ਆਈਪੀਐੱਲ 2024: ਪੰਜਾਬ ਕਿੰਗਜ਼ ਦੇ ਅਰਸ਼ਦੀਪ ਦੀ ਚੰਗੀ ਗੇਂਦਬਾਜ਼ੀ ਮਗਰੋਂ ਵੀ ਟੀਮ ਦਾ ਮਾੜਾ ਪ੍ਰਦਰਸ਼ਨ ਕਿਉਂ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
23 ਮਾਰਚ ਦਾ ਦਿਨ ਸੀ, ਮੁੱਲਾਂਪੁਰ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਮੈਚ ਲਈ ਤਿਆਰ ਸੀ, ਹੁਣ ਤੱਕ ਇੱਕ ਵੀ ਆਈਪੀਐੱਲ ਖਿਤਾਬ ਨਾ ਜਿੱਤ ਸਕੀ ਪੰਜਾਬ ਕਿੰਗਜ਼ ਦਾ ਆਈਪੀਐੱਲ 2024 ਦਾ ਪਹਿਲਾ ਮੈਚ ਸੀ।
ਮੁੱਲਾਂਪੁਰ ਦੇ ਇਸ ਸਟੇਡੀਅਮ ਲਈ ਦਰਸ਼ਕਾਂ ਦਾ ਜੋਸ਼ ਵੀ ਜ਼ਬਰਦਸਤ ਸੀ ਤੇ ਸਟੇਡੀਅਮ ਪੂਰੇ ਤਰੀਕੇ ਨਾਲ ਭਰਿਆ ਹੋਇਆ ਸੀ।
ਦਿੱਲੀ ਕੈਪੀਟਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 174 ਦੌੜਾਂ ਬਣਾਈਆਂ ਸਨ। ਪੰਜਾਬ ਨੇ ਇਸ ਟੀਚੇ ਦਾ ਵਧੀਆ ਜਵਾਬ ਦਿੰਦਿਆਂ ਟੀਚੇ ਨੂੰ ਚਾਰ ਵਿਕਟ ਰਹਿੰਦਿਆਂ ਹਾਸਲ ਕਰ ਲਿਆ।
ਪੰਜਾਬ ਕਿੰਗਜ਼ ਦੀ ਇਸ ਜ਼ਬਦਸਤ ਸ਼ੁਰੂਆਤ ਨੇ ਪੰਜਾਬ ਕਿੰਗਜ਼ ਦੇ ਫੈਨਜ਼ ਨੂੰ ਇੱਕ ਨਵੀਂ ਉਮੀਦ ਜਗਾ ਦਿੱਤੀ ਸੀ।
ਪੰਜਾਬ ਕਿੰਗਜ਼ ਨੇ ਫਸਵੇਂ ਮੁਕਾਬਲੇ ਹਾਰੇ

ਪੰਜਾਬ ਕਿੰਗਜ਼ ਦੇ ਆਰਸੀਬੀ ਖਿਲਾਫ਼ ਦੂਜੇ ਮੈਚ ਲਈ ਵੀ ਹੌਂਸਲੇ ਬੁਲੰਦ ਨਜ਼ਰ ਆ ਰਹੇ ਸੀ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 176 ਦੌੜਾਂ ਬਣਾਈਆਂ।
