ਦੱਖਣੀ ਅਫਰੀਕਾ ਦੇ ਇੱਕ ਬਾਰ 'ਚ ਹਮਲਾਵਰਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 15 ਦੀ ਮੌਤ

ਦੱਖਣੀ ਅਫਰੀਕਾ ਦੇ ਜੋਹਾਨਿਸਬਰਗ ਦੇ ਨੇੜੇ ਸਵੇਟੋ ਸ਼ਹਿਰ ਦੇ ਇੱਕ ਬਾਰ ਵਿੱਚ ਫਾਇਰਿੰਗ ਹੋਈ ਹੈ ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ।

ਬੀਬੀਸੀ ਦੀ ਨੋਮਸਾ ਮਾਸੇਕੋ ਦੀ ਰਿਪੋਰਟ ਅਨੁਸਾਰ ਕਈ ਹੋਰ ਲੋਕ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹਨ। ਪੀੜਤਾਂ ਦੀ ਉਮਰ 19 ਤੋਂ 35 ਸਾਲ ਵਿਚਾਲੇ ਦੱਸੀ ਜਾ ਰਹੀ ਹੈ।

ਪੁਲਿਸ ਨੇ ਕਿਹਾ ਹੈ ਕਿ ਜੋਹਾਨਿਸਬਰਗ ਦੇ ਨੇੜੇ ਸਵੇਟੋ ਵਿੱਚ ਕਈ ਬੰਦੂਕਧਾਰੀਆਂ ਨੇ ਬਾਰ ਵਿੱਚ ਵੜ ਕੇ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਕਈ ਹਮਲਾਵਰ ਬੰਦੂਕ ਲੈ ਕੇ ਸਵੇਟੋ ਦੇ ਓਰਲੈਂਡੋ ਈਸਟ ਵਿੱਚ ਸਥਿਤ ਬਾਰ ਵਿੱਚ ਵੜ ਗਏ ਅਤੇ ਅੰਨ੍ਹੇਵਾਹ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੰਦੂਕਧਾਰੀ ਜਦੋਂ ਬਾਰ ਵਿੱਚ ਦਾਖ਼ਲ ਹੋਏ ਤਾਂ ਉਹ ਰਾਈਫਲਾਂ ਅਤੇ 9 ਐੱਮਐੱਮ ਪਿਸਤੌਲਾਂ ਨਾਲ ਲੈਸ ਸਨ।

ਹਮਲਾਵਰ ਅਜੇ ਪੁਲਿਸ ਤੋਂ ਗ੍ਰਿਫਤ ਤੋਂ ਬਾਹਰ ਹਨ। ਹਮਲੇ ਤੋਂ ਬਾਅਦ ਉਹ ਮਿੰਨੀ ਬੱਸ ਵਿੱਚ ਭੱਜ ਗਏ। ਫਿਲਹਾਲ ਹਮਲੇ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਹੈ।

ਇਹ ਬਾਰ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਘਰ ਤੋਂ ਜਿਆਦਾ ਦੂਰ ਨਹੀਂ ਹੈ। ਇਹ ਘਰ ਹੁਣ ਇੱਕ ਮਿਊਜੀਅਮ ਬਣ ਚੁੱਕਿਆ ਹੈ।

ਦੱਖਣੀ ਅਫ਼ਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਇਸ ਦੀਆਂ ਤਾਰਾਂ ਗੈਂਗ ਜਾਂ ਨਸ਼ੇ ਨਾਲ ਜੋੜੀਆਂ ਜਾਂਦੀਆਂ ਸਨ।

ਪਰ ਇਸ ਵਾਰ ਮਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਪੂਰਬ ਲੰਡਨ ਸ਼ਹਿਰ ਵਿੱਚ ਇੱਕ ਵਾਰ ਵਿੱਚ 21 ਲੋਕਾਂ ਨੂੰ ਗੈਸ ਜਾਂ ਜ਼ਹਿਰ ਨਾਲ ਮਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)