ਭਾਰਤ-ਪਾਕਿਸਤਾਨ ਵੰਡ ਵਿੱਚ ਔਰਤਾਂ ਨੇ ਜੋ ਹੰਢਾਇਆ, 'ਉਹ ਮੁਟਿਆਰਾਂ ਨੂੰ ਲੈ ਜਾਂਦੇ ਅਤੇ ਗਾਇਬ ਹੋ ਜਾਂਦੇ'

1947 ਦੀ ਵੰਡ

ਤਸਵੀਰ ਸਰੋਤ, sourced by Ravinder Singh Robin

ਤਸਵੀਰ ਕੈਪਸ਼ਨ, ਹਿੰਸਾ ਦੇ ਉਸ ਦੌਰ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਅਗਵਾ ਕੀਤਾ ਗਿਆ, ਕਤਲ ਕੀਤਾ ਗਿਆ ਪਰ ਬਲਾਤਕਾਰ ਹੋਣਾ ਜਾਂ ਹੋ ਜਾਣ ਦਾ ਡਰ ਬਹੁਤ ਸਾਰੀਆਂ ਔਰਤਾਂ ਦੀ ਮੌਤ ਦੀ ਵਜ੍ਹਾ ਬਣਿਆ

"ਜਦੋਂ ਮੈਂ ਸੁਣਿਆ ਕਿ ਮੇਰੇ ਆਪਣੇ ਪਰਿਵਾਰ ਅਤੇ ਔਰਤਾਂ ਨਾਲ ਕੀ ਵਾਪਰਿਆ ਹੈ ਤਾਂ ਇਸ ਨੇ ਮੈਨੂੰ ਬੁਨਿਆਦੀ ਤੌਰ 'ਤੇ ਬਦਲ ਦਿੱਤਾ ਅਤੇ ਇਸ ਦਾ ਅਸਰ ਅੱਗੇ ਆਉਣ ਵਾਲੀ ਜ਼ਿੰਦਗੀ ਵਿੱਚ ਲਏ ਗਏ ਫ਼ੈਸਲਿਆ 'ਤੇ ਵੀ ਪਿਆ।"

ਇਹ ਸ਼ਬਦ ਬੀਬੀਸੀ ਦੇ ਵੂਮੈਨਜ਼ ਆਵਰ ਦੀ ਮੇਜ਼ਬਾਨ ਅਨੀਤਾ ਰਾਣੀ ਦੇ ਹਨ। ਉਨ੍ਹਾਂ ਦੇ ਦਾਦੇ ਦਾ ਸਾਰਾ ਪਰਿਵਾਰ ਵੰਡ ਦੀ ਭੇਂਟ ਚੜ੍ਹ ਗਿਆ ਸੀ। ਇਸ ਲਈ ਵੰਡ ਨਾਲ ਅਨੀਤਾ ਦੇ ਡੂੰਘੇ ਜਜ਼ਬਾਤ ਜੁੜੇ ਹੋਏ ਹਨ।

ਇਹ ਵੀ ਇੱਕ ਕਾਰਨ ਸੀ ਕਿ ਬੀਬੀਸੀ ਰੇਡੀਓ 4 ਦਾ ਵੂਮੈਨਜ਼ ਆਵਰ ਪ੍ਰੋਗਰਾਮ ਦੀ ਇੱਕ ਕੜੀ ਵੰਡ ਸਮੇਂ ਅਣਗੌਲੀਆਂ ਰਹਿ ਗਈਆਂ ਔਰਤਾਂ ਦੀਆਂ ਕਹਾਣੀਆਂ ਨੂੰ ਸਮਰਪਿਤ ਕੀਤਾ ਗਿਆ।

ਅਗਸਤ 1947 ਵਿੱਚ ਭਾਰਤ ਨੂੰ 200 ਸਾਲਾਂ ਦੇ ਬ੍ਰਿਟਿਸ਼ ਰਾਜ ਦੇ ਖਤਮ ਹੋਣ ਨਾਲ ਆਜ਼ਾਦੀ ਮਿਲੀ। ਉਸ ਸਮੇਂ ਇੱਕ ਲਕੀਰ ਖਿੱਚੀ ਗਈ।

ਇਸ ਲਕੀਰ ਨੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ - ਭਾਰਤ, ਪੱਛਮੀ ਅਤੇ ਪੂਰਬੀ ਪਾਕਿਸਤਾਨ। ਪੂਰਬੀ ਪਾਕਿਸਤਾਨ ਬਾਅਦ ਵਿੱਚ ਬੰਗਲਾਦੇਸ਼ ਬਣ ਗਿਆ।

ਵੰਡ ਦੌਰਾਨ ਹੋਇਆ ਪਰਵਾਸ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਪਰਵਾਸ ਸੀ। ਜਿਸ ਵਿੱਚ ਡੇਢ ਕਰੋੜ ਲੋਕ ਰਾਤੋ-ਰਾਤ ਆਪਣੀ ਹੀ ਧਰਤੀ 'ਤੇ ਸ਼ਰਨਾਰਥੀ ਬਣ ਗਏ ਸਨ। ਦਸ ਲੱਖ ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ।

ਅਨੀਤਾ ਅੱਗੇ ਕਹਿੰਦੇ ਹਨ, "ਇਤਿਹਾਸ ਵਿੱਚ ਔਰਤਾਂ ਨਾਲ ਜੋ ਵਾਪਰਿਆ ਉਸ ਬਾਰੇ ਘੱਟ ਹੀ ਵਿਚਾਰਿਆ ਗਿਆ ਹੈ। ਕੋਈ ਵੀ ਵੰਡ ਬਾਰੇ ਗੱਲ ਨਹੀਂ ਕਰਦਾ।"

"ਹੁਣ ਅਸੀਂ ਇਸ ਬਾਰੇ ਗੱਲਬਾਤ ਕਰ ਰਹੇ ਹਾਂ ਕਿਉਂਕਿ ਪੋਤੇ-ਪੋਤੀਆਂ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਡੇਰਿਆਂ ਨੇ ਕੀ ਕੁਝ ਝੱਲਿਆ।''

''ਵੰਡ ਦੌਰਾਨ ਔਰਤਾਂ ਪ੍ਰਤੀ ਭਿਆਨਕ ਹਿੰਸਾ ਦੀ ਕਹਾਣੀ ਅਤੇ ਉਨ੍ਹਾਂ ਦੀਆਂ ਪੋਤੀਆਂ 'ਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਕਰਨ ਲਈ ਵੂਮੈਨਜ਼ ਆਵਰ ਤੋਂ ਬਿਹਤਰ ਜਗ੍ਹਾ ਸ਼ਾਇਦ ਹੋਰ ਕੋਈ ਨਹੀਂ ਹੋ ਸਕਦੀ।''

ਪੇਸ਼ ਹਨ ਬੀਬੀਸੀ ਰੇਡੀਓ 4 ਦੇ ਵੂਮੈਨਜ਼ ਆਵਰ ਦੀ ਖਾਸ ਕੜੀ ਵਿੱਚ ਸਿੱਖੀਆਂ ਛੇ ਚੀਜ਼ਾਂ। ਹਾਲਾਂਕਿ ਕੁਝ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ

1947 ਦੀ ਵੰਡ

ਤਸਵੀਰ ਸਰੋਤ, sourced by Ravinder Singh Robin

ਤਸਵੀਰ ਕੈਪਸ਼ਨ, ਵੰਡ ਦੌਰਾਨ 15 ਮਿਲੀਅਨ ਲੋਕ ਰਾਤੋ-ਰਾਤ ਆਪਣੀ ਹੀ ਧਰਤੀ 'ਤੇ ਸ਼ਰਨਾਰਥੀ ਬਣ ਗਏ ਸਨ, ਸਰਕਾਰੀ ਅੰਕੜਿਆਂ ਮੁਤਾਬਕ ਦਸ ਲੱਖ ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ।

1.ਵੰਡ ਦੌਰਾਨ ਔਰਤਾਂ ਨੇ ਜੋ ਝੱਲਿਆ ਉਹ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ

ਕਵੀ ਅਤੇ ਲੇਖਿਕਾ ਫਾਤਿਮਾ ਅਸਗਰ ਨੇ ਅਨੀਤਾ ਨੂੰ ਦੱਸਿਆ, "ਵੰਡ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ। ਪਰ ਅਕਸਰ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੋ ਮਰਦਾਂ ਨਾਲ ਵਾਪਰੀਆਂ ਅਤੇ ਉਨ੍ਹਾਂ ਨੇ ਹੀ ਲੋਕਾਂ ਨੂੰ ਸੁਣਾਈਆਂ ਹਨ। ਔਰਤਾਂ ਦੇ ਜ਼ਹਿਨ ਡੂੰਘੇ ਸਦਮਿਆਂ ਨਾਲ ਭਰੇ ਹੋਏ ਹਨ।"

"ਜਦੋਂ ਅਸੀਂ ਔਰਤਾਂ ਬਾਰੇ ਸੋਚਦੇ ਹਾਂ ਅਤੇ ਵੰਡ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਬਹੁਤ ਜ਼ਿਆਦਾ ਬਲਾਤਕਾਰਾਂ ਬਾਰੇ ਗੱਲ ਕਰ ਰਹੇ ਹੁੰਦੇ ਹਾਂ। ਅਸੀਂ ਵੱਡੀ ਗਿਣਤੀ ਵਿੱਚ ਉਨ੍ਹਾਂ ਔਰਤਾਂ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਪਰਿਵਾਰਾਂ ਤੋਂ ਚੋਰੀ ਕਰ ਲਿਆ ਸੀ। ਅਸੀਂ ਅਣਖ ਲਈ ਕੀਤੇ ਕਤਲਾਂ ਦੀ ਗੱਲ ਕਰਦੇ ਹਾਂ। ਹਿੰਸਾ ਜੋ ਲਿੰਗਕ ਅਧਾਰ 'ਤੇ ਕੀਤੀ ਗਈ।"

ਕੈਂਬਰਿਜ ਯੂਨੀਵਰਸਿਟੀ ਵਿੱਚ ਭਾਰਤੀ ਇਤਿਹਾਸ ਦੀ ਪ੍ਰੋਫੈਸਰ ਸ਼ਰੂਤੀ ਕਪਿਲਾ ਮੁਤਾਬਕ, "ਹਿੰਸਾ ਇੱਕ ਬਹੁਤ ਹੀ ਨਿੱਜੀ ਰੂਪ ਧਾਰਨ ਕਰ ਲੈਂਦੀ ਹੈ।"

ਉਨ੍ਹਾਂ ਮੁਤਾਬਕ ਅਜਿਹਾ ਇਸ ਲਈ ਹੈ ਕਿਉਂਕਿ ਔਰਤਾਂ ਵਿੱਚ ਕੌਮੀਅਤ ਦੇ ਸਾਰੇ ਤੱਤ ਮੌਜੂਦ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਕੌਮ ਦਾ, ਪਰਿਵਾਰ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਉਹ ਅਵਤਾਰ ਤੋਂ ਲੈ ਕੇ ਤਬਾਹੀ ਤੱਕ ਦਾ ਚਿੰਨ੍ਹ ਸਹਿਜੇ ਹੀ ਬਣ ਜਾਂਦੀਆਂ ਹਨ।''

Banner

ਇਹ ਵੀ ਪੜ੍ਹੋ-

Banner
ਅਨੀਤਾ ਰਾਣੀ

2. 'ਪਿਤਾ ਨੇ ਕਿਹਾ ਜੇ ਉਹ ਬਲਾਤਕਾਰ ਕਰਨਗੇ ਤਾਂ ਮੈਂ ਤੁਹਾਨੂੰ ਗੋਲੀ ਮਾਰ ਦਿਆਂਗਾ'

ਸਾਡੀ ਇੱਕ ਸਰੋਤਾ ਅਮਾਇਨਾ ਨੇ ਆਪਣੀ ਮਾਂ ਸਗੀਰਾ ਦੀ ਕਹਾਣੀ ਦੱਸੀ। ਜਦੋਂ ਵੰਡ ਹੋਈ ਤਾਂ ਅਮਾਇਨਾ 14 ਸਾਲਾਂ ਦੀ ਸੀ। ਆਪਣੇ ਭੇਜੇ ਇੱਕ ਅਵਾਜ਼ੀ ਸੁਨੇਹੇ ਰਾਹੀਂ ਸਗੀਰਾ ਸਾਨੂੰ 1947 ਵਿੱਚ ਵਾਪਸ ਲੈ ਗਏ।

ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭੈਣ-ਭਰਾ ਨੂੰ ਇਸ ਲਈ ਤਿਆਰ ਕੀਤਾ ਕਿ ਜੇਕਰ ਪਰਿਵਾਰ ਵਿੱਚੋਂ ਕਿਸੇ 'ਤੇ ਹਮਲਾ ਹੁੰਦਾ ਹੈ, ਕੋਈ ਅਗਵਾ ਜਾਂ ਬਲਾਤਕਾਰ ਕੀਤਾ ਜਾਵੇ ਤਾਂ ਕੀ ਕੀਤਾ ਜਾਏ।

"ਇਹ ਕਾਫ਼ੀ ਡਰਾਉਣਾ ਸੀ। ਸਾਨੂੰ ਘਰੋਂ ਭੱਜਣ ਲਈ ਹਮੇਸ਼ਾ ਤਿਆਰ ਰਹਿਣਾ ਪੈਂਦਾ ਸੀ। ਜੇਕਰ ਉਹ ਹਵਾਈ ਹਮਲਾ ਕਰਕੇ ਬੰਬਾਰੀ ਕਰਨ ਲੱਗ ਪੈਂਦੇ। ਅਸੀਂ ਹਰ ਚੀਜ਼ ਲਈ ਤਿਆਰ ਸੀ। ਸਾਡੇ ਕੋਲ ਛੋਟੀਆਂ- ਮੋਟੀਆਂ ਚੀਜ਼ਾਂ ਸਨ। ਇਸ ਦੇ ਨਾਲ ਹੀ ਇੱਕ ਦੰਦਾਂ ਦਾ ਬੁਰਸ਼, ਕੁਝ ਖਾਣਾ ਅਤੇ ਇੱਕ ਛੋਟਾ ਕੰਬਲ ਸੀ।''

"ਇਹ ਭਾਰਤ ਅਤੇ ਪਾਕਿਸਤਾਨ ਸਨ ਜੋ ਇੱਕ ਦੂਜੇ ਨਾਲ ਜਾਨਵਰਾਂ ਵਾਂਗ ਸਲੂਕ ਕਰਦੇ ਸਨ। ਔਰਤਾਂ ਨਾਲ ਬਲਾਤਕਾਰ ਕੀਤੇ ਗਏ। ਉਹ ਮੁਟਿਆਰਾਂ ਨੂੰ ਲੈ ਜਾਂਦੇ ਅਤੇ ਗਾਇਬ ਹੋ ਜਾਂਦੇ।"

"ਜਦੋਂ ਸਾਇਰਨ ਵੱਜਿਆ ਤਾਂ ਸਾਡੇ ਪਿਤਾ ਨੇ ਸਾਨੂੰ ਸਮਝਾਇਆ ਕਿ ਜੇਕਰ ਅਜਿਹੀ ਸਥਿਤੀ ਆਈ ਕਿ ਸਾਨੂੰ ਅਗਵਾ ਕਰ ਲੈਣ ਜਾਂ ਬਲਾਤਕਾਰ ਕਰਨਗੇ ਤਾਂ ਉਹ ਰਿਵਾਲਵਰ ਦੀ ਵਰਤੋਂ ਕਰਨਗੇ ਅਤੇ ਸਾਡੀ ਇੱਜ਼ਤ ਦੀ ਖਾਤਰ ਸਾਨੂੰ ਮਾਰ ਦੇਣਗੇ।"

1947 ਦੀ ਵੰਡ

ਤਸਵੀਰ ਸਰੋਤ, sourced by Ravinder Singh Robin

ਤਸਵੀਰ ਕੈਪਸ਼ਨ, ਵੰਡ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ ਸੁਣਾਇਆ ਜਾ ਚੁੱਕਿਆ ਹੈ ਜਿਸ ਵਿੱਚੋਂ ਬਹੁਤਾ ਕੁਝ ਜਾਂ ਤਾਂ ਪੁਰਸ਼ਾਂ ਦੇ ਨਜ਼ਰੀਏ ਤੋਂ ਹੈ ਜਾਂ ਉਨ੍ਹਾਂ ਦੀਆਂ ਕਹਾਣੀਆਂ ਹਨ

