You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG: 'ਪਹਿਲਾਂ ਬਾਰਿਸ਼ ਦੀ ਦੁਆ ਮੰਗਦੇ ਹੁੰਦੇ ਸਾਂ, ਪਰ ਹੁਣ ਜੇ ਬਾਰਿਸ਼ ਹੋਵੇ ਤਾਂ ਦਿਲ ਕੰਬ ਜਾਂਦਾ ਹੈ'
- ਲੇਖਕ, ਮੁਹੰਮਦ ਹਨੀਫ
- ਰੋਲ, ਬੀਬੀਸੀ ਪੱਤਰਕਾਰ
ਕੁਝ ਸਾਲ ਪਹਿਲਾਂ ਤੱਕ ਪਾਕਿਸਤਾਨ ਦੇ ਮੌਸਮ ਵਿਭਾਗ ਦਾ ਇੱਕ ਕਰੈਕਟਰ ਹੁੰਦਾ ਸੀ। ਉਸ ਦਾ ਨਾਮ ਵੀ ਮੁਹੰਮਦ ਹਨੀਫ ਹੁੰਦਾ ਸੀ। ਜਦੋਂ ਵੀ ਬਹੁਤੀ ਗਰਮੀ ਪੈਣੀ ਜਾਂ ਸਮੁੰਦਰੀ ਤੂਫਾਨ ਨੇ ਕਰਾਚੀ ਵੱਲ ਤੁਰਨਾ ਤਾਂ ਮੇਰਾ ਫੋਨ ਖੜਕਨਾ ਸ਼ੁਰੂ ਹੋ ਜਾਂਦਾ ਸੀ।
ਟੀਵੀ ਵਾਲਿਆਂ ਨੇ ਫੋਨ ਕਰਨਾ ਤੇ ਪੁੱਛਣਾ ਕਿ 'ਹਨੀਫ਼ ਸਾਹਿਬ ਆਪ ਮੌਸਮ ਕੇ ਹਾਲ ਕਾ ਤਬਸਰੇ ਕਰਦੇਂ।' ਪਰ ਮੈਂ ਹੱਸ ਕੇ ਉਹਨਾਂ ਨੂੰ ਸਮਝਾ ਦੇਣਾ ਕਿ ਮੈਂ ਉਹ ਮੁਹੰਮਦ ਹਨੀਫ਼ ਨਹੀਂ। ਮੇਰੇ ਕੋਲੋਂ ਤਾਂ ਆਪਣੇ ਅੰਦਰ ਦੇ ਮੌਸਮਾਂ ਦੇ ਹਾਲ ਦਾ ਤਬਸਰਾ ਨਹੀਂ ਹੁੰਦਾ। ਤੁਸੀਂ ਡਰਾਇਕੈਟਰ ਸਾਹਿਬ ਨੂੰ ਫੋਨ ਕਰੋ।
ਪਰ ਦਿਲ ਬੜਾ ਕਰਦਾ ਸੀ ਕਿ ਉਹਨਾਂ ਨੂੰ ਆਪਣੇ ਬਚਪਨ ਦੀ ਕਹਾਣੀ ਸੁਣਾਵਾ। ਚੱਲੋਂ ਤੁਹਾਨੂੰ ਸੁਣਾ ਦਿੰਦੇ ਹਾਂ।
ਬਚਪਨ 'ਚ ਮੀਂਹ ਦਾ ਗੀਤ
ਪਿੰਡ ਵਿੱਚ ਛੋਟੇ ਹੁੰਦਿਆਂ ਮੈਂ ਆਪ ਤੁਰਦਾ ਫਿਰਦਾ ਮਹਿਕਮਾ ਮੌਸਮੇਆਤ ਹੁੰਦਾ ਸੀ। ਸਾਉਣ ਦਾ ਮਹੀਨਾ ਹੋਣਾ, ਸਖਤ ਗਰਮੀ, ਬੱਦਲ ਦਾ ਕਿਤੇ ਨਾ ਨਾਂ ਅਤੇ ਨਾਂ ਛਾਂ। ਅਸੀਂ ਚਾਰ ਮੁੰਡੇ ਇਕੱਠੇ ਹੋ ਕੇ ਇੱਕ ਮੁੰਡੇ ਦੇ ਮੂੰਹ 'ਤੇ ਕੋਲੇ ਨਾਲ ਲਖੀਰਾਂ ਫੇਰਕੇ ਘਰੋਂ ਘਰ ਮੀਂਹ ਮੰਗਣ ਤੁਰਦੇ। ਇੱਕ ਛੋਟਾਂ ਜਿਹਾ ਗੀਤ ਕਿਤੋਂ ਸੁਣਿਆ ਸੀ, ਉਹ ਵੀ ਨਾਲੋਂ ਨਾਲ ਗਾਉਂਦੇ ਜਾਣਾ।
"ਕਾਲੇ ਢੋਡੇ ਰਾਮੂ ਕਾਲਾ, ਕਾਲਾ ਢੋਡਾ ਮੀਂਹ ਮੰਗਦਾ।" ਕਿਸੇ ਘਰ ਆਲਿਆਂ ਨੇ ਦਾਣੇ ਦੇਣੇ, ਕਿਸੇ ਨੇ ਸ਼ਹੀਨੀ।
ਅਸੀਂ ਬਚਪਨ ਵਿੱਚ ਸ਼ਰਾਰਤਾਂ ਕਰਕੇ ਕੁੱਟਾਂ ਬਹੁਤ ਖਾਧੀਆਂ ਨੇ, ਪਰ ਮੀਂਹ ਮੰਗਣ ਵਾਲੀ ਖੇਡ 'ਤੇ ਸਾਡੇ ਵੱਡਿਆਂ ਨੇ ਦੁਆ ਹੀ ਦੇਣੀ। ਵੀ ਚੱਲੋ ਸ਼ਾਇਦ ਰੱਬ ਤੁਹਾਡੀ ਬੱਚਿਆਂ ਦੀ ਹੀ ਸੁਣ ਲਵੇ।
ਅਸੀਂ ਤਾਂ ਉਹਨਾਂ ਜ਼ਮਾਨਿਆਂ ਵਿੱਚ ਪਸ਼ੂਆਂ ਨੂੰ ਵੀ ਅਸਮਾਨ ਵੱਲ ਮੂੰਹ ਕਰਕੇ ਬੱਦਲ ਲੱਭਦੇ ਦੇਖਿਆ ਹੈ।
ਪਤਾ ਨਹੀਂ ਸਾਡੀ ਸੁਣੀ ਜਾਣੀ ਜਾਂ ਪਸ਼ੂਆਂ ਦੀ। ਬੱਦਲ ਆਉਣੇ, ਬਿਜਲੀ ਕੜਕਣੀ ਅਤੇ ਧਰਤੀ ਠੰਡੀ ਠਾਰ ਹੋ ਜਾਣੀ। ਅਸੀਂ ਵੀ ਮੀਂਹ ਵਿੱਚ ਨਹਾ ਕੇ ਮਸਤ ਹੋ ਜਾਣਾ ਅਤੇ ਨਾਲ ਸਾਡੀਆਂ ਮੱਝਾਂ ਗਾਵਾਂ ਨੇ ਵੀ।
ਦਰਿਆਵਾਂ ਦੇ ਰਸਤਿਆਂ 'ਤੇ ਅਬਾਦੀਆਂ
ਫਿਰ ਅਸੀਂ ਵੱਡੇ ਹੋ ਕੇ ਸ਼ਹਿਰਾਂ ਵਿੱਚ ਆ ਗਏ, ਪੱਕੇ ਮਕਾਨਾਂ ਵਿੱਚ ਰਹਿਣ ਲੱਗ ਪਏ, ਗੱਡੀਆਂ ਆ ਗਈਆਂ ਅਤੇ ਗਰਾਜ ਬਣ ਗਏ।
ਹੁਣ ਬੱਦਲ ਦੂਰੋਂ ਦੇਖ ਕੇ ਸਾਡਾ ਤਰਾਹ ਨਿੱਕਲ ਜਾਂਦਾ ਹੈ। ਪਹਿਲਾਂ ਬਾਰਿਸ਼ ਦੀ ਦੁਆ ਮੰਗਦੇ ਹੁੰਦੇ ਸਾਂ ਪਰ ਹੁਣ ਦਿਲੋਂ ਅਵਾਜ ਨਿੱਕਲਦੀ ਹੈ ਕਿ ਰੱਬਾ ਸਾਨੂੰ ਇਸ ਬਾਰਿਸ਼ ਤੋਂ ਬਚਾਅ।
ਜੇ ਬਾਰਿਸ਼ ਹੋਵੇ ਤਾਂ ਦਿਲ ਕੰਬ ਜਾਂਦਾ ਹੈ ਕਿ ਪਤਾ ਨਹੀਂ ਕਿੱਥੇ-ਕਿੱਥੇ ਹੜ ਆਵੇਗਾ। ਕਿੰਨੇ ਬੱਚੇ ਗਟਰਾਂ ਅਤੇ ਨਾਲਿਆਂ ਵਿੱਚ ਡੁੱਬ ਜਾਣਗੇ। ਬਿਜਲੀ ਜਾਵੇਗੀ ਤੇ ਪਤਾਂ ਨਹੀਂ ਕਦੋ ਆਵੇਗੀ। ਜੇ ਆ ਗਈ ਤਾਂ ਪਤਾ ਨਹੀਂ ਉਸ ਦੇ ਕਰੰਟ ਦੇ ਝਟਕੇ ਨਾਲ ਕਿੰਨੇ ਮਰਨਗੇ।
ਅਸੀਂ ਆਪਣੀ ਧਰਤੀ ਨੂੰ ਪੰਜਾਬ ਆਖਦੇ ਹਾਂ। ਪਰ ਬਹੁਤ ਸਾਰੇ ਲੋਕ ਐਸੇ ਨੇ ਜਿੰਨ੍ਹਾਂ ਨੇ ਸਾਡੇ ਵੱਡੇ ਦਰਿਆ ਸਤਲੁਜ ਅਤੇ ਚੇਨਾਵ ਜ਼ਿੰਦਗੀ ਵਿੱਚ ਕਦੇ ਦੇਖੇ ਹੀ ਨਹੀਂ। ਅਸੀਂ ਸੁਕਾ ਛੱਡੇ ਨੇ।
ਇਹਨਾਂ ਦਰਿਆਵਾਂ ਦਾ ਨਾਂ ਉਦੋਂ ਸੁਣੀਦਾ ਜਦੋਂ ਬਾਰਿਸ਼ ਜ਼ਿਆਦਾ ਹੋਵੇ ਅਤੇ ਕਹਿਰ ਖੁਦਾ ਦਾ ਲੈ ਕੇ ਸਾਡੇ ਮੋਏ ਦਰਿਆ ਅਜਾਬ ਬਣ ਜਾਂਦੇ ਨੇ।
ਸੁਕੇ ਦਰਿਆ ਜਦੋਂ ਹੜ ਨਾਲ ਜੋਅ ਪੈਂਦੇ ਨੇ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਉਹਨਾਂ ਦੇ ਰਸਤਿਆਂ 'ਤੇ ਅਬਾਦੀਆਂ ਬਣਾ ਛੱਡੀਆਂ ਨੇ, ਕਲੋਨੀਆਂ ਕੱਟ ਛੱਡੀਆ ਨੇ।
ਇਹ ਦਰਿਆਂ ਅਤੇ ਨਾਲੇ ਆਪਣੀ ਪੁਰਾਣੀ ਰਾਹ ਸੁੰਘਦੇ ਨੇ। ਉਹ ਫਿਰ ਤੁਰੇ ਆਉਂਦੇ ਨੇ। ਨਾ ਰਸਤੇ ਵਿੱਚ ਕਿਸੇ ਦਾ ਕੱਚਾ ਘਰ ਬਚਦਾ ਹੈ ਨਾ ਕਿਸੇ ਦੀ ਪੱਕੀ ਕੋਠੀ।
ਇਹ ਵੀ ਪੜ੍ਹੋ:
ਕਰਾਚੀ ਵਿੱਚ ਮੇਰਾ ਆਪਣਾ ਘਰ ਉਸ ਇਲਾਕੇ ਵਿੱਚ ਹੈ ਜਿੱਥੇ 70 ਫ਼ੀਸਦੀ ਤੱਕ ਸਮੁੰਦਰ ਹੁੰਦਾ ਸੀ। ਸੁਣਿਆ ਸਾਡਾ ਕਰਾਚੀ ਵਾਲਾ ਸਮੁੰਦਰ ਸਬਰ ਆਲਾ, ਦੁਸ਼ਮਣੀਆਂ ਨਹੀਂ ਪਾਲਦਾ।
ਪਰ ਜੇ ਸਮੁੰਦਰ ਨੂੰ ਜਾਣ ਵਾਲੇ ਸਾਰੇ ਨਾਲੇ ਬੰਦ ਕਰਕੇ ਉੱਥੇ ਫਲੈਟ ਅਤੇ ਸ਼ਾਪਿੰਗ ਪਲਾਜੇ ਬਣਾ ਦਿਓਗੇ ਤਾਂ ਸ਼ਹਿਰ ਦੀਆਂ ਗਲੀਆਂ ਆਪ ਹੀ ਸਮੁੰਦਰ ਬਣ ਜਾਣਗੀਆਂ।
ਕਰਾਚੀ ਜਿੱਥੇ ਪਾਣੀ ਵੀ ਦਾਰੂ ਦੇ ਭਾਅ ਮਿਲਦੈ ਉੱਥੇ ਵੀ ਲੋਕ ਅਸਮਾਨਾ ਵੱਲ ਹੱਥ ਜੋੜ ਕੇ ਕਹਿੰਦੇ ਨੇ ਕਿ ਕਾਲੇ ਬੱਦਲੋ ਕਿਤੇ ਹੋਰ ਜੇ ਕੇ ਬਰਸੋ। ਅਸੀਂ ਏਥੇ ਸੁੱਕੇ ਹੀ ਠੀਕ ਹਾਂ।
ਅਸੀਂ ਆਪਣੀ ਧਰਤੀ ਅਤੇ ਦਰਿਆਂ ਨਾਲ ਇਹੋ ਜਿਹਾ ਧਰੋ ਕੀਤਾ ਕਿ ਜਿਹੜੇ ਛੋਟੇ ਹੁੰਦੇ ਬਾਰਿਸ਼ ਦੀਆਂ ਦੁਆਵਾਂ ਮੰਗਦੇ ਸਨ ਉਹ ਹੁਣ ਮੀਆਂ ਮਹੁੰਮਦ ਬਕਸ਼ ਦੀ ਇਹ ਗੱਲ ਵੀ ਯਾਦ ਕਰਦੇ ਡਰਦੇ ਨੇ, "ਰਹਿਮਤ ਦਾ ਮੀਂਹ ਪਾ ਖੁਦਾਇਆ ਤੇ ਬਾਗ ਸੁੱਕਾ ਕਰ ਹਰਿਆ, ਬੂਟਾ ਆਸ ਉਮੀਦ ਮੇਰੀ ਦਾ ਕਰਦੇ ਹਰਿਆ ਭਰਿਆ।
ਜਿਉਂਦੇ ਰਹੋ, ਰੱਬ ਰਾਖਾ।
ਇਹ ਵੀ ਪੜ੍ਹੋ: