You’re viewing a text-only version of this website that uses less data. View the main version of the website including all images and videos.
ਇੱਥੇ ਹੋਇਆ ਸਮਝੌਤਾ, ‘ਅਸੀਂ 100 ਸਾਲਾਂ ਤੱਕ ਦੰਗਾ ਨਹੀਂ ਕਰਾਂਗੇ’
- ਲੇਖਕ, ਮੁਸ਼ਤਾਕ ਖ਼ਾਨ
- ਰੋਲ, ਬੀਬੀਸੀ ਮਰਾਠੀ ਸੇਵਾ
ਮਹਾਰਾਸ਼ਟਰ ਦੇ ਇੱਕ ਪਿੰਡ ਸੌਂਢੇਘਰ ਦੇ ਵਾਸੀਆਂ ਵੱਲੋਂ ਲਾਇਆ ਗਿਆ ਇੱਕ ਬੋਰਡ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਦਾ ਧਿਆਨ ਖਿੱਚ ਰਿਹਾ ਹੈ।
ਸੌਂਢੇਘਰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਜਿੱਥੇ ਆਬਾਦੀ ਸਿਰਫ਼ ਇੱਕ ਹਜ਼ਾਰ ਹੈ।
ਇਸ ਪਿੰਡ ਵਿੱਚ ਹਰ ਜਾਤੀ ਅਤੇ ਧਰਮ ਦੇ ਲੋਕ ਇਕੱਠੇ ਰਹਿੰਦੇ ਹਨ।
ਪਿੰਡ ਵਿੱਚ ਕੋਈ ਵੀ ਫਿਰਕੂ ਵਿਵਾਦ ਨਾ ਹੋਵੇ ਇਸ ਨੂੰ ਰੋਕਣ ਲਈ ਪਿੰਡ ਨੇ ਆਮ ਸਹਿਮਤੀ ਨਾਲ ਇੱਕ ਇਤਿਹਾਸਕ ਫ਼ੈਸਲਾ ਲਿਆ ਹੈ।
ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਮਿਲ ਕੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ 100 ਸਾਲ ਦਾ ਸਮਝੌਤਾ ਕੀਤਾ ਹੈ।
ਜਦੋਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਫਿਰਕੂ ਤਣਾਅ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਤਾਂ ਪਿੰਡ ਸੌਂਢੇਘਰ ਦੇ ਇਸ ਫ਼ੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਪਿੰਡ ਨੇ ਸਮਝੌਤਾ ਕਿਉਂ ਕੀਤਾ?
ਪਿੰਡ ਦੇ ਇੱਕ ਅਧਿਆਪਕ ਅਬਦੁੱਲਾ ਨੰਦਗਾਂਵਕਰ ਦਾ ਕਹਿਣਾ ਹੈ, "ਸਾਨੇ ਗੁਰੂ ਜੀ ਪਾਲਗੜ ਤੋਂ ਦਾਪੋਲੀ ਵਿੱਚ ਏਜੀ ਹਾਈ ਸਕੂਲ ਜਾਂਦੇ ਸਮੇਂ ਇਸ ਪਿੰਡ ਵਿੱਚੋਂ ਨਦੀ ਪਾਰ ਕਰਦੇ ਸਨ।''
