ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਗਾਏ ਜਾਣ ਦਾ ਕੀ ਹੈ ਮਾਮਲਾ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਵਿਧਾਨ ਸਭਾ ਦੀ ਇਮਾਰਤ ਅਤੇ ਗੇਟ ਅੱਗੇ ਖਾਲਿਸਤਾਨ ਦੇ ਝੰਡੇ ਲੱਗੇ ਹੋਏ ਦਿਖਾਈ ਦਿੱਤੇ। ਇਸਦੇ ਨਾਲ ਹੀ ਇਮਾਰਤ ਦੀਆਂ ਕੰਧਾਂ 'ਤੇ ਹਰੇ ਰੰਗ ਨਾਲ ਖਾਲਿਸਤਾਨ ਵੀ ਲਿਖਿਆ ਹੋਇਆ ਸੀ।

ਬੀਬੀਸੀ ਸਹਿਯੋਗੀ ਪੰਕਜ ਸ਼ਰਮਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚਿਆ।

ਪ੍ਰਸ਼ਾਸਨ ਵੱਲੋਂ ਝੰਡੇ ਹਟਵਾਏ ਗਏ ਅਤੇ ਕੰਧਾਂ ਦੀ ਸਫ਼ਾਈ ਕਰਵਾਈ ਗਈ।

ਅਧਿਕਾਰੀਆਂ ਨੇ ਕੀ ਦੱਸਿਆ

ਧਰਮਸ਼ਾਲਾ ਦੀ ਐੱਸਡੀਐੱਮ ਸ਼ਿਲਪੀ ਬੇਕਟਾ ਨੇ ਦੱਸਿਆ, ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਹਿਮਾਚਲ ਪ੍ਰਦੇਸ਼ ਖੁੱਲ੍ਹੀਆਂ ਥਾਵਾਂ (ਵਿਗਾੜ ਦੀ ਰੋਕਥਾਮ) ਐਕਟ, 1985 ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ''ਇਹ ਸਾਨੂੰ ਚੌਕਸ ਕਰਨ ਵਾਲੀ ਗੱਲ ਹੈ ਕਿ ਅਸੀਂ ਵਧੇਰੇ ਚੌਕਸੀ ਨਾਲ ਕੰਮ ਕਰਨਾ ਹੈ।''

ਉਨ੍ਹਾਂ ਕਿਹਾ, ''ਸਾਡੇ ਪਹੁੰਚਣ ਤੋਂ ਪਹਿਲਾਂ ਚੌਕੀ ਇੰਚਾਰਜ ਨਰਾਇਣ ਸਿੰਘ, ਉਨ੍ਹਾਂ ਦੀ ਟੀਮ ਤੇ ਐੱਸਐੱਚਓ ਵੀ ਇੱਥੇ ਪਹੁੰਚ ਚੁੱਕੇ ਸਨ।''

ਐੱਸਡੀਐੱਮ ਸ਼ਿਲਪੀ ਮੁਤਾਬਕ, ''ਸ਼ੁਰੂਆਤੀ ਤੌਰ 'ਤੇ ਇਹ ਲੱਗ ਰਿਹਾ ਹੈ ਕਿ ਪਬਲਿਕ ਪ੍ਰਾਪਰਟੀ ਨੂੰ ਵਿਗਾੜਿਆ ਗਿਆ ਹੈ ਅਤੇ ਕਿਸ ਨੇ ਕੀਤਾ ਹੈ, ਉਹ ਜਾਂਚ ਦਾ ਵਿਸ਼ਾ ਹੈ।''

ਉੱਧਰ ਮੌਕੇ 'ਤੇ ਪਹੁੰਚੇ ਕਾਂਗੜਾ ਦੇ ਐੱਸਪੀ ਕੁਸ਼ਾਲ ਸ਼ਰਮਾ ਨੇ ਕਿਹਾ, ''ਇਹ ਦੇਰ ਰਾਤ ਜਾਂ ਅੱਜ ਤੜਕੇ ਵਾਪਰਿਆ ਹੋ ਸਕਦਾ ਹੈ। ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨ ਦੇ ਝੰਡੇ ਉਤਾਰ ਦਿੱਤੇ ਹਨ। ਅਸੀਂ ਇਸ ਸਬੰਧੀ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੇ ਹਾਂ।''

ਇਸ ਸਵਾਲ 'ਤੇ ਕਿ ਕੀ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੇ ਇਸ ਮਾਮਲੇ ਵਿੱਚ ਸ਼ਾਮਿਲ ਹੋਣ ਦੇ ਖਦਸ਼ੇ ਹਨ, ਇਸ 'ਤੇ ਉਨ੍ਹਾਂ ਕਿਹਾ, ''ਬਿਲਕੁਲ ਇੱਥੇ ਉਨ੍ਹਾਂ ਦੇ ਸਮਰਥਕ ਹਨ, ਇਹ ਉਨ੍ਹਾਂ 'ਚੋਂ ਕਿਸੇ ਦਾ ਕੰਮ ਹੋ ਸਕਦਾ ਹੈ, ਜਾਂਚ ਕੀਤੀ ਜਾਵੇਗੀ।''

ਇਹ ਵੀ ਪੜ੍ਹੋ:

ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ - ਮੁੱਖ ਮੰਤਰੀ ਜੈ ਰਾਮ ਠਾਕੁਰ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਟਵੀਟ ਕਰਕੇ ਇਸ ਨੂੰ ਕਾਇਰਤਾ ਵਾਲੀ ਹਰਕਤ ਕਹਿੰਦਿਆਂ ਸਖ਼ਤ ਨਿੰਦਾ ਕੀਤੀ ਹੈ।

ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ''ਧਰਮਸ਼ਾਲਾ ਵਿਧਾਨ ਸਭਾ ਪਰਿਸਰ ਦੇ ਗੇਟ 'ਤੇ ਰਾਤ ਦੇ ਹਨੇਰੇ ਵਿੱਚ ਖਾਲਿਸਤਾਨ ਦੇ ਝੰਡੇ ਲਹਿਰਾਉਣ ਵਾਲੀ ਕਾਇਰਤਾਪੂਰਨ ਘਟਨਾ ਦੀ ਮੈਂ ਨਿੰਦਾ ਕਰਦਾ ਹਾਂ। ਇਸ ਵਿਧਾਨ ਸਭਾ ਵਿੱਚ ਸਿਰਫ਼ ਸਰਦ ਰੁੱਤ ਸੈਸ਼ਨ (ਵਿੰਟਰ ਸੈਸ਼ਨ) ਹੀ ਹੁੰਦਾ ਹੈ, ਇਸ ਲਈ ਇੱਥੇ ਉਸ ਦੌਰਾਨ ਹੀ ਵਧੇਰੇ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੁੰਦੀ ਹੈ।''

ਆਪਣੇ ਦੂਜੇ ਟਵੀਟ 'ਚ ਉਨ੍ਹਾਂ ਕਿਹਾ, ''ਇਸੇ ਦਾ ਫਾਇਦਾ ਉਠਾ ਕੇ ਇਸ ਕਾਇਰਤਾਪੂਰਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਘਟਨਾ ਦੀ ਤੁਰੰਤ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਹਿੰਮਤ ਹੈ ਤਾਂ ਰਾਤ ਦੇ ਹਨੇਰੇ 'ਚ ਨਹੀਂ ਦਿਨ ਦੇ ਚਾਨਣ 'ਚ ਸਾਹਮਣੇ ਆਉਣ।''

ਧਰਮਸ਼ਾਲਾ ਦੇ ਐੱਮਐੱਲਏ ਵਿਸ਼ਾਲ ਨੇਹਰੀਆ ਨੇ ਕਿਹਾ ਕਿ ਕਿਸੇ ਵੀ ਪੱਖ ਤੋਂ ਦੇਖੋ ਤਾਂ ਇਹ ਸਿਰਫ ਕਾਇਰਤਾ ਹੀ ਦਿੱਸਦੀ ਹੈ ਕਿ ਰਾਤ ਦੇ ਹਨ੍ਹਰੇ 'ਚ ਆ ਕੇ ਆਪਣੇ ਝੰਡੇ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ, ''ਪਹਿਲਾਂ ਵੀ ਖਾਲਿਸਤਾਨੀ ਸਮਰਥਕਾਂ ਦੀਆਂ ਕਈ ਵਾਰ, ਕਈ ਵਿਸ਼ਿਆਂ ਨੂੰ ਲੈ ਕੇ ਧਮਕੀਆਂ ਆਈਆਂ ਹਨ। ਜੇ ਉਹ ਲੋਕ ਵਾਕਈ ਇੰਨੀ ਹਿੰਮਤ ਰੱਖਦੇ ਹਨ ਤਾਂ ਦਿਨ ਦੀ ਰੌਸ਼ਨੀ 'ਚ ਆ ਕੇ ਦਿਖਾਉਣ। ਅਸੀਂ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹਾਂ।''

