ਤੁਰਕੀ ਭੂਚਾਲ: ਹੋਟਲ 'ਚ ਰੁਕੇ ਸੀ 39 ਵਾਲੀਬਾਲ ਖਿਡਾਰੀ, ਮਲਬੇ ਕੋਲ ਲੋਕਾਂ ਦਾ ਇਕੱਠ

ਤਸਵੀਰ ਸਰੋਤ, FAMAGUSTA TURKISH MAARIF COLLEGE
- ਲੇਖਕ, ਹੈਟਿਸ ਕੇਮਰ (ਅਦਿਆਮਾਨ) ਤੇ ਜੇਮਜ਼ ਫਿਟਜ਼ਗੇਰਲਡ (ਲੰਡਨ)
- ਰੋਲ, ਬੀਬੀਸੀ ਨਿਊਜ਼
ਤੁਰਕੀ ਵਿੱਚ ਭੂਚਾਲ ਤੋਂ ਬਾਅਦ ਢਹਿ ਢੇਰੀ ਹੋਏ ਇੱਕ ਹੋਟਲ ਵਿੱਚ ਜਦੋਂ ਬਚਾਅ ਕਰਮੀ ਇੱਕ ਸਕੂਲ ਦੇ ਵਾਲੀਬਾਲ ਖਿਡਾਰੀਆਂ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉੱਥੇ ਤਿੰਨ ਲਾਸ਼ਾਂ ਮਿਲੀਆਂ।
ਅਧਿਕਾਰੀਆਂ ਮੁਤਾਬਕ ਤੁਰਕੀ ਦੇ ਅਦਿਆਮਾਨ ਵਿੱਚ ਇਸਿਆਸ ਹੋਟਲ ਵਿੱਚੋਂ ਦੋ ਅਧਿਆਪਕਾਂ ਅਤੇ ਇੱਕ ਵਿਦਿਆਰਥੀ ਦੀਆਂ ਲਾਸ਼ਾਂ ਮਿਲੀਆਂ ਹਨ।
ਇਹ ਦੱਸਿਆ ਜਾਂਦਾ ਹੈ ਕਿ ਜਿਸ ਵੇਲੇ ਹੋਟਲ ਦੀ ਇਮਾਰਤ ਢਹੀ ਤਾਂ ਉਸ ਦੌਰਾਨ ਹੋਟਲ ਵਿੱਚ 39 ਲੋਕ ਮੌਜੂਦ ਸਨ ਜਿਨ੍ਹਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਸਨ।
ਬਚਾਅ ਕਾਰਜ ਜਾਰੀ ਹਨ ਅਤੇ ਖਿਡਾਰੀਆਂ ਦੇ ਪਰਿਵਾਰ ਉਸ ਥਾਂ ਉੱਤੇ ਇਕੱਠੇ ਹੋਏ ਹਨ।

ਜੋ ਕੁਝ ਹੁਣ ਤੱਕ ਪਤਾ...
- ਦੱਖਣੀ ਤੁਰਕੀ ਅਤੇ ਸੀਰੀਆ ਵਿੱਚ ਭਿਆਨਕ ਭੂਚਾਲ ਆਇਆ
- ਸੋਮਵਾਰ 6 ਫਰਵਰੀ ਨੂੰ ਸਵੇਰੇ ਸਵਾ ਚਾਰ ਵਜੇ ਆਏ ਭੂਚਾਲ ਦੀ ਤੀਬਰਤਾ 7.8 ਸੀ
- ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦਾ ਜਾਨ ਜਾ ਚੁੱਕੀ ਹੈ
- ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ
- ਤੁਰਕੀ ਤੇ ਸੀਰੀਆ ਵਿੱਚ ਹਜ਼ਾਰਾਂ ਇਮਾਰਤਾਂ ਡਿੱਗਣ ਕਾਰਨ ਲੋਕ ਦੱਬੇ ਗਏ
- ਬਚਾਅ ਕਰਮੀਆਂ ਮੁਤਾਬਕ ਰਾਸ਼ਨ ਦੀ ਤੁਰੰਤ ਲੋੜ ਹੈ ਨਹੀਂ ਤਾਂ ਹੋਰ ਲੋਕ ਠੰਡ ਕਾਰਨ ਮਰ ਜਾਣਗੇ
- ਸੰਯੁਕਤ ਰਾਸ਼ਟਰ ਸਣੇ ਕੈਨੇਡਾ, ਅਮਰੀਕਾ ਅਤੇ ਭਾਰਤ ਸਣੇ ਕਈ ਸੰਸਥਾਵਾਂ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ
ਸਕੂਲ ਦੇ ਵਾਲੀਬਾਲ ਖਿਡਾਰੀ ਫਾਮਾਗੁਸਤਾ ਟਰਕਿਸ਼ ਮਾਰਿਫ਼ ਕਾਲਜ ਤੋਂ ਆਪਣੇ ਅਧਿਆਪਕਾਂ ਅਤੇ ਮਾਪਿਆਂ ਨਾਲ ਆਦਿਆਮਾਨ ਵੱਲ ਆਏ ਸਨ।
ਇਨ੍ਹਾਂ ਵਿੱਚੋਂ ਚਾਰ ਜਣਿਆਂ ਦੇ 7 ਮੰਜ਼ਿਲਾ ਇਮਾਰਤ ਦੇ ਡਿੱਗਣ ਤੋਂ ਬਾਅਦ ਬਚਣ ਬਾਰੇ ਜਾਣਕਾਰੀ ਮਿਲੀ ਹੈ ਅਤੇ ਨਾਲ ਹੀ ਰਿਪੋਰਟਾਂ ਹਨ ਕਿ ਇਨ੍ਹਾਂ ਨੇ ਮਲਬੇ ਵਿੱਚ ਨਿਕਲ ਕੇ ਆਪਣੀਆਂ ਜਾਨਾਂ ਬਚਾਈਆਂ।
ਤੁਰਕੀ ਦੇ ਸਾਈਪ੍ਰੀਓਟ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੋ ਅਧਿਆਪਕਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਮਿਲੀਆਂ ਸਨ ਅਤੇ 8ਵੇਂ ਗ੍ਰੇਡ ਦੇ ਇੱਕ ਵਿਦਿਆਰਥੀ ਦੀ ਲਾਸ਼ ਮਿਲਣ ਦੇ ਨਾਲ ਮੌਤਾਂ ਦੀ ਗਿਣਤੀ ਤਿੰਨ ਹੋ ਗਈ।
ਮਰਨ ਵਾਲਿਆਂ ਦੀ ਗਿਣਤੀ ਬਾਰੇ ਪੁਸ਼ਟੀ ਬੀਬੀਸੀ ਦੀ ਤੁਰਕੀ ਟੀਮ ਨੇ ਕੀਤੀ ਹੈ।
ਤੁਰਕੀ ਦੇ ਕੰਟਰੋਲ ਵਾਲੇ ਉੱਤਰੀ ਸਾਇਪਰਸ ਖ਼ੇਤਰ ਤੋਂ ਮਲਬੇ ਵਾਲੀ ਥਾਂ ਉੱਤੇ ਲਗਭਗ 170 ਲੋਕ ਗਏ। ਇਨ੍ਹਾਂ ਵਿੱਚ ਬਚਾਅ ਕਰਮੀ ਅਤੇ ਰਿਸ਼ਤੇਦਾਰ ਸਨ।
ਇੱਕ ਸਿੱਖਿਆ ਅਧਿਕਾਰੀ ਮੁਤਾਬਕ ਇਹ ਲੋਕ ਉਦੋਂ ਤੱਕ ਉੱਥੇ ਰਹਿਣਗੇ ਜਦੋਂ ਤੱਕ ਬਾਕੀ ਵਿਦਿਆਰਥੀ ਮਿਲ ਨਹੀਂ ਜਾਂਦੇ।
ਮਲਬੇ ਵਾਲੀ ਥਾਂ ਉੱਤੇ ਇੱਕ ਮਾਂ ਇਮਾਰਤਾਂ ਦੀ ਉਸਾਰੀ ਉੱਤੇ ਸਵਾਲ ਕੀਤਾ ਅਤੇ ਪੁੱਛਿਆ ਕਿ ਇਨ੍ਹਾਂ ਦੀ ਢੁਕਵਾਂ ਨਿਰੀਖਣ ਕੀਤਾ ਗਿਆ ਸੀ।

ਤਸਵੀਰ ਸਰੋਤ, FAMAGUSTA TURKISH MAARIF COLLEGE
ਇੱਕ ਹੋਰ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ 12 ਸਾਲਾ ਭਤੀਜੀ ਨੇਹਿਰ ਉਨ੍ਹਾਂ ਨਾਲ ਆਦਿਆਮਾਨ ਵਿੱਚ ਰਹਿ ਰਹੀ ਸੀ, ਪਰ ਭੂਚਾਲ ਵਾਲੇ ਦਿਨ ਦੋਸਤਾਂ ਨੂੰ ਮਿਲਣ ਹੋਟਲ ਗਈ ਸੀ।
ਕੁੜੀਆਂ ਦੀ ਟੀਮ ਵਿੱਚ ਸਭ ਤੋਂ ਘੱਟ ਉਮਰ ਦੀ ਮੈਂਬਰ ਨੇਹਿਰ ਅਜੇ ਵੀ ਹੋਰ ਬੱਚਿਆਂ ਸਣੇ ਲਾਪਤਾ ਹੈ।
ਭੂਚਾਲ ਦੀ ਮਾਰ ਤੋਂ ਬਚੇ ਇੱਕ ਅਧਿਆਪਕ ਨੇ ਕਿਹਾ ਕਿ ਉਹ ਭੂਚਾਲ ਦੇ ਝਟਕਿਆਂ ਤੋਂ ਬਾਅਦ ਸੁੱਤੇ ਨਹੀਂ ਅਤੇ ਉਨ੍ਹਾਂ ਦੀ ਧੀ ਵੀ ਮਲਬੇ ਵਿੱਚ ਫਸ ਗਈ ਹੈ।
ਸੀਰੀਆ ਦੀ ਸਰਹੱਦ ਦੇ ਨੇੜੇ ਤੁਰਕੀ ਦੇ ਕਸਬੇ ਗਾਜ਼ੀਅਨਟੇਪ ਦੇ ਨੇੜੇ ਸੋਮਵਾਰ ਸਵੇਰੇ ਸ਼ੁਰੂਆਤੀ 7.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੋਵਾਂ ਦੇਸ਼ਾਂ ਵਿੱਚ ਕਈ ਝਟਕੇ ਮਹਿਸੂਸ ਕੀਤੇ ਗਏ।
ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਆਸਰਾ, ਪਾਣੀ, ਬਾਲਣ ਜਾਂ ਬਿਜਲੀ ਤੋਂ ਬਿਨਾਂ ਬਹੁਤ ਸਾਰੇ ਹੋਰ ਆਪਣੀ ਜਾਨ ਗੁਆ ਸਕਦੇ ਹਨ। ਜਿਵੇਂ ਜਿਵੇਂ ਠੰਢ ਦਾ ਮੌਸਮ ਸ਼ੁਰੂ ਹੋ ਰਿਹਾ ਹੈ, ਤਬਾਹੀ ਦੇ 72 ਘੰਟਿਆਂ ਤੋਂ ਵੱਧ ਸਮੇਂ ਬਾਅਦ, ਖੰਡਰ ਇਮਾਰਤਾਂ ਦੇ ਹੇਠਾਂ ਫਸੇ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਖਤਮ ਹੋ ਰਹੀਆਂ ਹਨ।

ਇਹ ਵੀ ਪੜ੍ਹੋ:













