ਮੈਂ ਚੁੱਪ ਹਾਂ ਕਿਉਂਕਿ ਲੋਕ ਬੋਲ ਰਹੇ ਹਨ- ਕੇਜਰੀਵਾਲ

ਤਸਵੀਰ ਸਰੋਤ, Getty Images
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਹਿੰਦੀ
ਅਰਵਿੰਦ ਕੇਜਰੀਵਾਲ ਨੇ ਕਿਹਾ , 'ਉਹ ਚੁੱਪ ਹਨ ਕਿਉਂਕਿ ਲੋਕੀਂ ਬੋਲ ਰਹੇ ਹਨ'। ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਸੀ, ' ਦਿੱਲੀ ਦਾ ਮੁੱਖ ਮੰਤਰੀ ਹਾਂ ਕੋਈ ਅੱਤਵਾਦੀ ਨਹੀਂ ਹਾਂ'।
ਚੌਵੀਂ ਘੰਟਿਆਂ 'ਚ ਉਨ੍ਹਾਂ ਦੇ ਦੋ ਅਜਿਹੇ ਬਿਆਨ ਆਏ ਜਿਸ ਨੇ ਉਨ੍ਹਾਂ ਨੂੰ ਮੁੜ ਮੀਡੀਆ ਦੀ ਚਰਚਾ ਵਿੱਚ ਲਿਆ ਦਿੱਤਾ।
ਹੁਣ ਤੱਕ ਉਨ੍ਹਾਂ ਤੋਂ ਤਿੰਨ ਮਹੀਨੇ ਦੀ ਚੁੱਪ ਬਾਰੇ ਸਵਾਲ ਪੁੱਛੇ ਜਾ ਰਹੇ ਸਨ, ਪਰ ਹੁਣ ਉਨ੍ਹਾਂ ਦੇ ਚੁੱਪ ਤੋੜਨ ਉੱਤੇ ਗੱਲਾਂ ਹੋ ਰਹੀਆਂ ਹਨ।
ਕਦੋਂ ਤੋਂ ਚੁੱਪ ਹਨ ਕੇਜਰੀਵਾਲ

ਤਸਵੀਰ ਸਰੋਤ, @arvindkejriwal
ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਚੋਣਾਂ ਦੌਰਾਨ ਵਰਤੀਆਂ ਈਵੀਐਮ ਮਸ਼ੀਨਾਂ ਵਿਰੁੱਧ ਮੋਰਚਾ ਖੋਲ੍ਹਿਆ ਸੀ। ਦਿੱਲੀ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਵਿੱਚ ਹਾਰ ਤੋਂ ਬਾਅਦ ਉਹ ਚੁੱਪ ਵੱਟਣ ਲਈ ਮਜਬੂਰ ਹੋ ਗਏ।
ਰਹਿੰਦੀ ਕਸਰ ਉਨ੍ਹਾਂ ਦੀ ਪਾਰਟੀ ਦੇ ਹੀ ਬਾਗੀ ਆਗੂ ਕਪਿਲ ਮਿਸ਼ਰਾ ਨੇ ਪੂਰੀ ਕਰ ਦਿੱਤੀ। ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ਵਿਰੁੱਧ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲਗਾਏ, ਜਿਸ ਦਾ ਜਵਾਬ ਦੇਣ ਦੀ ਬਜਾਏ ਕੇਜਰੀਵਾਲ ਨੇ ਚੁੱਪ ਵੱਟੀ ਰੱਖੀ।
ਕੀ ਇਹ ਉਹਨਾਂ ਦੀ ਰਣਨੀਤੀ ਸੀ ?
ਕੀ ਇਹ ਕੇਜਰੀਵਾਲ ਦੀ ਸਿਆਸੀ ਰਣਨੀਤੀ ਦਾ ਹਿੱਸਾ ਹੈ? ਜਾਂ ਤੂਫ਼ਾਨ ਤੋਂ ਪਹਿਲਾਂ ਸ਼ਾਂਤੀ ਹੈ।
ਸੀਨੀਅਰ ਪੱਤਰਕਾਰ ਓਮ ਥਾਨਵੀ ਕਹਿੰਦੇ ਹਨ, " ਇਹ ਕੇਜਰੀਵਾਲ ਦਾ ਅਲਪ ਵਿਰਾਮ ਸੀ, ਉਹ ਚੁੱਪ ਨਹੀਂ ਹੋਏ ਸਨ ।
ਉਹ ਮੌਕੇ ਦੀ ਤਲਾਸ਼ ਕਰ ਰਹੇ ਸਨ। ਜੀਐਸਟੀ, ਨੋਟਬੰਦੀ ਤੋਂ ਬਾਅਦ ਲੋਕੀਂ ਆਪ ਦੁਖੀ ਹੋ ਗਏ।
ਜਦੋਂ ਸੱਤਾਧਾਰੀ ਪਾਰਟੀ ਦੇ ਆਗੂ ਹੀ ਆਪਣੇ ਪ੍ਰਧਾਨ ਮੰਤਰੀ ਵਿਰੁੱਧ ਬੋਲਣ ਲੱਗ ਪਏ ਤਾਂ ਕੇਜਰੀਵਾਲ ਨੂੰ ਮੁੜ ਮੌਕਾ ਮਿਲ ਗਿਆ ਤੇ ਉਨ੍ਹਾਂ ਇਸ ਲਈ ਆਪਣਾ ਅਲਪ ਵਿਰਾਮ ਹਟਾ ਦਿੱਤਾ।"
ਮੌਕਾ ਵੀ ਹੈ ਤੇ ਮੁੱਦਾ ਵੀ
ਬੀਤੇ ਇਕ ਹਫ਼ਤੇ ਤੋਂ ਅਰਥਚਾਰੇ ਵਿੱਚ ਮੰਦੀ ਛਾਈ ਹੋਈ ਹੈ ਜਾਂ ਨਹੀਂ ਇਸ ਗੱਲ 'ਤੇ ਭਾਜਪਾ ਅੰਦਰ ਬਹਿਸ ਚੱਲ ਰਹੀ ਹੈ।

ਤਸਵੀਰ ਸਰੋਤ, PTI
ਸੀਨੀਅਰ ਪਾਰਟੀ ਨੇਤਾ ਯਸ਼ਵੰਤ ਸਿਨਹਾ ਨੇ ਪਹਿਲਾਂ ਸਵਾਲ ਉਠਾਇਆ ਤਾਂ ਪਾਰਟੀ ਦੀ ਤਰਫ਼ੋਂ ਮੋਦੀ ਸਰਕਾਰ ਵਿੱਚ ਮੰਤਰੀ ਅਤੇ ਸਿਨਹਾ ਦੇ ਪੁੱਤਰ ਜੈਯੰਤ ਸਿਨਹਾ ਨੇ ਇਸ ਦਾ ਜਵਾਬ ਦਿੱਤਾ।
ਸਫ਼ਾਈ ਦੇਣ ਲਈ ਅਰੁਣ ਜੇਤਲੀ ਖੁਦ ਮੈਦਾਨ ਵਿਚ ਆ ਗਏ। ਜਿਸ 'ਤੇ ਅਰੁਣ ਸ਼ੌਰੀ ਨੇ ਵੀ ਜਵਾਬ ਦਿੱਤਾ।
ਇਸ ਦੌਰਾਨ ਕੇਜਰੀਵਾਲ ਹੱਥ ਵੀ ਮੌਕਾ ਆ ਗਿਆ। ਇਸ ਲਈ ਸਮੇਂ ਨੂੰ ਵੇਖਦਿਆਂ ਉਨ੍ਹਾਂ ਵੀ ਚੁੱਪ ਨੂੰ ਤੋੜਨ ਦਾ ਫੈਸਲਾ ਕਰ ਲਿਆ।
ਪਿਛਲੇ ਤਿੰਨ ਮਹੀਨਿਆਂ 'ਚ ਕੇਜਰੀਵਾਲ ਟਵਿੱਟਰ 'ਤੇ ਵੀ ਸ਼ਾਂਤ ਰਹੇ ਹਨ। ਇਸ ਦੌਰਾਨ ਪਾਰਟੀ ਆਗੂਆਂ ਨੂੰ ਰੀ-ਟਵੀਟ ਕਰਨ ਤੋਂ ਇਲਾਵਾ ਉਨ੍ਹਾਂ ਨਰਿੰਦਰ ਮੋਦੀ 'ਤੇ ਕੋਈ ਵੀ ਵੱਡਾ ਹਮਲਾ ਨਹੀਂ ਕੀਤਾ। ਨਾ ਹੀ ਦਿੱਲੀ ਦੇ ਉਪ ਰਾਜਪਾਲ ਦੇ ਨਾਲ ਕੋਈ ਜੰਗ ਮੁੱਲ ਲਈ।