''ਕਿਸੇ ਵੀ ਤਰ੍ਹਾਂ ਨਾਲ ਸਾਡਾ ਹਿਮਾਚਲ ਵਾਸੀ, ਦੇਸ਼ਵਾਸੀ ਖਾਲਿਸਤਾਨੀ ਸਮਰਥਕਾਂ ਅਤੇ ਉਨ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਨ ਵਾਲਾ।''

''ਅੱਜ ਦੇ ਮਾਮਲੇ 'ਚ ਤਰੁੰਤ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜੇ-ਤੇੜੇ ਦੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇਖੀ ਜਾਵੇਗੀ। ਜੋ ਵੀ ਵਿਅਕਤੀ ਨਜ਼ਰ ਆਵੇਗਾ, ਉਸ 'ਤੇ ਬਣਦਾ ਕੇਸ ਦਰਜ ਕੀਤਾ ਜਾਵੇਗਾ ਅਤੇ ਸਜ਼ਾ ਵੀ ਮਿਲੇਗੀ।''

ਪਹਿਲਾਂ ਵੀ ਮਿਲੀ ਸੀ ਧਮਕੀ

ਬੀਬੀਸੀ ਸਹਿਯੋਗੀ ਪੰਕਜ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਸਿਖਸ ਫਾਰ ਜਸਟਿਸ ਸੰਸਥਾ ਚਲਾਉਣ ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਪਿਛਲੇ ਸਾਲ ਅਪ੍ਰੈਲ 'ਚ ਸ਼ਿਮਲਾ 'ਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ ਦਿੱਤੀ ਸੀ।

ਇਸ ਤੋਂ ਬਾਅਦ ਪਿਛਲੇ ਸਾਲ ਅਕਤੂਬਰ 'ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਫਿਰ ਤੋਂ ਧਮਕੀ ਮਿਲੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਉਹ ਜਾਂ ਤਾਂ ਸ਼ਿਮਲਾ ਨੂੰ ਖਾਲਿਸਤਾਨ ਦਾ ਹਿੱਸਾ ਮੰਨ ਲੈਣ ਜਾਂ ਫਿਰ ਦੇਸ਼ ਦੇ ਹੋਰ ਹਿੱਸਿਆਂ ਵਿਚ ਚਲੇ ਜਾਣ।

ਹਾਲਾਂਕਿ, ਪਹਿਲਾਂ ਤੋਂ ਰਿਕਾਰਡ ਕੀਤੀਆਂ ਇਨ੍ਹਾਂ ਧਮਕੀਆਂ ਦੀ ਸਾਈਬਰ ਪੁਲਿਸ ਕੋਲ ਸ਼ਿਕਾਇਤ ਨਹੀਂ ਆਈ ਹੈ। ਪਰ, ਸੀਆਈਡੀ ਦੀ ਸਾਈਬਰ ਪੁਲਿਸ ਪਹਿਲਾਂ ਤੋਂ ਦਰਜ ਹੋਏ ਕੇਸ ਦੀ ਜਾਂਚ ਕਰ ਰਹੀ ਹੈ। ਇਸ ਵਿਚ ਇੰਟਰਪੋਲ ਤੋਂ ਕੁਝ ਜਾਣਕਾਰੀ ਮੰਗੀ ਗਈ ਹੈ। ਇਸ ਵਿਚ ਕੇਂਦਰੀ ਜਾਂਚ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ।

'ਆਪ' ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ

ਦੂਜੇ ਪਾਸੇ ਆਮ ਆਦਮੀ ਪਾਰਟੀ ਆਗੂ ਮਨੀਸ਼ ਸਿਸੋਦੀਆ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ ਹੈ।

ਸਿਸੋਦੀਆ ਨੇ ਇੱਕ ਟਵੀਟ ਰਾਹੀਂ ਕਿਹਾ, ''ਪੂਰੀ ਬੀਜੇਪੀ ਇੱਕ ਗੁੰਡੇ ਨੂੰ ਬਚਾਉਣ 'ਚ ਲੱਗੀ ਹੈ ਅਤੇ ਉੱਧਰ ਖਾਲਿਸਤਾਨੀ ਝੰਡੇ ਲਗਾ ਕੇ ਚਲੇ ਗਏ।''

''ਜਿਹੜੀ ਸਰਕਾਰ ਵਿਧਾਨ ਸਭਾ ਨਾ ਬਚਾ ਸਕੇ, ਉਹ ਜਨਤਾ ਨੂੰ ਕਿਵੇਂ ਬਚਾਏਗੀ। ਇਹ ਹਿਮਾਚਲ ਦੀ ਅਬਰੂ ਦਾ ਮਾਮਲਾ ਹੈ, ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)