ਅਮਰੀਕਾ ਤੇ ਯੂਰਪ ਜਾਣ ਲਈ ਵਰਤੇ ਜਾਂਦੇ ਸਭ ਤੋਂ ਖ਼ਤਰਨਾਕ ਰਸਤੇ

ਦੱਖਣੀ ਇਟਲੀ ਦੇ ਸਮੁੰਦਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪਰਵਾਸ ਕਰਨ ਜਾ ਰਹੇ ਲੋਕਾਂ ਦੀ ਕਿਸ਼ਤੀ ਡੁੱਬਣ ਨਾਲ ਘੱਟੋ-ਘੱਟ 100 ਜਣਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।

ਅਧਿਕਾਰਤ ਸੂਤਰਾਂ ਮੁਤਾਬਕ 63 ਲਾਸ਼ਾ ਬਰਾਮਦ ਹੋ ਗਈਆਂ ਹਨ, ਜਿਨ੍ਹਾਂ ਵਿੱਚੋਂ 12 ਬੱਚੇ ਵੀ ਸ਼ਾਮਲ ਹਨ।

ਐਤਵਾਰ ਨੂੰ ਕਰੋਟੋਨ ਨੇੜੇ ਬੇੜੇ ਕੰਢੇ ਉੱਤੇ ਲਾਉਣ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰ ਗਿਆ, ਇਸ ਬੇੜੇ ਵਿੱਚ ਕਰੀਬ 200 ਜਣੇ ਸਵਾਰ ਸਨ।

ਬੇੜੇ ਵਿੱਚ ਸਵਾਰ ਲੋਕ ਪਾਕਿਸਤਾਨ, ਅਫ਼ਗਾਨਿਸਤਾਨ, ਤੁਰਕੀ, ਸੋਮਾਲੀਆ, ਸੀਰੀਆ, ਇਰਾਕ ਅਤੇ ਇਰਾਨ ਨਾਲ ਸਬੰਧਤ ਸਨ।

ਇਟਲੀ ਦੇ ਪ੍ਰਧਾਨ ਮੰਤਰੀ ਜੀਓਰਜੀਆ ਮੇਲੋਨੀ ਨੇ ਯੂਪਰੀ ਸੰਸਥਾਵਾਂ ਤੇ ਅਦਾਰਿਆਂ ਨੂੰ ਗੈਰ ਕਾਨੂੰਨੀ ਪਰਵਾਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ।

ਤੱਟ ਰੱਖਿਅਕ ਫੌਜ ਨੇ ਇਸ ਹਾਦਸੇ ਦੌਰਾਨ 80 ਜਣਿਆਂ ਦੇ ਬਚਣ ਦੀ ਵੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਨੂੰ ਕੁਝ ਨੂੰ ਰਾਹਤ ਕਰਮੀਆਂ ਨੇ ਬਚਾਇਆ ਅਤੇ ਕੁਝ ਖੁਦ ਹੀ ਤੈਰ ਕੇ ਕੰਢੇ ਤੱਕ ਪਹੁੰਚ ਗਏ।

ਯੂਰਪ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਚੰਗੇ ਭਵਿੱਖ ਲਈ ਗੈਰ ਕਾਨੂੰਨੀ ਤਰੀਕਿਆਂ ਦਾ ਪਰਵਾਸ ਕੋਈ ਨਵੀਂ ਗੱਲ ਨਹੀਂ ਹੈ ਅਤੇ ਇਸ ਦੌਰਾਨ ਹਾਦਸੇ ਵੀ ਵਾਪਰਦੇ ਹੀ ਰਹਿੰਦੇ ਹਨ।

ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਰਸਤਿਆਂ ਦਾ ਵੇਰਵਾ ਦੇ ਰਹੇ ਹਨ, ਜੋ ਪਰਵਾਸ ਦੇ ਸਭ ਤੋਂ ਖਤਰਨਾਕ ਰਾਹ ਗਿਣੇ ਜਾਂਦੇ ਹਨ।

ਮਾਹਰਾਂ ਨੂੰ ਡਰ ਹੈ ਕਿ ਇਸ ਦੇ ਨਤੀਜੇ ਵਜੋਂ ਪਰਵਾਸ ਦੌਰਾਨ ਹੋਣ ਵਾਲੀਆਂ ਅਜਿਹੀਆਂ ਮੌਤਾਂ ਵਿੱਚ ਵਾਧਾ ਹੋ ਸਕਦਾ ਹੈ।