ਪੰਜਾਬ ਨੇ ਇੱਕ ਵਾਰ ਤਾਂ ਆਰਸੀਬੀ ਲਈ ਮੈਚ ਜਿੱਤਣਾ ਔਖਾ ਕਰ ਦਿੱਤਾ ਸੀ ਪਰ ਵਿਰਾਟ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਦਿਨੇਸ਼ ਕਾਰਤਿਕ ਦੀ ਮੈਚ ਦੇ ਆਖਰੀ ਓਵਰਾਂ ਵਿੱਚ ਖੇਡੀ ਤਾਬੜਤੋੜ ਪਾਰੀ ਨੇ ਮੈਚ ਆਰਸੀਬੀ ਦੀ ਝੋਲੀ ਵਿੱਚ ਪਾ ਦਿੱਤਾ।
ਲਖਨਊ ਖਿਲਾਫ ਤੀਜਾ ਮੈਚ ਵੀ ਬੱਲੇਬਾਜ਼ੀ ਦੇ ਲਿਹਾਜ਼ ਨਾਲ ਪੰਜਾਬ ਕਿੰਗਜ਼ ਲਈ ਮਾੜਾ ਨਹੀਂ ਸੀ। 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੀ ਸ਼ਾਨਦਾਰ ਸ਼ੁਰੂਆਤ ਰਹੀ ਸੀ।
ਸ਼ਿਖਰ ਧਵਨ ਤੇ ਜੌਨੀ ਬੇਅਰਸਟੋਅ ਨੇ ਪਹਿਲੀ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਬਣਾਈ ਸੀ ਪਰ ਇਹ ਜਿੱਤ ਦਾ ਸਬੱਬ ਨਹੀਂ ਬਣ ਸਕੀ। ਪੰਜਾਬ ਕਿੰਗਜ਼ 20 ਓਵਰਾਂ ਵਿੱਚ 178 ਦੌੜਾਂ ਹੀ ਬਣਾ ਸਕੀ।
ਗੁਜਰਾਤ ਟਾਈਟਨਜ਼ ਖਿਲਾਫ਼ ਚੌਥੇ ਮੈਚ ਵਿੱਚ ਆਈਪੀਐੱਲ 2024 ਦੀ ਦੂਜੀ ਜਿੱਤ ਪੰਜਾਬ ਕਿੰਗਜ਼ ਨੂੰ ਮਿਲੀ। ਇਹ ਮੈਚ ਵੀ ਬੇਹੱਦ ਰੋਮਾਂਚਕ ਸੀ। ਗੁਜਰਾਤ ਟਾਈਟਨਜ਼ ਨੇ 200 ਦੌੜਾਂ ਦਾ ਟੀਚਾ ਦਿੱਤਾ ਸੀ।
ਗੁਜਰਾਤ ਦੇ ਕਪਤਾਨ ਤੇ ਪੰਜਾਬੀ ਖਿਡਾਰੀ ਸ਼ੁਭਮਨ ਗਿੱਲ ਨੇ ਨਾਬਾਦ 89 ਦੌੜਾਂ ਦੀ ਪਾਰੀ ਖੇਡੀ ਸੀ। ਪੰਜਾਬ ਦੀ ਸ਼ੁਰੂਆਤ ਤਾਂ ਮਾੜੀ ਰਹੀ ਸੀ। 12 ਓਵਰ ਤੱਕ ਪੰਜਾਬ ਦੀਆਂ 5 ਵਿਕਟਾਂ 111 ਦੌੜਾਂ ਤੱਕ ਡਿੱਗ ਗਈਆਂ ਸਨ।
ਫਿਰ ਆਸ਼ੂਤੋਸ਼ ਤੇ ਸ਼ਸ਼ਾਂਕ ਸਿੰਘ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਪੰਜਾਬ ਕਿੰਗਜ਼ ਨੂੰ ਟੀਚੇ ਦੇ ਪਾਰ ਪਹੁੰਚਾਇਆ।
