ਅਮਰੀਕਾ: ਸਿਆਸਤਦਾਨਾਂ ਉੱਤੇ ਹਮਲਿਆਂ ਨੂੰ ਕੌਣ ਉਕਸਾ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਐਂਥਨੀ ਜ਼ੁਰਚਰ
- ਰੋਲ, ਉੱਤਰੀ ਅਮਰੀਕਾ ਪੱਤਰਕਾਰ
ਅਮਰੀਕਾ ਵਿੱਚ ਮੱਧਕਾਲੀ ਚੋਣਾਂ ਤੋਂ ਸਿਰਫ਼ ਇਕ ਹਫਤਾ ਪਹਿਲਾਂ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਪੌਲ ਪੇਲੋਸੀ 'ਤੇ ਹਿੰਸਕ ਹਮਲਾ ਹੋਇਆ ਹੈ।
ਇਹ ਹਮਲਾ ਸੈਨਫਾਰਸਿਸਕੋ ਵਿਚ ਉਨ੍ਹਾਂ ਦੇ ਘਰ ਵਿਚ ਹੋਇਆ ਹੈ, ਹਮਲਾਵਰ ਇੱਕ ਵੈਲਡਿੰਗ ਕਰਨ ਵਾਲਾ ਕਾਰੀਗਰ ਸੀ ਅਤੇ ਉਸ ਨੇ ਪੌਲ ਦੇ ਸਿਰ ਵਿਚ ਹਥੌੜੀ ਮਾਰੀ ਸੀ।
ਹਮਲਾ ਨੈਂਨਸੀ ਬਾਰੇ ਪੁੱਛ ਰਿਹਾ ਸੀ ਅਤੇ ਉਹ ਜਦੋਂ ਘਰ ਵਿਚ ਨਹੀਂ ਸੀ ਤਾਂ ਉਸ ਨੇ ਪੌਲ ਨੂੰ ਆਪਣਾ ਨਿਸ਼ਾਨਾਂ ਬਣਾਇਆ। ਪੌਲ ਦੀ ਹੁਣ ਸਰਜਰੀ ਹੋਈ ਹੈ ਅਤੇ ਉਹ ਮੁੜ ਤੰਦਰੁਸਤ ਹੋ ਰਹੇ ਹਨ।
ਇਹ ਉਹ ਸਮਾਂ ਹੈ, ਜਦੋਂ ਅਮਰੀਕਾ ਵਿੱਚ ਰਾਜਨੀਤਿਕ ਤਣਾਅ ਤੇ ਉਬਾਲ ਦਾ ਸਾਹਮਣਾ ਕਰ ਰਿਹਾ ਹੈ।
ਸ਼ੁੱਕਰਵਾਰ ਨੂੰ ਪਾਲ ਪੇਲੋਸੀ 'ਤੇ ਹਮਲੇ ਦੀਆਂ ਖ਼ਬਰਾਂ ਦੇ ਕੁਝ ਘੰਟਿਆਂ ਬਾਅਦ ਯੂਐੱਸ ਸਰਕਾਰ ਨੇ ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇੱਕ ਬੁਲੇਟਿਨ ਵੀ ਭੇਜਿਆ ਸੀ।
ਇਸ ਵਿੱਚ ਉਮੀਦਵਾਰਾਂ ਅਤੇ ਚੋਣ ਕਰਮਚਾਰੀਆਂ ਖ਼ਿਲਾਫ਼ ਘਰੇਲੂ ਹਿੰਸਕ ਕੱਟੜਵਾਦ ਤੋਂ "ਵਧੇਰੇ ਖ਼ਤਰੇ" ਦੀ ਚੇਤਾਵਨੀ ਦਿੱਤੀ ਹੈ।
ਦੂਜੇ ਪਾਸੇ ਯੂਐਸ ਡਿਪਾਰਟਮੈਂਟ ਆਫ਼ ਜਸਟਿਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪੈਨਸਿਲਵੇਨੀਆ ਦੇ ਇੱਕ ਵਿਅਕਤੀ ਨੇ ਇੱਕ ਅਣਪਛਾਤੇ ਕਾਂਗਰਸ ਨੇਤਾ ਨੂੰ ਫ਼ੋਨ ਉਪਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
ਇਸ ਦੀ ਰਿਪੋਰਟ ਕੈਲੀਫੋਰਨੀਆ ਦੇ ਡੈਮੋਕਰੇਟ ਐਰਿਕ ਸਵੈਲਵੇਲ ਵਿੱਚ ਹੋਈ ਹੈ।
ਇਹਨਾਂ ਧਮਕੀਆਂ ਵਿੱਚ ਕਾਂਗਰਸ ਨੇਤਾ ਦੇ ਵਾਸ਼ਿੰਗਟਨ ਦਫ਼ਤਰ ਵਾਲੇ ਸਟਾਫ ਮੈਂਬਰ ਨੂੰ ਕਿਹਾ ਗਿਆ ਸੀ ਕਿ ਉਹ ਹਥਿਆਰ ਲੈ ਕੇ ਯੂਐਸ ਕੈਪੀਟਲ ਆਉਣਗੇ।
ਭਾਵੇਂ ਰਿਪਬਲਿਕਨ ਅਤੇ ਡੈਮੋਕਰੇਟਸ ਆਉਣ ਵਾਲੀਆਂ ਮੱਧਕਾਲੀ ਚੋਣਾਂ ਲਈ ਤਿਆਰ ਹਨ। ਪਰ ਤਾਜ਼ਾ ਹਲਾਤ ਇਹ ਨਿਰਧਾਰਤ ਕਰਨਗੇ ਕਿ ਅਗਲੇ ਸਾਲ ਕਾਂਗਰਸ ਨੂੰ ਕਿਹੜੀ ਪਾਰਟੀ ਚਲਾਵੇਗੀ।
ਇਹ ਅਮਰੀਕੀ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘੜੀ ਹੋਵੇਗੀ।

ਤਸਵੀਰ ਸਰੋਤ, Reuters
ਰਿਪਬਲੀਕਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਡੈਮੋਕਰੇਟ ਜੋਅ ਬਾਇਡਨ ਦੇ ਰਾਸ਼ਟਰਪਤੀ ਅਹੁਦੇ 'ਤੇ ਰੋਕ ਲਗਾਉਣ ਦਾ ਇਹ ਆਖਰੀ ਮੌਕਾ ਹੈ।
ਡੈਮੋਕਰੇਟਸ ਦਾ ਕਹਿਣਾ ਹੈ ਕਿ ਕਈ ਰਿਪਬਲਿਕਨ ਉਮੀਦਵਾਰਾਂ ਦੇ ਕਾਰਨ ਅਮਰੀਕੀ ਲੋਕਤੰਤਰ ਦਾਅ 'ਤੇ ਲੱਗਾ ਹੋਇਆ ਹੈ।
ਇਹਨਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹਿੰਸਾ ਅਤੇ ਹਿੰਸਕ ਧਮਕੀਆਂ ਦੀ ਬਿਆਨਬਾਜ਼ੀ ਆਪਣੇ ਸਿਖਰ ਉਪਰ ਹੈ। ਹਾਲਾਂਕਿ ਇਹ ਸਾਰਾ ਸਾਲ ਚਲਦੀ ਰਹਿੰਦੀ ਹੈ।

- ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਉਪਰ ਹਮਲਾ।
- ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਤਣਾਅ ਉਬਾਲ ਉਪਰ ਹੈ।
- ਕਾਂਗਰਸ ਦੇ ਮੈਂਬਰਾਂ ਵਿਰੁੱਧ ਧਮਕੀਆਂ ਦੇ ਮਾਮਲਿਆਂ ਦੀ ਗਿਣਤੀ 2017 ਤੋਂ ਬਾਅਦ ਹਰ ਸਾਲ ਵਧੀ ਹੈ।
- 2022 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਵਿਭਾਗ ਨੇ 1,800 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਸਨ।
- ਅਮਰੀਕੀ ਕਾਂਗਰਸ ਦੇ ਕੁੱਲ 435 ਮੈਂਬਰ ਹਨ।

ਮੌਤ ਦੀਆਂ ਧਮਕੀਆਂ
ਅਰੀਜ਼ੋਨਾ ਵਿੱਚ ਹਥਿਆਰਾਂ ਸਮੇਤ ਨਕਾਬਪੋਸ਼ਾਂ ਵੱਲੋਂ ਬੈਲਟ ਡਰਾਪ ਬਾਕਸਾਂ ਨੂੰ ਖੋਲਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਚੋਣਾਂ ਵਿੱਚ ਧੋਖਾਧੜੀ ਵਾਲੀਆਂ ਥਾਵਾਂ ਦੀ ਨਿਗਰਾਨੀ ਕਰਨ ਦੀ ਲੋੜ ਹੈ।
ਇਹਨਾਂ ਲੋਕਾਂ ਨੇ ਸੱਜੇ-ਪੱਖੀ ਸੋਸ਼ਲ ਮੀਡੀਆ ਸਾਈਟਾਂ 'ਤੇ ਵੋਟ ਪਾਉਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਲਗਾਈਆਂ ਹਨ। ਉਹਨਾਂ ਨੇ ਹੋਰਨਾਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਹੈ।
ਜੂਨ ਮਹੀਨੇ ਦੌਰਾਨ ਇੱਕ ਵਿਅਕਤੀ ਸੁਪਰੀਮ ਕੋਰਟ ਦੇ ਜੱਜ ਬ੍ਰੈਟ ਕੈਵਾਨੌਗ ਦੇ ਘਰ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਸੀ। ਉਹ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਤੱਕ ਆਇਆ।
ਉਸ ਨੇ ਪੁਲਿਸ ਨੂੰ ਬੁਲਾਇਆ ਅਤੇ ਦੱਸਿਆ ਕਿ ਉਸ ਕੋਲ ਇੱਕ ਹਥਿਆਰ ਹੈ। ਉਹ ਦਾ ਮਕਸਦ ਰੂੜੀਵਾਦੀ ਜੱਜ ਨੂੰ ਮਾਰਨਾ ਸੀ।
ਇਸੇ ਤਰ੍ਹਾਂ ਪਿਛਲੇ ਸਮੇਂ ਗਵਰਨਰ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਲੀ ਜ਼ੈਲਡਿਨ 'ਤੇ ਇੱਕ ਪ੍ਰਚਾਰ ਰੈਲੀ ਦੌਰਾਨ ਸਟੇਜ ਉਪਰ ਹਮਲਾ ਹੋਇਆ ਸੀ।
ਡੈਮੋਕ੍ਰੇਟਿਕ ਪਾਰਟੀ ਦੀ ਇੱਕ ਉਦਾਰਵਾਦੀ ਨੇਤਾ ਪ੍ਰਮਿਲਾ ਜੈਯਾਪਾਲ ਨੂੰ ਸਿਆਟਲ ਵਿੱਚ ਘਰ ਦੇ ਬਾਹਰ ਇੱਕ ਹੈਂਡਗਨ ਵਾਲੇ ਵਿਅਕਤੀ ਨੇ ਧਮਕੀ ਦਿੱਤੀ ਸੀ।
ਇਸ ਵਿਅਕਤੀ ਉਪਰ ਪਿੱਛਾ ਕਰਨ ਦਾ ਦੋਸ਼ ਵੀ ਲੱਗਿਆ ਸੀ।

ਇਹ ਵੀ ਪੜ੍ਹੋ-

ਰਿਪਬਲਿਕਨ ਕਾਂਗਰਸਵੂਮੈਨ ਮਾਰਜੋਰੀ ਟੇਲਰ ਗ੍ਰੀਨ ਵੱਲੋਂ ਉਸ ਦੇ ਘਰ ਅਣਪਛਾਤੇ ਧੋਖਾਧੜੀ ਵਾਲੀਆਂ ਫੋਨ ਕਾਲਾਂ ਬਾਰੇ ਛੇ ਵਾਰ ਪੁਲਿਸ ਤੱਕ ਪਹੁੰਚ ਕੀਤੀ ਗਈ।
ਇਸ ਕੰਮ ਨੂੰ "ਸਵੈਟਿੰਗ" ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨਿਸ਼ਾਨਾ ਅਤੇ ਕਾਨੂੰਨ ਲਾਗੂ ਕਰਨ ਵਾਲੇ ਵਿਚਕਾਰ ਟਕਰਾਅ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਲਈ ਕੀਤੀ ਜਾਂਦੀ ਹੈ।
ਗ੍ਰੀਨ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਨਿਸ਼ਾਨਾ ਰਹੀ ਹੈ।
