ਤੁਰਕੀ ਭੂਚਾਲ: 'ਬੱਚੀ ਦੇ ਕਈ ਫ੍ਰੈਕਚਰ ਸਨ, ਚਿਹਰੇ 'ਤੇ ਝਰੀਟਾਂ ਸਨ, ਪਰ ਸਾਡੇ ਵੱਲ ਦੇਖਦੇ ਹੀ ਮੁਸਕੁਰਾ ਪਈ'

ਬੱਚੀ
ਤਸਵੀਰ ਕੈਪਸ਼ਨ, ਇਸ ਭੂਚਾਲ ਨੇ ਇਨ੍ਹਾਂ ਮਾਸੂਮਾਂ ਦੇ ਨਾਮ ਵੀ ਖੋਹ ਲਏ ਹਨ
    • ਲੇਖਕ, ਟੋਮ ਬੇਟਮੈਨ
    • ਰੋਲ, ਬੀਬੀਸੀ ਨਿਊਜ਼ (ਅਡਾਨਾ, ਦੱਖਣੀ ਤੁਰਕੀ)

ਚੇਤਾਵਨੀ: ਇਸ ਰਿਪੋਰਟ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਤੜਕੇ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 25 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਭੂਚਾਲ ਤੋਂ ਬਾਅਦ ਮਲਬੇ ਵਿੱਚ ਤਬਦੀਲ ਹੋਈਆਂ ਇਮਾਰਤਾਂ, ਘਰਾਂ ਤੋਂ ਕਈ ਦਰਦਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਹਨ।

ਭੂਚਾਲ ਕਾਰਨ ਮਚੀ ਤਬਾਹੀ ਅਤੇ ਭਿਆਨਕ ਮੰਜ਼ਰ ਵਿੱਚੋਂ ਕਈ ਬੱਚੇ ਜੋ ਬੱਚ ਗਏ, ਉਨ੍ਹਾਂ ਦੇ ਨਾਮ ਤੱਕ ਨਹੀਂ ਪਤਾ ਚਲ ਸਕੇ ਹਨ ਨਾ ਹੀ ਉਨ੍ਹਾਂ ਦੇ ਪਤੇ ਅਤੇ ਮਾਪਿਆਂ ਬਾਰੇ ਜਾਣਕਾਰੀ ਮਿਲ ਰਹੀ ਹੈ।

ਤੁਰਕੀ ਦੇ ਸ਼ਹਿਰ ਅਡਾਨਾ ਦੇ ਸਿਟੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਬੱਚਿਆਂ ਨੂੰ ਇਹ ਵੀ ਨਹੀਂ ਉਨ੍ਹਾਂ ਨੇ ਕਿੰਨਾ ਕੁਝ ਗੁਆ ਦਿੱਤਾ ਹੈ।

Banner

ਭੂਚਾਲ ਅਤੇ ਉਸ ਦੀ ਤਬਾਹੀ ਬਾਰੇ ਜੋ ਕੁਝ ਹੁਣ ਤੱਕ ਪਤਾ...

  • ਦੱਖਣੀ ਤੁਰਕੀ ਤੇ ਸੀਰੀਆ 'ਚ ਭਿਆਨਕ ਭੂਚਾਲ 6 ਫਰਵਰੀ ਨੂੰ ਆਇਆ, ਭੂਚਾਲ ਦੀ ਤੀਬਰਤਾ 7.8 ਸੀ
  • ਹੁਣ ਤੱਕ 25 ਹਜ਼ਾਰ ਤੋਂ ਵੀ ਵੱਧ ਲੋਕਾਂ ਦਾ ਜਾਨ ਜਾ ਚੁੱਕੀ ਹੈ
  • ਹਸਪਤਾਲਾਂ ਵਿੱਚ ਕਈ ਜ਼ਖਮੀ ਬੱਚਿਆਂ ਨੂੰ ਲਿਆਂਦਾ ਜਾ ਰਿਹਾ ਹੈ ਜੋ ਡੂੰਘੇ ਸਦਮੇ ਵਿੱਚ ਹਨ
  • ਇਨ੍ਹਾਂ ਬੱਚਿਆਂ ਦੇ ਨਾਵਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ
  • ਬਚਾਅ ਕਰਮੀਆਂ ਮੁਤਾਬਕ ਰਾਸ਼ਨ ਦੀ ਤੁਰੰਤ ਲੋੜ ਹੈ ਨਹੀਂ ਤਾਂ ਹੋਰ ਲੋਕ ਠੰਡ ਕਾਰਨ ਮਰ ਜਾਣਗੇ
  • ਸੰਯੁਕਤ ਰਾਸ਼ਟਰ ਸਣੇ ਕੈਨੇਡਾ, ਅਮਰੀਕਾ ਅਤੇ ਭਾਰਤ ਸਣੇ ਕਈ ਸੰਸਥਾਵਾਂ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ
Banner

ਬੱਚੀ ਦਾ ਨਾਮ ਨਹੀਂ ਤੇ ਟੈਗ 'ਅਨਾਮ' ਦਾ

ਅਸੀਂ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਡਾਕਟਰਾਂ ਨੂੰ ਇੱਕ ਛੇ ਮਹੀਨੇ ਦੀ ਜ਼ਖ਼ਮੀ ਬੱਚੀ ਨੂੰ ਬੋਤਲ ਰਾਹੀਂ ਦੁੱਧ ਪਿਆਉਂਦੇ ਦੇਖਿਆ, ਜਿਸ ਦੇ ਮਾਤਾ-ਪਿਤਾ ਨਹੀਂ ਲੱਭੇ ਜਾ ਸਕੇ।

ਅਣਪਛਾਤੇ ਬੱਚਿਆਂ ਦੇ ਸੈਂਕੜੇ ਅਜਿਹੇ ਹੋਰ ਮਾਮਲੇ ਹਨ ਜਿਨ੍ਹਾਂ ਦੇ ਮਾਪੇ ਜਾਂ ਤਾਂ ਮਰ ਚੁੱਕੇ ਹਨ ਜਾਂ ਫ਼ਿਰ ਜਿਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਭੂਚਾਲ ਨੇ ਇਨ੍ਹਾਂ ਅਣਪਛਾਤੇ ਬੱਚਿਆਂ ਦੇ ਘਰ ਢਹਿ-ਢੇਰੀ ਕਰ ਦਿੱਤੇ ਹਨ ਅਤੇ ਹੁਣ ਇਸ ਭੂਚਾਲ ਨੇ ਇਨ੍ਹਾਂ ਮਾਸੂਮਾਂ ਦੇ ਨਾਮ ਵੀ ਖੋਹ ਲਏ ਹਨ।

ਬੱਚੀ
ਤਸਵੀਰ ਕੈਪਸ਼ਨ, ਤੁਰਕੀ ਦੇ ਆਫ਼ਤ ਜ਼ੋਨ ਵਿੱਚ ਇਸ ਸਮੇਂ 260 ਤੋਂ ਵੱਧ ਜ਼ਖਮੀ ਬੱਚੇ ਹਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ

ਡਾ. ਨੁਰਸਾਹ ਕੇਸਕੀਨ ਇੰਟੈਂਸਿਵ ਕੇਅਰ ਵਿੱਚ ਇੱਕ ਬੱਚੀ ਦਾ ਹੱਥ ਫੜਦੇ ਹਨ। ਇਹ ਬੱਚੀ ਸਿਰਫ਼ ਬੈੱਡ 'ਤੇ ਲੱਗੇ 'ਅਨਾਮ' ਦੇ ਟੈਗ ਰਾਹੀਂ ਜਾਣੀ ਜਾਂਦੀ ਹੈ।

ਇਸ ਬੱਚੀ ਦੇ ਕਈ ਫ੍ਰੈਕਚਰ ਹਨ, ਅੱਖ ਕਾਲੀ ਹੈ ਅਤੇ ਚਿਹਰੇ ਉੱਤੇ ਝਰੀਟਾਂ ਹਨ, ਪਰ ਜਦੋਂ ਉਹ ਪਾਸਾ ਲੈਂਦੀ ਹੈ ਤਾਂ ਸਾਡੇ ਵੱਲ ਮੁਸਕੁਰਾ ਕੇ ਦੇਖਦੀ ਹੈ।

ਸਿਟੀ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਅਤੇ ਡਿਪਟੀ ਡਾਇਰੈਕਟਰ ਡਾ. ਕੇਸਕੀਨ ਕਹਿੰਦੇ ਹਨ, "ਸਾਨੂੰ ਪਤਾ ਹੈ ਕਿ ਉਹ ਕਿੱਥੇ ਮਿਲੀ ਅਤੇ ਉਹ ਇੱਥੇ ਕਿਵੇਂ ਪਹੁੰਚੀ। ਪਰ ਅਸੀਂ ਪਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਭਾਲ ਜਾਰੀ ਹੈ।"

ਤੁਰਕੀ ਵਿੱਚ 260 ਤੋਂ ਵੱਧ ਜ਼ਖਮੀ ਬੱਚੇ ਅਣਪਛਾਤੇ

ਇਨ੍ਹਾਂ ਵਿੱਚੋਂ ਬਹੁਤ ਸਾਰੇ ਕੇਸ ਦੂਜੇ ਖੇਤਰਾਂ ਵਿੱਚ ਢਹਿ-ਢੇਰੀ ਇਮਾਰਤਾਂ ਵਿੱਚੋਂ ਬਚੇ ਬੱਚਿਆਂ ਦੇ ਹਨ।

ਉਨ੍ਹਾਂ ਨੂੰ ਅਡਾਨਾ ਇਸ ਲਈ ਲਿਆਂਦਾ ਗਿਆ ਕਿਉਂਕਿ ਹਸਪਤਾਲ ਅਜੇ ਵੀ ਦਰੁਸਤ ਖੜ੍ਹਾ ਹੈ।

ਡਿਜ਼ਾਜ਼ਟਰ ਜ਼ੋਨ (ਤਬਾਹੀ ਵਾਲਾ ਖ਼ੇਤਰ) ਵਿੱਚ ਕਈ ਹੋਰ ਮੈਡੀਕਲ ਸੈਂਟਰ ਤਬਾਹ ਹੋ ਗਏ ਹਨ ਜਾਂ ਫ਼ਿਰ ਨੁਕਸਾਨੇ ਗਏ ਹਨ। ਇਸੇ ਲਈ ਅਡਾਨਾ ਇੱਕ ਬਚਾਅ ਕੇਂਦਰ ਬਣ ਗਿਆ ਹੈ।

ਬੱਚੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਹ ਬੱਚੀ ਜਦੋਂ ਮਲਬੇ ਵਿੱਚੋਂ ਮਿਲੀ ਤਾਂ ਇਸ ਦਾ ਨਾੜੂ ਆਪਣੀ ਮਾਂ ਦੇ ਢਿੱਡ ਨਾਲ ਜੁੜਿਆ ਸੀ, ਮਾਂ ਦੀ ਮੌਤ ਹੋ ਗਈ ਸੀ

ਤੁਰਕੀ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਆਫ਼ਤ ਜ਼ੋਨ ਵਿੱਚ ਇਸ ਸਮੇਂ 260 ਤੋਂ ਵੱਧ ਜ਼ਖਮੀ ਬੱਚੇ ਹਨ ਜਿਨ੍ਹਾਂ ਦੀ ਉਹ ਪਛਾਣ ਨਹੀਂ ਕਰ ਸਕੇ।

ਜਿਵੇਂ-ਜਿਵੇਂ ਹੋਰ ਖ਼ੇਤਰਾਂ ਤੱਕ ਪਹੁੰਚਿਆ ਜਾਵੇਗਾ ਤਾਂ ਇਹ ਅੰਕੜਾ ਵੱਧ ਸਕਦਾ ਹੈ ਅਤੇ ਬੇਘਰ ਹੋਏ ਬੱਚਿਆਂ ਦਾ ਪੱਧਰ ਹੋਰ ਉੱਭਰੇਗਾ।

ਬੱਚਿਆਂ ਨਾਲ ਭਰੇ ਵਾਰਡ

ਅਸੀਂ ਡਾ. ਕੇਸਕੀਨ ਨਾਲ ਕੋਰੀਡੋਰ ਵਿੱਚ ਗਏ। ਭੂਚਾਲ ਦੇ ਕਹਿਰ ਤੋਂ ਬਚੇ ਲੋਕ ਸਟ੍ਰੇਚਰਾਂ ਉੱਤੇ ਪਏ ਸਨ, ਕਈ ਤਾਂ ਕੰਬਲਾਂ ਵਿੱਚ ਲਿਪਟੇ ਹੋਏ ਐਮਰਜੈਂਸੀ ਵਾਰਡ ਵਿੱਚ ਗੱਦਿਆਂ ਉੱਤੇ ਪਏ ਸਨ।

