ਅਕਾਲ ਤਖ਼ਤ ਦੇ ਜਥੇਦਾਰ ਨਾਲ ਪਾਕਿਸਤਾਨ ਵਿੱਚ ਤੁਰਦੇ ਦਿਖੇ ਹਾਈਜੈਕਰ ਦਾ ਹੁਣ ਕੀ ਹੈ ਮਿਸ਼ਨ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀਡੀਓ ਵਿੱਚ ਨਜ਼ਰ ਆ ਰਿਹਾ ਰਵਿੰਦਰ ਸਿੰਘ ਉਰਫ਼ ਮਨਜੀਤ ਸਿੰਘ ਉਰਫ਼ ਪਿੰਕਾ

ਤਸਵੀਰ ਸਰੋਤ, SGPC Amritsar

ਤਸਵੀਰ ਕੈਪਸ਼ਨ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀਡੀਓ ਵਿੱਚ ਨਜ਼ਰ ਆ ਰਿਹਾ ਰਵਿੰਦਰ ਸਿੰਘ ਉਰਫ਼ ਮਨਜੀਤ ਸਿੰਘ ਉਰਫ਼ ਪਿੰਕਾ
    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਫੇਰੀ ਦੌਰਾਨ ਸ਼ਹਿਰ ਹਸਨ ਅਬਦਾਲ ਦੀ ਇੱਕ ਵੀਡੀਓ ਚਰਚਾ ਵਿੱਚ ਹੈ।

ਵੀਡੀਓ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਪਾਕਿਸਤਾਨ ਦੇ ਕੁਝ ਸਿੱਖ ਆਗੂਆਂ ਅਤੇ ਸਥਾਨਕ ਅਧਿਕਾਰੀਆਂ ਨਾਲ ਗੁਰਦੁਆਰਾ ਕੰਪਲੈਕਸ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਵਿੱਚ 1984 ਵਿੱਚ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰਨ ਵਾਲੇ ਇੱਕ ਹਾਈਜੈਕਰ ਵੀ ਉਨ੍ਹਾਂ ਨਾਲ ਤੁਰਦੇ ਨਜ਼ਰ ਆ ਰਹੇ ਹਨ।

ਇਹ ਵੀਡੀਓ ਹਸਨ ਅਬਦਾਲ ਇਲਾਕੇ ਵਿਚਲੇ ਗੁਰਦੁਆਰਾ ਪੰਜਾ ਸਾਹਿਬ ਦੀ ਹੈ।

ਇਸ ਵੀਡੀਓ ਵਿੱਚ ਨਜ਼ਰ ਆ ਰਹੇ ਹਾਈਜੈਕਰ ਰਵਿੰਦਰ ਸਿੰਘ ਉਰਫ਼ ਮਨਜੀਤ ਸਿੰਘ ਉਰਫ਼ ਪਿੰਕਾ ਹਨ।

ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਅਕਾਊਂਟ ਉੱਤੇ ਸ਼ਨੀਵਾਰ ਦੇਰ ਰਾਤ ਨੂੰ ਟਵੀਟ ਕੀਤੀ ਗਈ ਵੀਡੀਓ

ਤਸਵੀਰ ਸਰੋਤ, SGPC Amritsar

ਤਸਵੀਰ ਕੈਪਸ਼ਨ, ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਅਕਾਊਂਟ ਉੱਤੇ ਸ਼ਨੀਵਾਰ ਦੇਰ ਰਾਤ ਨੂੰ ਟਵੀਟ ਕੀਤੀ ਗਈ ਵੀਡੀਓ

ਪਿੰਕਾ ਦਾ ਸਬੰਧ ਇੱਕ ਭਾਰਤੀ ਜਹਾਜ਼ ਅਗਵਾ ਕਰਨ ਦੀ ਘਟਨਾ ਨਾਲ ਹੈ ਅਤੇ ਉਹ ਭਾਰਤ ਵਿੱਚ ਲੋੜੀਂਦਾ (ਵਾਂਟੇਡ) ਹੈ।

ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਅਕਾਊਂਟ ਉੱਤੇ ਸ਼ਨੀਵਾਰ ਦੇਰ ਰਾਤ ਨੂੰ ਇਹ ਵੀਡੀਓ ਟਵੀਟ ਕੀਤੀ ਗਈ ਸੀ ਪਰ ਬਾਅਦ ਵਿੱਚ ਇਹ ਹਟਾ ਦਿੱਤੀ ਗਈ।

ਬੀਬੀਸੀ ਪੰਜਾਬੀ ਨੇ ਐੱਸਜੀਪੀਸੀ ਦੇ ਆਈਟੀ ਵਿੰਗ ਦੇ ਇੰਚਾਰਜ ਗੁਰਿੰਦਰ ਸਿੰਘ ਨੂੰ ਜਦੋਂ ਵੀਡੀਓ ਪੋਸਟ ਡਿਲੀਟ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਸ ਵੀਡੀਓ ਪੋਸਟ ਨੂੰ ਹਟਾਉਣ ਬਾਰੇ ਅਣਜਾਣਤਾ ਪ੍ਰਗਟਾਈ।

ਰਵਿੰਦਰ ਸਿੰਘ ਉਰਫ਼ ਮਨਜੀਤ ਸਿੰਘ ਉਰਫ਼ ਪਿੰਕਾ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਰਵਿੰਦਰ ਸਿੰਘ ਪਿੰਕਾ, ਉਨ੍ਹਾਂ 9 ਹਾਈਜੈਕਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ 5 ਜੁਲਾਈ 1984 ਨੂੰ ਸ੍ਰੀਨਗਰ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਅਗਵਾ ਕਰ ਲਿਆ ਸੀ

ਰਵਿੰਦਰ ਸਿੰਘ ਪਿੰਕਾ ਕੌਣ ਹੈ?

ਰਵਿੰਦਰ ਸਿੰਘ ਪਿੰਕਾ, ਉਨ੍ਹਾਂ 9 ਹਾਈਜੈਕਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ 5 ਜੁਲਾਈ 1984 ਨੂੰ ਸ੍ਰੀਨਗਰ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਅਗਵਾ ਕਰ ਲਿਆ ਸੀ।

ਉਹ ਇਸ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲੈ ਗਏ ਸਨ। ਇਸ ਵਿੱਚ 254 ਯਾਤਰੀ ਤੇ 10 ਕਰੂ ਮੈਂਬਰ ਸਨ।

ਪਿੰਕਾ ਹੋਰਾਂ ਨੇ ਜੋ ਜਹਾਜ਼ ਅਗਵਾ ਕੀਤਾ ਸੀ, ਉਸ ਵਿੱਚ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਵੀ ਸਵਾਰ ਸਨ।

'ਕੋਈ ਪਛਤਾਵਾ ਨਹੀਂ, 10 ਸਾਲ ਜੇਲ੍ਹ ਕੱਟੀ ਹੈ'

ਰਵਿੰਦਰ ਉਰਫ਼ ਪਿੰਕਾ ਨੇ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ, ''ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਹੋਏ ਭਾਰਤੀ ਫ਼ੌਜ ਦੇ ਹਮਲੇ ਦੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਜਹਾਜ਼ ਅਗਵਾ ਕਰਨ ਦੀ ਕਾਰਵਾਈ ਕੀਤੀ ਸੀ।''

ਪਿੰਕਾ ਦਾ ਕਹਿਣਾ ਹੈ, ''ਮੈਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਮੈਂ ਆਪਣੀ ਕਾਰਵਾਈ ਲਈ ਦਸ ਸਾਲ ਤੋਂ ਵੱਧ ਸਮਾਂ ਪਾਕਿਸਤਾਨ ਦੀ ਜੇਲ੍ਹ 'ਚ ਸਜ਼ਾ ਕੱਟ ਲਈ ਹੈ ਹਾਲਾਂਕਿ ਜੰਮੂ ਵਿੱਚ ਮੈਂ ਜਹਾਜ਼ ਹਾਈਜੈਕਿੰਗ ਦੇ ਕੇਸ ਵਿੱਚ 'ਵਾਂਟੇਡ' ਹਾਂ।''

ਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਲਾਹੌਰ ਵਿੱਚ ਛੱਡ ਦਿੱਤਾ ਸੀ ਅਤੇ ਆਪ ਆਤਮ-ਸਮਰਪਣ ਕਰ ਦਿੱਤਾ ਸੀ।

ਬੀਬੀਸੀ
  • ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਸਾਕਾ ਪੰਜਾ ਸਾਹਿਬ' ਦੇ ਸ਼ਤਾਬਦੀ ਸਮਾਗਮਾਂ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਦੌਰੇ 'ਤੇ ਹਨ।
  • ਜਿੱਥੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਵੀਡੀਓ ਚਰਚਾ ਵਿੱਚ ਆ ਗਈ ਹੈ।
  • ਇਸ ਵੀਡੀਓ 'ਚ ਇੱਕ ਹਾਈਜੈਕਰ ਰਵਿੰਦਰ ਸਿੰਘ ਉਰਫ਼ ਮਨਜੀਤ ਸਿੰਘ ਉਰਫ਼ ਪਿੰਕਾ ਦਿਖਾਈ ਦਿੱਤਾ ਹੈ।
  • ਪਿੰਕਾ ਉਨ੍ਹਾਂ 9 ਹਾਈਜੈਕਰਾਂ ਵਿੱਚੋਂ ਇੱਕ ਹੈ, ਜਿਸ ਨੇ 1984 ਨੂੰ ਸ੍ਰੀਨਗਰ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਅਗਵਾ ਕੀਤਾ ਸੀ।
  • ਜਹਾਜ਼ ਦੇ ਯਾਤਰੀਆਂ ਨੂੰ ਲਾਹੌਰ 'ਚ ਛੱਡਣ ਮਗਰੋਂ ਪਿੰਕਾ ਤੇ ਸਾਥੀਆਂ ਨੇ ਆਤਮ-ਸਮਰਪਣ ਕਰ ਦਿੱਤਾ ਸੀ।
  • ਉਹ ਭਾਰਤ ਵਿੱਚ ਵਾਂਟੇਡ ਹਨ ਅਤੇ 1984 ਤੋਂ ਬਾਅਦ ਕਦੇ ਆਪਣੇ ਘਰ ਨਹੀਂ ਪਰਤੇ।
  • ਉਨ੍ਹਾਂ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਸਜ਼ਾ ਕੱਟੀ ਅਤੇ ਉਨ੍ਹਾਂ ਦੇ ਮਾਤਾ, ਪਿਤਾ ਅਤੇ ਭਰਾ ਦਾ ਦੇਹਾਂਤ ਹੋ ਚੁੱਕਾ ਹੈ।
  • ਪਿੰਕਾ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਜਥੇਦਾਰ ਨਾਲ ਮੁਲਾਕਾਤ ਕੀਤੀ ਹੈ।
  • ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਸਾਕਾ ਪੰਜਾ ਸਾਹਿਬ' ਦੇ ਸ਼ਤਾਬਦੀ ਸਮਾਗਮਾਂ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਦੌਰੇ 'ਤੇ ਹਨ।
ਬੀਬੀਸੀ

ਉਨ੍ਹਾਂ ਦਾ ਦਾਅਵਾ ਹੈ ਕਿ, ''ਮੇਰਾ ਨਾਂ ਹਾਈਜੈਕਿੰਗ ਦੀ ਘਟਨਾ ਤੋਂ ਬਾਅਦ ਹੋਰ ਕਿਸੇ ਵੀ ਮਾਮਲੇ ਵਿੱਚ ਨਹੀਂ ਆਇਆ।''

ਉਹ ਕਿਸੇ ਵੀ ਖਾਲਿਸਤਾਨੀ ਗਰੁੱਪ ਨਾਲ ਆਪਣੀ ਨੇੜਤਾ ਤੋਂ ਇਨਕਾਰ ਕਰਦੇ ਹਨ।

ਪਿੰਕਾ ਦਾ ਪਿਛੋਕੜ

ਉਮਰ ਦੇ 60ਵਿਆਂ ਨੂੰ ਢੁੱਕ ਚੁੱਕੇ ਪਿੰਕਾ ਜੰਮੂ ਦੇ ਰਹਿਣ ਵਾਲੇ ਹਨ। ਹਾਲਾਂਕਿ ਘਟਨਾ ਸਮੇਂ ਉਹ ਜੰਮੂ ਦੇ ਇੱਕ ਕਾਲਜ ਵਿੱਚ ਬੀਏ ਦੀ ਪੜ੍ਹਾਈ ਕਰ ਰਹੇ ਸਨ।

1984 ਦੀ ਘਟਨਾ ਤੋਂ ਬਾਅਦ ਉਹ ਕਦੇ ਵੀ ਮੁੜ ਆਪਣੇ ਘਰ ਨਹੀਂ ਆਏ।

ਉਨ੍ਹਾਂ ਦੇ ਪਿਤਾ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਤੋਂ ਸੇਵਾਮੁਕਤ ਸਨ ਅਤੇ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਹੈ।

ਉਨ੍ਹਾਂ ਦੀ ਮਾਤਾ ਕੌਸ਼ਲਿਆ ਕੌਰ ਦਾ ਇਸੇ ਸਾਲ ਸਤੰਬਰ ਮਹੀਨੇ ਵਿੱਚ ਦੇਹਾਂਤ ਹੋਇਆ ਹੈ।

ਪਿੰਕਾ ਕਹਿੰਦੇ ਹਨ, ''ਮੇਰੇ ਪਿਤਾ, ਮਾਂ ਅਤੇ ਭਰਾ ਦਾ ਦੇਹਾਂਤ ਹੋ ਚੁੱਕਾ ਹੈ, ਮੇਰਾ ਹੁਣ ਪਿੱਛੇ ਕੁਝ ਨਹੀਂ ਹੈ।''

ਰਵਿੰਦਰ ਸਿੰਘ ਉਰਫ਼ ਪਿੰਕਾ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, 1984 ਦੀ ਘਟਨਾ ਤੋਂ ਬਾਅਦ ਪਿੰਕਾ ਕਦੇ ਵੀ ਮੁੜ ਆਪਣੇ ਘਰ ਨਹੀਂ ਆਏ

ਰਵਿੰਦਰ ਸਿੰਘ ਪਿੰਕਾ ਦਾ ਹੁਣ ਕੀ ਮਿਸ਼ਨ ਹੈ

ਜਦੋਂ ਰਵਿੰਦਰ ਸਿੰਘ ਉਰਫ਼ ਪਿੰਕਾ ਨੂੰ ਜਥੇਦਾਰ ਨਾਲ ਮੁਲਾਕਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲੇ ਸਨ।

ਜਥੇਦਾਰ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ, "ਜਥੇਦਾਰ ਸਾਹਿਬ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਜੋ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਸਾਰਿਆਂ ਨੂੰ ਉਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ।"

ਉਨ੍ਹਾਂ ਕਿਹਾ, "ਮੈਂ ਜਥੇਦਾਰ ਸਾਹਿਬ ਨਾਲ ਗੁਰਦੁਆਰਿਆਂ ਦੀ ਸੇਵਾ ਬਾਰੇ ਗੱਲ ਕੀਤੀ ਸੀ।"

ਰਵਿੰਦਰ ਸਿੰਘ ਮੁਤਾਬਕ ਉਹ ਸਜ਼ਾ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਵਿਚਲੇ ਗੁਰੂ ਘਰਾਂ ਵਿੱਚ ਜੋੜਿਆਂ ਅਤੇ ਲੰਗਰ ਦੀ ਸੇਵਾ ਕਰਦੇ ਰਹੇ ਹਨ।

ਪਿੰਕਾ ਆਪਣੀ ਮਾਂ ਨਾਲ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਪਿੰਕਾ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਨਾਲ

''2005 ਵਿੱਚ ਜਦੋਂ ਭੂਚਾਲ ਆਇਆ ਸੀ ਤਾਂ ਅਸੀਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਗੁਰੂ ਨਾਨਕ ਰਾਹਤ ਕੈਂਪ ਲਾਇਆ ਸੀ, ਜਿਸ ਰਾਹੀ ਅਸੀਂ ਲੱਖਾਂ ਲੋਕਾਂ ਲਈ ਰਹਿਣ, ਲੰਗਰ ਅਤੇ ਦਵਾਈ ਦੀ ਸੇਵਾ ਦਾ ਪ੍ਰਬੰਧ ਕੀਤਾ।''

ਰਵਿੰਦਰ ਸਿੰਘ ਮੁਤਾਬਕ ਹੁਣ ਉਨ੍ਹਾਂ ਨੂੰ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੀ ਨਾਗਰਿਕਤਾ ਮਿਲੀ ਹੋਈ ਹੈ।

ਪਿੰਕਾ ਕਹਿੰਦੇ ਹਨ, ''ਹੁਣ ਮੇਰੀ ਜ਼ਿੰਦਗੀ ਦਾ ਮਿਸ਼ਨ ਸਿਰਫ਼ ਇਨਸਾਨੀਅਤ ਦੀ ਸੇਵਾ ਕਰਨਾ ਹੈ। ਇਸ ਤੋਂ ਹਟਕੇ ਜ਼ਿੰਦਗੀ ਦਾ ਹੁਣ ਹੋਰ ਕੋਈ ਮਕਸਦ ਨਹੀਂ ਹੈ।''

ਇੱਕ ਪੰਥਕ ਆਗੂ ਦਾ ਇਹ ਕਹਿਣਾ ਸੀ ਕਿ ਜੋ ਲੋਕ 1984 ਦੇ ਦਹਾਕੇ ਤੋਂ ਬਾਅਦ 'ਜਲਾਵਤਨੀ' ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਵਿੱਚੋਂ ਕਈ ਭਾਰਤ ਪਰਤਣਾ ਚਾਹੁੰਦੇ ਹਨ। ਕਿਉਂਕਿ ਉਨ੍ਹਾਂ ਦੇਸ਼ਾਂ ਦੇ ਕਾਨੂੰਨ ਮੁਤਾਬਕ ਉਹ ਅਦਾਲਤ ਕਾਰਵਾਈ ਅਤੇ ਸਜ਼ਾ ਕੱਟ ਚੁੱਕੇ ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਸਾਕਾ ਪੰਜਾ ਸਾਹਿਬ ਸ਼ਤਾਬਦੀ ਸਮਾਗਮਾਂ ਲਈ ਪਾਕਿਸਤਾਨ ਪਹੁੰਚੇ ਜਥੇਦਾਰ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ 'ਸਾਕਾ ਪੰਜਾ ਸਾਹਿਬ' ਦੇ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਦੌਰੇ ਉੱਤੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਸਮੇਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਨਹੀਂ ਦਿੰਦੀ ਸੀ।

ਅੱਜ-ਕੱਲ੍ਹ ਸ਼੍ਰੋਮਣੀ ਕਮੇਟੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਪਾਕਿਸਤਾਨ ਵਿੱਚ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਮਨਾ ਰਹੀ ਹੈ।

ਦਰਅਸਲ 29 ਅਕਤੂਬਰ, 1922 ਨੂੰ ਬਰਤਾਨਵੀ ਹਕੂਮਤ ਦੀ ਇੱਕ ਰੇਲ ਗੱਡੀ ਸਿੱਖ ਕੈਦੀਆਂ ਨੂੰ ਲੈ ਕੇ ਅਟਕ ਜਾ ਰਹੀ ਸੀ, ਜੋ ਵਾਇਆ ਹਸਨ ਅਬਦਾਲ ਜਾਣੀ ਸੀ।

ਰੇਲ ਗੱਡੀ ਵਿੱਚ ਭੁੱਖਣ-ਭਾਣੇ ਕੈਦੀਆਂ ਨੂੰ ਲੰਗਰ ਛਕਾਉਣ ਲਈ ਸੰਗਤਾਂ ਨੇ ਰੇਲ ਟਰੈਕ ਉੱਤੇ ਲੇਟ ਕੇ ਗੱਡੀ ਰੋਕੀ ਸੀ।

ਜਿਸ ਦੌਰਾਨ ਦੋ ਆਗੂਆਂ ਦੀ ਮੌਤ ਹੋ ਗਈ ਸੀ ਅਤੇ ਕਈ ਜਣੇ ਜਖ਼ਮੀ ਹੋਏ ਸਨ। ਇਸੇ ਸਾਕੇ ਦੇ ਸ਼ਤਾਬਦੀ ਸਮਾਗਮ ਚੱਲ ਰਹੇ ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)