ਬ੍ਰਿਟੇਨ: ਪਿਛਲੇ 24 ਘੰਟਿਆਂ ਵਿੱਚ 40 ਮੰਤਰੀਆਂ ਤੇ ਅਧਿਕਾਰੀਆਂ ਨੇ ਦਿੱਤਾ ਅਸਤੀਫਾ

"ਬੱਸ ਬਹੁਤ ਹੋ ਗਿਆ" - ਇਹ ਸਾਜਿਦ ਜਾਵੇਦ ਦੀ ਭਾਵੁਕ ਭਾਸ਼ਣ ਦੌਰਾਨ ਦੂਜੇ ਮੰਤਰੀਆਂ ਲ਼ਈ ਪੁਕਾਰ ਸੀ ਜੋ ਆਪਣੀ ਸਥਿਤੀ 'ਤੇ ਵਿਚਾਰ ਕਰ ਰਹੇ ਹਨ।

ਉਨ੍ਹਾਂ ਕਿਹਾ, "ਕੁਝ ਬੁਨਿਆਦੀ ਤੌਰ 'ਤੇ ਗਲਤ ਹੈ'। ਉਨ੍ਹਾਂ ਦਲੀਲ ਦਿੱਤੀ ਅਤੇ ਕਿਹਾ ਕਿ ਸਮੱਸਿਆ ਸਿਖਰ 'ਤੇ ਪਹੁੰਚ ਚੁੱਕੀ ਹੈ।

ਸਾਜੇਵ ਜਾਵੇਦ ਦੇ ਭਾਸ਼ਣ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉੱਠ ਕੇ ਆਪਣੇ ਚੈਂਬਰ ਵੱਲ ਚਲੇ ਗਏ।

ਇਸ ਮੌਕੇ ਸਪੀਕਰ ਨੇ ਕਿਹਾ ਕਿ ਅੱਜ ਸਦਨ ਵਿਚ ਹੋਰ ਕੋਈ ਨਿੱਜੀ ਭਾਸ਼ਣ ਨਹੀਂ ਹੋਵੇਗਾ, ਬੋਰਿਸ ਜਦੋਂ ਜਾਣ ਲੱਗੇ ਤਾਂ ਕਈ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਕਿਹਾ 'ਅਲਵਿਦਾ ਬੋਰਿਸ'।

ਪਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਹ ਆਪਣੇ ਅਹੁਦੇ ਤੋਂ ਨਹੀਂ ਹਟਣਗੇ। ਪ੍ਰਧਾਨ ਮੰਤਰੀ ਦੇ ਸਵਾਲ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 2019 ਵਿਚ ''ਲੋਕ ਫਤਵਾ'' ਮਿਲਿਆ ਸੀ ਅਤੇ ਉਹ ਪਿੱਛੇ ਨਹੀਂ ਹਟਣਗੇ।

ਪਿਛਲੇ 24 ਘੰਟਿਆਂ ਵਿੱਚ 40 ਮੰਤਰੀਆਂ ਤੇ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ।

21 ਅਸਤੀਫ਼ੇ ਪ੍ਰਧਾਨ ਅਜੇ ਵੀ ਸਵੈ ਭਰੋਸੇ ਵਿਚ

ਬੋਰਿਸ ਜੌਨਸਨ ਸਰਕਾਰ 'ਚੋਂ ਹੁਣ ਤੱਕ 21 ਅਸਤੀਫ਼ੇ ਹੋ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਨੂੰ ਬੈਕਬੈਂਚਰਜ਼ ਦੀ ਹਮਾਇਤ ਦਾ ਅਜੇ ਵੀ ਭਰੋਸਾ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਇੱਕ ਹੋਰ ਮੰਤਰੀ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਹਾਊਸਿੰਗ ਮੰਤਰੀ ਸਟੂਅਰਟ ਐਂਡਰਿਊ ਨੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦੁੱਖ ਨਾਲ ਆਪਣਾ ਅਸਤੀਫ਼ਾ ਦੇ ਰਹੇ ਹਨ।