ਅਮਰੀਕੀ ਰਾਜਨੀਤੀ ਵਿੱਚ ਪੱਖਪਾਤੀ ਹਿੰਸਾ ਅਤੇ ਖਤਰਾ ਕੋਈ ਨਵੀਂ ਗੱਲ ਨਹੀਂ ਹੈ। ਇੱਕ ਖੂਨੀ ਹਮਲਾ ਪੰਜ ਸਾਲ ਪਹਿਲਾਂ ਹੋਇਆ ਸੀ।
ਇਸ ਹਮਲੇ ਦੌਰਾਨ ਹਥਿਆਰਾਬੰਦ ਵਿਅਕਤੀ ਨੇ ਸ਼ਹਿਰ ਦੇ ਇੱਕ ਪਾਰਕ ਵਿੱਚ ਬੇਸਬਾਲ ਖੇਡ ਰਹੇ ਰਿਪਬਲਿਕਨ ਸਿਆਸਤਦਾਨਾਂ 'ਤੇ ਗੋਲੀਬਾਰੀ ਕੀਤੀ ਸੀ।
ਇਸ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ ਸਨ, ਜਿੰਨ੍ਹਾਂ ਵਿੱਚੋਂ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ।

ਤਸਵੀਰ ਸਰੋਤ, Getty Images
ਸਿਆਸਤਦਾਨਾਂ ਦੀ ਸੁਰੱਖਿਆ
ਅਮਰੀਕੀ ਪੁਲਿਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਹਿੰਸਕ ਲਹਿਰ ਬਣ ਰਹੀ ਹੈ।
ਕਾਂਗਰਸ ਦੇ ਮੈਂਬਰਾਂ ਵਿਰੁੱਧ ਧਮਕੀਆਂ ਦੇ ਮਾਮਲਿਆਂ ਦੀ ਗਿਣਤੀ 2017 ਤੋਂ ਬਾਅਦ ਹਰ ਸਾਲ ਵਧੀ ਹੈ।
2022 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਵਿਭਾਗ ਨੇ 1,800 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਸਨ।
ਕੈਪੀਟਲ ਪੁਲਿਸ ਨੇ ਜੁਲਾਈ ਵਿੱਚ ਕਿਹਾ ਸੀ ਕਿ ਉਹ ਕਾਂਗਰਸ ਦੇ ਕਾਨੂੰਨ ਘਾੜਿਆਂ ਦੇ ਘਰਾਂ ਵਿੱਚ ਸੁਰੱਖਿਆ ਵਧਾਉਣ ਲਈ 10,000 ਡਾਲਰ ਖਰਚਾ ਵਧਾਵੇਗੀ।
ਅਮਰੀਕੀ ਕਾਂਗਰਸ ਦੇ ਵਿਚ 435 ਮੈਂਬਰ ਹਨ।
ਉਹ ਲਗਾਤਾਰ ਵਾਸ਼ਿੰਗਟਨ ਦੇ ਆਲੇ-ਦੁਆਲੇ ਦੇ ਆਪਣੇ ਘਰਾਂ, ਰਾਜਧਾਨੀ ਤੋਂ ਦੇਸ਼ ਭਰ ਵਿੱਚ ਆਪਣੇ ਘਰਾਂ ਤੱਕ ਜਾਂਦੇ ਰਹਿੰਦੇ ਹਨ। ਅਜਿਹੇ ਵਿੱਚ ਕੋਈ ਵੀ ਕਿਸੇ ਸਿਆਸਤਦਾਨ ਜਾਂ ਉਸ ਦੇ ਪਰਿਵਾਰ ਉਪਰ ਹਮਲਾ ਕਰਨ ਦੇ ਤਰੀਕੇ ਲੱਭ ਸਕਦਾ ਹੈ।
ਸਪੀਕਰ ਨੈਨਸੀ ਪੇਲੋਸੀ ਵਾਸ਼ਿੰਗਟਨ ਵਿੱਚ ਹਜ਼ਾਰਾਂ ਮੀਲ ਦੂਰ ਸੀ। ਪੌਲ ਪੇਲੋਸੀ ਨੂੰ ਸੈਨ ਫਰਾਂਸਿਸਕੋ ਵਾਲੇ ਘਰ ਵਿੱਚ ਕੋਈ ਪੁਲਿਸ ਸੁਰੱਖਿਆ ਨਹੀਂ ਦਿੱਤੀ ਗਈ ਸੀ।
ਉਹ ਮੁੱਖ ਨਿਸ਼ਾਨਾ ਨਹੀਂ ਸੀ ਪਰ ਸ਼ਿਕਾਰ ਬਣ ਗਿਆ। ਹਮਲਾਵਰ ਨੇ ਪੁੱਛਿਆ ਸੀ ਕਿ, "ਨੈਨਸੀ ਕਿੱਥੇ ਹੈ?"
ਇਹ 6 ਜਨਵਰੀ ਨੂੰ ਯੂਐਸ ਕੈਪੀਟਲ 'ਤੇ ਹੋਏ ਹਮਲੇ ਨੂੰ ਦਰਸਾਉਂਦਾ ਹੈ।
ਉਸ ਸਮੇਂ ਇੱਕ ਆਦਮੀ ਕੈਪੀਟਲ ਦੇ ਹਾਲਾਂ ਵਿੱਚ ਘੁੰਮ ਰਿਹਾ ਸੀ। ਉਹ ਆਖ ਰਿਹਾ ਸੀ, "ਨੈਨਸੀ, ਤੂੰ ਕਿੱਥੇ ਹੈ? ਅਸੀਂ ਤੈਨੂੰ ਲੱਭ ਰਹੇ ਹਾਂ।"

ਤਸਵੀਰ ਸਰੋਤ, Getty Images
ਦੇਸ਼ ਦੇ ਦੋਵਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਪੇਲੋਸੀ ਲਈ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਉਹਨਾਂ ਨੇ ਬਿਆਨਬਾਜ਼ੀ ਨੂੰ ਠੰਡਾ ਕਰਨ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ਦੇ ਘੁਰਨਿਆਂ ਵਿਚ ਘਿਰੇ ਲੋਕਾਂ ਦੀਆਂ ਸਿਆਸੀ ਧਾਰਨਾਵਾਂ ਹੋਰ ਪੱਕੀਆਂ ਅਤੇ ਡਰ ਹੋ ਗਹਿਰੇ ਹੁੰਦੇ ਹਨ। ਇਹ ਵਰਤਾਰਾ ਨੂੰ ਕੱਟੜਵਾਦਤਾ ਦੇ ਰਾਹ ਉੱਤੇ ਲੈ ਜਾਂਦਾ ਹੈ।
ਸੋਸ਼ਲ ਮੀਡੀਆ ਅਤੇ ਟੀਵੀ ਉੱਤੇ ਉਹ ਜੋ ਕੁਝ ਸਿਆਸਤਦਾਨਾਂ ਬਾਰੇ ਪੜ੍ਹਦੇ ਅਤੇ ਸੁਣਦੇ ਹਨ, ਉਸੇ ਤੋਂ ਬਣੀਆਂ ਧਾਰਨਾਵਾਂ ਦੇ ਜਵਾਬ ਲੈਣ ਲਈ ਸਿਆਸਤਦਾਨਾਂ ਨੂੰ ਲੱਭਦੇ ਹਨ।
ਅਜਿਹੇ ਲੋਕ ਉਨ੍ਹਾਂ ਨੂੰ ਦੇਸ਼ ਦੇ ਦੁਸ਼ਮਣ ਅਤੇ ਲੋਕਤੰਤਰ ਲਈ ਖਤਰਾ ਵਜੋਂ ਦੇਖਦੇ ਹਨ ਅਤੇ ਹਮਲਾਵਰ ਬਣਦੇ ਹਨ।

ਇਹ ਵੀ ਪੜ੍ਹੋ-













