰਜ ਵਿਕਟਾਂ ਲਈਆਂ। ਇਨ੍ਹਾਂ ਵਿੱਚੋਂ ਤਿੰਨ ਵਿਕਟਾਂ ਆਰਸੀਬੀ ਖ਼ਿਲਾਫ਼ ਖੇਡੇ ਮੈਚ ਵਿੱਚ ਆਈਆਂ।
30 ਅਪ੍ਰੈਲ 2021 ਨੂੰ ਅਹਿਮਦਾਬਾਦ ਵਿੱਚ ਖੇਡੇ ਗਏ ਮੈਚ ਵਿੱਚ ਉਨ੍ਹਾਂ ਦੇ ਤਿੰਨ ਸ਼ਿਕਾਰ ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼ ਅਤੇ ਗਲੇਨ ਮੈਕਸਵੈੱਲ ਸਨ। ਉਨ੍ਹਾਂ ਨੇ ਇਸ ਮੈਚ ਵਿੱਚ 25 ਦੌੜਾਂ ਵੀ ਬਣਾਈਆਂ ਅਤੇ ਮੈਨ ਆਫ਼ ਦਿ ਮੈਚ ਚੁਣੇ ਗਏ ਸਨ।
ਮੌਜੂਦਾ ਸੀਜ਼ਨ ਉਨ੍ਹਾਂ ਲਈ ਸਭ ਤੋਂ ਵਧੀਆ ਸਾਬਤ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ 19.8 ਦੀ ਔਸਤ ਨਾਲ ਨੌਂ ਵਿਕਟਾਂ ਲਈਆਂ ਹਨ।
ਸ਼ਨੀਵਾਰ ਰਾਤ ਚਾਰ ਵਿਕਟਾਂ ਲੈ ਕੇ ਮੈਚ ਦਾ ‘ਪਾਸਾ ਪਲਟਣ’ ਵਾਲੇ ਹਰਪ੍ਰੀਤ ਬਰਾੜ ਪੰਜਾਬ ਦੇ ਵਿਰੋਧੀਆਂ ਨੂੰ ਇਸੇ ਤਰ੍ਹਾਂ ਘੁਮਾਉਂਦੇ (ਸਪਿਨ ਕਰ) ਰਿਹੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।