ਇਸ ਤੋਂ ਪਹਿਲਾਂ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਸਟੂਅਰਟ ਐਂਡਰਿਊ ਨੇ ਕਿਹਾ ਕਿ ਵਫ਼ਾਦਾਰੀ ਅਤੇ ਏਕਤਾ ਉਹ ਵਿਸ਼ੇਸ਼ਤਾਵਾਂ ਹਨ ਜਿੰਨ੍ਹਾਂ ਨੇ ''ਹਾਲ ਹੀ ਵਿੱਚ ਉਹਨਾਂ ਦੇ ਫੈਸਲੇ ਨੂੰ ਰੱਦ ਕਰ ਦਿੱਤਾ।''

''ਕਦੇ ਇਹ ਸਮਾਂ ਆਉਂਦਾ ਹੈ, ਜਦੋਂ ਤੁਹਾਨੂੰ ਨਿੱਜੀ ਇਮਾਨਦਾਰੀ ਦੇਖਣੀ ਪੈਂਦੀ ਹੈ ਅਤੇ ਹੁਣ ਉਹ ਸਮਾਂ ਹੈ।''

ਹੁਣ ਤੱਕ ਦੋ ਕੈਬਨਿਟ ਮੰਤਰੀ, ਸੱਤ ਮੰਤਰੀਆਂ ਸਮੇਤ ਨੌ ਮੰਤਰਾਲਾ ਸਹਾਇਕ ਤੇ ਹੋਰ ਅਧਿਕਾਰੀ ਅਸਤੀਫ਼ਾ ਦੇ ਚੁੱਕੇ ਹਨ। ਅੱਜ ਦੇ ਦਿਨ ਦੀ ਕਾਰਵਾਈ ਤੱਕ ਕੁੱਲ ਅਸਤੀਫ਼ਿਆਂ ਦੀ ਗਿਣਤੀ 21 ਹੋ ਗਈ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਹਾਲੇ ਵੀ ਭਰੋਸਾ ਹੈ ਕਿ ਉਹਨਾਂ ਨੂੰ ਹਾਲੇ ਵੀ ਆਪਣੇ ਬੈਕਬੈਂਚ ਐਮ.ਪੀਜ਼ ਦੀ ਹਮਾਇਤ ਹੈ, ਉਹਨਾਂ ਦੇ ਪ੍ਰੈਸ ਸੈਕਟਰੀ ਨੇ ਦਾਅਵਾ ਕੀਤਾ ਹੈ।

ਪ੍ਰੈਸ ਸੈਕਟਰੀ ਦਾ ਕਹਿਣਾ ਹੈ ਕਿ ਜੇਕਰ ਚੋਣ ਰੱਖੀ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਇੱਕ ਹੋਰ ਭਰੋਸੇ ਦੇ ਵੋਟ ਲਈ ਲੜਨਗੇ । ਉਹਨਾਂ ਕਿਹਾ ਕਿ ਪਿਛਲੇ ''ਮਹੀਨੇ ਦੀ ਵੋਟਿੰਗ ਸਪੱਸ਼ਟ ਅਤੇ ਨਿਰਣਾਇਕ'' ਸੀ।

ਸਾਜਿਦ ਨੇ ਭਾਸ਼ਣ ਦੌਰਾਨ ਕੀ ਕਿਹਾ

ਸਾਜਿਦ ਨੇ ਉਨ੍ਹਾਂ ਮੰਤਰੀਆਂ ਨਾਲ ਵੀ ਹਮਦਰਦੀ ਜਤਾਈ, ਜਿਨ੍ਹਾਂ ਨੂੰ ਝੂਠੀ ਸੂਚਨਾ ਦੇ ਆਧਾਰ 'ਤੇ ਪ੍ਰਧਾਨ ਮੰਤਰੀ ਦਾ ਬਚਾਅ ਕਰਨ ਲਈ ਭੇਜਿਆ ਗਿਆ ਸੀ।

ਸਾਜਿਦ ਦਾ ਕਹਿਣਾ ਸੀ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਹੁਣ ਘੱਟੋ-ਘੱਟ ਕੁਝ ਹੋਰ ਜੂਨੀਅਰ ਮੰਤਰੀ ਉਨ੍ਹਾਂ ਦਾ ਬਚਾਅ ਕਰਦੇ ਹਨ।

ਪਰ ਪ੍ਰਧਾਨ ਮੰਤਰੀ ਨੇ ਕੈਬਨਿਟ ਸਾਥੀਆਂ ਨੂੰ ਵੀ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜੋ ਬੀਤੀ ਰਾਤ ਅਸਤੀਫਾ ਦੇਣ ਵਿੱਚ ਵਿੱਚ ਸ਼ਾਮਲ ਨਹੀਂ ਹੋਏ ।

ਉਨ੍ਹਾਂ ਕਿਹਾ ਕਿ "ਸੰਸਥਾਵਾਂ ਅਤੇ ਅਖੰਡਤਾ" ਨੇ ਸਾਡੇ ਲੋਕਤੰਤਰ ਅਤੇ ਜਨਤਾ ਨੂੰ ਇਮਾਨਦਾਰੀ ਦੀ ਉਮੀਦ ਦਿਖਾਈ ਹੈ।

ਭਾਵੇਂ ਕਿ ਸਿਹਤ ਮੰਤਰਾਲੇ ਦੇ ਕੰਮਾਂ ਦੀ ਤਾਰੀਫ ਕੀਤੀ ਪਰ ਨਾਲ ਹੀ ਕਿਹਾ ਬੋਰਿਸ ਨੂੰ ਸੱਤਾ ਛੱਡਣ ਲਈ ਕਿਹਾ।

ਰਿਸ਼ੀ ਸੁਨਕ ਤੇ ਸਾਜਿਦ ਜਾਵੇਦ ਦਾ ਅਸਤੀਫ਼ਾ

ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਬੋਰਿਸ ਜੌਨਸਨ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਰਿਸ਼ੀ ਸੁਨਕ ਨੇ ਆਪਣਾ ਅਸਤੀਫ਼ਾ ਦੇਣ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਲੋਕਾਂ ਦੀ ਉਮੀਦ ਸੀ ਕਿ ਸਰਕਾਰ "ਸਹੀ ਢੰਗ ਨਾਲ, ਯੋਗਤਾ ਨਾਲ ਅਤੇ ਗੰਭੀਰਤਾ ਨਾਲ" ਚਲਾਈ ਜਾਵੇਗੀ।

ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਇਨ੍ਹਾਂ ਮਾਪਦੰਡਾਂ ਲਈ ਲੜਨਾ ਚਾਹੀਦਾ ਹੈ। ਇਸ ਲਈ ਮੈਂ ਆਪਣਾ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ।''

ਚਾਂਸਲਰ ਸੁਨਕ ਅਤੇ ਸਿਹਤ ਸਕੱਤਰ ਨੇ ਇਹ ਕਹਿੰਦੇ ਹੋਏ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਕਿ ਉਨ੍ਹਾਂ ਨੂੰ ਹੁਣ ਦੇਸ਼ ਦੀ ਅਗਵਾਈ ਕਰਨ ਲਈ ਬੋਰਿਸ ਜੌਨਸਨ 'ਤੇ ਭਰੋਸਾ ਨਹੀਂ ਹੈ।

ਸਿਹਤ ਸਕੱਤਰ ਸਾਜਿਦ ਜਾਵੇਦ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰ ''ਕੌਮੀ ਹਿੱਤ 'ਚ ਕੰਮ ਕਰ ਰਹੀ ਹੈ''।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਸੰਸਦ ਮੈਂਬਰ ਕ੍ਰਿਸ ਪਿਨਚਰ ਨੂੰ ਸਰਕਾਰੀ ਭੂਮਿਕਾ ਲਈ ਨਿਯੁਕਤ ਕਰਨ ਲਈ ਮੁਆਫੀ ਮੰਗਣ ਤੋਂ ਕੁਝ ਮਿੰਟ ਬਾਅਦ ਹੀ ਇਹ ਅਸਤੀਫ਼ੇ ਦਿੱਤੇ ਗਏ ਹਨ।

