ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਖ਼ਿਲਾਫ਼ ਹਿਮਾਚਲ 'ਚ ਕੇਸ ਦਰਜ, ਖਾਲਿਸਤਾਨ ਝੰਡੇ ਲਗਾਉਣ ਦਾ ਮਾਮਲਾ- ਪ੍ਰੈੱਸ ਰਿਵੀਊ

ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਬਾਹਰ ਕੰਧਾਂ ਉੱਤੇ ਖਾਲਿਸਤਾਨ ਲਿਖਣ ਅਤੇ ਖਾਲਿਸਤਾਨ ਦੇ ਝੰਡੇ ਲਗਾਉਣ ਦੇ ਮਾਮਲੇ ਵਿੱਚ ਹਿਮਾਚਲ ਪੁਲਿਸ ਨੇ ਅਮਰੀਕਾ ਵਿੱਚ ਰਹਿੰਦੇ ਐੱਨਆਰਆਈ ਗੁਰਪਤਵੰਤ ਸਿੰਘ ਪੰਨੂ ਉੱਤੇ ਕੇਸ ਦਰਜ ਕੀਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੂੰ ਤਪੋਵਨ (ਧਰਮਸ਼ਾਲਾ) ਵਿੱਚ ਲੰਘੇ ਦਿਨੀਂ ਵਿਧਾਨ ਸਭਾ ਬਾਹਰ ਖ਼ਾਲਿਸਤਾਨ ਬੈਨਰ ਲਗਾਉਣ ਕਾਰਨ ਮੁੱਖ ਮੁਲਜ਼ਮ ਬਣਾਇਆ ਗਿਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਯੂਏਪੀਏ ਤਹਿਤ ਸੈਕਸ਼ਨ 13 ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 153-ਏ, 153-ਬੀ ਅਤੇ ਐੱਚਪੀ ਓਪਨ ਸਪੇਸ ਐਕਟ 1985 ਦੇ ਸੈਕਸ਼ਨ 3 ਤਹਿਤ ਕੇਸ ਦਰਜ ਕੀਤੇ ਹਨ।

ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਆਂਢੀ ਸੂਬਿਆਂ ਵਿੱਚ ਖ਼ਾਲਿਸਤਾਨੀ ਤੱਤਾਂ ਦੀਆਂ ਨੂੰ ਦੇਖਦਿਆਂ ਹੋਇਆ ਡੀਜੀਪੀ ਨੇ ਹਾਈ ਅਲਰਟ ਉੱਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ।

11 ਮਾਰਚ ਨੂੰ ਊਨਾ ਵਿੱਚ ਖ਼ਾਲਿਸਤਾਨੀ ਬੈਨਰ ਲਗਾਉਣ ਦੀ ਘਟਨਾ ਤੇ 6 ਜੂਨ ਨੂੰ ਸਿੱਖਸ ਫ਼ਾਰ ਜਸਟਿਸ ਵੱਲ਼ੋਂ ''ਖ਼ਾਲਿਸਤਾਨ ਰੈਫ਼ਰੈਂਡਮ'' ਦੀ ਵੋਟਿੰਗ ਤਾਰੀਕ ਸਬੰਧੀ ਧਮਕੀਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।

ਐਤਵਾਰ ਨੂੰ ਧਰਮਸ਼ਾਲਾ ਵਿੱਚ ਕੀ ਹੋਇਆ ਸੀ?

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਵਿਧਾਨ ਸਭਾ ਦੀ ਇਮਾਰਤ ਅਤੇ ਗੇਟ ਅੱਗੇ ਖਾਲਿਸਤਾਨ ਦੇ ਝੰਡੇ ਲੱਗੇ ਹੋਏ ਦਿਖਾਈ ਦਿੱਤੇ। ਇਸ ਦੇ ਨਾਲ ਹੀ ਇਮਾਰਤ ਦੀਆਂ ਕੰਧਾਂ 'ਤੇ ਹਰੇ ਰੰਗ ਨਾਲ ਖਾਲਿਸਤਾਨ ਵੀ ਲਿਖਿਆ ਹੋਇਆ ਸੀ।

