ਬ੍ਰਿਟੇਨ: ਕਿਵੇਂ ਹੋਵੇਗੀ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਦੀ ਚੋਣ ਤੇ ਕੌਣ ਲੈ ਸਕਦਾ ਹੈ ਬੋਰਿਸ ਜੌਨਸਨ ਦੀ ਥਾਂ

ਬੋਰਿਸ ਜੌਨਸਨ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਬੋਰਿਸ ਨੇ ਕੰਜ਼ਰਵੇਟਿਵ ਪਾਰਟੀ ਆਗੂ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਪਰ ਨਵੇਂ ਆਗੂ ਦੇ ਚੁਣੇ ਜਾਣ ਤੱਕ ਉਹ ਆਪਣੇ ਅਹੁਦੇ 'ਤੇ ਬਣੇ ਰਹਿਣਗੇ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦੇ ਦਿੱਤਾ ਹੈ।

ਪਿਛਲੇ ਕਈ ਮਹੀਨਿਆਂ ਦੌਰਾਨ ਉਹ ਵਿਵਾਦਾਂ ਵਿੱਚ ਘਿਰਦੇ ਨਜ਼ਰ ਆਏ, ਜਿਸ ਵਿੱਚ ਲੌਕਡਾਊਨ ਲਈ ਬਣਾਏ ਆਪਣੇ ਹੀ ਕਾਨੂੰਨ ਤੋੜਨੇ ਸ਼ਾਮਲ ਹਨ।

ਤਾਜ਼ਾ ਬਗਾਵਤ ਦਾ ਕਾਰਨ ਸਾਬਕਾ ਡਿਪਟੀ ਚੀਫ਼ ਵ੍ਹਿਪ ਕ੍ਰਿਸ ਪਿੰਚਰ ਖਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਉੱਤੇ ਪ੍ਰਧਾਨ ਮੰਤਰੀ ਵਲੋਂ ਸਹੀ ਤਰੀਕੇ ਨਾਲ ਕਾਰਵਾਈ ਨਾ ਕਰਨਾ ਹੈ।

ਲੰਘੇ ਦੋ ਦਿਨਾਂ ਵਿੱਚ 50 ਤੋਂ ਵੱਧ ਮੰਤਰੀਆਂ ਅਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਆਪਣੇ ਸਮੂਹਿਕ ਅਸਤੀਫ਼ੇ ਦੇ ਕੇ ਬੋਰਿਸ ਜੌਨਸਨ ਦੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਕਰ ਦਿੱਤੀ।

ਹੁਣ ਬੋਰਿਸ ਨੇ ਅਸਤੀਫ਼ਾ ਦੇ ਦਿੱਤਾ ਹੈ ਪਰ ਨਵੇਂ ਆਗੂ ਦੇ ਚੁਣੇ ਜਾਣ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ।

ਬੋਰਿਸ ਜੌਨਸਨ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਕੰਜ਼ਰਵੇਟਿਵ ਪਾਰਟੀ ਦਾ ਆਗੂ ਆਪਣਾ ਅਹੁਦਾ ਛੱਡਣ ਦਾ ਫੈਸਲਾ ਕਰਦਾ ਹੈ, ਪਾਰਟੀ ਆਪਣੇ ਨਵੇਂ ਆਗੂ ਦੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੰਦੀ ਹੈ

ਨਵੇਂ ਕੰਜ਼ਰਵੇਟਿਵ ਆਗੂ ਅਤੇ ਪ੍ਰਧਾਨ ਮੰਤਰੀ 'ਤੇ ਫੈਸਲੇ ਲਈ ਦੇਸ਼ 'ਚ ਲੀਡਰਸ਼ਿਪ ਲਈ ਚੋਣਾਂ ਹੋਣਗੀਆਂ।

ਇਸ ਦੇ ਉਮੀਦਵਾਰਾਂ ਨੂੰ ਟੋਰੀ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ ਅਤੇ ਦੋ ਉਮੀਦਵਾਰ ਹੀ ਅਖੀਰ ਤੱਕ ਜਾਣਗੇ, ਜਿੱਥੇ ਸਾਰੇ ਕੰਜ਼ਰਵੇਟਿਵ ਮੈਂਬਰਾਂ ਦੀਆਂ ਵੋਟਾਂ ਨਾਲ ਜੇਤੂ ਦਾ ਫੈਸਲਾ ਕੀਤਾ ਜਾਵੇਗਾ।

ਕੌਣ ਹੋ ਸਕਦੇ ਹਨ ਤੱਕੜੇ ਉਮੀਦਵਾਰ?

ਦੱਸ ਦਈਏ ਕਿ ਅਜੇ ਤੱਕ ਜ਼ਿਆਦਾਤਰ ਸੰਸਦ ਮੈਂਬਰਾਂ ਅਤੇ ਮੰਤਰੀਆਂ ਨੇ ਇਹ ਨਹੀਂ ਕਿਹਾ ਹੈ ਕਿ ਉਹ ਟੋਰੀ ਆਗੂ ਜਾਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ, ਪਰ ਫਿਰ ਵੀ ਇਨ੍ਹਾਂ ਕੁਝ ਮੈਂਬਰਾਂ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।

ਹੋ ਸਕਦਾ ਹੈ ਕੁਝ ਹੋਰ ਮੈਂਬਰ ਵੀ ਦਾਅਵੇਦਾਰੀ ਲਈ ਅੱਗੇ ਆਉਣ।

ਇਹ ਵੀ ਪੜ੍ਹੋ:

ਆਓ ਜਾਣਦੇ ਹਾਂ ਉਨ੍ਹਾਂ ਬਾਰੇ ਜੋ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਦੌੜ ਵਿੱਚ ਤਕੜੇ ਉਮੀਦਵਾਰ ਬਣ ਸਕਦੇ ਹਨ:

ਰਿਸ਼ੀ ਸੁਨਕ

ਸਰਕਾਰੀ ਖਜ਼ਾਨੇ ਦੇ ਸਾਬਕਾ ਚਾਂਸਲਰ

  • ਉਨ੍ਹਾਂ ਨੂੰ ਪਹਿਲਾਂ ਵੀ ਬੋਰਿਸ ਜੌਨਸਨ ਦੀ ਥਾਂ, ਕੰਜ਼ਰਵੇਟਿਵ ਆਗੂ ਦੇ ਰੂਪ ਵਿੱਚ ਇੱਕ ਪਸੰਦੀਦਾ ਉਮੀਦਵਾਰ ਵਜੋਂ ਦੇਖਿਆ ਜਾ ਚੁੱਕਿਆ ਹੈ
  • ਪਤਨੀ ਦੇ ਟੈਕਸ ਮਾਮਲਿਆਂ ਸਬੰਧੀ ਵਿਵਾਦ ਅਤੇ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਕੀਤੇ ਜਾਣ ਕਾਰਨ ਸਾਖ ਵੀ ਖਰਾਬ ਹੋਈ
  • 2015 ਵਿੱਚ ਰਿਚਮੰਡ ਦੇ ਉੱਤਰੀ ਯੌਰਕਸ਼ਾਇਰ ਹਲਕੇ ਦੇ ਐੱਮਪੀ ਬਣੇ
  • ਪੰਜ ਸਾਲ ਤੋਂ ਵੀ ਘੱਟ ਸਮੇਂ ਬਾਅਦ, 2020 ਵਿੱਚ ਸਰਕਾਰੀ ਖ਼ਜ਼ਾਨੇ ਦੇ ਚਾਂਸਲਰ ਬਣੇ
  • ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਹਨ ਅਤੇ ਆਰਥਿਕਤਾ ਨੂੰ ਚੱਲਦਾ ਰੱਖਣ ਲਈ ਵੱਡੇ ਖਰਚੇ ਕਰ ਰਹੇ ਹਨ
  • ਮੰਤਰੀ ਅਤੇ ਦੋਸਤ ਸਾਜਿਦ ਜਾਵੇਦ ਨਾਲ ਮੰਤਰੀ ਮੰਡਲ ਛੱਡਣ ਵਾਲੇ ਪਹਿਲੇ ਵਿਅਕਤੀਆਂ 'ਚੋਂ ਇੱਕ, ਜਿਸ ਤੋਂ ਬਾਅਦ ਹੋਰ ਬਹੁਤ ਸਾਰੇ ਅਸਤੀਫ਼ੇ ਡਿੱਗੇ
ਰਿਸ਼ੀ ਸੁਨਕ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਰਿਸ਼ੀ, ਬੋਰਿਸ ਜੌਨਸਨ ਦੀ ਕੈਬਨਿਟ ਛੱਡਣ ਵਾਲੇ ਪਹਿਲੇ ਮੰਤਰੀਆਂ 'ਚ ਸ਼ਾਮਲ ਹਨ

ਲਿਜ਼ ਟਰੂਸ

ਵਿਦੇਸ਼ ਸਕੱਤਰ

  • ਵਿਦੇਸ਼ ਦਫ਼ਤਰ ਦੀ ਅਗਵਾਈ ਕਰਨ ਵਾਲੀ ਦੂਜੀ ਮਹਿਲਾ, ਈਰਾਨ ਤੋਂ ਨਾਜ਼ਨੀਨ ਜ਼ਘਾਰੀ-ਰੈਟਕਲਿਫ ਦੀ ਰਿਹਾਈ ਕਰਵਾਉਣ ਦਾ ਸਿਹਰਾ ਇਨ੍ਹਾਂ ਦੇ ਸਿਰ ਜਾਂਦਾ ਹੈ
  • ਅੰਤਰਰਾਸ਼ਟਰੀ ਵਪਾਰ ਸਕੱਤਰ ਦੇ ਤੌਰ 'ਤੇ ਪੋਸਟ-ਬ੍ਰੈਕਸਿਟ (ਬ੍ਰੈਕਸਿਟ ਤੋਂ ਬਾਅਦ) ਵਪਾਰਕ ਸਮਝੌਤਿਆਂ 'ਤੇ ਅਹਿਮ ਗਲਬਾਤ ਕਰਨ ਸਮੇਤ ਕਈ ਕੈਬਨਿਟ ਅਹੁਦਿਆਂ 'ਤੇ ਕੰਮ ਕੀਤਾ
  • ਪਹਿਲੀ ਵਾਰ 2010 ਵਿੱਚ ਦੱਖਣੀ ਪੱਛਮੀ ਨਾਰਫੋਕ ਤੋਂ ਐੱਮਪੀ ਵਜੋਂ ਚੁਣੇ ਗਏ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਿੱਚ ਕਾਫ਼ੀ ਪ੍ਰਸਿੱਧ ਹਨ
  • 2015 ਵਿੱਚ ਕੰਜ਼ਰਵੇਟਿਵ ਕਾਨਫਰੰਸ ਵਿੱਚ ਯੂਕੇ ਦੇ ਪਨੀਰ ਦਰਾਮਦਗੀ (ਆਯਾਤ) 'ਤੇ ਭਾਸ਼ਣ ਦੇਣ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਸੀ
  • ਚਾਂਸਲਰ ਅਤੇ ਸਿਹਤ ਸਕੱਤਰ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਛੇਤੀ ਹੀ ਬੋਰਿਸ ਜੌਨਸਨ ਦੇ ਸਮਰਥਨ ਦਾ ਐਲਾਨ ਕੀਤਾ