ਜੌਨਸਨ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਪਿਨਚਰ ਨੂੰ ਡਿਪਟੀ ਚੀਫ਼ ਵ੍ਹਿਪ ਦੀ ਭੂਮਿਕਾ ਵਿੱਚ ਨਿਯੁਕਤ ਕਰ ਕੇ "ਮਾੜੀ ਗਲਤੀ" ਕੀਤੀ ਸੀ, ਜਦਕਿ ਉਨ੍ਹਾਂ ਨੂੰ ਐਮਪੀ 'ਤੇ ਪਹਿਲਾਂ ਲੱਗੇ ਦੋਸ਼ਾਂ ਤੋਂ ਜਾਣੂ ਕਰਵਾਇਆ ਗਿਆ ਸੀ।

ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ, "ਆਖਿਰ ਇਹ ਕਰਨਾ ਗਲਤ ਸੀ। ਮੈਂ ਹਰ ਉਸ ਵਿਅਕਤੀ ਤੋਂ ਮੁਆਫੀ ਮੰਗਦਾ ਹਾਂ ਜੋ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।"

ਇਹ ਵੀ ਪੜ੍ਹੋ:

ਉੱਚ ਸਿੱਖਿਆ ਮੰਤਰੀ ਮਿਸ਼ੇਲ ਡੋਨੇਲਨ ਨੂੰ ਤਰੱਕੀ ਦੇ ਕੇ ਸਿੱਖਿਆ ਸਕੱਤਰ ਬਣਾ ਦਿੱਤਾ ਗਿਆ ਹੈ।

ਹੁਣ, ਸਿੱਖਿਆ ਸਕੱਤਰ ਨਦੀਮ ਜ਼ਹਾਵੀ ਚਾਂਸਲਰ ਦਾ ਅਤੇ ਡਾਊਨਿੰਗ ਸਟ੍ਰੀਟ ਦੇ ਚੀਫ਼ ਆਫ਼ ਸਟਾਫ਼, ਸਟੀਵ ਬਾਰਕਲੇ ਸਿਹਤ ਸਕੱਤਰ ਦਾ ਅਹੁਦਾ ਸੰਭਾਲਣਗੇ।

ਸੁਨਕ ਅਤੇ ਜਾਵੇਦ ਦੇ ਨਾਲ-ਨਾਲ ਕੰਜ਼ਰਵੇਟਿਵ ਪਾਰਟੀ ਦੇ ਬਿਮ ਅਫੋਲਾਮੀ ਨੇ ਲਾਈਵ ਟੀਵੀ 'ਤੇ ਹੀ (ਟੋਰੀ) ਵਾਈਸ-ਚੇਅਰ ਵਜੋਂ ਅਸਤੀਫਾ ਦੇ ਦਿੱਤਾ।

ਇਸੇ ਸਿਲਸਿਲੇ 'ਚ ਐਂਡਰਿਊ ਮੁਰੀਸਨ ਨੇ ਵਪਾਰਕ ਪ੍ਰਤਿਨਿਧੀ ਵਜੋਂ ਅਤੇ ਜੋਨਾਥਨ ਗੁਲਿਸ ਅਤੇ ਸਾਕਿਬ ਭੱਟੀ ਨੇ ਮੰਤਰੀ ਸਹਾਇਕ ਵਜੋਂ ਆਪਣੇ ਅਹੁਦੇ ਛੱਡ ਦਿੱਤੇ ਹਨ।

ਦੋ ਸੀਨੀਅਰ ਕੈਬਨਿਟ ਮੰਤਰੀਆਂ ਦੇ ਅਸਤੀਫ਼ੇ ਨਾਲ ਬੋਰਿਸ ਅੱਗੇ ਨਵੀਂ ਲੀਡਰਸ਼ਿਪ ਦਾ ਸੰਕਟ ਆ ਖੜ੍ਹਾ ਹੋਇਆ ਹੈ।

ਯਾਦ ਰਹੇ ਕਿ ਕਿ ਕੁਝ ਸਮਾਂ ਪਹਿਲਾਂ ਹੀ ਉਹ ਬੇਭਰੋਸਗੀ ਮਤੇ ਵਾਲੀ ਸਥਿਤੀ ਤੋਂ ਬਾਹਰ ਨਿੱਕਲੇ ਹਨ ਅਤੇ 59% ਵੋਟਾਂ ਜਿੱਤਣ ਤੋਂ ਬਾਅਦ, ਪਾਰਟੀ ਨਿਯਮਾਂ ਦੇ ਤਹਿਤ ਜੌਨਸਨ ਨੂੰ ਅਗਲੇ ਸਾਲ ਜੂਨ ਤੱਕ ਕੰਜ਼ਰਵੇਟਿਵ ਲੀਡਰਸ਼ਿਪ ਵੱਲੋਂ ਚੁਣੌਤੀ ਨਹੀਂ ਦਿਤੀ ਜਾ ਸਕਦੀ।

ਅਸਤੀਫ਼ਿਆਂ ਬਾਰੇ ਲੇਬਰ ਨੇਤਾ ਸਰ ਕੀਰ ਸਟਾਰਮਰ ਨੇ ਕਿਹਾ ਕਿ ਉਹ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਸਮਰਥਨ ਕਰਨਗੇ ਅਤੇ ਦੇਸ਼ ਨੂੰ ਸਰਕਾਰ ਬਦਲਣ ਦੀ ਲੋੜ ਹੈ।

ਉਨ੍ਹਾਂ ਕਿਹਾ: "ਸਾਰੇ ਰੌਲ਼ੇ, ਸਾਰੀਆਂ ਅਸਫਲਤਾਵਾਂ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਇਹ ਟੋਰੀ ਸਰਕਾਰ ਹੁਣ ਢਹਿ ਰਹੀ ਹੈ।"

ਲਿਬਰਲ ਡੈਮੋਕਰੇਟਸ ਦੇ ਆਗੂ, ਸਰ ਏਡ ਡੇਵੀ ਨੇ ਪ੍ਰਧਾਨ ਮੰਤਰੀ ਨੂੰ ਜਾਣ ਲਈ ਕਿਹਾ ਅਤੇ ਕਿਹਾ ਕਿ ਉਨ੍ਹਾਂ ਦੀ "ਅਰਾਜਕਤਾ ਵਾਲੀ ਸਰਕਾਰ ਨੇ ਸਾਡੇ ਦੇਸ਼ ਨੂੰ ਅਸਫਲ ਕਰ ਦਿੱਤਾ ਹੈ"।

ਸਕਾਟਿਸ਼ ਫਸਟ ਮਨਿਸਟਰ ਅਤੇ ਐੱਸਐੱਨਪੀ ਨੇਤਾ ਨਿਕੋਲਾ ਸਟਰਜਨ ਨੇ ਮੰਤਰੀਆਂ 'ਤੇ "ਜਨਤਾ ਨੂੰ ਝੂਠ ਬੋਲਣ" ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੌਨਸਨ ਦੀ ਸਰਕਾਰ ਦੇ ਸਾਰੇ ਵਿਗੜੇ ਹੋਏ ਹਿੱਸੇ ਨੂੰ ਹਟ ਜਾਣਾ ਚਾਹੀਦਾ ਹੈ।

ਦੇਸ਼ 'ਚ ਅਗਲੀਆਂ ਆਮ ਚੋਣਾਂ 2024 ਵਿੱਚ ਹੋਣੀਆਂ ਹਨ ਪਰ ਜੇ ਬੋਰਿਸ ਚਾਹੁਣ ਤਾਂ ਆਪਣੀਆਂ ਸ਼ਕਤੀ ਦੀ ਵਰਤੋਂ ਕਰਦੇ ਹੋਏ ਇਹ ਚੌਣਾਂ ਪਹਿਲਾਂ ਵੀ ਕਰਵਾ ਸਕਦੇ ਹਨ।

ਬੋਰਿਸ ਜੌਨਸਨ ਦੀ ਸਰਕਾਰ ਡਿੱਗੇਗੀ ਜਾਂ ਬਚੇਗੀ?

ਬੀਬੀਸੀ ਦੇ ਰਾਜਨੀਤੀ ਪੱਤਰਕਾਰ ਈਐਨ ਵਾਟਸਨ ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਦੇ ਸਹਿਯੋਗੀ ਮੰਨੇ ਜਾਂਦੇ ਸੁਨਕ ਅਤੇ ਜਾਵੇਦ ਨੇ ਹੋਰ ਕੈਬਨਿਟ ਮੰਤਰੀਆਂ ਤੋਂ ਸਮਰਥਨ ਪ੍ਰਾਪਤ ਕਰਨਾ ਚਾਹਿਆ, ਪਰ ਉਹ ਸਫ਼ਲ ਨਹੀਂ ਹੋ ਸਕੇ।

ਪਰ ਬੋਰਿਸ ਜੌਨਸਨ ਦੇ ਕੁਝ ਕੰਜ਼ਰਵੇਟਿਵ ਆਲੋਚਕ, ਜਿਨ੍ਹਾਂ ਵਿੱਚ ਕੁਝ ਮੰਤਰੀ ਵੀ ਸ਼ਾਮਲ ਹਨ, ਉਹ ਮੰਨਦੇ ਹਨ ਕਿ ਪਾਣੀ ਨੱਕ ਤੱਕ ਆ ਚੁੱਕਾ ਹੈ।

ਹੁਣ ਸਵਾਲ ਇਹ ਹੈ ਕਿ ਜੇ ਬੋਰਿਸ ਸਰਕਾਰ ਡਿੱਗਦੀ ਹੈ ਤਾਂ ਇਹ ਕਿਵੇਂ ਹੋਵੇਗਾ?

ਇੱਕ ਸੰਭਾਵਨਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕ ਵੱਡੇ ਅਹੁਦਿਆਂ ਤੋਂ ਅਸਤੀਫ਼ੇ ਦੇਣ।

ਜਦਕਿ ਇਹ ਵੀ ਸੰਭਵ ਹੈ ਕਿ ਕੁਝ ਮੰਤਰੀ ਜਨਤਕ ਤੌਰ 'ਤੇ ਇਮਾਨਦਾਰ ਰਹਿੰਦੇ ਹੋਏ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ 'ਤੇ ਉਨ੍ਹਾਂ ਦੇ ਅਹੁਦੇ ਬਾਰੇ ਮੁੜ ਸੋਚਣ ਲਈ ਕਹਿਣ।

ਜੇਕਰ ਬੋਰਿਸ ਅਜਿਹਾ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਹੋ ਸਕਦਾ ਹੈ ਕਿ ਕੁਝ ਹੋਰ ਲੋਕ ਵੀ ਅਸਤੀਫ਼ੇ ਦੇਣ।

ਬੀਬੀਸੀ ਦੇ ਰਾਜਨੀਤੀ ਪੱਤਰਕਾਰ ਈਐਨ ਵਾਟਸਨ ਮੁਤਾਬਕ, ਇੱਕ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਜੇ ਪ੍ਰਧਾਨ ਮੰਤਰੀ ਗਰਮੀ ਦੀਆਂ ਛੁੱਟੀਆਂ ਤੱਕ ਅਹੁਦੇ 'ਤੇ ਬਣੇ ਰਹਿਣ ਦੀ ਕੋਸ਼ਿਸ਼ ਕਰਨਗੇ ਤਾਂ ਉਹ (ਮੰਤਰੀ) ਨਿੱਕਲ ਜਾਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)