3. ਵੰਡ ਵੇਲੇ ਔਰਤਾਂ 'ਤੇ ਵਾਪਰੇ ਕਹਿਰ ਬਾਰੇ ਹਾਲੇ ਵੀ ਬਹੁਤ ਚੁੱਪ

ਰਿਤੂ ਮੈਨਨ ਇੱਕ ਨਾਰੀਵਾਦੀ ਲੇਖਿਕਾ ਹਨ। ਉਨ੍ਹਾਂ ਨੇ 1984 ਵਿੱਚ ਵੰਡ ਵੇਲੇ ਔਰਤਾਂ ਦੇ ਮੌਖਿਕ ਇਤਿਹਾਸ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ।

ਰਿਤੂ ਮੈਨਨ ਮੁਤਾਬਕ, "ਜਦੋਂ ਅਸੀਂ ਖੋਜ ਕਰਨੀ ਸ਼ੁਰੂ ਕੀਤੀ ਤਾਂ ਅਸੀਂ ਅਸਲ ਵਿੱਚ ਹਿੰਸਾ ਨੂੰ ਨਹੀਂ ਦੇਖ ਰਹੇ ਸੀ ਕਿਉਂਕਿ ਇਹ ਅਜਿਹੀ ਕੋਈ ਚੀਜ਼ ਨਹੀਂ ਸੀ ਜੋ ਕਦੇ ਗੱਲਬਾਤ ਦਾ ਹਿੱਸਾ ਸੀ।"

"ਜਿਨ੍ਹਾਂ ਔਰਤਾਂ ਨੂੰ ਅਸੀਂ ਮਿਲੇ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, 'ਜਦੋਂ ਮੈਂ ਇੱਕ ਛੋਟੀ ਬੱਚੀ ਸੀ ਤਾਂ ਸਾਡੇ ਪਰਿਵਾਰਾਂ ਨੇ ਸਾਨੂੰ ਆਪਣੇ ਗਲੇ ਵਿੱਚ ਜ਼ਹਿਰ ਦੀ ਇੱਕ ਸ਼ੀਸ਼ੀ ਲਟਕਾਉਣ ਲਈ ਕਿਹਾ ਸੀ। ਇਸ ਲਈ ਜੇ ਕੋਈ ਅਜਿਹਾ ਮੌਕਾ ਆਵੇ ਕਿ ਅਸੀਂ ਪਿੱਛੇ ਰਹਿ ਗਏ ਜਾਂ ਹਮਲਾ ਕੀਤਾ ਗਿਆ ਜਾਂ ਅਗਵਾ ਕੀਤਾ ਗਿਆ ਤਾਂ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਸਕੀਏ।"

"ਇਹ ਬਹੁਤ ਆਮ ਗੱਲ ਸੀ। ਔਰਤਾਂ ਨੂੰ ਇੱਕ ਅਜਿਹੇ ਮੋਹਰੇ ਵਜੋਂ ਵਰਤਿਆ ਜਾਂਦਾ ਸੀ ਜਿਸ ਕੋਲ ਕੋਈ ਬਦਲ ਨਹੀਂ ਸੀ। ਸਿਵਾਏ ਅੱਗੇ ਵਧਣ ਦੇ।"

ਮਿਸ ਮਾਰਵਲਸ

ਤਸਵੀਰ ਸਰੋਤ, disney

ਤਸਵੀਰ ਕੈਪਸ਼ਨ, ਮਾਰਵਲਸ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੂੰ ਇੱਕ ਅਜਿਹੇ ਵਰਤਾਰੇ ਵਜੋਂ ਪੇਸ਼ ਕੀਤਾ ਹੈ ਜੋ ਪਿਛਲੀ ਪੀੜ੍ਹੀ ਨੇ ਹੰਢਾਇਆ ਪਰ ਇਹ ਹੁਣ ਦੀ ਪੀੜ੍ਹੀ ਉੱਪਰ ਵੀ ਅਸਰ ਪਾ ਰਿਹਾ ਹੈ