ਬੱਸ ਇਹੀ ਜਿੱਤ ਸੀ ਜਿਸ ਮਗਰੋਂ ਪੰਜਾਬ ਕਿੰਗਜ਼ ਲਈ ਜਿੱਤਾ ਦਾ ਸੌਕਾ ਪੈ ਗਿਆ। ਅਗਲੇ ਚਾਰ ਮੈਚ ਪੰਜਾਬ ਕਿੰਗਜ਼ ਨੇ ਹਾਰੇ। ਖ਼ਬਰ ਲਿਖੇ ਜਾਣ ਤੱਕ ਪੁਆਈਂਟਸ ਟੇਬਲ ਵਿੱਚ ਪੰਜਾਬ ਕਿੰਗਜ਼ ਆਰਸੀਬੀ ਤੋਂ ਉੱਤੇ 9ਵੇਂ ਨੰਬਰ ਉੱਤੇ ਸੀ।
ਹੁਣ ਹਾਲ ਇਹ ਹੈ ਕਿ ਪੰਜਾਬ ਦੇ ਕਪਤਾਨ ਜ਼ਖਮੀ ਹਨ। ਉਹ ਤਿੰਨ ਮੈਚਾਂ ਵਿੱਚ ਬਾਹਰ ਰਹੇ ਤੇ ਸੈਮ ਕਰਨ ਨੂੰ ਕਪਤਾਨ ਬਣਾਇਆ ਗਿਆ ਹੈ।

ਤਸਵੀਰ ਸਰੋਤ, Getty Images
ਜਦੋਂ ਤੋਂ ਆਈਪੀਐੱਲ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ ਪੰਜਾਬ ਕਿੰਗਜ਼ ਇੱਕ ਵੀ ਵਾਰ ਟੂਰਨਾਮੈਂਟ ਨਹੀਂ ਜਿੱਤ ਸਕੀ ਹੈ। ਸਾਲ 2014 ਵਿੱਚ ਸਿਰਫ਼ ਇੱਕ ਵਾਰ ਪੰਜਾਬ ਦੀ ਟੀਮ ਫਾਈਨਲ ਤੱਕ ਪਹੁੰਚੀ ਸੀ। ਤਿੰਨ ਐਡੀਸ਼ਨਾਂ ਵਿੱਚ ਤਾਂ ਉਹ ਸਭ ਤੋਂ ਆਖਰੀ ਨੰਬਰ ਉੱਤੇ ਰਹਿਣ ਵਾਲੀ ਟੀਮ ਬਣੀ।
ਆਈਪੀਐੱਲ 2024 ਵਿੱਚ ਵੀ ਇੱਕ ਚੰਗੀ ਸ਼ੁਰੂਆਤ ਮਗਰੋਂ ਪੰਜਾਬ ਲਈ ਪਲੇਆਫ ਤੱਕ ਪਹੁੰਚਣ ਦਾ ਰਾਹ ਮੁਸ਼ਕਲ ਹੋ ਗਿਆ ਹੈ।
ਪੰਜਾਬ ਦੇ ਇਸ ਕਾਫੀ ਹੇਠਾਂ ਡਿੱਗ ਚੁੱਕੇ ਪ੍ਰਦਰਸ਼ਨ ਦੇ ਪਿੱਛੇ ਕੀ ਕਾਰਨ ਹਨ, ਇਸ ਬਾਰੇ ਅਸੀਂ ਸੀਨੀਅਰ ਖੇਡ ਪੱਤਰਕਾਰ ਗਿਰੀਸ਼ ਬੁਬਨਾ ਨਾਲ ਗੱਲਬਾਤ ਕੀਤੀ।
ਪੰਜਾਬ ਕਿੰਗਜ਼ ’ਚ ਵੱਡੇ ਭਾਰਤੀ ਬੱਲੇਬਾਜ਼ਾਂ ਦੀ ਕਮੀ

ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਦੇ ਮਾੜੇ ਪ੍ਰਦਰਸ਼ਨ ਦੇ ਮੁੱਖ ਕਾਰਨਾਂ ਬਾਰੇ ਜਦੋਂ ਪੁੱਛਿਆ ਤਾਂ ਗਿਰੀਸ਼ ਬੁਬਨਾ ਨੇ ਕਿਹਾ, “ਪੰਜਾਬ ਕਿੰਗਜ਼ ਦਾ ਬੱਲੇਬਾਜ਼ੀ ਦਾ ਟਾਪ ਆਡਰ ਤੇ ਮਿਡਲ ਆਡਰ ਪੂਰੇ ਤਰੀਕੇ ਨਾਲ ਫੇਲ੍ਹ ਹੋ ਰਿਹਾ ਹੈ। ਪੰਜਾਬ ਦਾ ਕੋਈ ਵੀ ਬੱਲੇਬਾਜ਼ ਇਸ ਵਾਰ ਦੇ ਆਈਪੀਐੱਲ ਦੇ ਟਾਪ 20 ਬੱਲੇਬਾਜ਼ਾਂ ਵਿੱਚ ਸ਼ਾਮਲ ਨਹੀਂ ਹੈ।”
“ਪੰਜਾਬ ਕਿੰਗਜ਼ ਦੇ ਸ਼ਸ਼ਾਂਕ ਸਿੰਘ ਹੀ ਹਨ ਜੋ ਇਸ ਵੇਲੇ ਟੀਮ ਵਿੱਚ ਇਕੱਲੇ ਚਮਕਦੇ ਆ ਰਹੇ ਹਨ।”
ਗਿਰਿਸ਼ ਪੰਜਾਬ ਕਿੰਗਜ਼ ਦੀ ਟੀਮ ਬਣਾਉਣ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, “ਪੰਜਾਬ ਕਿੰਗਜ਼ ਦੀ ਸਭ ਤੋਂ ਵੱਡੀ ਦਿੱਕਤ ਹੈ ਕਿ ਉਨ੍ਹਾਂ ਕੋਲ ਵੱਡੇ ਭਾਰਤੀ ਬੱਲੇਬਾਜ਼ ਨਹੀਂ ਹਨ। ਇਸ ਵੇਲੇ ਟੀਮ ਦੇ ਕਪਤਾਨ ਸ਼ਿਖਰ ਧਵਨ ਸੱਟ ਕਾਰਨ ਬਾਹਰ ਹਨ। ਸੈਮ ਕਰਨ ਕਪਤਾਨੀ ਕਰ ਰਹੇ ਹਨ।”
“ਸ਼ਿਖਰ ਧਵਨ ਦੀ ਗ਼ੈਰ-ਮੌਜੂਦਗੀ ਵਿੱਚ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਟੀਮ ਦੀ ਬੱਲੇਬਾਜ਼ੀ ਨੂੰ ਲੀਡ ਕਰ ਸਕੇ। ਮੁੰਬਈ ਇੰਡੀਅਨਜ਼ ਵਿੱਚ ਰੋਹਿਤ ਸ਼ਰਮਾ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ਵਰਗੇ ਬੱਲੇਬਾਜ਼ ਹਨ।”
“ਇਸ ਦੇ ਨਾਲ ਹੀ ਟੀਮ ਦੇ ਕੋਲ ਕੋਈ ਚੰਗਾ ਹਰਫਨਮੌਲਾ ਖਿਡਾਰੀ ਵੀ ਨਹੀਂ ਹੈ। ਸੈਮ ਕਰਨ ਭਾਵੇਂ ਇੱਕ ਆਲਰਾਊਂਡਰ ਦੀ ਭੂਮਿਕਾ ਨਿਭਾ ਰਹੇ ਹਨ ਪਰ ਫਿਰ ਵੀ ਇੱਕ ਚੰਗਾ ਆਲਰਾਊਂਡਰ ਹੋਣਾ ਜ਼ਰੂਰੀ ਹੈ।”
ਗੇਂਦਬਾਜ਼ਾਂ ਨੇ ਬਚਾਈ ਲਾਜ

ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਵਿੱਚ ਗੇਂਦਬਾਜ਼ਾਂ ਨੇ ਵਿਕਟਾਂ ਤਾਂ ਲਈਆਂ ਹਨ। ਜੇ ਪਹਿਲੇ ਅੱਠ ਮੈਚਾਂ ਦੀ ਗੱਲ ਕਰੀਏ ਤਾਂ ਹਰਸ਼ਲ ਪਟੇਲ ਨੇ ਹੁਣ ਤੱਕ 13 ਵਿਕਟਾਂ ਲਈਆਂ ਹਨ। ਸੈਮ ਕਰਨ ਨੇ 11 ਵਿਕਟਾਂ ਲਈਆਂ ਹਨ। ਅਰਸ਼ਦੀਪ ਤੇ ਰਬਾਡਾ ਨੇ 10-10 ਵਿਕਟਾਂ ਲਈਆਂ ਹਨ।
ਗਿਰੀਸ਼ ਕਹਿੰਦੇ ਹਨ, “ਪੰਜਾਬ ਦੇ ਗੇਂਦਬਾਜ਼ਾਂ ਨੇ ਹੀ ਹੁਣ ਤੱਕ ਟੀਮ ਦੀ ਲਾਜ ਬਚਾਈ ਹੈ। ਗੇਂਦਬਾਜ਼ਾਂ ਨੂੰ ਜੇ ਬੱਲੇਬਾਜ਼ਾਂ ਦਾ ਸਾਥ ਮਿਲਦਾ ਤਾਂ ਨਤੀਜੇ ਕੁਝ ਹੋਰ ਹੋਣੇ ਸੀ।”
ਵਿਕਟਕੀਪਰ ਜਿਤੇਸ਼ ਸ਼ਰਮਾ ਨੇ ਨਿਰਾਸ਼ ਕੀਤਾ
ਜਿਤੇਸ਼ ਸ਼ਰਮਾ ਨੇ ਆਈਪੀਐੱਲ ਦੇ 2022 ਤੇ 2023 ਦੇ ਸੀਜ਼ਨ ਵਿੱਚ ਸ਼ਾਨਦਾਰ ਪਰਫੌਰਮੈਂਸ ਦਿੱਤਾ ਸੀ।
ਇਸ ਪ੍ਰਦਰਸ਼ਨ ਕਾਰਨ ਹੀ ਉਨ੍ਹਾਂ ਦੀ ਟੀਮ ਇੰਡੀਆ ਲਈ ਵੀ ਚੋਣ ਹੋਈ ਸੀ। ਗਿਰੀਸ਼ ਬੁਬਨਾ ਕਹਿੰਦੇ ਹਨ, “ਇਸ ਵਾਰ ਦੇ ਆਈਪੀਐੱਲ ਵਿੱਚ ਜਿਤੇਸ਼ ਸ਼ਰਮਾ ਨੇ ਕਾਫੀ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਇਸ ਵਾਰ ਕੋਈ ਵੱਡਾ ਸਕੋਰ ਨਹੀਂ ਕੀਤਾ ਹੈ ਜਿਸ ਕਾਰਨ ਪੰਜਾਬ ਦੀ ਬੱਲੇਬਾਜ਼ੀ ਕਮਜ਼ੋਰ ਹੋਈ ਹੈ।”
ਪੰਜਾਬ ਕਿੰਗਜ਼ ਦਾ ਪਲੇਆਫ ਦਾ ਪਹੁੰਚਣਾ ਮੁਸ਼ਕਲ ਹੋਇਆ
ਪੰਜਾਬ ਕਿੰਗਜ਼ ਨੇ ਪਹਿਲੇ ਅੱਠ ਮੈਚਾਂ ਵਿੱਚ ਸਿਰਫ਼ ਦੋ ਮੈਚ ਜਿੱਤੇ ਹਨ। ਹੁਣ ਉਨ੍ਹਾਂ ਲਈ ਅੱਗੇ ਦਾ ਹਰ ਮੈਚ ਜਿੱਤਣਾ ਜ਼ਰੂਰੀ ਹੈ।
