ਮਹਾਰਾਣੀ ਐਲਿਜ਼ਾਬੈਥ II ਦੀ ਅੰਤਿਮ ਯਾਤਰਾ ਵਿੱਚ ਸੰਸਾਰ ਦੇ ਕਿਹੜੇ ਆਗੂ ਹੋ ਰਹੇ ਸ਼ਾਮਿਲ

ਮਹਾਰਾਣੀ ਐਲਿਜ਼ਾਬੈਥ II ਦੇ ਸੋਮਵਾਰ ਨੂੰ ਹੋਣ ਜਾ ਰਹੇ ਅੰਤਿਮ ਸਸਕਾਰ ਦੀ ਰਸਮ ਯੂਕੇ ਵਿੱਚ ਦਹਾਕਿਆਂ ਵਿੱਚ ਸ਼ਾਹੀ ਪਰਿਵਾਰਾਂ ਅਤੇ ਸਿਆਸਤਦਾਨਾਂ ਦੇ ਸਭ ਤੋਂ ਵੱਡੇ ਇਕੱਠਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਲਗਭਗ 500 ਰਾਜਾਂ ਦੇ ਮੁਖੀਆਂ ਅਤੇ ਵਿਦੇਸ਼ੀ ਪਤਵੰਤਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਜ਼ਿਆਦਾਤਰ ਲੀਡਰਾਂ ਨੂੰ ਵਪਾਰਕ ਉਡਾਣਾਂ 'ਤੇ ਪਹੁੰਚਣ ਲਈ ਕਿਹਾ ਗਿਆ ਹੈ। ਇਹਨਾਂ ਨੇਤਾਵਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪੱਛਮੀ ਲੰਡਨ ਦੀ ਇੱਕ ਥਾਂ ਤੋਂ ਸਮੂਹਿਕ ਤੌਰ 'ਤੇ ਬੱਸ ਵਿੱਚ ਲਿਜਾਇਆ ਜਾਵੇਗਾ।

ਵੈਸਟਮਿੰਸਟਰ ਐਬੀ ਵਿਖੇ ਹੋ ਰਹੇ ਸਮਾਰੋਹ ਦੀ ਸਮਰੱਥਾ ਲਗਭਗ 2200 ਲੋਕਾਂ ਦੀ ਹੈ।

ਭਾਰਤ ਵੱਲੋਂ ਰਾਸ਼ਟਰਪਤੀ ਦਰੋਪਦੀ ਮਰਮੂ ਮਹਾਰਾਣੀ ਐਲਿਜ਼ਬੈਥ ਦੀਆਂ ਆਖਰੀ ਰਸਮਾਂ ਵਿੱਚ ਸ਼ਾਮਲ ਹੋਣਗੇ।

ਉਹ ਆਖ਼ਰੀ ਰਸਮਾਂ ਤੋਂ ਪਹਿਲਾਂ ਲੰਡਨ ਪਹੁੰਚ ਗਏ ਹਨ ਅਤੇ ਐਤਵਾਰ ਸ਼ਾਮ ਕਿੰਗ ਚਾਰਲਸ ਨਾਲ ਬਕਿੰਘਮ ਪੈਲੇਸ ਵਿਖੇ ਮੁਲਾਕਾਤ ਵੀ ਹੋਈ ਹੈ।

ਦਰੋਪਦੀ ਮੁਰਮੂ ਵੈਸਟਮਿੰਸਟਰ ਹਾਲ ਵਿਖੇ ਵੀ ਪਹੁੰਚੇ ਸਨ, ਜਿੱਥੇ ਮਹਾਰਾਣੀ ਐਲਿਜ਼ਬੈੱਥ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ। ਉਨ੍ਹਾਂ ਨੇ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲੈਨਕੇਸਟਰ ਹਾਊਸ ਲੰਡਨ ਵਿਖੇ ਸੋਗ ਸੁਨੇਹਾ ਲਿਖਿਆ।

ਹੁਣ ਤੱਕ ਦੀ ਜਾਣਕਾਰੀ ਮੁਤਾਬਕ ਅੰਤਿਮ ਸਸਕਾਰ ਸਮਾਗਮ ਵਿੱਚ ਕੌਣ ਆਵੇਗਾ ਅਤੇ ਕੌਣ ਨਹੀਂ ਆਵੇਗਾ, ਉਸ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

ਯੂਰਪ ਦੇ ਸ਼ਾਹੀ ਪਰਿਵਾਰ

ਯੂਰਪ ਤੋਂ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਦੇ ਇਸ ਸਮਾਗਮ ਵਿੱਚ ਹਾਜ਼ਰ ਹੋਣ ਦੀ ਉਮੀਦ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਮਹਾਰਾਣੀ ਦੇ ਰਿਸ਼ਤੇਦਾਰ ਸਨ।

ਬੈਲਜੀਅਮ ਦੇ ਰਾਜਾ ਫਿਲਿਪ ਅਤੇ ਮਹਾਰਾਣੀ ਮੈਥਿਲਡੇ ਨੇ ਉੱਥੇ ਜਾਣ ਦੀ ਪੁਸ਼ਟੀ ਕੀਤੀ ਹੈ। ਨੀਦਰਲੈਂਡ ਦੇ ਰਾਜਾ ਵਿਲਮ-ਅਲੈਗਜ਼ੈਂਡਰ ਅਤੇ ਉਹਨਾਂ ਦੀ ਪਤਨੀ ਮਹਾਰਾਣੀ ਮੈਕਸਿਮਾ, ਉਹਨਾਂ ਦੀ ਮਾਂ, ਸਾਬਕਾ ਡੱਚ ਰਾਣੀ ਰਾਜਕੁਮਾਰੀ ਬੀਟਰਿਕਸ ਵੀ ਜਾਣਗੇ।

ਇਸ ਰਸਮ ਵਿੱਚ ਜਾਣ ਲਈ ਨਾਰਵੇ, ਸਵੀਡਨ, ਡੈਨਮਾਰਕ ਅਤੇ ਮੋਨਾਕੋ ਦੇ ਸ਼ਾਹੀ ਪਰਿਵਾਰਾਂ ਵਾਂਗ ਸਪੇਨ ਦੇ ਰਾਜਾ ਫੇਲਿਪ ਅਤੇ ਮਹਾਰਾਣੀ ਲੇਟੀਜ਼ੀਆ ਨੇ ਵੀ ਸੱਦਾ ਸਵੀਕਾਰ ਕੀਤਾ ਹੈ।

ਅਮਰੀਕਾ ਦੇ ਰਾਸ਼ਟਰਪਤੀ

ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਫਸਟ ਲੇਡੀ ਜਿਲ ਬਾਇਡਨ ਵੀ ਹਾਜ਼ਰ ਹੋਣਗੇ। ਹਾਲਾਂਕਿ, ਇਹ ਸਮਝਿਆ ਜਾਂਦਾ ਹੈ ਕਿ ਉਹ ਬੱਸ ਵਿੱਚ ਯਾਤਰਾ ਨਹੀਂ ਕਰਨਗੇ।

ਇਸ ਗੱਲ 'ਤੇ ਬਹੁਤ ਚਰਚਾ ਸੀ ਕਿ ਕੀ ਰਾਸ਼ਟਰਪਤੀ ਜੋਅ ਬਾਇਡਨ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਅਮਰੀਕਾ ਦੇ ਵਫ਼ਦ ਦਾ ਹਿੱਸਾ ਬਣਾਉਣ ਲਈ ਸੱਦਾ ਦੇਣਗੇ? ਪਰ ਵਫ਼ਦ ਦੀ ਗਿਣਤੀ ਦੀ ਸੀਮਾਵਾਂ ਤੋਂ ਲੱਗਦਾ ਹੈ ਕਿ ਸਾਬਕਾ ਰਾਸ਼ਟਰਪਤੀ ਜਾ ਨਹੀਂ ਸਕਣਗੇ।

ਅਜਿਹਾ ਲੱਗ ਰਿਹਾ ਹੈ ਕਿ ਕੁਝ ਸਾਬਕਾ ਰਾਸ਼ਟਰਪਤੀਆਂ ਅਤੇ ਉਹਨਾਂ ਦੀਆਂ ਪਤਨੀਆਂ ਖਾਸ ਤੌਰ 'ਤੇ ਬਰਾਕ ਓਬਾਮਾ ਨੂੰ ਨਿੱਜੀ ਸੱਦਾ ਮਿਲ ਸਕਦਾ ਹੈ।

ਪੋਲੀਟਿਕੋ ਮੁਤਾਬਕ, ਜਿੰਮੀ ਕਾਰਟਰ ਜੋ 1977 ਤੋਂ 1981 ਤੱਕ ਅਮਰੀਕਾ ਦੇ ਰਾਸ਼ਟਰਪਤੀ ਸਨ, ਦੇ ਦਫ਼ਤਰ ਨੇ ਕੋਈ ਸੱਦਾ ਨਾ ਮਿਲਣ ਦੀ ਗੱਲ ਆਖੀ ਹੈ।

ਰਾਸ਼ਟਰਮੰਡਲ ਨੇਤਾ

ਰਾਸ਼ਟਰਮੰਡਲ ਦੇ ਸਾਰੇ ਨੇਤਾਵਾਂ ਜਿਨ੍ਹਾਂ ਦੇ ਮਹਾਰਾਣੀ ਮੁਖੀ ਵੱਜੋਂ ਸੇਵਾ ਨਿਭਾ ਚੁੱਕੇ ਹਨ, ਉਹਨਾਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ।

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਸੱਦਾ ਸਵੀਕਾਰ ਕਰ ਲਿਆ ਹੈ।

ਬਹੁਤ ਸਾਰੇ ਗਵਰਨਰ-ਜਨਰਲ ਜੋ ਇੱਕ ਰਾਸ਼ਟਰਮੰਡਲ ਖੇਤਰ ਵਿੱਚ ਬਾਦਸ਼ਾਹ ਦੇ ਪ੍ਰਤੀਨਿਧੀ ਵਜੋਂ ਸੇਵਾ ਕਰਦੇ ਹਨ, ਉਨ੍ਹਾਂ ਦੀ ਵੀ ਇਹਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਹਾਜ਼ਰ ਹੋਣ ਦੀ ਉਮੀਦ ਕੀਤੀ ਜਾਂਦੀ ਹੈ।

ਭਾਰਤ ਦੀ ਨੁਮਾਇੰਦਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ। ਲੰਬੇ ਸਮੇਂ ਤੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਵੀ ਸੱਦਾ ਸਵੀਕਾਰ ਕਰ ਲਿਆ ਹੈ।

ਇਹ ਵੀ ਪੜ੍ਹੋ:-

ਸੰਸਾਰ ਦੇ ਹੋਰ ਵੱਡੇ ਨੇਤਾ

ਇਸ ਤੋਂ ਇਲਾਵਾ ਸੱਦਾ ਸਵਿਕਾਰ ਕਰਨ ਵਾਲੇ ਸੰਸਾਰ ਦੇ ਹੋਰ ਲੀਡਰ ਜਿੰਨ੍ਹਾਂ ਵਿੱਚ ਆਇਰਿਸ਼ ਤਾਓਇਸੇਚ ਮਾਈਕਲ ਮਾਰਟਿਨ, ਜਰਮਨ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੇਨਮੀਅਰ ਅਤੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਦੇ ਨਾਲ-ਨਾਲ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਵੀ ਸ਼ਾਮਲ ਹਨ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਵੀ ਆਪਣੀ ਹਾਜ਼ਰੀ ਦੀ ਪੁਸ਼ਟੀ ਕੀਤੀ ਹੈ।

ਇਸ ਤੋਂ ਇਲਾਵਾ ਜਪਾਨੀ ਸਮਰਾਟ ਨਰੂਹਿਤੋ, ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੇੱਯਪ ਅਰਦੁਆਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੇ ਵੀ ਜਾਣ ਦੀ ਉਮੀਦ ਹੈ।

ਇਹ ਸਾਫ ਨਹੀਂ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਜੋ ਇਸ ਹਫ਼ਤੇ ਕਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੀ ਫੇਰੀ ਉਪਰ ਹਨ, ਉਹਨਾਂ ਨੂੰ ਸੱਦਾ ਮਿਲੇਗਾ ਜਾਂ ਉਹ ਸਵੀਕਾਰ ਕਰਨਗੇ।

ਵ੍ਹਾਈਟਹਾਲ ਦੇ ਸੂਤਰਾਂ ਮੁਤਾਬਕ ਈਰਾਨ ਜੋ ਲੰਬੇ ਸਮੇਂ ਤੋਂ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਅੰਤਰਰਾਸ਼ਟਰੀ ਪਾਬੰਦੀਆਂ ਦਾ ਵਿਸ਼ਾ ਰਿਹਾ ਹੈ, ਉਸ ਦੇ ਸਿਰਫ਼ ਰਾਜਦੂਤ ਹੀ ਪ੍ਰਤੀਨਿਧਤਾ ਕਰਨਗੇ।

ਜਿੰਨ੍ਹਾਂ ਨੂੰ ਸੱਦਾ ਨਹੀਂ ਮਿਲਿਆ

ਬੀਬੀਸੀ ਦੇ ਜੇਮਸ ਲੈਂਡੇਲ ਨੂੰ ਯੂਕੇ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਸੀਰੀਆ, ਵੈਨੇਜ਼ੁਏਲਾ ਅਤੇ ਅਫ਼ਗਾਨਿਸਤਾਨ ਦੇ ਪ੍ਰਤੀਨਿਧੀਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ ਕਿਉਂਕਿ ਬ੍ਰਿਟੇਨ ਦੇ ਇਨ੍ਹਾਂ ਦੇਸ਼ਾਂ ਨਾਲ ਪੂਰੇ ਕੂਟਨੀਤਕ ਸਬੰਧ ਨਹੀਂ ਹਨ।

ਉੱਤਰੀ ਕੋਰੀਆ (ਡੀਪੀਆਰਕੇ) ਅਤੇ ਨਿਕਾਰਾਗੁਆ ਨੂੰ ਸਿਰਫ਼ ਰਾਜਦੂਤ ਭੇਜਣ ਲਈ ਸੱਦਾ ਦਿੱਤਾ ਗਿਆ ਹੈ। ਰਾਜ ਦੇ ਮੁਖੀਆਂ ਨੂੰ ਨਹੀਂ।

ਇਸ ਦੇ ਨਾਲ ਹੀ ਰੂਸ, ਬੇਲਾਰੂਸ ਅਤੇ ਮਿਆਂਮਾਰ ਤੋਂ ਵੀ ਕਿਸੇ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।

ਯੂਕੇ ਅਤੇ ਰੂਸ ਦੇ ਵਿਚਕਾਰ ਕੂਟਨੀਤਕ ਰਿਸ਼ਤੇ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਟੁੱਟ ਗਏ ਸਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਨੇ ਕਿਹਾ ਕਿ ਉਹ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਬਾਰੇ "ਵਿਚਾਰ ਨਹੀਂ" ਕਰ ਰਹੇ।

ਇਹ ਹਮਲਾ ਬੇਲਾਰੂਸ ਦੇ ਖੇਤਰ ਤੋਂ ਸ਼ੁਰੂ ਕੀਤਾ ਗਿਆ ਸੀ ਜਿਸਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਪੁਤਿਨ ਦੇ ਨਜ਼ਦੀਕੀ ਸਹਿਯੋਗੀ ਹਨ।

ਯੂਕੇ ਨੇ ਵੀ ਫ਼ਰਵਰੀ 2021 ਵਿੱਚ ਦੇਸ਼ ਵਿੱਚ ਫੌਜੀ ਤਖ਼ਤਾਪਲਟ ਤੋਂ ਬਾਅਦ ਮਿਆਂਮਾਰ ਵਿੱਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਮਹੱਤਵਪੂਰਣ ਰੂਪ ਵਿੱਚ ਘਟਾ ਦਿੱਤਾ ਹੈ।

ਮਹਾਰਾਣੀ ਐਲਿਜ਼ਾਬੈਥ II ਦਾ ਜੀਵਨ ਸਫ਼ਰ

ਮਹਾਰਾਣੀ ਐਲਿਜ਼ਾਬੈਥ II ਦੀ ਲੰਬੀ ਰਾਜਸੱਤਾ ਉਨ੍ਹਾਂ ਦੇ ਆਪਣੇ ਤਖ਼ਤ ਅਤੇ ਲੋਕਾਂ ਲਈ ਦ੍ਰਿੜ ਸਮਰਪਣ ਅਤੇ ਫਰਜ਼ ਲਈ ਯਾਦ ਰੱਖੀ ਜਾਵੇਗੀ।

ਉਹ ਬਹੁਤ ਸਾਰੇ ਲੋਕਾਂ ਲਈ ਤੇਜ਼ੀ ਨਾਲ ਬਦਲਦੇ ਸੰਸਾਰ ਵਿੱਚ ਇੱਕ ਸਥਿਰ ਬਿੰਦੂ ਬਣੇ ਰਹੇ।

ਭਾਵੇਂ ਕਿ ਬ੍ਰਿਟਿਸ਼ ਪ੍ਰਭਾਵ ਵਿੱਚ ਗਿਰਾਵਟ ਆਈ, ਮਾਨਤਾਵਾਂ ਤੋਂ ਪਰੇ ਸਮਾਜ ਬਦਲ ਗਿਆ ਅਤੇ ਰਾਜਸ਼ਾਹੀ ਦੀ ਭੂਮਿਕਾ ਖੁਦ ਸਵਾਲਾਂ ਵਿੱਚ ਆ ਗਈ।

ਅਜਿਹੇ ਉਥਲ-ਪੁਥਲ ਵਾਲੇ ਸਮਿਆਂ ਵਿੱਚ ਰਾਜਸ਼ਾਹੀ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਸਫ਼ਲਤਾ ਹੋਰ ਵੀ ਕਮਾਲ ਦੀ ਸੀ ਕਿਉਂਕਿ ਉਨ੍ਹਾਂ ਦੇ ਜਨਮ ਦੇ ਸਮੇਂ ਸ਼ਾਇਦ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਰਾਜਗੱਦੀ ਉਨ੍ਹਾਂ ਦੀ ਕਿਸਮਤ ਵਿੱਚ ਹੋਵੇਗੀ।

ਐਲਿਜ਼ਾਬੈਥ ਐਲੇਗਜ਼ਾਂਡਰਾ ਮੇਰੀ ਵਿੰਡਸਰ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਬਰਕਲੇ ਸਕੁਏਅਰ ਨੇੜੇ ਹੋਇਆ।

ਉਹ ਜੌਰਜ ਪੰਜਵੇਂ ਦੇ ਦੂਜੇ ਪੁੱਤਰ ਐਲਬਰਟ, ਡਿਊਕ ਆਫ ਯੌਰਕ ਦੇ ਘਰ ਜਨਮੀ।

ਐਲਿਜ਼ਾਬੈਥ ਬੌਵਸ-ਲਿਓਨ ਉਨ੍ਹਾਂ ਦੀ ਮਾਂ ਸਨ। ਮਹਾਰਾਣੀ ਐਲਿਜ਼ਾਬੈਥ-II ਦਾ ਲੰਬੀ ਰਾਜਸੱਤਾ ਉਨ੍ਹਾਂ ਦੇ ਆਪਣੇ ਤਖ਼ਤ ਅਤੇ ਲੋਕਾਂ ਲਈ ਦ੍ਰਿੜ ਸਮਰਪਣ ਅਤੇ ਫਰਜ਼ ਲਈ ਯਾਦ ਰੱਖੀ ਜਾਵੇਗੀ।

1930 ਵਿੱਚ ਐਲਿਜ਼ਾਬੈਥ ਦੀ ਛੋਟੀ ਭੈਣ ਮਾਰਗਰੇਟ ਰੋਜ਼ ਦਾ ਜਨਮ ਹੋਇਆ।

ਦੋਵਾਂ ਭੈਣਾਂ ਦੀ ਪੜ੍ਹਾਈ ਖੁਸ਼ਨੁਮਾ ਮਾਹੌਲ ਵਿੱਚ ਘਰ ਹੀ ਹੋਈ।

ਐਲਿਜ਼ਾਬੈਥ ਸਭ ਤੋਂ ਵੱਧ ਆਪਣੇ ਪਿਤਾ ਅਤੇ ਦਾਦਾ ਜੌਰਜ ਪੰਜਵੇਂ ਦੇ ਨੇੜੇ ਸੀ।

6 ਸਾਲ ਦੀ ਉਮਰ ਵਿੱਚ ਐਲਿਜ਼ਾਬੈਥ ਨੇ ਘੋੜਸਵਾਰੀ ਸਿਖਾਉਣ ਵਾਲੇ ਕੋਚ ਨੂੰ ਕਿਹਾ ਕਿ ਉਹ ''ਪੇਂਡੂ ਔਰਤ ਵਾਂਗ ਰਹਿਣਾ ਚਾਹੁੰਦੀ ਹੈ, ਜਿਸ ਕੋਲ ਬਹੁਤ ਸਾਰੇ ਘੋੜੇ ਅਤੇ ਪਾਲਤੂ ਕੁੱਤੇ ਹੋਣ।''

ਸਕੂਲ ਤੋਂ ਰਸਮੀ ਪੜ੍ਹਾਈ ਨਾ ਕਰਨ ਦੇ ਬਾਵਜੂਦ ਐਲਿਜ਼ਾਬੈਥ ਕਈ ਭਾਸ਼ਾਵਾਂ ਦਾ ਗਿਆਨ ਰੱਖਦੀ ਸੀ ਅਤੇ ਉਨ੍ਹਾਂ ਸੰਵਿਧਾਨ ਦੇ ਇਤਿਹਾਸ ਦਾ ਵਿਸਥਾਰ ਵਿੱਚ ਅਧਿਐਨ ਕੀਤਾ।

ਮਹਾਰਾਣੀ ਐਲਿਜ਼ਾਬੈਥ ਨੂੰ ਦੁਨੀਆਂ ਭਰ ਦੇ ਆਗੂਆਂ ਨੇ ਇੰਝ ਕੀਤਾ ਯਾਦ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਈ ਵਾਰ ਮਹਾਰਾਣੀ ਨੂੰ ਮਿਲੇ ਸਨ। ਉਹਨਾਂ ਇੱਕ ਵਾਰ ਕਥਿਤ ਤੌਰ 'ਤੇ ਮਹਾਰਾਣੀ ਨੂੰ 14 ਮਿੰਟ ਤੱਕ ਉਡੀਕ ਕਰਵਾਈ ਸੀ। ਪੁਤਿਨ ਨੇ ਰਾਜਾ ਚਾਰਲਸ III ਨੂੰ ਆਪਣੀ "ਡੂੰਘੀ ਸੰਵੇਦਨਾ" ਭੇਜੀ।

ਪੁਤਿਨ ਨੇ ਇੱਕ ਬਿਆਨ ਵਿੱਚ ਲਿਖਿਆ, "ਯੂਨਾਈਟਿਡ ਕਿੰਗਡਮ ਦੇ ਹਾਲ ਹੀ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਘਟਨਾਵਾਂ ਮਹਾਰਾਣੀ ਦੇ ਨਾਮ ਨਾਲ ਜੁੜੀਆਂ ਹੋਈਆਂ ਹਨ।"

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਯੂਕੇ ਦੀਆਂ ਆਪਣੀਆਂ ਦੋ ਯਾਤਰਾਵਾਂ ਦੌਰਾਨ ਮਹਾਰਾਣੀ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ।

ਉਨ੍ਹਾਂ ਲਿਖਿਆ, "ਮੈਂ ਉਨ੍ਹਾਂ ਦੀ ਦਿਆਲਤਾ ਅਤੇ ਪਿਆਰ ਭਰੇ ਵਿਵਹਾਰ ਨੂੰ ਕਦੇ ਨਹੀਂ ਭੁੱਲਾਂਗਾ।''

''ਇੱਕ ਮੁਲਾਕਾਤ ਦੇ ਦੌਰਾਨ ਉਨ੍ਹਾਂ ਨੇ ਮੈਨੂੰ ਉਹ ਰੁਮਾਲ ਦਿਖਾਇਆ ਸੀ ਜੋ ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਉਨ੍ਹਾਂ ਦੇ ਜਨਮ ਦਿਨ ਮੌਕੇ ਤੋਹਫ਼ੇ ਵਜੋਂ ਦਿੱਤਾ ਸੀ। ਮੈਂ ਹਮੇਸ਼ਾ ਉਸ ਗੱਲ ਨੂੰ ਯਾਦ ਰੱਖਾਂਗਾ।''

ਆਪਣੇ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਨੂੰ ਉਨ੍ਹਾਂ ਦੇ ਸਮੇਂ ਦੀ ਇੱਕ ਸੱਚੀ ਤੇ ਨਿਸ਼ਠਾਵਾਨ ਹਸਤੀ ਵਜੋਂ ਯਾਦ ਕੀਤਾ ਜਾਵੇਗਾ।

ਭਾਰਤ ਨੇ ਮਹਾਰਾਣੀ ਦੀ ਮੌਤ 'ਤੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਸੀ।

ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, ''ਇੱਕ ਦਿਆਲੂ ਮਹਾਰਾਣੀ'' ਜੋ ''ਫ਼ਰਾਂਸ ਦੀ ਦੋਸਤ ਸੀ''।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, ''ਮਹਾਰਾਣੀ ਨੇ ਬਹੁਤ ਆਕਰਸ਼ਕ, ਸ਼ਾਨਦਾਰ ਅਤੇ ਅਣਥੱਕ ਮਿਹਨਤ ਨਾਲ ਬਣਾਏ ਖੇਤਰ'' ਨਾਲ'' ਪੂਰੀ ਦੁਨੀਆਂ ਨੂੰ ਮੋਹਿਤ ਕਰ ਲਿਆ ਸੀ''।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਵੁਕ ਹੁੰਦੀਆਂ ਕਿਹਾ ਕਿ ਮਹਾਰਾਣੀ ਦਾ "ਕੈਨੇਡਾ ਦੇ ਲੋਕਾਂ ਲਈ ਪਿਆਰ ਸਪੱਸ਼ਟ ਅਤੇ ਅਟੁੱਟ" ਹੈ।