ਧਰਮਸ਼ਾਲਾ ਦੀ ਐੱਸਡੀਐੱਮ ਸ਼ਿਲਪੀ ਬੇਕਟਾ ਨੇ ਦੱਸਿਆ, ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਹਿਮਾਚਲ ਪ੍ਰਦੇਸ਼ ਖੁੱਲ੍ਹੀਆਂ ਥਾਵਾਂ (ਵਿਗਾੜ ਦੀ ਰੋਕਥਾਮ) ਐਕਟ, 1985 ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

ਉੱਧਰ ਮੌਕੇ 'ਤੇ ਪਹੁੰਚੇ ਕਾਂਗੜਾ ਦੇ ਐੱਸਪੀ ਕੁਸ਼ਾਲ ਸ਼ਰਮਾ ਨੇ ਕਿਹਾ, ''ਇਹ ਦੇਰ ਰਾਤ ਜਾਂ ਤੜਕੇ ਵਾਪਰਿਆ ਹੋ ਸਕਦਾ ਹੈ। ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨ ਦੇ ਝੰਡੇ ਉਤਾਰ ਦਿੱਤੇ ਹਨ। ਅਸੀਂ ਇਸ ਸਬੰਧੀ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੇ ਹਾਂ।''

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਟਵੀਟ ਕਰਕੇ ਇਸ ਨੂੰ ਕਾਇਰਤਾ ਵਾਲੀ ਹਰਕਤ ਕਹਿੰਦਿਆਂ ਸਖ਼ਤ ਨਿੰਦਾ ਕੀਤੀ ਹੈ।

ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ''ਧਰਮਸ਼ਾਲਾ ਵਿਧਾਨ ਸਭਾ ਪਰਿਸਰ ਦੇ ਗੇਟ 'ਤੇ ਰਾਤ ਦੇ ਹਨੇਰੇ ਵਿੱਚ ਖਾਲਿਸਤਾਨ ਦੇ ਝੰਡੇ ਲਹਿਰਾਉਣ ਵਾਲੀ ਕਾਇਰਤਾਪੂਰਨ ਘਟਨਾ ਦੀ ਮੈਂ ਨਿੰਦਾ ਕਰਦਾ ਹਾਂ। ਇਸ ਵਿਧਾਨ ਸਭਾ ਵਿੱਚ ਸਿਰਫ਼ ਸਰਦ ਰੁੱਤ ਸੈਸ਼ਨ (ਵਿੰਟਰ ਸੈਸ਼ਨ) ਹੀ ਹੁੰਦਾ ਹੈ, ਇਸ ਲਈ ਇੱਥੇ ਉਸ ਦੌਰਾਨ ਹੀ ਵਧੇਰੇ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੁੰਦੀ ਹੈ।''

ਇਹ ਵੀ ਪੜ੍ਹੋ:

ਨਵਜੋਤ ਸਿੱਧੂ ਦੀ ਭਗਵੰਤ ਮਾਨ ਨਾਲ ਮੁਲਾਕਾਤ ਅੱਜ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਗਵੰਤ ਮਾਨ ਦੀ ਪ੍ਰਸ਼ੰਸਾ 'ਛੋਟਾ ਭਰਾ' ਅਤੇ 'ਇਮਾਨਦਾਰ ਆਦਮੀ' ਦੇ ਤੌਰ ਉੱਤੇ ਹਾਲ ਹੀ ਵਿੱਚ ਕਰਨ ਤੋਂ ਬਾਅਦ ਸਿੱਧੂ ਨੇ ਐਤਵਾਰ ਨੂੰ ਕਿਹਾ ਕਿ ਉਹ ਸੋਮਵਾਰ ਸ਼ਾਮ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।

ਨਵਜੋਤ ਸਿੱਧੂ ਨੇ ਇਸ ਮੀਟਿੰਗ ਲਈ ਬਕਾਇਦਾ ਟਵੀਟ ਵੀ ਕੀਤਾ ਅਤੇ ਲਿਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਵਿੱਚ ਸ਼ਾਮ ਸਵਾ ਪੰਜ ਵਜੇ ਮੁਲਾਕਾਤ ਕਰਨਗੇ।

