ਏਸ਼ੀਆ ਕੱਪ 2022: ਭਾਰਤ-ਪਾਕਿਸਤਾਨ ਕ੍ਰਿਕਟ ਦੇ ਕਿੱਸੇ- ਜਦੋਂ ਲਾਹੌਰ ਦੀਆਂ ਗਲ਼ੀਆਂ ਵਿਚ ਮੂੰਹ ਲੁਕੋ ਕੇ ਗਏ ਗਾਂਗੂਲੀ ਨੇ ਸਹੇੜੀ ਮੁਸੀਬਤ

    • ਲੇਖਕ, ਅਬਦੁਲ ਰਸ਼ੀਦ ਸ਼ਕੂਰ
    • ਰੋਲ, ਬੀਬੀਸੀ ਪੱਤਰਕਾਰ, ਕਰਾਚੀ

ਇਹ ਜਨਵਰੀ 1999 ਦੀ ਗੱਲ ਹੈ, ਜਦੋਂ ਪਾਕਿਸਤਾਨ ਦੀ ਕ੍ਰਿਕਟ ਟੀਮ ਭਾਰਤ ਦਾ ਦੌਰਾ ਕਰਨ ਵਾਲੀ ਸੀ ਪਰ ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇ ਪਾਕਿਸਤਾਨੀ ਟੀਮ ਦਾ ਵਿਰੋਧ ਕਰ ਕੇ ਅਜਿਹਾ ਮਾਹੌਲ ਬਣਾ ਦਿੱਤਾ ਸੀ ਕਿ ਉਸ ਨੂੰ ਖੇਡਣ ਨਹੀਂ ਦਿੱਤਾ ਜਾਵੇਗਾ।

ਇਸ ਵਿਰੋਧ ਦੇ ਤਹਿਤ ਸ਼ਿਵ ਸੈਨਾ ਦੇ ਵਰਕਰਾਂ ਨੇ ਰਾਤ ਦੇ ਹਨੇਰੇ ਵਿੱਚ ਨਵੀਂ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਹੱਲਾ ਬੋਲ ਦਿੱਤਾ ਅਤੇ ਪਿੱਚ ਨੂੰ ਖ਼ਰਾਬ ਕਰ ਦਿੱਤਾ।

ਪਿਛਲੇ ਸਾਲ ਜਦੋਂ ਭਾਰਤੀ ਟੀਮ ਸ਼ਾਰਜਾਹ ਵਿੱਚ ਟੀ-20 ਵਿਸ਼ਵ ਕੱਪ ਦਾ ਮੈਚ ਪਾਕਿਸਤਾਨ ਤੋਂ ਹਾਰ ਗਈ ਸੀ ਤਾਂ ਕੁਝ ਲੋਕ ਨਫ਼ਰਤ ਵਿੱਚ ਇੰਨੇ ਡੁੱਬ ਗਏ ਸਨ ਕਿ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ 'ਗੱਦਾਰ' ਤੱਕ ਕਹਿ ਦਿੱਤਾ ਗਿਆ ਸੀ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਉਨ੍ਹਾਂ ਦੀ 10 ਮਹੀਨੇ ਦੀ ਬੇਟੀ ਨਾਲ ਬਲਾਤਕਾਰ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਗ੍ਰਿਫ਼ਤਾਰ ਵੀ ਹੋਈ।

ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਹਨ, ਜੋ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚਲੀ ਕੁੜੱਤਣ ਨੂੰ ਉਜਾਗਰ ਕਰਦੀਆਂ ਹਨ, ਪਰ ਇਨ੍ਹਾਂ ਘਟਨਾਵਾਂ ਤੋਂ ਸਿਰਫ਼ ਇਹੀ ਸਾਬਤ ਨਹੀਂ ਹੁੰਦਾ ਕਿ ਦੋਵਾਂ ਦੇਸ਼ਾਂ ਦੀ ਕ੍ਰਿਕਟ ਵਿੱਚ ਸਿਰਫ਼ ਨਫ਼ਰਤ ਦਾ ਬੋਲਬਾਲਾ ਹੈ।

ਇਸ ਤਸਵੀਰ ਦਾ ਇੱਕ ਹੋਰ ਪਹਿਲੂ ਵੀ ਹੈ ਜੋ ਕਿ ਬੇਹੱਦ ਖ਼ੂਬਸੂਰਤ ਹੈ, ਜਿਸ ਵਿੱਚ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਲੋਕ ਸਗੋਂ ਕ੍ਰਿਕਟਰ ਵੀ ਆਪਣੇ ਆਪ ਨੂੰ ਸਿਆਸੀ ਤਣਾਅ ਦੀ ਅੱਗ ਤੋਂ ਬਚਾਉਂਦਿਆਂ ਹੋਇਆਂ ਇੱਕ ਦੂਜੇ ਲਈ ਸਕਾਰਾਤਮਕ ਵਿਚਾਰ, ਸਨਮਾਨ ਅਤੇ ਖੁਸ਼ੀ ਦੀਆਂ ਭਾਵਨਾਵਾਂ ਰੱਖਦੇ ਹਨ।

ਇੰਜ਼ਮਾਮ ਦੇ ਪੁੱਤਰ ਦਾ ਸਚਿਨ ਨੂੰ ਮਿਲਣਾ

2004 ਵਿੱਚ ਭਾਰਤੀ ਟੀਮ ਦੇ ਪਾਕਿਸਤਾਨ ਦੌਰੇ ਦਾ ਇਹ ਇੱਕ ਨਾ ਭੁੱਲਣ ਵਾਲਾ ਦ੍ਰਿਸ਼ ਸੀ।

ਪਾਕਿਸਤਾਨੀ ਟੀਮ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਅਭਿਆਸ ਕਰ ਲਿਆ ਸੀ ਅਤੇ ਹੁਣ ਮਹਿਮਾਨ ਟੀਮ ਦੀ ਵਾਰੀ ਸੀ।

ਸਾਰਿਆਂ ਨੇ ਦੇਖਿਆ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਇੰਜ਼ਮਾਮ-ਉਲ-ਹੱਕ ਭਾਰਤੀ ਨੈੱਟ ਵੱਲ ਆ ਰਹੇ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਇਬਤਿਸਾਮ-ਉਲ-ਹੱਕ ਵੀ ਸੀ।

ਇੰਜ਼ਮਾਮ-ਉਲ-ਹੱਕ ਨੇ ਨੈੱਟ ਦੇ ਨੇੜੇ ਆ ਕੇ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ, "ਇਹ ਮੇਰਾ ਪੁੱਤਰ ਹੈ ਪਰ ਫੈਨ ਤੁਹਾਡਾ ਹੈ।"

ਦਰਅਸਲ, ਇਬਤਿਸਾਮ-ਉਲ-ਹੱਕ ਨੇ ਆਪਣੇ ਪਿਤਾ ਨੂੰ ਆਪਣੇ ਪਸੰਦੀਦਾ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਹ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ ਸਨ।

ਸਚਿਨ ਤੇਂਦੁਲਕਰ ਵੀ ਕਾਫੀ ਦੇਰ ਤੱਕ ਇਬਤਿਸਾਮ ਨਾਲ ਗੱਲ ਕਰਦੇ ਰਹੇ ਸਨ।

ਗਾਂਗੁਲੀ ਨੂੰ ਪਰਵੇਜ਼ ਮੁਸ਼ੱਰਫ਼ ਦਾ ਫ਼ੋਨ ਕਿਉਂ ਆਇਆ?

ਸਾਲ 2004 ਦੇ ਇਸ ਦੌਰੇ 'ਤੇ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸਨ ਪਰ ਵੰਨਡੇ ਸੀਰੀਜ਼ ਦੇ ਆਖ਼ਰੀ ਮੈਚ 'ਚ ਕੈਚ ਲੈਣ ਦੀ ਕੋਸ਼ਿਸ਼ ਕਰਦਿਆਂ ਹੋਇਆ ਉਹ ਅਨਫਿਟ ਹੋ ਗਏ ਅਤੇ ਡਾਕਟਰ ਨੇ ਉਨ੍ਹਾਂ ਨੂੰ ਤਿੰਨ ਹਫ਼ਤੇ ਆਰਾਮ ਕਰਨ ਲਈ ਕਿਹਾ।

ਪਰ ਗਾਂਗੁਲੀ ਦੇ ਇਰਾਦੇ ਕੁਝ ਹੋਰ ਸਨ। ਉਨ੍ਹਾਂ ਨੇ ਆਪਣੀ ਕਿਤਾਬ 'ਏ ਸੈਂਚੁਰੀ ਇਜ਼ ਨਾਟ ਇਨੱਫ' ਵਿੱਚ ਇਸ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ।