ਬਸ ਇੱਕ ਵਾਰ ਸੁਰਖੀਆਂ ਵਿਚ ਆਏ ਜਦੋਂ ਉਹ ਚੇਨਈ ਗਏ ਅਤੇ ਕਮਲ ਹਸਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਵੀ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਜਿਸ ਨਾਲ ਉਨ੍ਹਾਂ ਬਾਰੇ ਚਰਚਾ ਛਿੜਦੀ।

ਤਸਵੀਰ ਸਰੋਤ, Getty Images
ਕਪਿਲ ਮਿਸ਼ਰਾ ਵੀ ਸ਼ਾਂਤ ਹੋ ਗਿਆ
ਇਸ ਦੌਰਾਨ ਕਪਿਲ ਮਿਸ਼ਰਾ ਵੀ ਚੁੱਪ ਹੀ ਰਹੇ ਹਨ। ਅਰਵਿੰਦ ਕੇਜਰੀਵਾਲ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਮਿਸ਼ਰਾ ਹਰ ਦੂਜੇ ਦਿਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਕਈ ਵਾਰ ਸੀ.ਬੀ.ਆਈ. ਤੇ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਵਿੱਚ ਸਬੂਤ ਦਾਇਰ ਕਰਨ ਗਏ।
ਜਿਸ ਦੇ ਘਰ ਕੇਜਰੀਵਾਲ ਦੇ ਰੁਕਣ 'ਤੇ ਹੋਇਆ ਵਿਵਾਦ

ਤਸਵੀਰ ਸਰੋਤ, Getty Images
ਬੀਬੀਸੀ ਨੇ ਕਪਿਲ ਮਿਸ਼ਰਾ ਨਾਲ ਵੀ ਗੱਲ ਕੀਤੀ। ਕਪਿਲ ਮਿਸ਼ਰਾ ਅਜੇ ਵੀ ਦਾਅਵਾ ਕਰ ਰਹੇ ਹਨ ਕਿ ਉਹ ਨਿਸ਼ਚਿਤ ਤੌਰ ਆਪਣੇ ਇਲਜ਼ਾਮ ਅੰਜ਼ਾਮ ਤੱਕ ਪਹੁੰਚਾਉਣਗੇ। ਦੂਜੇ ਪਾਸੇ ਉਹ ਕੇਜਰੀਵਾਲ ਅਜੇ ਵੀ ਚੁੱਪ ਦੱਸ ਰਹੇ ਹਨ।
ਉਨ੍ਹਾਂ ਅਨੁਸਾਰ ਜਿਸ ਦਿਨ ਉਹ ਕਪਿਲ ਮਿਸ਼ਰਾ ਦੇ ਭ੍ਰਿਸ਼ਟਾਚਾਰ ਦਾ ਜਵਾਬ ਦੇਣਗੇ। ਉਸ ਦਿਨ ਉਹ ਸਮਝਣਗੇ ਕਿ ਕੇਜਰੀਵਾਲ ਨੇ ਚੁੱਪ ਤੋੜ ਦਿੱਤੀ ਹੈ। ਬੀਬੀਸੀ ਨਾਲ ਗੱਲਬਾਤ ਦੌਰਾਨ ਕਪਿਲ ਮਿਸ਼ਰਾ ਨੇ ਇਹ ਵੀ ਕਿਹਾ ਕੇਜਰੀਵਾਲ ਨੇ ਚੁੱਪ ਤੋੜੀ ਜਰੂਰ ਹੈ, ਪਰ ਸ਼ੈਲੀ ਹੁਣ ਉਨ੍ਹਾਂ ਦੀ ਮਾਲਕਾਂ ਵਾਲੀ ਹੈ।ਲੋਕਾਂ ਨੂੰ ਹੁਣ ਉਹ ਸੇਵਕ ਸਮਝਣ ਲੱਗੇ ਹਨ।