ਡਾ. ਇਲਕਨੁਰ ਬੈਨਲੀਸੇਸੁਰ
ਤਸਵੀਰ ਕੈਪਸ਼ਨ, ਬਾਲ ਰੋਗਾਂ ਦੀ ਮਾਹਿਰ ਡਾ. ਇਲਕਨੁਰ ਬੈਨਲੀਸੇਸੁਰ

ਅਸੀਂ ਅੱਗੇ ਸਰਜਰੀ ਵਾਰਡ ਵਿੱਚ ਗਏ ਤਾਂ ਉਹ ਵੀ ਜ਼ਖਮੀ ਬੱਚਿਆਂ ਨਾਲ ਭਰਿਆ ਪਿਆ ਸੀ।

ਅਸੀਂ ਇੱਕ ਬੱਚੀ ਨੂੰ ਮਿਲੇ ਜੋ ਡਾਕਟਰਾਂ ਮੁਤਾਬਕ ਪੰਜ ਛੇ ਸਾਲ ਦੀ ਹੈ। ਉਹ ਸੁੱਤੀ ਪਈ ਸੀ ਅਤੇ ਉਸ ਨੂੰ ਡ੍ਰਿਪ ਲੱਗੀਆਂ ਸਨ।

ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਉਸ ਦੇ ਸਿਰ ਉੱਤੇ ਸੱਟ ਹੈ ਅਤੇ ਕਈ ਫ੍ਰੈਕਚਰ ਵੀ ਹਨ।

ਅਸੀਂ ਸਟਾਫ਼ ਨੂੰ ਪੁੱਛਿਆ ਕਿ ਕੀ ਇਹ ਬੱਚੀ ਉਨ੍ਹਾਂ ਨੂੰ ਆਪਣਾ ਨਾਮ ਦੱਸ ਸਕੀ।

ਬਾਲ ਰੋਗਾਂ ਦੀ ਮਾਹਿਰ ਡਾ. ਇਲਕਨੁਰ ਬੈਨਲੀਸੇਸੁਰ ਕਹਿੰਦੇ ਹਨ, ''ਨਹੀਂ, ਸਿਰਫ਼ ਅੱਖਾਂ ਨਾਲ ਸੰਪਰਕ ਅਤੇ ਇਸ਼ਾਰੇ ਹਨ।''

ਉਹ ਅੱਗੇ ਦੱਸਦੇ ਹਨ, ''ਅਸਲ ਵਿੱਚ ਸਦਮੇ ਵਿੱਚ ਹੋਣ ਕਾਰਨ ਇਹ ਬੱਚੇ ਗੱਲ ਨਹੀਂ ਕਰ ਸਕਦੇ। ਇਹ ਆਪਣੇ ਨਾਮ ਜਾਣਦੇ ਹਨ। ਜਦੋਂ ਇਹ ਕੁਝ ਦਿਨਾਂ ਬਾਅਦ ਇੱਕ ਵਾਰ ਸਥਿਰ ਹੋਣਗੇ ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।''

ਖੰਡਰ ਹੋਏ ਪਤੇ, ਸੋਸ਼ਲ ਮੀਡੀਆ ਦਾ ਸਹਾਰਾ

ਸਿਹਤ ਅਧਿਕਾਰੀ ਅਣਪਛਾਤੇ ਬੱਚਿਆਂ ਦਾ ਮੇਲ ਪਤਿਆਂ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਅਕਸਰ ਇਹ ਪਤੇ ਖੰਡਰ ਜਾਂ ਮਲਬੇ ਤੋਂ ਵੱਧ ਕੁਝ ਨਹੀਂ ਹੁੰਦੇ।

ਤੁਰਕੀ ਭੂਚਾਲ

ਘੱਟੋ-ਘੱਟ 100 ਮਾਮਲਿਆਂ ਵਿੱਚ ਬੇਨਾਮ ਬੱਚਿਆਂ ਦੀ ਪਹਿਲਾਂ ਹੀ ਦੇਖਭਾਲ ਕੀਤੀ ਜਾ ਚੁੱਕੀ ਹੈ।

ਤੁਰਕੀ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਪਤਾ ਬੱਚਿਆਂ ਨੂੰ ਦਰਸਾਉਂਦੀਆਂ ਪੋਸਟਾਂ ਭਰੀਆਂ ਹੋਈਆਂ ਹਨ।

ਇਨ੍ਹਾਂ ਪੋਸਟਾਂ ਵਿੱਚ ਵੇਰਵੇ ਹੁੰਦੇ ਹਨ ਕਿ ਬੱਚੇ ਢਹਿ-ਢੇਰੀ ਇਮਾਰਤਾਂ ਵਿੱਚ ਕਿਸ ਮੰਜ਼ਿਲ 'ਤੇ ਰਹਿੰਦੇ ਸਨ।