ਉਨ੍ਹਾਂ ਦੱਸਿਆ ਕਿ ਇਹ ਮੁਲਾਕਾਤ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹ ਉੱਤੇ ਲਿਆਉਣ ਸਬੰਧੀ ਮਸਲੇ ਉੱਤੇ ਚਰਚਾ ਲਈ ਹੋਵੇਗੀ।

''ਭਾਜਪਾ-ਆਰਐੱਸਐੱਸ ਰਾਮ ਨੂੰ ਰੈਂਬੋ ਅਤੇ ਹਨੂੰਮਾਨ ਨੂੰ ਗੁੱਸੇ ਦਾ ਪ੍ਰਤੀਕ ਬਣਾ ਰਹੇ''

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਉੱਤੇ ਨਿਸ਼ਾਨਾ ਲਗਾਇਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ-ਆਰਐੱਸਐੱਸ ਭਗਵਾਨ ਰਾਮ ਨੂੰ ਰੈਂਬੋ ਅਤੇ ਹਨੂੰਮਾਨ ਨੂੰ ਗੁੱਸੇ ਦਾ ਪ੍ਰਤੀਕ ਬਣਾ ਰਹੇ ਹਨ।

ਭੁਪੇਸ਼ ਬਘੇਲ ਨੇ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ''ਭੜਕਾਊ ਅਤੇ ਹਮਲਾਵਰ ਰਾਸ਼ਟਰਵਾਦ'' ਦੇ ਇੱਕ ਪੜਾਅ ਵਿੱਚੋਂ ਲੰਘ ਰਿਹਾ ਸੀ - ਅਪ੍ਰੈਲ ਵਿੱਚ ਪੂਰੇ ਭਾਰਤ ਤੋਂ ਫ਼ਿਰਕੂ ਝਗੜੇ ਰਿਪੋਰਟ ਕੀਤੇ ਗਏ ਸਨ ਅਤੇ ਅਸਹਿਮਤੀ ਲਈ ਕੋਈ ਥਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਸਭ ਲੰਘ ਜਾਵੇਗਾ ਅਤੇ ਕਾਂਗਰਸ ਵਾਪਸੀ ਕਰੇਗੀ।

ਬਘੇਲ ਨੇ ਕਿਹਾ, ''ਰਾਮ ਸਾਡੀ ਸੰਸਕ੍ਰਿਤੀ ਵਿੱਚ ਸ਼ਾਮਲ ਹਨ। ਰਾਮ ਸਾਕਾਰ ਅਤੇ ਨਿਰਾਕਾਰ ਦੋਵੇਂ ਹੀ ਹਨ, ਅਸੀਂ ਰਾਮ ਨੂੰ ਵੱਖ-ਵੱਖ ਰੂਪਾਂ ਵਿੱਚ ਸਵੀਕਾਰਿਆ ਹੈ। ਅਸੀਂ ਕਬੀਰ ਦੇ ਰਾਮ, ਤੁਲਸੀ ਦੇ ਰਾਮ ਅਤੇ ਸ਼ਬਰੀ ਦੇ ਰਾਮ ਨੂੰ ਜਾਣਦੇ ਹਾਂ। ਰਾਮ ਹਰ ਭਾਰਤੀ ਦੇ ਦਿਲ ਅਤੇ ਦਿਮਾਗ ਵਿੱਚ ਵਸਦੇ ਹਨ।''

''ਮਜ਼ਦੂਰਾਂ ਨੇ ਰਾਮ ਨੂੰ ਇੱਕ ਰੂਪ ਵਿੱਚ ਸਵੀਕਾਰ ਕੀਤਾ ਹੈ, ਕਿਸਾਨ ਕਿਸੇ ਦੂਜੇ ਰੂਪ ਵਿੱਚ ਦੇਖਦੇ ਹਨ, ਕਬਾਇਲੀ ਲੋਕ ਕਿਸੇ ਹੋਰ ਰੂਪ ਵਿੱਚ ਦੇਖਦੇ ਹਨ, ਬੁੱਧੀਜੀਵੀ ਅਤੇ ਸ਼ਰਧਾਲੂ ਰਾਮ ਨੂੰ ਕਿਸੇ ਹੋਰ ਰੂਪ ਵਿੱਚ ਦੇਖਦੇ ਹਨ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)