ਸੀਨੀਅਰ ਪੱਤਰਕਾਰ ਅਭੇ ਦੂਬੇ ਮੁਤਾਬਕ, " ਚੁੱਪ ਰਹਿਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਪੰਜਾਬ 'ਚ ਹਾਰ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਇਕਜੁਟ ਵਿਰੋਧੀ ਧਿਰ ਦਾ ਹਿੱਸਾ ਵੀ ਨਹੀਂ ਬਣਨ ਦਿੱਤਾ ਸੀ। ਰਾਸ਼ਟਰਪਤੀ ਚੋਣ ਮੀਟਿੰਗ ਵਿੱਚ ਉਨ੍ਹਾਂ ਨੂੰ ਸੱਦਾ ਤੱਕ ਨਹੀਂ ਦਿੱਤਾ, ਉੱਤੋਂ ਉਨ੍ਹਾਂ ਦੀ ਹੀ ਪਾਰਟੀ ਦੇ ਆਗੂ ਉਨ੍ਹਾਂ ਖਿਲਾਫ ਮੋਰਚੇ ਉੱਤੇ ਡਟ ਗਏ। ਉਹ ਮਰਦਾ ਕੀ ਨਾ ਕਰਦਾ"
ਬਦਲਿਆ ਕੇਜਰੀਵਾਲ
ਕੇਜਰੀਵਾਲ ਲਈ ਇਹ ਅੱਗੇ ਦੀ ਤਿਆਰੀ ਵੀ ਹੈ। ਭਾਂਵੇ ਆਮ ਆਦਮੀ ਪਾਰਟੀ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਲਈ ਤਿਆਰ ਨਹੀਂ ਹੈ

ਤਸਵੀਰ ਸਰੋਤ, Getty Images
ਪਰ ਸ਼ਾਂਤ ਮਾਹੌਲ 'ਚ ਪਾਰਟੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਜ਼ਮੀਨ ਤਲਾਸ਼ਣ ਲਈ ਮਿਹਨਤ ਨਾਲ ਕੰਮ ਕਰ ਰਹੀ ਹੈ।
ਕੇਜਰੀਵਾਲ ਨੇ ਪਿਛਲੇ ਦਿਨੀਂ ਅਪਣੇ ਕੰਮ ਕਰਨ ਦਾ ਢੰਗ ਵੀ ਬਦਲਿਆ ਹੈ। ਸੋ ਹੁਣ ਉਹ ਬਿਨਾਂ ਵਿਭਾਗ ਦੇ ਮੁੱਖ ਮੰਤਰੀ ਨਹੀਂ ਹਨ। ਉਹ ਹੁਣ ਵਿਰੋਧੀ ਧਿਰ ਦੇ ਆਗੂ ਨਾਲ ਵੀ ਮੰਚ ਸਾਂਝਾ ਕਰਦੇ ਦਿਖ ਰਹੇ ਹਨ। ਪਹਿਲਾਂ ਉਹ ਉਨ੍ਹਾਂ ਨੂੰ ਆਪਣਾ ਕੱਟੜ ਵਿਰੋਧੀ ਦੱਸਦੇ ਸਨ।