ਇਨ੍ਹਾਂ ਪੋਸਟਾਂ ਵਿੱਚ ਉਮੀਦ ਜ਼ਾਹਰ ਹੁੰਦੀ ਹੈ ਉਨ੍ਹਾਂ ਬੱਚਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ ਹੈ।

ਬਚੇ ਹੋਏ ਰਿਸ਼ਤੇਦਾਰ ਅਤੇ ਸਿਹਤ ਮੰਤਰਾਲੇ ਦੇ ਅਧਿਕਾਰੀ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋਏ ਮੈਡੀਕਲ ਕੇਂਦਰਾਂ ਵਿਚਾਲੇ ਆ ਜਾ ਰਹੇ ਹਨ।

'ਬੱਚਿਆਂ ਨੂੰ ਸਾਡੀ ਲੋੜ ਹੈ'

ਅਡਾਨਾ ਹਸਪਤਾਲ 'ਚ ਜ਼ਖਮੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ, ਇਹ ਜ਼ਖਮੀ ਸਦਮੇ ਵਿੱਚ ਹਨ ਅਤੇ ਥੱਕ ਗਏ ਹਨ।

ਤੁਰਕੀ ਭੂਚਾਲ
ਤਸਵੀਰ ਕੈਪਸ਼ਨ, ਮਲਬੇ ਵਿੱਚੋਂ ਲਿਆਂਦੀ ਇਸ ਕੁੜੀ ਨੂੰ ਗੋਦ ਲੈਣ ਲਈ ਹਜ਼ਾਰਾਂ ਲੋਕ ਸਾਹਮਣੇ ਆਏ ਹਨ

ਇੱਥੇ ਹਰ ਕੋਈ ਸਰਵਾਈਵਰ ਹੈ, ਭਾਵੇਂ ਉਹ ਮਰੀਜ਼ ਹੋਵੇ ਜਾਂ ਫ਼ਿਰ ਮੈਡੀਕਲ ਸਟਾਫ਼।

ਡਾ. ਕੇਸਕੀਨ ਨੇ ਭੂਚਾਲ ਕਾਰਨ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਅਤੇ ਝਟਕਿਆਂ ਤੋਂ ਬਾਅਦ ਆਪਣੇ ਬੱਚੀ ਨਾਲ ਹਸਪਤਾਲ ਵਿੱਚ ਸ਼ਰਨ ਲੈ ਲਈ।

ਅਸੀਂ ਡਾ. ਕੇਸਕੀਨ ਨੂੰ ਪੁੱਛਿਆ ਉਹ ਇਸ ਸਭ ਨਾਲ ਕਿਵੇਂ ਨਜਿੱਠ ਰਹੇ ਹਨ।

"ਮੈਂ ਠੀਕ ਹਾਂ, ਮੈਂ ਠੀਕ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਉਂਕਿ ਬੱਚਿਆਂ ਨੂੰ ਅਸਲ ਵਿੱਚ ਸਾਡੀ ਲੋੜ ਹੈ। ਪਰ ਮੈਂ ਕਹਿੰਦੀ ਹਾਂ ਕਿ ਰੱਬ ਦਾ ਸ਼ੁਕਰ ਹੈ, ਮੇਰੇ ਕੋਲ ਅਜੇ ਵੀ ਮੇਰੇ ਬੱਚੇ ਹਨ। ਮੈਂ ਕਿਸੇ ਮਾਂ ਲਈ ਆਪਣੇ ਬੱਚੇ ਨੂੰ ਗੁਆਉਣ ਨਾਲੋਂ ਵੱਡਾ ਦਰਦ ਨਹੀਂ ਸੋਚ ਸਕਦੀ।"

ਅਸੀਂ ਅੱਗੇ ਵਧੇ ਤਾਂ ਦੇਖਿਆ ਕਿ ਵਾਰਡਾਂ ਵਿੱਚ ਮਰੀਜ਼ ਬੱਚੇ ਆਪਣੇ ਮਾਪਿਆਂ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ।

ਕਈਆਂ ਦਾ ਮਾਪਿਆਂ ਨਾਲ ਮੁੜ ਮੇਲ ਹੋ ਗਿਆ। ਪਰ ਬਾਕੀ ਭੂਚਾਲ ਦੇ ਗੁੰਮਨਾਮ ਬੱਚੇ ਹੀ ਰਹਿੰਦੇ ਹਨ।

Banner

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)