ਗਿਰੀਸ਼ ਇਸ ਬਾਰੇ ਕਹਿੰਦੇ ਹਨ, “ਪੰਜਾਬ ਦੇ ਆਖਰੀ ਮੈਚ ਉਨ੍ਹਾਂ ਟੀਮਾਂ ਨਾਲ ਹਨ ਜੋ ਇਸ ਵੇਲੇ ਟੇਬਲ ਦੇ ਟਾਪ ਉੱਤੇ ਬੈਠੀਆਂ ਹਨ। ਪੰਜਾਬ ਬਚੇ ਹੋਏ ਮੈਚਾਂ ਵਿੱਚ ਇੱਕ ਵੀ ਮੈਚ ਹਾਰਦੀ ਹੈ ਤਾਂ ਉਨ੍ਹਾਂ ਦਾ ਪਲੇਆਫ ਲਈ ਜਾਂ ਤਾਂ ਪਹੁੰਚਣਾ ਮੁਸ਼ਕਲ ਹੋਵੇਗਾ ਜਾਂ ਉਨ੍ਹਾਂ ਨੂੰ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ਉੱਤੇ ਨਿਰਭਰ ਰਹਿਣਾ ਪਵੇਗਾ। ਪੰਜਾਬ ਲਈ ਹੁਣ ਹਰ ਮੈਚ ਨਾਕ ਆਊਟ ਵਰਗਾ ਹੈ।”

ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਨੂੰ ਪ੍ਰਦਰਸ਼ਨ ’ਚ ਸੁਧਾਰ ਲਈ ਕੀ ਕਰਨਾ ਪੈਣਾ
ਕੀ ਪੰਜਾਬ ਕਿੰਗਜ਼ ਜੋ ਕਦੇ ਕਿੰਗਜ਼ ਇਲੈਵਨ ਪੰਜਾਬ ਹੁੰਦੀ ਸੀ, ਉਹ ਆਈਪੀਐੱਲ ਦੀ ਟ੍ਰਾਫੀ ਜਿੱਤੇਗੀ। ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਟੀਮ ਦੇ ਮਾਲਿਕਾਂ ਨੂੰ ਟੀਮ ਦੇ ਢਾਂਚੇ ਨੂੰ ਬਦਲਣ ਦੀ ਲੋੜ ਹੈ।
ਗਿਰੀਸ਼ ਇਸ ਬਾਰੇ ਕਹਿੰਦੇ ਹਨ, “ਅਗਲੇ ਸਾਲ ਆਈਪੀਐੱਲ ਦਾ ਮੇਗਾ ਆਕਸ਼ਨ ਹੈ। ਉਸ ਨੇ ਲਈ ਟੀਮ ਮੈਨੇਜਮੈਂਟ ਨੂੰ ਚੰਗੀ ਰਣਨੀਤੀ ਬਣਾਉਣ ਦੀ ਲੋੜ ਹੈ। ਇਸ ਤਰ੍ਹਾਂ ਹਰ ਸਾਲ ਇੱਕ ਪ੍ਰੋਫੈਸ਼ਨਲ ਟੀਮ ਮਾੜਾ ਪ੍ਰਦਰਸ਼ਨ ਨਹੀਂ ਕਰ ਸਕਦੀ ਹੈ।”
“ਟੀਮ ਮੈਨੇਜਮੈਂਟ ਨੂੰ ਟੀਮ ਦੇ ਲਈ ਚੰਗੇ ਭਾਰਤੀ ਬੱਲੇਬਾਜ਼ਾਂ ਦੀ ਚੋਣ ਕਰਨੀ ਪਵੇਗੀ। ਇਸ ਦੇ ਨਾਲ ਹੀ ਚੰਗੇ ਹਰਫਨਮਮੌਲਾ ਖਿਡਾਰੀ ਵੀ ਇਸ ਵੇਲੇ ਟੀਮ ਦੀ ਜ਼ਰੂਰਤ ਹਨ।”