4. ਵੰਡ ਦੇ ਅਸਰ ਬਾਰੇ ਖੁੱਲ੍ਹੀ ਗੱਲਬਾਤ ਹੁਣ ਹੋਣ ਲੱਗੀ ਹੈ

ਮਾਰਵਲ ਦੇ ਮਿਸ ਮਾਰਵਲ ਪ੍ਰੋਗਰਾਮ ਵਿੱਚ ਪਹਿਲੀ ਵਾਰ ਇੱਕ ਮੁਸਲਮਾਨ ਅੱਲੜ੍ਹ ਕੁੜੀ ਨੂੰ ਸੁਪਰਹੀਰੋ ਵਜੋਂ ਦਿਖਾਇਆ ਗਿਆ ਹੈ। ਉਸ ਨੇ ਵੰਡ ਦੇ ਇਤਿਹਾਸਿਕ ਦੌਰ ਨੂੰ ਸਕਰੀਨ 'ਤੇ ਸਾਕਾਰ ਕਰ ਦਿੱਤਾ ਹੈ।

ਵੰਡ ਦੇ ਦੁਖਾਂਤ ਨੂੰ ਗਿਣਤੀ ਸਰੋਤਿਆਂ ਤੱਕ ਪਹੁੰਚਾਉਣ ਲਈ ਇਸਦੀ ਪ੍ਰਸ਼ੰਸਾ ਕੀਤੀ ਗਈ ਹੈ। ਫਾਤਿਮਾ ਅਸਗਰ ਇਸ ਦੇ ਲੇਖਕਾਂ ਵਿੱਚੋਂ ਇੱਕ ਸਨ।

ਫਾਤਿਮਾ ਅਸਗਰ ਕਹਿੰਦੇ ਹਨ, "ਵੰਡ ਬਾਰੇ ਕੜੀ ਨੂੰ ਤਿਆਰ ਕਰਨ ਦੌਰਾਨ ਅਸੀਂ ਅਸੀਂ ਉਨ੍ਹਾਂ ਸਾਰੇ ਭਾਈਚਾਰਿਆਂ ਲਈ ਇੱਕ ਅਦੁੱਤੀ ਜ਼ਿੰਮੇਵਾਰੀ ਮਹਿਸੂਸ ਕੀਤੀ ਜਿਨ੍ਹਾਂ ਤੋਂ ਅਸੀਂ ਆਉਂਦੇ ਹਾਂ।''

ਇਹ ਜ਼ਿੰਮੇਵਾਰੀ ਸਿਰਫ਼ ਸਾਡੇ ਉਨ੍ਹਾਂ ਲੋਕਾਂ ਬਾਰੇ ਨਹੀਂ ਸੀ ਜੋ ਜ਼ਿੰਦਾ ਹਨ ਸਗੋਂ ਉਨ੍ਹਾਂ ਬਾਰੇ ਵੀ ਸੀ ਜੋ ਵੰਡ ਦੌਰਾਨ ਜ਼ਿੰਦਾ ਨਹੀਂ ਬਚ ਸਕੇ।''

"ਸਾਡੇ ਉੱਪਰ ਇਸ ਦਾ ਇੱਕ ਅਸਰ ਪਿਆ ਹੈ। ਮੈਂ ਪਾਠ-ਪੁਸਤਕਾਂ ਵਿੱਚ ਲਿਖਿਆ ਆਪਣਾ ਇਤਿਹਾਸ ਦੇਖ ਕੇ ਵੀ ਵੱਡੀ ਹੋਈ ਹਾਂ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕੀ ਕਰ ਸਕਦੇ ਹਾਂ, ਕੀ ਚੁੱਪ ਤੋੜਦੇ ਹਾਂ। ਇਹ ਮੇਰੇ ਲਈ ਮਹੱਤਵਪੂਰਨ ਹੈ। ਇਹ ਉਹ ਚੀਜ਼ ਹੈ ਜੋ ਮੈਂ ਅਸਲ ਵਿੱਚ ਦੁਨੀਆਂ ਵਿੱਚ ਦੇਖਣਾ ਚਾਹੁੰਦੀ ਹਾਂ।"