''ਬਾਅਦ ਵਿੱਚ ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਸੰਸਾਰ ਵਿੱਚ ਪਿਆਰ ਫੈਲਾਉਣਾ ਹੀ ਅਸਲ ਧਰਮ ਹੈ। ਅਸੀਂ ਦਿੱਤੀ ਪ੍ਰੇਰਨਾ ਦੇ ਸਹਾਰੇ ਅੱਗੇ ਵਧ ਰਹੇ ਹਾਂ।''
ਇਹ ਵੀ ਪੜ੍ਹੋ:
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਏਕਤਾ ਸਮਝੌਤਾ ਇਸ ਲਈ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਪਿੰਡ ਦੀ ਸ਼ਾਂਤੀ ਨਾ ਟੁੱਟੇ ਅਤੇ ਏਕਤਾ ਕਾਇਮ ਰਹੇ।
ਖਾਸ ਗੱਲ ਇਹ ਹੈ ਕਿ ਇਸ ਸਮਝੌਤੇ ਉੱਪਰ ਪਿੰਡ ਦੇ ਹਿੰਦੂ, ਮੁਸਲਿਮ ਅਤੇ ਬੁੱਧ ਸਾਰੇ ਧਰਮਾਂ ਦੇ ਲੋਕਾਂ ਨੇ ਆਪਣੀ ਸਹਿਮਤੀ ਦਿੱਤੀ ਹੈ।
ਸੌਂਢੇਘਰ ਕੁਦਰਤੀ ਸੁੰਦਰਤਾ ਨਾਲ ਭਰਪੂਰ ਇੱਕ ਬਹੁਤ ਹੀ ਖੂਬਸੂਰਤ ਪਿੰਡ ਹੈ। ਇਹ ਪਿੰਡ ਤਿੰਨ ਦਰਿਆਵਾਂ ਦੇ ਸੰਗਮ 'ਤੇ ਬਣਿਆ ਹੈ। ਇਨ੍ਹਾਂ ਵਿੱਚ ਪਾਲਗੜ ਨਦੀ, ਵਨੀਸ਼ੀ ਨਦੀ ਅਤੇ ਪਿੰਡ ਵਿੱਚ ਇੱਕ ਨਦੀ ਸ਼ਾਮਲ ਹੈ।
ਸੌਂਢੇਘਰ ਗ੍ਰਾਮ ਪੰਚਾਇਤ ਨੇ ਪਿੰਡ ਦੇ ਪ੍ਰਵੇਸ਼ ਦੁਆਰ ਕੋਲ ਏਕਤਾ ਸੰਧੀ ਦਾ ਬੋਰਡ ਲਗਾਇਆ ਹੈ। ਇਸ ਨੂੰ ਦੇਖ ਕੇ ਸੜਕ ਤੋਂ ਲੰਘਣ ਵਾਲੇ ਲੋਕ ਚਰਚਾ ਕਰ ਰਹੇ ਹਨ।
ਪਿੰਡ ਦੀ ਤੰਤ ਮੁਕਤੀ ਕਮੇਟੀ ਦੇ ਚੇਅਰਮੈਨ ਸੰਜੇ ਖਾਨਵਿਲਕਰ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਦੇਸ਼ ਵਿੱਚ ਧਾਰਮਿਕ ਮਾਹੌਲ ਬਹੁਤ ਖ਼ਰਾਬ ਹੋ ਗਿਆ ਹੈ।''
''ਅਸੀਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸ਼ਾਂਤੀ ਸਮਝੌਤਾ ਕੀਤਾ ਤਾਂ ਜੋ ਸਾਡੇ ਪਿੰਡ ਉੱਪਰ ਇਸ ਮਾੜੇ ਫਿਰਕੂ ਮਾਹੌਲ ਦਾ ਅਸਰ ਨਾ ਪਵੇ।''
''ਅਸੀਂ ਪਾਲਗੜ ਬੀਟ ਦੇ ਪੁਲਿਸ ਇੰਸਪੈਕਟਰ ਵਿਕਾਸ ਪਵਾਰ ਦੀ ਮਦਦ ਨਾਲ ਇਹ ਸਕਾਰਾਤਮਕ ਕਦਮ ਚੁੱਕਿਆ ਹੈ।"
ਸੌ ਸਾਲ ਦਾ ਸਮਝੌਤਾ
ਸੌਂਢੇਘਰ ਪਿੰਡ ਵਿੱਚ 400 ਮੁਸਲਮਾਨ, 400 ਹਿੰਦੂ ਅਤੇ 200 ਬੋਧੀ ਰਹਿੰਦੇ ਹਨ। ਸਾਰੇ ਭਾਈਚਾਰਿਆਂ ਨੇ ਇਕੱਠੇ ਹੋ ਕੇ ਇੱਕ ਮਿੰਟ ਵਿੱਚ ਇਹ ਇਤਿਹਾਸਕ ਫੈਸਲਾ ਲੈ ਲਿਆ।
ਵੀਡੀਓ: ਮੌਲਵੀ ਤੇ ਪੁਜਾਰੀ ਨੇ ਪੇਸ਼ ਕੀਤੀ ਭਾਈਚਾਰਕ ਸਾਂਝ ਦੀ ਮਿਸਾਲ
ਪਿੰਡ ਦੇ ਉਪ ਸਰਪੰਚ ਜਤਿੰਦਰ ਪਵਾਰ ਨੇ ਕਿਹਾ, "ਇਸ ਪਿੰਡ ਵਿੱਚ ਕਦੇ ਵੀ ਕੋਈ ਫ਼ਿਰਕੂ ਝਗੜਾ ਨਹੀਂ ਹੋਇਆ ਹੈ। ਅਸੀਂ ਇਹ ਸਮਝੌਤਾ 100 ਸਾਲਾਂ ਲਈ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਵੀ ਅਜਿਹਾ ਕਦੇ ਨਾ ਹੋਵੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਇਸ ਫ਼ੈਸਲੇ ਕਾਰਨ ਸੁਰੱਖਿਅਤ ਰਹਿਣਗੀਆਂ।"
ਪਿੰਡ ਵਾਸੀ ਅਨਿਲ ਮਾਰੂਤੀ ਮਰਚਾਂਡੇ ਦੱਸਦੇ ਹਨ, "ਸਾਡੇ ਪਿੰਡ ਦੇ ਲੋਕ ਸ਼ਾਹੂ-ਫੂਲੇ-ਅੰਬੇਦਕਰ ਦੇ ਵਿਚਾਰਾਂ ਨੂੰ ਮੰਨਦੇ ਹਨ।''
''ਪਿਛਲੇ 50 ਸਾਲਾਂ ਵਿੱਚ ਸਾਡੇ ਵਿੱਚ ਕਦੇ ਕੋਈ ਝਗੜਾ ਨਹੀਂ ਹੋਇਆ, ਜਿਸ ਨੂੰ ਅਸੀਂ ਆਪਣਾ ਮਾਣ ਸਮਝਦੇ ਹਾਂ।"
ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਸਿਰਫ 100 ਸਾਲਾਂ ਵਿੱਚ ਹੀ ਨਹੀਂ ਬਲਕਿ ਭਵਿੱਖ ਵਿੱਚ ਇਸ ਪਿੰਡ ਵਿੱਚ ਕਦੇ ਵੀ ਦੰਗਾ ਨਹੀਂ ਹੋਵੇਗਾ।
ਆਪਸੀ ਸਹਿਮਤੀ ਨਾਲ ਫ਼ੈਸਲਾ
ਪਿੰਡ ਸੌਂਢੇਘਰ ਦੇ ਨੌਜਵਾਨਾਂ ਨੇ ਇਸ ਫ਼ੈਸਲੇ ਦੀ ਹਮਾਇਤ ਕੀਤੀ ਹੈ।
ਪਿੰਡ ਵਾਸੀ ਅਲਤਾਫ਼ ਪਠਾਨ ਦਾ ਕਹਿਣਾ ਹੈ, "ਸਾਡੇ ਲਈ ਬੇਰੁਜ਼ਗਾਰੀ ਦਾ ਮਸਲਾ ਵੱਡਾ ਹੈ। ਝਗੜਾ ਹੋ ਜਾਵੇ ਤਾਂ ਰੋਟੀ ਨਹੀਂ ਮਿਲਦੀ।''
''ਸਾਨੂੰ ਰੋਜ਼ ਕਮਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਕੋਈ ਵੀ ਦੰਗਿਆਂ ਨੂੰ ਪਹਿਲ ਨਹੀਂ ਦੇ ਸਕਦਾ। ਇਹ 100 ਸਾਲਾਂ ਲਈ ਕੀਤਾ ਗਿਆ ਸਮਝੌਤਾ ਸਾਡੇ ਭਵਿੱਖ ਲਈ ਸਭ ਤੋਂ ਵਧੀਆ ਫ਼ੈਸਲਾ ਹੈ।
ਵੀਡੀਓ: ਭਾਈਚਾਰਕ ਸਾਂਝ ਦੀ ਮਿਸਾਲ, ਸਿੱਖ ਪਰਿਵਾਰ ਨੇ ਇਬਾਦਤ ਲਈ ਦਿੱਤੀ ਥਾਂ
ਪਿੰਡ ਦੀਆਂ ਔਰਤਾਂ ਨੇ ਵੀ 100 ਸਾਲ ਲਈ ਕੀਤੇ ਸਮਝੌਤੇ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਮਰਦਾਂ ਦੇ ਨਾਲ-ਨਾਲ ਇਸ ਪ੍ਰਕਿਰਿਆ ਦਾ ਹਿੱਸਾ ਹਨ।
ਊਸ਼ਾ ਮਰਚਾਂਦੇ ਕਹਿੰਦੇ ਹਨ, "ਪਿੰਡ ਦੀਆਂ ਔਰਤਾਂ ਛੋਟੇ-ਛੋਟੇ ਝਗੜਿਆਂ ਨੂੰ ਸੁਲਝਾਉਣ ਵਿੱਚ ਸਭ ਤੋਂ ਮੋਹਰੀ ਹਨ। ਪਿੰਡ ਪੱਧਰ 'ਤੇ, ਅਸੀਂ ਆਪਸੀ ਸਮਝਦਾਰੀ ਨਾਲ ਫ਼ੈਸਲੇ ਲੈਂਦੇ ਹਾਂ।''
''ਅਸੀਂ ਪੁਰਸ਼ਾਂ ਦੇ ਨਾਲ ਇਸ ਪਿੰਡ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀਆਂ ਹਾਂ। ਸਾਨੂੰ ਭਰੋਸਾ ਹੈ ਕਿ ਸਾਡੇ ਪਿੰਡ ਵਿੱਚ ਕੋਈ ਵੀ ਦੰਗਾ ਕਦੇ ਵੀ ਅਜਿਹਾ ਨਹੀਂ ਹੋਵੇਗਾ। ਹੁਣ ਸਾਨੂੰ ਇਸ ਦੀ ਫ਼ਿਕਰ ਨਹੀਂ ਹੈ।"
ਪਿੰਡ ਦੇ ਸਰਪੰਚ ਇਲਿਆਸ ਨੰਦਗਾਂਵਕਰ ਬੜੇ ਮਾਣ ਨਾਲ ਕਹਿੰਦੇ ਹਨ, "ਅਸੀਂ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਕਿ ਸਿਰਫ਼ ਸਾਡੇ ਬਲਾਕ ਦੇ ਲੋਕ ਹੀ ਨਹੀਂ, ਸਗੋਂ ਜ਼ਿਲ੍ਹੇ ਦੇ ਲੋਕ ਵੀ ਅਜਿਹੇ ਫੈਸਲੇ ਲੈਣ ਹਨ।''
''ਦੇਸ਼ ਨੂੰ ਇਸ ਫ਼ੈਸਲੇ ਤੋਂ ਸਮਝਣਾ ਚਾਹੀਦਾ ਹੈ ਕਿ ਤੁਹਾਨੂੰ ਵਿਵਾਦ ਤੋਂ ਕੁਝ ਨਹੀਂ ਮਿਲਦਾ। ਅਸੀਂ ਇਸ ਮਸਲੇ ਨੂੰ ਸਮਝਦੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਨੂੰ ਸਮਝੋ। ਮੈਨੂੰ ਸਾਡੇ ਪਿੰਡ ਵੱਲੋਂ ਲਏ ਗਏ ਫ਼ੈਸਲੇ 'ਤੇ ਮਾਣ ਹੈ।"
ਸਰਪੰਚ ਦਾ ਕਹਿਣਾ ਹੈ ਕਿ ਜੇਕਰ ਪਿੰਡ ਵਿੱਚ ਸ਼ਾਂਤੀ ਰਹੇਗੀ ਤਾਂ ਪਿੰਡ ਦਾ ਵਿਕਾਸ ਹੋਵੇਗਾ।
ਉਹ ਕਹਿੰਦੇ ਹਨ, "ਅਸੀਂ ਇਹ ਫ਼ੈਸਲਾ ਲਿਆ ਹੈ। ਤੁਸੀਂ ਵੀ ਅਜਿਹਾ ਫ਼ੈਸਲਾ ਲੈ ਸਕਦੇ ਹੋ।''
ਇਹ ਵੀ ਪੜ੍ਹੋ: