ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਬ੍ਰਿਟੇਨ ਦੀਆਂ ਸਟੈਂਪਾਂ, ਸਿੱਕੇ, ਨੋਟ ਤੇ ਪਾਸਪੋਰਟਾਂ ਦਾ ਕੀ ਬਣੇਗਾ

ਤਸਵੀਰ ਸਰੋਤ, Getty Images
ਗੱਦੀ 'ਤੇ 70 ਸਾਲ ਵਿਰਾਜਮਾਨ ਰਹਿਣ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ II ਬ੍ਰਿਟਿਸ਼ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਇੱਕ ਅਭਿੰਨ ਹਿੱਸਾ ਬਣ ਗਏ ਸਨ। ਯੂਕੇ ਵਿੱਚ ਤੁਸੀਂ ਉਨ੍ਹਾਂ ਦੀ ਤਸਵੀਰ, ਪ੍ਰੋਫਾਈਲ ਅਤੇ ਪ੍ਰਤੀਕ ਚਿੰਨ੍ਹ, ਸਿੱਕਿਆਂ ਅਤੇ ਖਾਣੇ ਦੇ ਡੱਬਿਆਂ 'ਤੇ ਦੇਖਦੇ ਹੋ - ਤਾਂ ਹੁਣ ਕੀ ਵੱਖਰਾ ਹੋਵੇਗਾ?
ਸਭ ਕੁਝ ਬਦਲੇਗਾ
ਯੂਕੇ ਵਿੱਚ ਪ੍ਰਚੱਲਿਤ ਸਾਰੇ 29 ਬਿਲੀਅਨ ਸਿੱਕਿਆਂ ਉੱਤੇ ਮਹਾਰਾਣੀ ਦੀ ਤਸਵੀਰ ਹੈ। ਸਭ ਤੋਂ ਤਾਜ਼ਾ ਡਿਜ਼ਾਈਨ 2015 ਤੋਂ ਹੈ, ਜਦੋਂ ਉਹ 88 ਸਾਲਾਂ ਦੇ ਸਨ। ਇਹ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਸਿੱਕਿਆਂ ਉੱਤੇ ਬਣਾਉਣ ਲਈ ਤਿਆਰ ਕੀਤੀ ਗਈ ਉਨ੍ਹਾਂ ਦੀ ਪੰਜਵੀਂ ਤਸਵੀਰ ਸੀ।
ਸ਼ਾਹੀ ਟਕਸਾਲ ਇਹ ਨਹੀਂ ਦੱਸੇਗੀ ਕਿ ਇਹ ਕਿਵੇਂ ਜਾਂ ਕਦੋਂ ਕਿੰਗ ਚਾਰਲਸ ਤੀਜੇ ਦੀ ਤਸਵੀਰ ਵਾਲੇ ਸਿੱਕੇ ਜਾਰੀ ਕਰਨਾ ਸ਼ੁਰੂ ਕਰੇਗੀ ਪਰ ਸੰਭਾਵਨਾ ਹੈ ਕਿ ਮਹਾਰਾਣੀ ਦੇ ਸਿੱਕੇ ਕਈ ਸਾਲਾਂ ਤੱਕ ਪ੍ਰਚੱਲਿਤ ਰਹਿਣਗੇ, ਅਤੇ ਉਨ੍ਹਾਂ ਨੂੰ ਬਦਲਣ ਦੀ ਪ੍ਰਕਿਰਿਆ ਧੀਮੀ ਹੋਵੇਗੀ।

ਤਸਵੀਰ ਸਰੋਤ, Getty Images
ਸਾਲ 1971 ਵਿੱਚ ਸਾਰੇ ਬ੍ਰਿਟਿਸ਼ ਸਿੱਕਿਆਂ ਨੂੰ ਦਸ਼ਮਲਵੀਕਰਨ (ਮੁਦਰਾ ਦੀ ਦਸ਼ਮਲਵ ਪ੍ਰਣਾਲੀ ਵਿੱਚ ਤਬਦੀਲੀ) ਲਈ ਅਪਡੇਟ ਕੀਤੇ ਜਾਣ ਤੋਂ ਪਹਿਲਾਂ ਸਿੱਕਿਆਂ ਉੱਪਰ ਰਾਜਿਆਂ ਦਾ ਨਜ਼ਰ ਆਉਣਾ ਆਮ ਗੱਲ ਸੀ।
ਹਾਲਾਂਕਿ ਅਸੀਂ ਨਹੀਂ ਜਾਣਦੇ ਕਿ ਸਿੱਕੇ ਉੱਪਰ ਕਿੰਗ ਦੀ ਤਸਵੀਰ ਕਿਹੋ ਜਿਹੀ ਦਿਖਾਈ ਦੇਵੇਗੀ, ਸ਼ਾਹੀ ਟਕਸਾਲ ਵੱਲੋਂ 2018 ਵਿੱਚ ਉਨ੍ਹਾਂ ਦੇ 70ਵੇਂ ਜਨਮਦਿਨ ਦੀ ਯਾਦ ਵਿੱਚ ਜਾਰੀ ਕੀਤੇ ਇੱਕ ਸਿੱਕੇ ਨੇ ਸਾਨੂੰ ਇੱਕ ਸੰਕੇਤ ਦਿੱਤਾ।
ਇੱਕ ਚੀਜ਼ ਜੋ ਨਿਸ਼ਚਿਤ ਜਾਪਦੀ ਹੈ, ਉਹ ਇਹ ਹੈ ਕਿ ਉਨ੍ਹਾਂ ਨੂੰ ਦੂਜੇ ਪਾਸੇ ਯਾਨੀ ਖੱਬੇ ਪਾਸੇ ਮੂੰਹ ਕਰਕੇ ਦਿਖਾਇਆ ਜਾਵੇਗਾ। ਪਰੰਪਰਾ ਇਹ ਦਰਸਾਉਂਦੀ ਹੈ ਕਿ ਸਿੱਕਿਆਂ 'ਤੇ ਨਵਾਂ ਬਾਦਸ਼ਾਹ ਮੌਜੂਦਾ ਬਾਦਸ਼ਾਹ ਦੇ ਮੂੰਹ ਤੋਂ ਦੂਜੇ ਪਾਸੇ ਮੂੰਹ ਕਰਦਾ ਹੈ।
ਸਰਕਾਰ ਦੁਆਰਾ ਹਸਤਾਖਰ ਕੀਤੇ ਜਾਣ ਤੋਂ ਬਾਅਦ, ਸਾਊਥ ਵੇਲਜ਼ ਦੇ ਲੈਂਟਰੀਸੈਂਟ ਵਿੱਚ ਸ਼ਾਹੀ ਟਕਸਾਲ ਵਿੱਚ ਨਵੇਂ ਡਿਜ਼ਾਈਨ ਦਾ ਨਿਰਮਾਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-
ਮਹਾਰਾਣੀ 1960 ਤੋਂ ਬਾਅਦ ਅਤੇ ਸਾਰੇ ਬੈਂਕ ਆਫ਼ ਇੰਗਲੈਂਡ ਦੇ ਨੋਟਾਂ 'ਤੇ ਦਿਖਾਈ ਦਿੰਦੇ ਹਨ (ਸਕਾਟਿਸ਼ ਅਤੇ ਉੱਤਰੀ ਆਇਰਿਸ਼ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਨੋਟ ਬਾਦਸ਼ਾਹ ਨੂੰ ਨਹੀਂ ਦਰਸਾਉਂਦੇ)।
ਇਸ ਸਮੇਂ ਲਗਭਗ 80 ਬਿਲੀਅਨ ਪੌਂਡ ਦੇ ਲਗਭਗ 4.5 ਬਿਲੀਅਨ ਵਿਅਕਤੀਗਤ ਬੈਂਕ ਆਫ ਇੰਗਲੈਂਡ ਦੇ ਨੋਟ ਸਰਕੂਲੇਸ਼ਨ ਵਿੱਚ ਹਨ ਅਤੇ ਸਿੱਕਿਆਂ ਦੀ ਤਰ੍ਹਾਂ, ਇਨ੍ਹਾਂ ਨੂੰ ਹੌਲੀ-ਹੌਲੀ ਖਤਮ ਕਰ ਦਿੱਤਾ ਜਾਵੇਗਾ।
ਸਾਰੇ ਨੋਟ ਅਤੇ ਸਿੱਕੇ ਕਾਨੂੰਨੀ ਮੁਦਰਾ ਰਹਿਣਗੇ। ਜੇਕਰ ਇਨ੍ਹਾਂ ਨੂੰ ਬਦਲਣਾ ਹੈ ਤਾਂ ਬੈਂਕ ਆਫ਼ ਇੰਗਲੈਂਡ ਬਹੁਤ ਸਾਰੇ ਨੋਟਿਸ ਦੇਵੇਗਾ।
ਸਟੈਂਪ ਅਤੇ ਪੋਸਟਬਾਕਸ
1967 ਤੋਂ, ਰਾਇਲ ਮੇਲ ਦੁਆਰਾ ਜਾਰੀ ਕੀਤੀਆਂ ਗਈਆਂ ਸਾਰੀਆਂ ਡਾਕ ਟਿਕਟਾਂ ਵਿੱਚ ਮਹਾਰਾਣੀ ਐਲਿਜ਼ਾਬੈਥ II ਦੇ ਸਾਈਡ ਪ੍ਰੋਫਾਈਲ ਦਾ ਉੱਭਰਿਆ ਸਿਲਹੂਟ ਦਿਖਾਇਆ ਗਿਆ ਹੈ।
ਰਾਇਲ ਮੇਲ ਹੁਣ ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ ਵਾਲੀਆਂ ਟਿਕਟਾਂ ਦੀ ਛਪਾਈ ਬੰਦ ਕਰ ਦੇਵੇਗਾ।

ਤਸਵੀਰ ਸਰੋਤ, Getty Images
ਨਵੇਂ ਰਾਜਾ ਪਹਿਲਾਂ ਵੀ ਟਿਕਟਾਂ ਉੱਪਰ ਆ ਚੁੱਕੇ ਹਨ। ਹਾਲਾਂਕਿ ਰਾਇਲ ਮੇਲ ਅਜੇ ਇਹ ਨਹੀਂ ਦੱਸੇਗਾ ਕਿ ਉਨ੍ਹਾਂ ਦੇ ਨਾਲ ਨਵੇਂ ਡਿਜ਼ਾਈਨ ਕਿਸ ਤਰ੍ਹਾਂ ਦੇ ਹੋਣਗੇ।
ਬਾਦਸ਼ਾਹ ਨੂੰ ਸਟੈਂਪਾਂ 'ਤੇ ਲਗਾਉਣ ਦੇ ਨਾਲ, ਰਾਇਲ ਮੇਲ ਕਈ ਪੋਸਟਬਾਕਸਾਂ 'ਤੇ ਸ਼ਾਹੀ ਸਾਈਫਰ ਪਾਉਂਦਾ ਹੈ।
ਯੂਕੇ ਦੇ 115,000 ਪੋਸਟਬਾਕਸਾਂ ਵਿੱਚੋਂ 60% ਤੋਂ ਜ਼ਿਆਦਾ 'ਤੇ ਮਹਾਰਾਣੀ ਐਲਿਜ਼ਾਬੈਥ II ਦਾ EIIR ਚਿੰਨ੍ਹ ਹੈ - ਐਲਿਜ਼ਾਬੈਥ ਲਈ E ਅਤੇ ਰੇਜੀਨਾ ਲਈ R, ਜਿਸਦਾ ਅਰਥ ਹੈ ਰਾਣੀ। ਸਕਾਟਲੈਂਡ ਵਿੱਚ, ਉਹ ਸਕਾਟਿਸ਼ ਤਾਜ ਦੀ ਵਿਸ਼ੇਸ਼ਤਾ ਰੱਖਦੇ ਹਨ।
ਸਕਾਟਲੈਂਡ ਤੋਂ ਬਾਹਰ, ਕਿਸੇ ਵੀ ਨਵੇਂ ਪੋਸਟਬਾਕਸ ਵਿੱਚ ਹੁਣ ਕਿੰਗਜ਼ ਸਾਈਫਰ ਹੋਵੇਗਾ।
ਪਰ ਕਿਉਂਕਿ ਨਵੇਂ ਬਕਸਿਆਂ ਦੀ ਗਿਣਤੀ ਬਹੁਤ ਘੱਟ ਹੈ, ਇਸ ਲਈ ਤੁਹਾਨੂੰ ਇਨ੍ਹਾਂ ਵਿੱਚੋਂ ਇੱਕ ਨੂੰ ਲੱਭਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਪ੍ਰਵਾਨਗੀ ਦੀ ਸ਼ਾਹੀ ਮੋਹਰ
ਟਮਾਟਰ ਕੈਚੱਪ ਤੋਂ ਲੈ ਕੇ ਸੀਰੀਅਲ ਦੇ ਪੈਕਟਾਂ ਤੋਂ ਲੈ ਕੇ ਪਰਫਿਊਮ ਤੱਕ, ਸੰਭਾਵਨਾ ਹੈ ਕਿ ਤੁਸੀਂ ਆਪਣੇ ਘਰ ਵਿੱਚ ਕੁਝ ਕਰਿਆਨੇ ਦੀਆਂ ਚੀਜ਼ਾਂ ਜਾਂ ਹੋਰ ਸਾਮਾਨ 'ਤੇ ਸ਼ਾਹੀ ਪ੍ਰਤੀਕ ਨੂੰ ਦੇਖਿਆ ਹੋਵੇਗਾ, ''By appointment to Her Majesty the Queen'' (ਮਹਾਰਾਣੀ ਦੀ ਪ੍ਰਵਾਨਗੀ ਰਾਹੀਂ)।
ਇਹ ਉਹ ਉਤਪਾਦ ਹਨ ਜਿਨ੍ਹਾਂ ਨੂੰ ਰਾਇਲ ਵਾਰੰਟ ਦਿੱਤਾ ਗਿਆ ਹੈ, ਜਿਸ ਦਾ ਅਰਥ ਹੈ ਕਿ ਕੰਪਨੀ ਜੋ ਇਨ੍ਹਾਂ ਨੂੰ ਬਣਾਉਂਦੀ ਹੈ ਉਹ ਨਿਯਮਤ ਆਧਾਰ 'ਤੇ ਸ਼ਾਹੀ ਪਰਿਵਾਰਾਂ ਨੂੰ ਸਪਲਾਈ ਕਰਦੀ ਹੈ।

ਪਿਛਲੀ ਸਦੀ ਜਾਂ ਇਸ ਤੋਂ ਵੱਧ ਸਮੇਂ ਤੋਂ ਬਾਦਸ਼ਾਹ, ਉਨ੍ਹਾਂ ਦੀ ਪਤਨੀ ਅਤੇ ਹਰੇਕ ਵਾਰਸ ਨੇ ਆਪਣੇ-ਆਪਣੇ ਰਾਇਲ ਵਾਰੰਟ ਜਾਰੀ ਕੀਤੇ ਹਨ - ਉਨ੍ਹਾਂ ਨੂੰ ਗ੍ਰਾਂਟਰ ਬਣਾਉਂਦੇ ਹਨ ਅਤੇ ਇਸ ਸਮੇਂ ਲਗਭਗ 800 ਕੰਪਨੀਆਂ ਕੋਲ 900 ਰਾਇਲ ਵਾਰੰਟ ਹਨ।
ਜਦੋਂ ਇੱਕ ਗ੍ਰਾਂਟਰ ਦੀ ਮੌਤ ਹੋ ਜਾਂਦੀ ਹੈ, ਤਾਂ ਉਨ੍ਹਾਂ ਦੁਆਰਾ ਜਾਰੀ ਕੀਤੇ ਗਏ ਕੋਈ ਵੀ ਰਾਇਲ ਵਾਰੰਟ ਰੱਦ ਹੋ ਜਾਂਦੇ ਹਨ ਅਤੇ ਕੰਪਨੀ ਕੋਲ ਰਾਇਲ ਆਰਮਜ਼ ਦੀ ਵਰਤੋਂ ਬੰਦ ਕਰਨ ਲਈ ਦੋ ਸਾਲ ਹੁੰਦੇ ਹਨ। (ਅਸਾਧਾਰਨ ਰੂਪ ਨਾਲ ਮਹਾਰਾਣੀ ਦੀ ਮਾਂ ਦੁਆਰਾ ਜਾਰੀ ਕੀਤੇ ਗਏ ਵਾਰੰਟ ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜ ਸਾਲ ਤੱਕ ਰਹੇ ਸਨ।)
ਪ੍ਰਿੰਸ ਆਫ ਵੇਲਜ਼ ਦੇ ਤੌਰ 'ਤੇ ਚਾਰਲਸ ਵੱਲੋਂ ਜੋ ਵਾਰੰਟ ਜਾਰੀ ਕੀਤੇ ਗਏ ਹਨ, ਉਹ ਹੁਣ ਵੀ ਜਾਰੀ ਰਹਿਣਗੇ ਕਿ ਉਹ ਬਾਦਸ਼ਾਹ ਹਨ ਕਿਉਂਕਿ ਉਹ ਪਰਿਵਾਰ ਨਾਲ ਜਾਂਦੇ ਹਨ, ਸਿਰਲੇਖ ਨਾਲ ਨਹੀਂ।
ਇੱਕ ਉਮੀਦ ਹੈ ਕਿ ਨਵੇਂ ਰਾਜਾ ਹੁਣ ਆਪਣੇ ਪੁੱਤਰ ਅਤੇ ਵਾਰਸ, ਪ੍ਰਿੰਸ ਵਿਲੀਅਮ ਨੂੰ ਆਪਣੇ ਵਾਰੰਟ ਜਾਰੀ ਕਰਨ ਦੀ ਸਮਰੱਥਾ ਪ੍ਰਦਾਨ ਕਰਨਗੇ।
ਪਾਸਪੋਰਟ ਹੁਣ ਵੀ ਵੈਧ ਹਨ
ਪਰ ਇਹ ਸਿਰਫ਼ ਪੈਸੇ, ਡਾਕ ਟਿਕਟਾਂ ਅਤੇ ਵਾਰੰਟ ਨਹੀਂ ਹਨ ਜਿਨ੍ਹਾਂ ਨੂੰ ਅਪਡੇਟ ਕਰਨ ਦੀ ਲੋੜ ਹੈ।
ਸਾਰੇ ਬ੍ਰਿਟਿਸ਼ ਪਾਸਪੋਰਟ ਮਹਾਰਾਣੀ ਦੇ ਨਾਮ 'ਤੇ ਜਾਰੀ ਕੀਤੇ ਜਾਂਦੇ ਹਨ ਅਤੇ ਅਜੇ ਵੀ ਯਾਤਰਾ ਲਈ ਵੈਧ ਹਨ, ਪਰ ਨਵੇਂ ਪਾਸਪੋਰਟਾਂ ਲਈ ਫਰੰਟ ਕਵਰ ਦੇ ਅੰਦਰਲੇ ਸ਼ਬਦਾਂ ਨੂੰ ਬਾਦਸ਼ਾਹ (His Majesty) ਨਾਲ ਬਦਲਿਆ ਜਾਵੇਗਾ।
ਇੰਗਲੈਂਡ ਅਤੇ ਵੇਲਜ਼ ਵਿੱਚ ਪੁਲਿਸ ਬਲਾਂ ਨੂੰ ਆਪਣੇ ਹੈਲਮੇਟ ਪਲੇਟਾਂ ਦੇ ਕੇਂਦਰ ਵਿੱਚ ਮਹਾਰਾਣੀ ਐਲਿਜ਼ਾਬੈਥ II ਦਾ ਸ਼ਾਹੀ ਸਾਈਫਰ ਬਦਲਣਾ ਪਵੇਗਾ। ਰਾਜਾ ਦੁਆਰਾ ਮਹਾਰਾਣੀ ਦੇ ਵਕੀਲ ਵਜੋਂ ਨਿਯੁਕਤ ਕੀਤੇ ਗਏ ਬੈਰਿਸਟਰਾਂ ਅਤੇ ਵਕੀਲਾਂ ਨੂੰ ਹੁਣ ਤੁਰੰਤ ਪ੍ਰਭਾਵ ਨਾਲ ਕਿੰਗਜ਼ ਕਾਉਂਸਲ ਵਜੋਂ ਜਾਣਿਆ ਜਾਵੇਗਾ।
ਅਤੇ ਅੰਤ ਵਿੱਚ, ਰਾਸ਼ਟਰੀ ਗੀਤ ਦੇ ਸ਼ਬਦ "ਗੌਡ ਸੇਵ ਦਿ ਕੁਈਨ" ਨੂੰ ਬਦਲ ਦਿੱਤਾ ਜਾਵੇਗਾ।
ਇੱਕ ਰਸਮੀ ਸਮਾਰੋਹ ਵਿੱਚ ਚਾਰਲਸ ਨੂੰ ਅਧਿਕਾਰਤ ਤੌਰ 'ਤੇ ਬਾਦਸ਼ਾਹ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਸੇਂਟ ਜੇਮਜ਼ ਪੈਲੇਸ ਦੀ ਬਾਲਕੋਨੀ ਤੋਂ ਇੱਕ ਜਨਤਕ ਘੋਸ਼ਣਾ ਕੀਤੀ ਜਾਵੇਗੀ, ਜਿਸ ਵਿੱਚ ਇਹ ਸੱਦਾ ਸ਼ਾਮਲ ਹੈ: "ਗੌਡ ਸੇਵ ਦਿ ਕਿੰਗ"।
ਫਿਰ, 1952 ਤੋਂ ਬਾਅਦ ਪਹਿਲੀ ਵਾਰ ਗਾਏ ਗਏ ਸ਼ਬਦਾਂ ਨਾਲ ਰਾਸ਼ਟਰੀ ਗੀਤ ਵਜਾਇਆ ਜਾਵੇਗਾ।