ਔਰਤਾਂ
ਤਸਵੀਰ ਕੈਪਸ਼ਨ, ਅੰਮ੍ਰਿਤ ਖਾਨ ਨੂੰ ਵੰਡ ਦੌਰਾਨ ਆਪਣੇ ਵਡੇਰਿਆਂ ਵੱਲੋਂ ਹੰਢਾਏ ਦੁਖਾਂ ਅਤੇ ਦਿਖਾਈ ਹਿੰਮਤ ਤੋਂ ਇੱਕ ਸ਼ਕਤੀ ਮਿਲਦੀ ਹੈ

5. ਪਰਿਵਾਰਕ ਇਤਿਹਾਸ ਦੱਖਣ-ਏਸ਼ੀਆਈ ਮੁਟਿਆਰਾਂ ਨੂੰ ਬੋਲਣ ਲਈ ਪ੍ਰੇਰਿਤ ਕਰ ਰਿਹਾ ਹੈ

ਅੰਮ੍ਰਿਤ ਖਾਨ ਇੱਕ ਸੰਗੀਤਕਾਰ ਹੈ। ਖਾਨ ਨੇ ਵੰਡ ਸਮੇਂ ਔਰਤਾਂ ਨਾਲ ਜੋ ਕੁਝ ਕੀਤਾ ਗਿਆ ਸੀ ਉਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੰਗੀਤ ਦੀ ਵਰਤੋਂ ਕੀਤੀ ਹੈ। ਆਪਣੇ ਪਰਿਵਾਰਕ ਇਤਿਹਾਸ ਨੂੰ ਜਾਨਣ ਦੌਰਾਨ ਉਨ੍ਹਾਂ ਨੂੰ ਆਪਣੇ ਲਈ ਵੀ ਇੱਕ ਨਵੀਂ ਸ਼ਕਤੀ ਮਿਲੀ ਹੈ।

ਅੰਮ੍ਰਿਤ ਕਹਿੰਦੇ ਹਨ, "ਅਸੀਂ ਪੀੜ੍ਹੀਆਂ ਦੇ ਸਦਮੇ ਬਾਰੇ ਬਹੁਤ ਗੱਲਾਂ ਕਰਦੇ ਹਾਂ।"

"ਅਸੀਂ ਆਪਣੀਆਂ ਪੀੜ੍ਹੀਆਂ ਦੀਆਂ ਪੀੜਾਂ ਬਾਰੇ ਗੱਲਾਂ ਕਰਦੇ ਹਾਂ। ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਗਾਉਂਦੀ ਹਾਂ ਅਤੇ ਜਦੋਂ ਮੈਂ ਕੰਪੋਜ਼ ਕਰਦੀ ਹਾਂ ਤਾਂ ਮੈਂ ਪੀੜ੍ਹੀਆਂ ਦੀ ਸ਼ਕਤੀ, ਲਚਕੀਲੇਪਣ ਅਤੇ ਧੀਰਜ ਤੋਂ ਪ੍ਰੇਰਨਾ ਲੈਂਦੀ ਹਾਂ।"

1947 ਦੀ ਵੰਡ

ਤਸਵੀਰ ਸਰੋਤ, sourced by Ravinder Singh Robin

ਤਸਵੀਰ ਕੈਪਸ਼ਨ, ਮਾਹਰਾਂ ਨੂੰ ਲਗਦਾ ਹੈ ਕਿ ਜੇ ਵੰਡ ਦੇ ਮੌਖਿਕ ਇਤਿਹਾਸ ਨੂੰ ਸਾਂਭਿਆ ਨਾ ਗਿਆ ਤਾਂ ਇਹ ਉਸ ਪੀੜ੍ਹੀ ਦੇ ਨਾਲ ਹੀ ਖਤਮ ਹੋ ਜਾਵੇਗਾ ਅਤੇ ਕਈ ਕਹਾਣੀਆਂ ਅਣਕਹੀਆਂ ਰਹਿ ਜਾਣਗੀਆਂ

6. ਵੰਡ ਦੌਰਾਨ ਬਹੁਤ ਕੁਝ ਵਾਪਰਿਆ ਜੋ ਅਸੀਂ ਨਹੀਂ ਜਾਣਦੇ

ਫਾਤਿਮਾ ਅਸਗਰ ਕਹਿੰਦੇ ਹਨ,"ਬਹੁਤ ਸਾਰੇ ਲੋਕ ਖਾਸ ਤੌਰ 'ਤੇ ਨੌਜਵਾਨ ਜਿਨ੍ਹਾਂ ਨੇ ਵੰਡ ਬਾਰੇ ਕਦੇ ਆਪਣੇ ਪਰਿਵਾਰਾਂ ਨੂੰ ਨਹੀਂ ਪੁੱਛਿਆ ਸੀ, ਉਹ ਆਪਣੇ ਦਾਦਾ-ਦਾਦੀ ਕੋਲ ਜਾ ਕੇ ਉਨ੍ਹਾਂ ਨੂੰ ਪੁੱਛਦੇ ਹਨ ਕਿ ਸਾਡੇ ਪਰਿਵਾਰ ਦੀ ਕੀ ਕਹਾਣੀ ਹੈ।"

ਸਾਊਥ ਏਸ਼ੀਅਨ ਹੈਰੀਟੇਜ ਦੀ ਸਹਿ-ਸੰਸਥਾਪਕ ਡਾ. ਬਿਨੀਤਾ ਕੇਨ ਕਹਿੰਦੇ ਹਨ, "ਉਹ ਪੀੜ੍ਹੀ ਇੱਥੇ ਜ਼ਿਆਦਾ ਦੇਰ ਤੱਕ ਨਹੀਂ ਰਹੇਗੀ।"

"ਇਹ ਸਾਨੂੰ ਸਾਂਭਣਾ ਪਵੇਗਾ। ਅਸੀਂ ਬੱਚਿਆਂ ਨੂੰ ਦੱਸਣਾ ਹੈ ਕਿ ਉਹ ਇਸ ਦੇਸ਼ ਵਿੱਚ ਕਿਉਂ ਹਨ। ਨਹੀਂ ਤਾਂ ਡਰ ਹੈ ਕਿ ਅਸੀਂ ਇਸ ਇਤਿਹਾਸ ਨੂੰ ਗੁਆ ਦੇਵਾਂਗੇ।"

ਮਾਈ ਲੰਡਨ ਦੀ ਰੇਸ ਅਤੇ ਡਾਇਵਰਸਿਟੀ ਦੇ ਸੰਪਾਦਕ ਉਂਜ਼ੇਲਾ ਖ਼ਾਨ ਕਹਿੰਦੇ ਹਨ, "ਜਦੋਂ ਤੁਸੀਂ ਯੂਕੇ ਵਿੱਚ ਪੈਦਾ ਹੁੰਦੇ ਹੋ ਤਾਂ ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਣੇ ਵੱਲ ਖਿੱਚਦੀਆਂ ਹਨ। ਤੁਹਾਡੇ ਆਲੇ-ਦੁਆਲੇ 1947 ਦੀ ਵੰਡ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਹੈ। ਭਾਵੇਂ ਇਹ ਬ੍ਰਿਟਿਸ਼ ਇਤਿਹਾਸ ਦਾ ਹਿੱਸਾ ਹੈ।"

"ਫਿਰ ਵੀ ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ ਤਾਂ ਮੈਨੂੰ ਲੱਗਿਆ ਕਿ ਮੈਨੂੰ ਆਪਣੇ ਪਰਿਵਾਰ ਦੀ ਵੰਡ ਦੀ ਕਹਾਣੀ ਜਾਨਣ ਦੀ ਲੋੜ ਸੀ ਕਿਉਂਕਿ ਮੈਂ ਇਹ ਦੱਸਣ ਅਤੇ ਸੁਣਨ ਦੀ ਹੱਕਦਾਰ ਹਾਂ।"

ਬੀਬੀਸੀ ਰੇਡੀਓ 4 ਦਾ ਵੂਮੈਨਜ਼ ਆਵਰ ਪ੍ਰੋਗਰਾਮ ਦੀ 1947 ਦੀ ਭਾਰਤ ਪਾਕਿਸਤਾਨ ਵੰਡ ਬਾਰੇ ਵਿਸ਼ੇਸ਼ ਕੜੀ ਇੱਥੇ ਸੁਣ ਸਕਦੇ ਹੋ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ
Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)