ਯੂਐੱਨ ਦੀ ਏਜੰਸੀ, ਦਿ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫ਼ਾਰ ਮਾਈਗ੍ਰੇਸ਼ਨ (ਆਈਓਐੱਮ) ਦਾ ਅੰਦਾਜ਼ਾ ਹੈ ਕਿ 2014 ਤੋਂ ਹੁਣ ਤੱਕ ਲਗਭਗ 50,000 ਪਰਵਾਸੀਆਂ ਦੀ ਜਾਂ ਤਾਂ ਮੌਤ ਹੋ ਗਈ ਹੈ ਜਾਂ ਫਿਰ ਉਹ ਅਮਰੀਕਾ ਜਾਂ ਯੂਰਪੀਅਨ ਸੰਘ ਆਦਿ ਥਾਵਾਂ 'ਤੇ ਪਹੁੰਚਣ ਦੇ ਚੱਕਰ ਵਿੱਚ ਗੁਆਚ ਗਏ।

ਵੀਡੀਓ: ਪਤਨੀ ਤੇ 3 ਬੱਚਿਆਂ ਦੀਆਂ ਲਾਸ਼ਾਂ ਦੀ ਉਡੀਕ 'ਚ ਬੇਹਾਲ ਹੁਸੈਨ

ਏਜੰਸੀ ਦਾ ਮੰਨਣਾ ਹੈ ਕਿ ਇਨ੍ਹਾਂ ਗੁੰਮਸ਼ੁਦਾ ਜਾਂ ਜਾਨ ਗਵਾਉਣ ਵਾਲਿਆਂ ਦੀ ਸੰਖਿਆ ਇਸ ਤੋਂ ਜ਼ਿਆਦਾ ਵੀ ਸਕਦੀ ਹੈ।

ਪਰਵਾਸੀਆਂ ਲਈ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਰਸਤੇ ਕਿਹੜੇ ਹਨ ਅਤੇ ਕਿਉਂ?

ਮੱਧ ਭੂਮੱਧ ਸਾਗਰੀ

ਆਈਓਐੱਮ ਦੇ ਅਨੁਸਾਰ, ਪਰਵਾਸ ਦੇ ਪੱਖੋਂ ਇਹ ਦੁਨੀਆ ਦਾ ਸਭ ਤੋਂ ਖ਼ਤਰਨਾਕ ਰਸਤਾ ਹੈ। ਅੰਦਾਜ਼ਾ ਹੈ ਕਿ 2014 ਤੋਂ, ਉੱਤਰੀ ਅਫ਼ਰੀਕਾ ਤੋਂ ਯੂਰਪ ਜਾਣ ਲਈ ਭੂਮੱਧ ਸਾਗਰ ਨੂੰ ਪਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ 19,500 ਤੋਂ ਵੱਧ ਜਾਨਾਂ ਗਈਆਂ ਹਨ।

ਭੂਮੱਧ ਸਾਗਰ ਨੂੰ ਪਾਰ ਕਰਨ ਲਈ ਕਈ ਤਰੀਕੇ ਅਜ਼ਮਾਏ ਜਾਂਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹੈ, ਸਮਰੱਥਾ ਤੋਂ ਜ਼ਿਆਦਾ ਲੋਕਾਂ ਨੂੰ ਕਿਸ਼ਤੀਆਂ ਵਿੱਚ ਭਰਨਾ, ਰਬੜ ਦੀਆਂ ਹਵਾ ਨਾਲ ਫੁਲਾਈਆਂ ਹੋਈਆ ਕਿਸ਼ਤੀਆਂ ਵਗੈਰਾ।

ਅਜਿਹੇ ਤਰੀਕਿਆਂ ਨਾਲ ਸਮੁੰਦਰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀਆਂ ਦੀ ਯਾਤਰਾ ਖਤਰਿਆਂ ਭਰੀ ਹੁੰਦੀ ਹੈ ਅਤੇ ਜਾਨ ਦਾ ਖੌਅ ਹਮੇਸ਼ਾ ਬਣਿਆ ਰਹਿੰਦਾ ਹੈ।

ਅਜਿਹੀਆਂ ਕਿਸ਼ਤੀਆਂ ਜਾਂ ਜਹਾਜ਼ਾਂ ਨੂੰ ਅਕਸਰ ਅਪਰਾਧੀਆਂ ਅਤੇ ਮਨੁੱਖੀ ਤਸਕਰੀ ਵਿੱਚ ਲੱਗੇ ਲੋਕਾਂ ਵੱਲੋਂ ਚਲਾਇਆ ਜਾਂਦਾ ਹੈ।

ਲੀਬੀਆ ਨੇੜੇ ਟਿਊਨੀਸ਼ੀਆ ਇੱਕ ਅਜਿਹਾ ਸਥਾਨ ਹੈ ਜਿੱਥੋਂ ਪਰਵਾਸੀ ਆਪਣੀ ਅਜਿਹੀ ਯਾਤਰਾ ਸ਼ੁਰੂ ਕਰਦੇ ਹਨ ਅਤੇ ਕੇਂਦਰੀ ਭੂਮੱਧ ਸਾਗਰੀ ਰੂਟ ਜ਼ਰੀਏ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।

ਇੱਥੇ ਸਮੁੰਦਰ ਵਿੱਚ ਡੁੱਬ ਕੇ ਮਰ ਜਾਣ ਵਾਲਿਆਂ ਦਾ ਇੱਕ ਸਮਰਪਿਤ ਕਬਰਿਸਤਾਨ ਵੀ ਹੈ।

ਇਸ ਕਬਰਿਸਤਾਨ 'ਚ ਜਾਂਦੀ ਹੋਈ ਨਾਈਜੀਰੀਅਨ ਪਰਵਾਸੀ ਵਿੱਕੀ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ, ''ਇਥੇ ਇਨ੍ਹਾਂ ਕਬਰਾਂ ਨੂੰ ਦੇਖ ਕੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ।''

ਵੀਡੀਓ: ਪਰਵਾਸੀ ਵਧੇਰੇ ਸਮੁੰਦਰ ਵਿੱਚ ਡੁੱਬ ਕੇ ਹੀ ਕਿਉਂ ਮਰਦੇ ਹਨ?

ਉਸ ਮਹਿਲਾ ਪਰਵਾਸੀ ਨੂੰ ਉਮੀਦ ਹੈ ਕਿ ਉਹ ਟਿਊਨੀਸ਼ੀਆ ਤੋਂ ਆਪਣੀ ਯਾਤਰਾ ਕਰ ਸਕਣਗੇ।

ਉਨ੍ਹਾਂ ਨੇ ਅੱਗੇ ਕਿਹਾ, ''ਜਦੋਂ ਮੈਂ ਇਨ੍ਹਾਂ (ਕਬਰਾਂ) ਨੂੰ ਦੇਖਦੀ ਹਾਂ ਤਾਂ ਮੈਂ ਸਮੁੰਦਰ ਪਾਰ ਕਰਨ ਦੀ ਆਪਣੀ ਇੱਛਾ ਬਾਰੇ ਸ਼ਸ਼ੋਪੰਜ ਵਿੱਚ ਪੈ ਜਾਂਦੀ ਹਾਂ।''

ਆਈਓਐੱਮ ਵਰਗੀਆਂ ਏਜੰਸੀਆਂ ਨੂੰ ਡਰ ਹੈ ਕਿ ਹੋਰ ਪਰਵਾਸੀਆਂ ਨੂੰ ਵੀ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾ ਸਕੇਗਾ।

ਆਈਓਐੱਮ ਦੇ ਬੁਲਾਰੇ ਸਾਫ਼ਾ ਮਸੇਹਲੀ ਕਹਿੰਦੇ ਹਨ, ''ਕੇਂਦਰੀ ਭੂਮੱਧੀ ਸਾਗਰ ਦੇ ਰਾਹੀਂ ਪਰਵਾਸੀਆਂ ਦੀਆਂ ਯਾਤਰਾਵਾਂ ਜਾਰੀ ਹਨ। ਦੁਨੀਆਂ ਦੇ ਸਭ ਤੋਂ ਖਤਰਨਾਕ ਪਰਵਾਸੀ ਰੂਟ 'ਤੇ ਲਗਾਤਾਰ ਵਧ ਰਹੇ ਮੌਤ ਦੇ ਹਾਦਸੇ ਸਭ ਤੋਂ ਵੱਡੀ ਚਿੰਤਾ ਹਨ। ਸੰਬੰਧਿਕ ਦੇਸਾਂ ਵੱਲੋਂ ਪੁਖਤਾ ਕਦਮ ਨਾ ਚੁੱਕੇ ਜਾਣ ਕਾਰਨ ਇੱਥੇ ਜਾਨਾਂ ਦਾ ਜਾਣਾ ਜਾਰੀ ਹੈ।''