ਸਾਜਿਦ ਜਾਵੇਦ

ਸਾਬਕਾ ਸਿਹਤ ਸਕੱਤਰ

  • ਰੋਚਡੇਲ ਵਿੱਚ, ਪਾਕਿਸਤਾਨੀ ਪਰਵਾਸੀ ਪਰਿਵਾਰ ਵਿੱਚ ਜਨਮ ਹੋਇਆ
  • ਕੁਝ ਸਮਾਂ ਸ਼ਹਿਰ 'ਚ ਨੌਕਰੀ ਤੋਂ ਬਾਅਦ, 2010 ਵਿੱਚ ਬਰੋਮਸਗਰੋਵ ਤੋਂ ਐੱਮਪੀ ਬਣੇ
  • 2019 ਵਿੱਚ ਲੀਡਰਸ਼ਿਪ ਲਈ ਅੱਗੇ ਆਏ, ਅੰਤਮ ਚਾਰ ਉਮੀਦਵਾਰਾਂ 'ਚ ਥਾਂ ਬਣਾਈ ਅਤੇ ਫਿਰ ਬੋਰਿਸ ਜੌਨਸਨ ਦਾ ਸਮਰਥਨ ਕਰਦੇ ਹੋਏ ਚੋਣ ਦੀ ਦੌੜ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ
  • ਉਸ ਦੇ ਸਮਰਥਨ ਨੂੰ ਚਾਂਸਲਰ ਦੀ ਭੂਮਿਕਾ ਨਾਲ ਨਵਾਜ਼ਿਆ ਗਿਆ ਸੀ, ਪਰ ਉਨ੍ਹਾਂ ਨੇ ਛੇ ਮਹੀਨਿਆਂ ਬਾਅਦ ਅਸਤੀਫਾ ਦੇ ਦਿੱਤਾ
  • ਫਿਰ 2021 ਵਿੱਚ ਸਿਹਤ ਸਕੱਤਰ ਵਜੋਂ ਵਾਪਸੀ ਕੀਤੀ ਅਤੇ ਹਾਲ ਹੀ 'ਚ ਇਹ ਕਹਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਕਿ ਉਹ ਬੋਰਿਸ ਜੌਨਸਨ ਦੀ ਅਗਵਾਈ ਵਿੱਚ ਵਿਸ਼ਵਾਸ ਗੁਆ ਚੁੱਕੇ ਹਨ
ਸਾਜਿਦ ਜਾਵੇਦ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸਜਿਦ ਵੀ ਰਿਸ਼ੀ ਸੁਨਕ ਦੇ ਨਾਲ ਅਸਤੀਫ਼ਾ ਦੇਣ ਵਾਲੇ ਪਹਿਲੇ ਮੰਤਰੀਆਂ 'ਚੋਂ ਹਨ

ਨਧੀਮ ਜ਼ਹਾਵੀ

ਸਰਕਾਰੀ ਖ਼ਜ਼ਾਨੇ ਦੇ ਨਵੇਂ ਚਾਂਸਲਰ

  • ਇਰਾਕ ਵਿੱਚ ਜਨਮੇ ਜ਼ਹਾਵੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਆਪਣਾ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਕੀਤਾ ਗਿਆ ਸੀ ਜਦੋਂ ਸੱਦਾਮ ਹੁਸੈਨ ਸੱਤਾ ਵਿੱਚ ਆਇਆ ਸੀ
  • ਉਨ੍ਹਾਂ ਨੇ ਟੇਲੀਟਬੀਜ਼ (ਇੱਕ ਕਾਰਟੂਨ) ਨਾਲ ਜੁੜੀਆਂ ਚੀਜ਼ਾਂ ਵੇਚਣ ਵਾਲੀ ਇੱਕ ਫਰਮ ਸਥਾਪਤ ਕੀਤੀ ਅਤੇ ਪੋਲਿੰਗ ਕੰਪਨੀ YouGov ਦੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਉਹ 2010 ਵਿੱਚ ਸਟ੍ਰੈਟਫੋਰਡ-ਆਨ-ਏਵਨ ਤੋਂ ਐੱਮਪੀ ਬਣੇ
  • ਮਹਾਂਮਾਰੀ ਦੌਰਾਨ ਵੈਕਸੀਨ ਮੰਤਰੀ ਵਜੋਂ ਆਪਣੀ ਸਾਖ ਨੂੰ ਮਜ਼ਬੂਤ ਕੀਤਾ, ਜਿਸਦੇ ਲਈ ਉਨ੍ਹਾਂ ਨੂੰ ਤਰੱਕੀ ਦੇ ਕੇ ਸਿੱਖਿਆ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ
  • ਹੁਣ ਸਰਕਾਰੀ ਖਜ਼ਾਨੇ ਦੇ ਚਾਂਸਲਰ ਬਣਾਏ ਗਏ

ਜੇਰੇਮੀ ਹੰਟ

ਸੰਸਦ ਮੈਂਬਰ

  • ਇੱਕ ਐਡਮਿਰਲ ਦੇ ਪੁੱਤਰ, ਜਿਨ੍ਹਾਂ ਨੇ ਹਾਟਕੋਰਸ ਸਥਾਪਤ ਕਰਕੇ ਆਪ ਆਪਣੀ ਕਿਸਮਤ ਬਣਾਈ। ਹਾਟਕੋਰਸ ਇੱਕ ਵੈਬਸਾਈਟ ਹੈ ਜੋ ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਨਾਲ ਜੋੜਦੀ ਹੈ
  • 2005 ਵਿੱਚ ਸਾਉਥ ਵੈਸਟ ਸਰੀ ਤੋਂ ਐਮਪੀ ਵਜੋਂ ਕਾਮਨਜ਼ ਵਿੱਚ ਦਾਖਲ ਹੋਏ
  • 2010 ਵਿੱਚ ਸੱਭਿਆਚਾਰ ਸਕੱਤਰ ਵਜੋਂ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਸਿਹਤ ਅਤੇ ਵਿਦੇਸ਼ ਸਕੱਤਰ ਵਜੋਂ ਵੀ ਕੰਮ ਕੀਤਾ
  • 2019 ਦੇ ਲੀਡਰਸ਼ਿਪ ਮੁਕਾਬਲੇ ਵਿੱਚ ਬੋਰਿਸ ਜੌਨਸਨ ਤੋਂ ਬਾਅਦ ਦੂਜੇ ਨੰਬਰ 'ਤੇ ਆਏ
  • ਕਾਮਨਜ਼ ਹੈਲਥ ਕਮੇਟੀ ਦੇ ਪ੍ਰਧਾਨ ਵਜੋਂ ਮਹਾਂਮਾਰੀ ਦੌਰਾਨ ਸਰਕਾਰੀ ਨੀਤੀ ਦੀ ਜਾਂਚ ਕੀਤੀ
ਵੀਡੀਓ ਕੈਪਸ਼ਨ, ਬੌਰਿਸ ਜੌਨਸਨ ਦਾ ਕੰਜ਼ਰਵੇਟਿਵ ਆਗੂ ਵਜੋਂ ਅਸਤੀਫ਼ਾ : ਸਕੈਂਡਲ ਜੋ ਬਣਿਆ ਸਿਆਸੀ ਪਤਨ ਦਾ ਕਾਰਨ

ਸੁਏਲਾ ਬਰਾਵਰਮੈਨ

ਅਟਾਰਨੀ ਜਨਰਲ

  • ਥੇਰੇਸਾ ਮੇਅ ਦੇ ਅਧੀਨ ਯੂਰਪੀਅਨ ਯੂਨੀਅਨ ਛੱਡਣ ਦੇ ਵਿਭਾਗ ਵਿੱਚ ਮੰਤਰੀ ਬਣੇ ਪਰ ਮੇਅ ਦੇ ਯੂਰਪੀਅਨ ਯੂਨੀਅਨ ਤੋਂ ਹਟਣ ਦੇ ਸੌਦੇ ਕਾਰਨ ਅਸਤੀਫਾ ਦੇ ਦਿੱਤਾ
  • ਸਾਬਕਾ ਬੈਰਿਸਟਰ ਸੁਏਲਾ ਨੇ 2020 ਵਿੱਚ ਅਟਾਰਨੀ ਜਨਰਲ ਵਜੋਂ ਜੇਫਰੀ ਕੌਕਸ ਦੀ ਥਾਂ ਲਈ ਅਤੇ ਉਸ ਭੂਮਿਕਾ ਵਿੱਚ ਰਹੇ
  • 2015 ਤੋਂ ਹੈਂਪਸ਼ਾਇਰ ਵਿੱਚ ਫਰੇਹਮ ਤੋਂ ਐੱਮਪੀ ਵਜੋਂ ਕੰਮ ਕੀਤਾ
  • ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਟੋਰੀ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣਗੇ ਅਤੇ ਕਿਹਾ ਹੈ ਕਿ ਉਨ੍ਹਾਂ ਲਈ "ਇਹ ਸਭ ਤੋਂ ਵੱਡਾ ਸਨਮਾਨ ਹੋਵੇਗਾ"
  • ਅਸਤੀਫ਼ਿਆਂ ਦੀ ਝੜੀ ਲੱਗਣ ਤੋਂ ਬਾਅਦ ਉਨ੍ਹਾਂ ਨੇ ਬੋਰਿਸ ਜੌਨਸਨ ਨੂੰ ਅਸਤੀਫਾ ਦੇਣ ਲਈ ਕਿਹਾ
ਸੁਏਲਾ ਬਰਾਵਰਮੈਨ

ਤਸਵੀਰ ਸਰੋਤ, FUTURE PUBLISHING/GETTY IMAGES

ਤਸਵੀਰ ਕੈਪਸ਼ਨ, ਸੁਏਲਾ ਬਰਾਵਰਮੈਨ ਨੇ ਕਿਹਾ ਹੈ ਕਿ ਉਹ ਲੀਡਰਸ਼ਿਪ ਦੀ ਇਸ ਦੌੜ 'ਚ ਸ਼ਾਮਲ ਹੋਣਗੇ

ਪੈਨੀ ਮੋਰਡੌਂਟ

ਮਿਨਿਸਟਰ ਆਫ਼ ਸਟੇਟ

  • 2019 ਵਿੱਚ ਯੂਕੇ ਦੀ ਪਹਿਲੀ ਮਹਿਲਾ ਰੱਖਿਆ ਸਕੱਤਰ ਬਣ ਕੇ ਇਤਿਹਾਸ ਰਚਿਆ
  • ਉਹ ਪਹਿਲਾਂ ਹੀ ਡੇਵਿਡ ਕੈਮਰੂਨ ਅਧੀਨ ਹਥਿਆਰਬੰਦ ਸੈਨਾ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ
  • ਉਹ ਸਾਬਕਾ ਜਾਦੂਗਰ ਦੀ ਸਹਾਇਕ ਅਤੇ ਕੰਜ਼ਰਵੇਟਿਵ ਪਾਰਟੀ ਦੇ ਯੂਥ ਵਿੰਗ ਦੀ ਮੁਖੀ ਹੈ
  • ਆਈਟੀਵੀ ਦੇ ਸੇਲਿਬ੍ਰਿਟੀ ਡਾਈਵਿੰਗ ਸ਼ੋਅ 'ਸਪਲੈਸ਼' 'ਤੇ ਆਉਣ ਕਾਰਨ ਮਸ਼ਹੂਰ!
  • ਜਿਸ ਸਮੇਂ ਵਿਲੀਅਮ ਹੇਗ ਪਾਰਟੀ ਆਗੂ ਰਹੇ, ਉਸ ਵੇਲੇ ਉਹ ਪ੍ਰੈਸ ਅਫਸਰ ਵੀ ਰਹੇ
  • 2010 ਵਿੱਚ ਪੋਰਟਸਮਾਊਥ ਨਾਰਥ ਤੋਂ ਐੱਮਪੀ ਬਣੇ

ਬੇਨ ਵਾਲੇਸ

ਰੱਖਿਆ ਸਕੱਤਰ

  • 2019 ਵਿੱਚ ਕੈਬਨਿਟ ਅਹੁਦੇ ਨਾਲ ਨਿਵਾਜ਼ੇ ਜਾਣ ਤੋਂ ਪਹਿਲਾਂ, 2017 ਵਿੱਚ ਬੋਰਿਸ ਜੌਨਸਨ ਦੀ ਅਸਫਲ ਲੀਡਰਸ਼ਿਪ ਮੁਹਿੰਮ ਦੀ ਅਗਵਾਈ ਕੀਤੀ
  • ਜਰਮਨੀ, ਸਾਈਪ੍ਰਸ, ਬੇਲੀਜ਼ ਅਤੇ ਉੱਤਰੀ ਆਇਰਲੈਂਡ ਵਿੱਚ ਫੌਜ ਵਿੱਚ ਸੇਵਾ ਨਿਭਾਈ, ਜਿੱਥੇ ਉਨ੍ਹਾਂ ਨੇ ਇੱਕ ਆਈਆਰਏ (IRA) ਬੰਬ ਹਮਲੇ ਨੂੰ ਅਸਫਲ ਕਰਨ ਵਿੱਚ ਮਦਦ ਕੀਤੀ
  • ਪੈਰਿਸ ਤੋਂ ਰਾਜਕੁਮਾਰੀ ਡਾਇਨਾ ਦੀ ਲਾਸ਼ ਨੂੰ ਬਰਾਮਦ ਕਰਨ ਵਿੱਚ ਸ਼ਾਮਲ ਮੁੱਖ ਫੌਜੀ ਕਰਮਚਾਰੀਆਂ ਵਿੱਚੋਂ ਇੱਕ
  • ਫਿਰ 2005 ਵਿੱਚ ਵਾਇਰ ਅਤੇ ਪ੍ਰੈਸਟਨ ਨੌਰਥ ਲਈ (ਪਹਿਲਾਂ ਲੈਂਕੈਸਟਰ ਅਤੇ ਵਾਇਰ ਲਈ) ਐੱਮਪੀ ਬਣੇ
  • ਆਖਿਆ ਜਾਂਦਾ ਹੈ ਕਿ ਸਕਾਟਸ ਗਾਰਡਜ਼ ਵਿੱਚ, ਉਨ੍ਹਾਂ ਨੇ ਅਫਸਰਾਂ ਦੀ ਮੇਸ ਦੇ ਬਾਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਿੱਲ ਦੇਣ ਦਾ ਰਿਕਾਰਡ ਤੋੜਿਆ ਹੈ
ਵੀਡੀਓ ਕੈਪਸ਼ਨ, ਬੋਰਿਸ ਜੌਨਸਨ ਦਾ ਕੀ ਹੈ ਲੇਖਕ ਖੁਸ਼ਵੰਤ ਸਿੰਘ ਦੇ ਪਰਿਵਾਰ ਨਾਲ ਕਨੈਕਸ਼ਨ?

ਟੌਮ ਟੁਗੇਂਧਟ

ਸੰਸਦ ਮੈਂਬਰ

  • ਇੱਕ ਸਾਬਕਾ ਟੈਰੀਟੋਰੀਅਲ ਆਰਮੀ ਅਫਸਰ ਜਿਨ੍ਹਾਂ ਨੇ ਇਰਾਕ ਅਤੇ ਅਫਗਾਨਿਸਤਾਨ ਵਿੱਚ ਸੇਵਾ ਨਿਭਾਈ
  • ਉਨ੍ਹਾਂ ਬਾਰੇ ਸਾਲਾਂ ਤੋਂ ਗੱਲ ਹੁੰਦੀ ਰਹੀ ਹੈ ਕਿ ਉਹ ਭਵਿੱਖ ਦੇ ਇੱਕ ਸੰਭਾਵੀ ਕੰਜ਼ਰਵੇਟਿਵ ਆਗੂ ਹੋ ਸਕਦੇ ਹਨ
  • ਜਨਵਰੀ 2020 ਤੋਂ ਕਾਮਨਜ਼ ਵਿਦੇਸ਼ੀ ਮਾਮਲਿਆਂ ਦੀ ਚੋਣ ਕਮੇਟੀ ਦੇ ਚੇਅਰਮੈਨ
  • 2015 ਵਿੱਚ ਕੈਂਟ 'ਚ ਟਨਬ੍ਰਿਜ ਹਲਕੇ ਲਈ ਐੱਮਪੀ ਬਣੇ
  • ਲੋਕਪ੍ਰਿਅਤਾ ਦੀ ਬਜਾਏ ਵਿਹਾਰਕਤਾ ਨੂੰ ਤਰਜੀਹ ਦਿੰਦੇ ਹਨ
  • ਪਿਛਲੇ ਸਾਲ, ਪੱਛਮੀ ਬਲਾਂ ਦੇ ਅਫਗਾਨਿਸਤਾਨ ਤੋਂ ਹਟਣ 'ਤੇ ਸਾਬਕਾ ਸੈਨਿਕਾਂ ਦੁਆਰਾ ਮਹਿਸੂਸ ਕੀਤੇ ਗਏ ਸੋਗ ਅਤੇ ਗੁੱਸੇ ਬਾਰੇ ਸੰਸਦ 'ਚ ਬੋਲੇ

ਸਟੀਵ ਬੇਕਰ

ਸੰਸਦ ਮੈਂਬਰ

  • ਰਾਇਲ ਏਅਰ ਫੋਰਸ ਵਿੱਚ ਇੰਜੀਨੀਅਰਿੰਗ ਅਫਸਰ ਵਜੋਂ 10 ਸਾਲ ਸੇਵਾ ਨਿਭਾਈ ਅਤੇ ਫਿਰ 2010 ਵਿੱਚ ਵਾਈਕੌਂਬੇ ਲਈ ਕੰਜ਼ਰਵੇਟਿਵ ਐੱਮਪੀ ਵਜੋਂ ਚੁਣੇ ਗਏ।
  • 2015 ਦੀਆਂ ਆਮ ਚੋਣਾਂ ਤੋਂ ਬਾਅਦ, ਉਨ੍ਹਾਂ ਨੇ ਬ੍ਰਿਟੇਨ ਲਈ ਕੰਜ਼ਰਵੇਟਿਵਜ਼ ਦੀ ਸਹਿ-ਸਥਾਪਨਾ ਕੀਤੀ। ਇਹ 50 ਟੋਰੀ ਸੰਸਦ ਮੈਂਬਰਾਂ ਦਾ ਇੱਕ ਸਮੂਹ ਹੈ ਜਿਸ ਨੇ ਡੇਵਿਡ ਕੈਮਰੂਨ 'ਤੇ ਦਬਾਅ ਪਾਇਆ ਕਿ ਉਹ ਯੂਰਪੀਅਨ ਯੂਨੀਅਨ ਦੀ ਯੂਕੇ ਦੀ ਮੈਂਬਰਸ਼ਿਪ ਲਈ ਮੁੜ ਗੱਲਬਾਤ ਕਰਨ
  • ਯੂਰੋਸੈਪਟਿਕ ਯੂਰਪੀਅਨ ਰਿਸਰਚ ਗਰੁੱਪ ਦੇ ਇੱਕ ਮੈਂਬਰ ਜੋ ਬਾਅਦ ਵਿੱਚ ਥੇਰੇਸਾ ਮੇਅ ਦੇ ਬ੍ਰੈਕਸਿਟ ਸੌਦੇ ਵਿਰੁੱਧ ਵੀ ਲੜੇ
  • ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਸਾਥੀਆਂ ਨੇ ਉਨ੍ਹਾਂ ਨੂੰ ਲੀਡਰਸ਼ਿਪ ਲਈ ਅੱਗੇ ਆਉਣ ਦੀ ਬੇਨਤੀ ਕੀਤੀ ਹੈ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪ੍ਰੀਤੀ ਪਟੇਲ

ਗ੍ਰਹਿ ਸਕੱਤਰ

  • ਕੰਜ਼ਰਵੇਟਿਵ ਪਾਰਟੀ ਲਈ ਜਨ ਸੰਪਰਕ ਅਧਿਕਾਰੀ ਵਜੋਂ ਕਈ ਸਾਲ ਕੰਮ ਕੀਤਾ
  • ਤੰਬਾਕੂ ਅਤੇ ਸ਼ਰਾਬ ਉਦਯੋਗਾਂ ਲਈ ਲਾਬਿੰਗ ਕਰਨ ਤੋਂ ਬਾਅਦ 2010 ਵਿੱਚ ਐਸੈਕਸ ਵਿੱਚ ਵਿਥਮ ਦੀ ਸੀਟ ਲਈ ਚੁਣੀ ਗਈ
  • ਥੈਰੇਸਾ ਮੇਅ ਦੀ ਅੰਤਰਰਾਸ਼ਟਰੀ ਵਿਕਾਸ ਸਕੱਤਰ ਵਜੋਂ ਸੈਨਵ ਨਿਭਾਈ ਪਰ ਇਜ਼ਰਾਈਲੀ ਸਿਆਸਤਦਾਨਾਂ ਨਾਲ ਅਣਅਧਿਕਾਰਤ ਬੈਠਕਾਂ ਕਾਰਨ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ
  • ਇੱਕ ਵਾਰ ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਬੋਰਿਸ ਜੌਨਸਨ ਹੀ ਇੱਕ ਅਜਿਹੇ ਵਿਅਕਤੀ ਸਨ ਜੋ ਬ੍ਰੈਕਸਿਟ ਅਤੇ ਟੋਰੀਜ਼ ਨੂੰ ਬਚਾ ਸਕਦੇ ਸਨ
  • ਪ੍ਰੀਤੀ ਨੂੰ ਜੌਨਸਨ ਦੀ ਪਹਿਲੀ ਕੈਬਨਿਟ ਵਿੱਚ ਗ੍ਰਹਿ ਸਕੱਤਰ ਦੇ ਅਹੁਦੇ ਨਾਲ ਨਵਾਜ਼ਿਆ ਗਿਆ
ਪ੍ਰੀਤਿ ਪਟੇਲ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪ੍ਰੀਤੀ ਪਟੇਲ ਨੇ ਕੰਜ਼ਰਵੇਟਿਵ ਪਾਰਟੀ ਲਈ ਜਨ ਸੰਪਰਕ ਅਧਿਕਾਰੀ ਵਜੋਂ ਕਈ ਸਾਲ ਕੰਮ ਕੀਤਾ ਹੈ

ਗ੍ਰਾਂਟ ਸ਼ੈਪਸ

ਆਵਾਜਾਈ ਸਕੱਤਰ

  • ਡੇਵਿਡ ਕੈਮਰੂਨ ਅਤੇ ਬੋਰਿਸ ਜੌਨਸਨ ਦੇ ਸ਼ਾਸਨ ਅਧੀਨ ਮੰਤਰੀ ਅਹੁਦੇ 'ਤੇ ਰਹੇ
  • 2012 ਵਿੱਚ ਕੰਜ਼ਰਵੇਟਿਵ ਪਾਰਟੀ ਦੇ ਸਹਿ-ਚੇਅਰਮੈਨ ਨਿਯੁਕਤ ਕੀਤੇ ਗਏ ਅਤੇ 2015 ਤੱਕ ਇਸ ਅਹੁਦੇ 'ਤੇ ਰਹੇ
  • ਧੱਕੇਸ਼ਾਹੀ ਦੇ ਦੋਸ਼ਾਂ 'ਤੇ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਦੇ ਦਾਅਵਿਆਂ ਵਿਚਕਾਰ 2015 ਵਿੱਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ
  • 2019 ਵਿੱਚ ਬੋਰਿਸ ਜੌਨਸਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਟਰਾਂਸਪੋਰਟ ਸਕੱਤਰ ਨਿਯੁਕਤ ਕੀਤੇ ਗਏ
  • ਮਨਚੈਸਟਰ ਪੌਲੀਟੈਕਨਿਕ ਵਿੱਚ ਵਪਾਰ ਅਤੇ ਫਾਇਨਾਂਸ ਦੀ ਪੜ੍ਹਾਈ ਕੀਤੀ ਅਤੇ 2005 ਵਿੱਚ ਵੈਲਵਿਨ ਹੈਟਫੀਲਡ ਤੋਂ ਐੱਮਪੀ ਬਣਨ ਤੋਂ ਪਹਿਲਾਂ ਕੈਂਸਰ ਦਾ ਇਲਾਜ ਕਰਵਾਇਆ

ਟੋਰੀ ਪਾਰਟੀ ਦੇ ਮੈਂਬਰਾਂ ਵਿਚਕਾਰ ਰੱਖਿਆ ਸਕੱਤਰ ਬੇਨ ਵੈਲੇਸ ਵਧੇਰੇ ਪਸੰਦੀਦਾ ਜਾਪਦੇ ਹਨ ਜੋ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਥਾਂ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਸਕਦੇ ਹਨ।

ਕੰਜ਼ਰਵੇਟਿਵ ਪਾਰਟੀ ਦੇ 716 ਮੈਂਬਰਾਂ ਦੇ ਇੱਕ ਯੂਗੋਵ (YouGov) ਪੋਲ ਨੇ ਬੈਨ ਵੈਲੇਸ ਨੂੰ ਸਭ ਤੋਂ ਉੱਪਰ ਰੱਖਿਆ ਹੈ, ਜਿਨ੍ਹਾਂ ਤੋਂ ਬਾਅਦ ਪੈਨੀ ਮੋਰਡੌਂਟ ਅਤੇ ਫਿਰ ਤੀਜੇ ਨੰਬਰ 'ਤੇ ਰਿਸ਼ੀ ਸੁਨਕ ਆ ਰਹੇ ਹਨ।

ਬੈਨ ਵੈਲੇਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਨ ਵੈਲੇਸ ਨੂੰ 2019 ਵਿੱਚ ਕੈਬਨਿਟ ਅਹੁਦੇ ਨਾਲ ਨਵਾਜ਼ਿਆ ਗਿਆ ਸੀ

ਕੰਜ਼ਰਵੇਟਿਵ ਆਪਣਾ ਨਵਾਂ ਆਗੂ ਕਿਵੇਂ ਚੁਣਦੇ ਹਨ?

ਜਿਵੇਂ ਹੀ ਕੰਜ਼ਰਵੇਟਿਵ ਪਾਰਟੀ ਦਾ ਆਗੂ ਆਪਣਾ ਅਹੁਦਾ ਛੱਡਣ ਦਾ ਫੈਸਲਾ ਕਰਦਾ ਹੈ, ਪਾਰਟੀ ਆਪਣੇ ਨਵੇਂ ਆਗੂ ਦੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੰਦੀ ਹੈ।

ਮੌਜੂਦਾ ਨਿਯਮਾਂ ਤਹਿਤ, ਇਸ ਅਹੁਦੇ ਦੇ ਉਮੀਦਵਾਰਾਂ ਕੋਲ 8 ਪਾਰਟੀ ਮੈਂਬਰਾਂ ਦਾ ਸਮਰਥਨ ਹੋਣਾ ਲਾਜ਼ਮੀ ਹੈ।

ਜੇਕਰ ਦੋ ਤੋਂ ਵੱਧ ਉਮੀਦਵਾਰ ਹੁੰਦੇ ਹਨ ਤਾਂ ਟੋਰੀ ਸੰਸਦ ਮੈਂਬਰ ਉਦੋਂ ਤੱਕ ਵੋਟਾਂ ਪਵਾਉਂਦੇ ਹਨ ਜਦੋਂ ਤੱਕ ਸਿਰਫ਼ ਦੋ ਹੀ ਉਮੀਦਵਾਰ ਨਹੀਂ ਰਹਿ ਜਾਂਦੇ।

  • ਪਹਿਲੇ ਪੜਾਅ ਵਿੱਚ, ਆਗੂ ਚੁਣੇ ਜਾਣ ਦੀ ਦੌੜ 'ਚ ਬਣੇ ਰਹਿਣ ਲਈ ਉਮੀਦਵਾਰ ਨੂੰ 5 ਫੀਸਦ ਵੋਟਾਂ ਦੀ ਲੋੜ ਹੁੰਦੀ ਹੈ (ਵਰਤਮਾਨ ਵਿੱਚ 18 ਸੰਸਦ ਮੈਂਬਰ)
  • ਦੂਜੇ ਪੜਾਅ 'ਚ ਉਨ੍ਹਾਂ ਨੂੰ 10 ਫੀਸਦ ਵੋਟਾਂ ਚਾਹੀਦੀਆਂ ਹੁੰਦੀਆਂ ਹਨ (ਵਰਤਮਾਨ ਵਿੱਚ 36 ਐੱਮਪੀ)
  • ਫਿਰ ਅਗਲੇ ਪੜਾਵਾਂ ਵਿੱਚ ਸਭ ਤੋਂ ਘੱਟ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਬਾਹਰ ਹੁੰਦਾ ਜਾਂਦਾ ਹੈ

ਫਿਰ ਅੰਤ ਵਿੱਚ ਜਦੋਂ ਸਿਰਫ਼ 2 ਉਮੀਦਵਾਰ ਬਾਕੀ ਰਹਿ ਜਾਂਦੇ ਹਨ ਤਾਂ ਜੇਤੂ ਦੀ ਚੋਣ ਕਰਨ ਲਈ ਦੇਸ਼ ਭਰ 'ਚੋਂ ਕੰਜ਼ਰਵੇਟਿਵ ਪਾਰਟੀ ਦੇ ਸਾਰੇ ਮੈਂਬਰ ਮਤਦਾਨ ਕਰਦੇ ਹਨ।

ਬੈਕਬੈਂਚ ਟੋਰੀ ਸੰਸਦ ਮੈਂਬਰਾਂ ਦੀ 1922 ਦੀ ਕਮੇਟੀ ਦੁਆਰਾ, ਹਰੇਕ (ਮਤਦਾਨ) ਮੁਕਾਬਲੇ ਲਈ ਸਮਾਂ-ਸੀਮਾ ਤੈਅ ਕੀਤੀ ਜਾਂਦੀ ਹੈ ਅਤੇ ਕਮੇਟੀ ਮੁਕਾਬਲਾ ਹੋਣ ਤੋਂ ਪਹਿਲਾਂ ਨਿਯਮਾਂ 'ਚ ਬਦਲਾਅ ਲਈ ਵੋਟ ਕਰ ਸਕਦੀ ਹੈ।

ਵੀਡੀਓ ਕੈਪਸ਼ਨ, ਬੋਰਿਸ ਜੌਨਸਨ ਦੇ ਅਸਤੀਫੇ ਨੂੰ ਲੈ ਕੇ ਭਾਰਤੀ ਅਤੇ ਪਾਕ ਮੂਲ ਦੇ ਬਰਤਾਨਵੀ ਕੀ ਕਹਿੰਦੇ ਹਨ

ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਿਵੇਂ ਹੁੰਦੀ ਹੈ?

ਜੋ ਕੋਈ ਵੀ ਉਪਰੋਕਤ ਮੁਕਾਬਲੇ ਵਿੱਚ ਜਿੱਤਦਾ ਹੈ, ਉਹ ਪਾਰਟੀ ਆਗੂ ਬਣ ਜਾਂਦਾ ਹੈ।

ਉਸ ਤੋਂ ਬਾਅਦ ਮਹਾਰਾਣੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਕਹਿੰਦੇ ਹਨ।

ਕੀ ਬ੍ਰਿਟੇਨ ਵਿੱਚ ਆਮ ਚੋਣਾਂ ਹੋਣਗੀਆਂ?

ਸ਼ਾਇਦ ਨਹੀਂ।

ਬ੍ਰਿਟੇਨ ਵਿੱਚ ਜਦੋਂ ਕੋਈ ਪ੍ਰਧਾਨ ਮੰਤਰੀ ਅਸਤੀਫ਼ਾ ਦਿੰਦਾ ਹੈ ਤਾਂ ਆਮ ਚੋਣਾਂ ਨਹੀਂ ਹੁੰਦੀਆਂ।

ਹੁਣ ਅਗਲੀਆਂ ਚੋਣਾਂ ਜਨਵਰੀ 2025 'ਚ ਕਰਵਾਈਆਂ ਜਾ ਸਕਦੀਆਂ ਹਨ ਪਰ ਨਵਾਂ ਪ੍ਰਧਾਨ ਮੰਤਰੀ ਚਾਹੇ ਤਾਂ ਉਸ ਤੋਂ ਪਹਿਲਾਂ ਵੀ ਚੋਣਾਂ ਕਰਵਾਉਣ ਦਾ ਫੈਸਲਾ ਲੈ ਸਕਦਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)