ਗਾਂਗੁਲੀ ਲਿਖਦੇ ਹਨ, "ਲਾਹੌਰ ਦਾ ਪੰਜ ਸਿਤਾਰਾ ਹੋਟਲ ਆਪਣੀ ਸਖ਼ਤ ਸੁਰੱਖਿਆ ਕਾਰਨ ਕਿਲ੍ਹੇ ਵਾਂਗ ਜਾਪਦਾ ਸੀ। ਮੈਂ ਚੰਗੇ ਮੂਡ ਵਿੱਚ ਸੀ ਅਤੇ ਆਪਣੇ ਤੇਜ਼ ਦਰਦ ਬਾਰੇ ਗੰਭੀਰਤਾ ਨਾਲ ਨਹੀਂ ਸੋਚਿਆ।"

"ਮੇਰੇ ਕੁਝ ਦੋਸਤ ਕੋਲਕਾਤਾ ਤੋਂ ਮੈਚ ਦੇਖਣ ਆਏ ਸਨ। ਅੱਧੀ ਰਾਤ ਨੂੰ ਮੈਨੂੰ ਪਤਾ ਲੱਗਾ ਕਿ ਮੇਰੇ ਦੋਸਤਾਂ ਨੇ ਗੋਲਮੰਡੀ ਦੀ ਮਸ਼ਹੂਰ ਫੂਡ ਸਟਰੀਟ 'ਤੇ ਕਬਾਬ ਅਤੇ ਤੰਦੂਰੀ ਪਕਵਾਨ ਖਾਣ ਦੀ ਯੋਜਨਾ ਬਣਾਈ ਹੈ। ਸੁਰੱਖਿਆ ਮੇਰੇ ਸਿਰ 'ਤੇ ਸੀ ਪਰ ਮੈਂ ਆਜ਼ਾਦੀ ਚਾਹੁੰਦਾ ਸੀ।"

"ਮੈਂ ਆਪਣੇ ਸੁਰੱਖਿਆ ਅਧਿਕਾਰੀ ਨੂੰ ਨਹੀਂ ਦੱਸਿਆ, ਪਰ ਟੀਮ ਮੈਨੇਜਰ ਰਤਨਾਕਰ ਸ਼ੈਟੀ ਨੂੰ ਕਿਹਾ ਕਿ ਮੈਂ ਦੋਸਤਾਂ ਨਾਲ ਬਾਹਰ ਜਾ ਰਿਹਾ ਹਾਂ ਅਤੇ ਇਹ ਕਹਿ ਕੇ, ਮੈਂ ਪਿਛਲੇ ਦਰਵਾਜ਼ੇ ਰਾਹੀਂ ਚਲਾ ਗਿਆ। ਮੈਂ ਟੋਪੀ ਪਹਿਨ ਕੇ ਆਪਣਾ ਅੱਧਾ ਚਿਹਰਾ ਲੁਕਾ ਲਿਆ ਸੀ।"

ਗਾਂਗੁਲੀ ਅੱਗੇ ਲਿਖਦੇ ਹਨ, "ਕਿਉਂਕਿ ਫੂਡ ਸਟ੍ਰੀਟ ਵਾਲੀ ਇੱਕ ਖੁੱਲੀ ਜਗ੍ਹਾ ਸੀ, ਇਸ ਲਈ ਕੋਈ ਮੇਰੇ ਕੋਲ ਆਇਆ ਅਤੇ ਕਿਹਾ, "ਹੇ, ਤੁਸੀਂ ਸੌਰਵ ਗਾਂਗੁਲੀ ਹੋ ਨਾ ?" ਮੈਂ ਇਨਕਾਰ ਕਰ ਦਿੱਤਾ ਪਰ ਵਿਅਕਤੀ ਨੇ ਕਿਹਾ, "ਪਰ ਤੁਸੀਂ ਬਿਲਕੁਲ ਸੌਰਵ ਗਾਂਗੁਲੀ ਵਾਂਗ ਲੱਗ ਰਹੇ ਹੋ।"

ਗਾਂਗੁਲੀ ਲਿਖਦੇ ਹਨ, "ਮੈਂ ਅਤੇ ਮੇਰੇ ਦੋਸਤ ਮੁਸ਼ਕਲ ਨਾਲ ਆਪਣਾ ਹਾਸਾ ਰੋਕ ਸਕੇ ਸੀ।"

"ਇਸੇ ਤਰ੍ਹਾਂ, ਇੱਕ ਹੋਰ ਵਿਅਕਤੀ ਆਇਆ ਅਤੇ ਬੋਲਿਆ, "ਅਰੇ, ਸਰ, ਤੁਸੀਂ ਇੱਥੇ? ਤੁਹਾਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਂ ਇਸ ਵਿਅਕਤੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਹ ਵੀ ਨਿਰਾਸ਼ ਹੋ ਕੇ ਚਲਾ ਗਿਆ।"

"ਜਦੋਂ ਅਸੀਂ ਖਾਣਾ ਖਤਮ ਕਰ ਰਹੇ ਸੀ, ਮੈਂ ਕੁਝ ਕਦਮਾਂ ਦੀ ਦੂਰੀ 'ਤੇ ਖੜ੍ਹੇ ਇੱਕ ਭਾਰਤੀ ਪੱਤਰਕਾਰ ਰਾਜਦੀਪ ਸਰਦੇਸਾਈ ਨੂੰ ਮੈਨੂੰ ਦੇਖ ਲਿਆ, ਜੋ ਭਾਰਤ ਦੇ ਸੂਚਨਾ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਰਾਤ ਦਾ ਖਾਣਾ ਖਾਣ ਲਈ ਆਏ ਸਨ।"

"ਉਨ੍ਹਾਂ ਨੇ ਜ਼ੋਰ ਦੀ ਆਵਾਜ਼ ਲਗਾਈ, ਗਾਂਗੁਲੀ... ਬਸ ਇੰਨਾ ਸੁਣਨਾ ਹੀ ਸੀ ਕਿ ਸਾਰਿਆਂ ਨੂੰ ਮੇਰੀ ਮੌਜੂਦਗੀ ਦਾ ਪਤਾ ਲੱਗ ਗਿਆ ਅਤੇ ਲੋਕ ਮੇਰੇ ਆਲੇ-ਦੁਆਲੇ ਇਕੱਠੇ ਹੋ ਗਏ।"

"ਮੈਂ ਦੁਕਾਨਦਾਰ ਨੂੰ ਪੈਸੇ ਦੇ ਕੇ ਨਿਕਲ ਜਾਣਾ ਮੁਨਾਸਿਬ ਸਮਝਿਆ, ਪਰ ਉਸ ਨੇ ਪੈਸੇ ਨਹੀਂ ਲਏ। ਮੈਂ ਤੇਜ਼ੀ ਨਾਲ ਆਪਣੀ ਗੱਡੀ ਵੱਲ ਵਧਿਆ ਅਤੇ ਸੋਚਿਆ ਕਿ ਜੇਕਰ ਰਾਜਦੀਪ ਸਰਦੇਸਾਈ ਨੇ ਆਵਾਜ਼ ਨਾ ਮਾਰੀ ਹੁੰਦੀ ਤਾਂ ਮੈਂ ਪਛਾਣ ਜ਼ਾਹਿਰ ਕੀਤੇ ਬਿਨਾਂ ਆਸਾਨੀ ਨਾਲ ਜਾ ਸਕਦਾ ਸੀ।"

ਗਾਂਗੁਲੀ ਦਾ ਕਹਿਣਾ ਹੈ, "ਅਗਲੀ ਸਵੇਰ ਮੇਰੇ ਕਮਰੇ ਵਿੱਚ ਫ਼ੋਨ ਦੀ ਘੰਟੀ ਵੱਜੀ ਅਤੇ ਦੂਜੇ ਪਾਸੇ ਤੋਂ ਕਿਹਾ ਗਿਆ ਕਿ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ।"

"ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਭਾਰਤੀ ਕਪਤਾਨ ਨਾਲ ਗੱਲ ਕਰਨ ਦੀ ਲੋੜ ਕਿਉਂ ਮਹਿਸੂਸ ਹੋਈ। "

ਗਾਂਗੁਲੀ ਦਾ ਕਹਿਣਾ ਹੈ, "ਰਾਸ਼ਟਰਪਤੀ ਮੁਸ਼ੱਰਫ਼ ਦੀ ਆਵਾਜ਼ ਵਿੱਚ ਨਰਮੀ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਅਗਲੀ ਵਾਰ ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸੁਰੱਖਿਆ ਨੂੰ ਦੱਸ ਦੇਣਾ। ਅਸੀਂ ਤੁਹਾਨੂੰ ਸੁਰੱਖਿਆ ਮੁਹੱਈਆ ਕਰਵਾ ਦਿਆਂਗੇ ਪਰ ਕਿਰਪਾ ਕਰਕੇ ਅਜਿਹਾ ਨਾ ਕਰਨਾ।"

"ਮੈਂ ਸ਼ਰਮਿੰਦਾ ਹੋ ਗਿਆ। ਮੈਂ ਉਸ ਵੇਲੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਸਾਹਮਣਾ ਕਰਨ ਦੀ ਤੁਲਨਾ ਵਿੱਚ ਵਸੀਮ ਅਕਰਮ ਦੀ ਅਨਕਟਰ ਗੇਂਦ ਦਾ ਸਾਹਮਣਾ ਕਰਨਾ ਘੱਟ ਖ਼ਤਰਨਾਕ ਸੀ।"

ਇਹ ਵੀ ਪੜ੍ਹੋ-

'ਤੁਹਾਡੀ ਮਹਿਮਾਨ ਨਵਾਜ਼ੀ ਦਾ ਸ਼ੁਕਰੀਆ'

2004 'ਚ ਜਦੋਂ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਗਈ ਸੀ ਤਾਂ ਕਾਰਗਿਲ ਸੰਘਰਸ਼ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਸਨ।

ਪਰ ਇਸ ਦੇ ਬਾਵਜੂਦ ਨਾ ਸਿਰਫ਼ ਇਹ ਦੌਰਾ ਸੰਭਵ ਹੋ ਸਕਿਆ, ਬਲਕਿ ਇਸ ਨੂੰ ਭਾਰਤ-ਪਾਕਿਸਤਾਨ ਕ੍ਰਿਕਟ ਇਤਿਹਾਸ ਦੇ ਸਭ ਤੋਂ ਖੁਸ਼ੀ ਵਾਲੇ ਪਲਾਂ ਵਜੋਂ ਯਾਦ ਕੀਤਾ ਜਾਂਦਾ ਹੈ।

ਇਸ ਦੌਰੇ ਦੀ ਸਫ਼ਲਤਾ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਦੇ ਤਤਕਾਲੀ ਚੇਅਰਮੈਨ ਸ਼ਹਿਰਯਾਰ ਖ਼ਾਨ ਦੀ ਕ੍ਰਿਕਟ ਕੂਟਨੀਤੀ ਮੁੱਖ ਸੀ।

ਜਿਸ ਕਾਰਨ ਉਹ ਮੁਹੰਮਦ ਅਲੀ ਜਿਨਾਹ ਦੀ ਧੀ ਦੀਨਾ ਵਾਡੀਆ, ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪਾਕਿਸਤਾਨ ਲਿਆਉਣ ਵਿਚ ਕਾਮਯਾਬ ਰਹੇ ਸਨ।

ਇਸ ਤੋਂ ਇਲਾਵਾ ਭਾਰਤ ਦੇ ਹਜ਼ਾਰਾਂ ਪ੍ਰਸ਼ੰਸਕ ਵੀ ਮੈਚ ਦੇਖਣ ਲਈ ਪਾਕਿਸਤਾਨ ਪਹੁੰਚੇ ਸਨ।

ਇਸੇ ਲਈ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਸ਼ਿਵ ਸ਼ੰਕਰ ਮੈਨਨ ਨੇ ਸ਼ਹਿਰਯਾਰ ਖ਼ਾਨ ਨੂੰ ਕਿਹਾ, ''ਸ਼ਹਿਰਯਾਰ ਜਨਾਬ... ਇਹ ਮੈਚ ਦੇਖਣ ਲਈ 20 ਹਜ਼ਾਰ ਭਾਰਤੀ ਪ੍ਰਸ਼ੰਸਕ ਪਾਕਿਸਤਾਨ ਆਏ ਅਤੇ ਤੁਸੀਂ ਉਨ੍ਹਾਂ ਨੂੰ ਪਾਕਿਸਤਾਨੀ ਰਾਜਦੂਤ ਬਣਾ ਕੇ ਭਾਰਤ ਵਾਪਸ ਭੇਜਿਆ। ਤੁਹਾਡੀ ਮਹਿਮਾਨ ਨਵਾਜ਼ੀ ਲਈ ਸ਼ੁਕਰੀਆ।"

ਇੱਕ ਦੂਜੇ ਦੀ ਮਦਦ ਲਈ ਸਰਗਰਮ

ਇੰਜ਼ਮਾਮ-ਉਲ-ਹੱਕ ਨੂੰ ਉਹ ਵੇਲਾ ਚੰਗੀ ਤਰ੍ਹਾਂ ਯਾਦ ਹੈ ਜਦੋਂ 1992 ਦੇ ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਨੂੰ ਸ਼ਾਰਟ-ਪਿਚ ਗੇਂਦ ਖੇਡਣ ਵਿੱਚ ਮੁਸ਼ਕਲ ਹੋ ਰਿਹਾ ਸੀ ਅਤੇ ਸੁਨੀਲ ਗਾਵਸਕਰ ਦੀ ਮਦਦਗਾਰ ਸਲਾਹ ਨੇ ਉਨ੍ਹਾਂ ਨੂੰ ਉਸ ਮੁਸ਼ਕਲ ਤੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ ਸੀ।

ਜਦੋਂ ਭਾਰਤ ਦੇ ਅਜ਼ਹਰੂਦੀਨ ਨੂੰ ਆਪਣੀ ਬੱਲੇਬਾਜ਼ੀ ਤਕਨੀਕ ਨੂੰ ਲੈ ਕੇ ਪਰੇਸ਼ਾਨੀ ਹੋ ਰਹੀ ਸੀ ਤਾਂ ਉਨ੍ਹਾਂ ਨੇ ਮਦਦ ਲਈ ਜ਼ਹੀਰ ਅੱਬਾਸ ਕੋਲ ਪਹੁੰਚ ਕੀਤੀ।

ਇਸੇ ਤਰ੍ਹਾਂ ਜਦੋਂ ਸੌਰਵ ਗਾਂਗੁਲੀ ਨੂੰ ਬੱਲੇ ਦੀ ਪਕੜ ਅਤੇ ਪੈਂਤੜੇ ਨੂੰ ਲੈ ਕੇ ਪਰੇਸ਼ਾਨੀ ਹੋ ਰਹੀ ਸੀ ਤਾਂ ਉਨ੍ਹਾਂ ਨੇ ਜ਼ਹੀਰ ਅੱਬਾਸ ਤੋਂ ਮਦਦ ਲਈ ਸੀ।

ਸਾਲ 2016 'ਚ ਜਦੋਂ ਪਾਕਿਸਤਾਨੀ ਟੀਮ ਇੰਗਲੈਂਡ ਦੇ ਦੌਰੇ 'ਤੇ ਸੀ ਤਾਂ ਅਜ਼ਹਰੂਦੀਨ ਨੇ ਦੇਖਿਆ ਕਿ ਯੂਨਿਸ ਖ਼ਾਨ ਬੱਲੇਬਾਜ਼ੀ ਕਰਨ ਵੇਲੇ ਆਰਾਮ ਮਹਿਸੂਸ ਨਹੀਂ ਕਰ ਰਹੇ ਸਨ ਤਾਂ ਉਨ੍ਹਾਂ ਨੇ ਯੂਨਿਸ ਖ਼ਾਨ ਦਾ ਧਿਆਨ ਇਸ ਕਮੀ ਵੱਲ ਖਿੱਚਿਆ।

ਉਨ੍ਹਾਂ ਦੀ ਸਲਾਹ 'ਤੇ ਅਮਲ ਕਰਨ ਤੋਂ ਬਾਅਦ, ਯੂਨਿਸ ਖ਼ਾਨ ਪਹਿਲੇ ਟੈਸਟ 'ਚ ਦੋਹਰਾ ਸੈਂਕੜਾ ਲਗਾਉਣ 'ਚ ਸਫ਼ਲ ਰਹੇ ਸਨ।

ਤਸਵੀਰਾਂ ਬੋਲਦੀਆਂ ਹਨ

ਭਾਰਤ-ਪਾਕਿਸਤਾਨ ਕ੍ਰਿਕਟ ਦੀ ਖ਼ੂਬਸੂਰਤੀ ਦੋਹਾਂ ਦੇਸ਼ਾਂ ਦੇ ਕ੍ਰਿਕਟਰਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਵਾਲੀਆਂ ਤਸਵੀਰਾਂ 'ਚ ਵੀ ਝਲਕਦੀ ਹੈ।

ਸਾਲ 2017 ਦੀ ਚੈਂਪੀਅਨਜ਼ ਟਰਾਫੀ ਦੌਰਾਨ ਪਾਕਿਸਤਾਨ ਅਤੇ ਭਾਰਤ ਦੀਆਂ ਟੀਮਾਂ ਫਾਈਨਲ ਲਈ ਇੱਕੋ ਹੋਟਲ ਵਿੱਚ ਰੁਕੀਆਂ ਹੋਈਆਂ ਸਨ।

ਫਾਈਨਲ ਤੋਂ ਇਕ ਦਿਨ ਪਹਿਲਾਂ ਸਰਫ਼ਰਾਜ਼ ਅਹਿਮਦ ਆਪਣੇ ਪੁੱਤਰ ਅਬਦੁੱਲਾ ਨਾਲ ਲਾਬੀ ਵਿੱਚ ਟਹਿਲ ਰਹੇ ਸਨ ਤਾਂ ਮਹਿੰਦਰ ਸਿੰਘ ਧੋਨੀ ਨੇ ਪੁੱਛਿਆ ਕਿ ਇਹ ਬੱਚਾ ਕੌਣ ਹੈ?

ਸਰਫ਼ਰਾਜ਼ ਅਹਿਮਦ ਨੇ ਕਿਹਾ ਕਿ ਇਹ ਮੇਰਾ ਪੁੱਤਰ ਅਬਦੁੱਲਾ ਹੈ, ਜਿਸ 'ਤੇ ਧੋਨੀ ਨੇ ਉਨ੍ਹਾਂ ਨੂੰ ਆਪਣੀ ਗੋਦ 'ਚ ਲਿਆ ਅਤੇ ਉਹ ਤਸਵੀਰ ਪੂਰੀ ਦੁਨੀਆਂ 'ਚ ਵਾਇਰਲ ਹੋ ਗਈ।

ਪਿਛਲੇ ਸਾਲ ਦੀ ਇਸ ਤਸਵੀਰ ਨੂੰ ਕੌਣ ਭੁੱਲ ਸਕਦਾ ਹੈ ਜਿਸ ਵਿੱਚ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੀ ਹਾਰ ਦੇ ਬਾਵਜੂਦ ਪਾਕਿਸਤਾਨੀ ਟੀਮ ਦੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਨੂੰ ਗਲੇ ਲਗਾਉਂਦਿਆਂ ਹੋਇਆਂ ਸਪੋਰਟਮੈਨਸ਼ਿਪ ਦਿਖਾ ਰਹੇ ਹਨ।

ਸਾਰਿਆਂ ਨੂੰ ਸਾਲ 2016 ਦੇ ਟੀ-20 ਵਿਸ਼ਵ ਕੱਪ ਦਾ ਉਹ ਪਲ ਜ਼ਰੂਰ ਯਾਦ ਹੋਵੇਗਾ, ਜਦੋਂ ਕੋਲਕਾਤਾ ਦੇ ਈਡਨ ਗਾਰਡਨ 'ਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਵਾਰਮਅੱਪ ਕਰ ਰਹੀਆਂ ਸਨ।

ਇਸ ਦੌਰਾਨ ਵਿਰਾਟ ਕੋਹਲੀ ਪਾਕਿਸਤਾਨੀ ਟੀਮ ਦੇ ਅਭਿਆਸ ਨੇੜੇ ਪਹੁੰਚੇ ਅਤੇ ਉਨ੍ਹਾਂ ਨੇ ਤੇਜ਼ ਗੇਂਦਬਾਜ਼ ਮੁੰਹਮਦ ਆਮਿਰ ਨੂੰ ਆਪਣਾ ਬੱਲਾ ਗਿਫ਼ਟ ਕੀਤਾ ਸੀ।

ਸ਼ੋਇਬ ਅਖ਼ਤਰ ਅਤੇ ਹਰਭਜਨ ਸਿੰਘ ਵਿਚਾਲੇ ਸਾਲ 2010 ਦੇ ਏਸ਼ੀਆ ਕੱਪ ਦੇ ਮੈਚ ਦੌਰਾਨ ਹੋਣ ਵਾਲੀ ਗਰਮਾ-ਗਰਮੀ ਉਸ ਉਤਸਾਹ ਨਾਲੋਂ ਬਹੁਤ ਘੱਟ ਸੀ, ਜੋ ਉਹ ਦੋਵੇਂ ਮੈਦਾਨ ਤੋਂ ਬਾਹਰ ਦਿਖਾਉਂਦੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)