ਯੂਰਪੀ ਬਾਰਡਰ ਅਤੇ ਕੋਸਟਗਾਰਡ ਏਜੰਸੀ, ਫਰੰਟੈਕਸ ਦੀ ਰਿਪੋਰਟ ਹੈ ਕਿ 2015 ਤੋਂ ਲੈਕੇ ਹੁਣ ਤੱਕ ਲਗਭਗ ਤਿੰਨ ਲਖ ਲੋਕਾਂ ਨੂੰ ਇਹ ਰੂਟ ਵਰਤਣ ਤੋਂ ਰੋਕਿਆ ਗਿਆ ਹੈ।

ਅਫ਼ਰੀਕਾ ਦੇ ਅੰਦਰੂਨੀ ਰਾਹ

ਬਹੁਤ ਸਾਰੇ ਅਫ਼ਰੀਕੀ ਪਰਵਾਸੀਆਂ ਲਈ ਯੂਰਪ ਪਹੁੰਚਣ ਦਾ ਸਫ਼ਰ ਉਨ੍ਹਾਂ ਦੇ ਆਪਣੇ ਮਹਾਂਦੀਪ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਲੰਮੀ ਯਾਤਰਾ ਵਿੱਚ ਉਨ੍ਹਾਂ ਨੂੰ ਉੱਤਰ ਅਫ਼ਰੀਕਾ ਦੇ ਦੇਸਾਂ ਤੱਕ ਪਹੁੰਚਣ ਲਈ ਸਹਾਰਾ ਮਾਰੂਥਲ ਨੂੰ ਪਾਰ ਕਰਨਾ ਪੈਂਦਾ ਹੈ।

ਇਸ ਰਸਤੇ 'ਤੇ ਮਿਲਣ ਵਾਲਾ ਮੌਸਮ ਉਨ੍ਹਾਂ ਦੀ ਜ਼ਿੰਦਗੀ ਲਈ ਸਭ ਤੋਂ ਵੱਡਾ ਖਤਰਾ ਹੁੰਦਾ ਹੈ। ਆਈਓਐੱਮ ਦਾ ਅੰਦਾਜ਼ਾ ਹੈ ਕਿ ਸਹਾਰਾ ਮਾਰੂਥਲ ਨੂੰ ਪਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ 2014 ਤੋਂ 2022 ਦੇ ਦਰਮਿਆਨ ਲਗਭਗ 5,400 ਲੋਕਾਂ ਦੀ ਮੌਤ ਹੋਈ ਹੈ।

ਅਬਦੁੱਲ੍ਹਾ ਇਬਰਾਹੀਮ ਨਾਂਅ ਦੇ ਇੱਕ ਪਰਵਾਸੀ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਆਪਣੀ ਯਾਤਰਾ ਦੇ ਅਨੁਭਵ ਦੱਸੇ।

ਵੀਡੀਓ: ਮੈਕਸੀਕੋ ਤੋਂ ਡਿਪੋਰਟ ਹੋਏ ਪੰਜਾਬੀ ਮੁੰਡਿਆਂ ਨੇ ਦੱਸੀ ਹੱਡਬੀਤੀ

ਉਨ੍ਹਾਂ ਨੇ ਦਸਿਆ, ''ਮਾਰੂਥਲ ਵਿੱਚ ਤੁਸੀਂ ਲੋਕਾਂ ਨੂੰ ਮਰਦੇ ਹੋਏ ਦੇਖਦੇ ਹੋ। ਕੁਝ ਲੋਕਾਂ 'ਚ ਊਰਜਾ ਮੁੱਕ ਜਾਂਦੀ ਹੈ ਅਤੇ ਉਹ ਉੱਥੇ ਮਰ ਜਾਂਦੇ ਹਨ। ਕੁਝ ਦਾ ਪਾਣੀ ਮੁੱਕ ਜਾਂਦਾ ਹੈ।''

ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਮਨੁੱਖੀ ਤਸਕਰ ਵੀ ਇੱਕ ਵੱਡਾ ਖ਼ਤਰਾ ਹਨ।

ਪਰਵਾਸ ਬਾਰੇ ਸੰਯੁਕਤ ਰਾਸ਼ਟਰ ਦੇ ਸੰਗਠਨ ਦੀ ਤਾਜ਼ਾ ਰਿਪਾਰੋਟ ਮੁਤਾਬਕ ਤਸਕਰਾਂ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਦੇ ਹੱਥੋਂ ਹਿੰਸਾ, ਸਹਾਰਾ ਰੇਗਿਸਤਾਨ ਵਿੱਚੋਂ ਲੰਘ ਕੇ ਜਾਣ ਵਾਲੇ ਜ਼ਿਆਦਾਤਰ ਪਰਵਾਸੀਆਂ ਦੀ ਮੌਤ ਦੀ ਵਜ੍ਹਾ ਬਣਦੀ ਹੈ।

ਅਮਰੀਕਾ-ਮੈਕਸੀਕੋ ਸਰਹੱਦ

ਅਮਰੀਕਾ ਵਿੱਚ ਪ੍ਰਵਾਸ ਦੇ ਸਾਰੇ ਰਾਹ ਇੱਕ ਨਵੇਂ ਦੇਸ ਵਿੱਚ ਪਹੁੰਚਣ ਦੇ ਹੀ ਜ਼ਰੀਏ ਨਹੀਂ ਹਨ ਸਗੋਂ ਇਹ ਇੱਕ ਨਵੀਂ ਥਾਂ ਤੇ ਜਾਕੇ ਨਵਾਂ ਘਰ ਵਸਾਉਣ ਦੇ ਵੀ ਸਾਧਨ ਹਨ।

ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ ਅਜਿਹੇ ਲੋਕਾਂ ਨੂੰ ਇੱਕ ਗੰਭੀਰ ਅਤੇ ਵੱਡੀ ਚੁਣੌਤੀ ਪੇਸ਼ ਕਰਦੀ ਹੈ। ਇਲਾਕੇ ਨੂੰ ਆਪਣੀ ਜ਼ਿੰਦਗੀ ਪ੍ਰਤੀ ਨਾਸਾਜ਼ਗਾਰ ਭੂਗੋਲ ਲਈ, ਜਾਣਿਆ ਜਾਂਦਾ ਹੈ।

ਇਸ ਰਸਤੇ ਵਿੱਚ ਰੇਗਿਸਤਾਨ ਹਨ। ਇਸ ਵਿੱਚ ਪਰਵਾਸੀਆਂ ਨੂੰ ਹਿੰਸਕ ਰੀਓ ਗਰਾਂਡੇ ਦਰਿਆ ਪਾਰ ਕਰਨਾ ਪੈਂਦਾ ਹੈ ਜੋ ਸਰਹੱਦ ਦੇ ਨਾਲ-ਨਾਲ ਲੰਬੇ ਟੋਟੇ ਵਿੱਚ ਵਗਦੀ ਹੈ।

ਦਰਿਆ ਵਿੱਚ ਡੁੱਬ ਕੇ ਮਰਨਾ ਇਸ ਰਸਤੇ ਵਿੱਚ ਮੌਤਾਂ ਦੀ ਸਭ ਤੋਂ ਵੱਡੀ ਵਜ੍ਹਾ ਹੈ। ਕੌਮਾਂਤਰੀ ਪਰਵਾਸ ਸੰਗਠਨ ਮੁਤਾਬਕ 2014 ਤੋਂ ਲੈਕੇ ਇਸ ਰਾਹ ਵਿੱਚ ਤਿੰਨ ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।

ਵੀਡੀਓ: ਅਮਰੀਕਾ ਕੈਨੇਡਾ ਸਰਹੱਦ 'ਤੇ ਮਾਰੇ ਗਏ ਭਾਰਤੀ ਪਰਿਵਾਰ ਦੀ ਕਹਾਣੀ

ਆਈਓਐਮ ਦੇ ਬੁਲਾਰੇ ਮਸਹੈਲੀ ਮੁਤਾਬਕ ਪਿਛਲੇ ਸਮੇਂ ਦੌਰਾਨ ਅਮਰੀਕਾ ਜਾਂਦੇ ਪਰਵਾਸ ਦੇ ਰਾਹਾਂ ਉੱਪਰ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਹੋਇਆ ਹੈ।

ਲੈਟਿਨ ਅਮਰੀਕੀ ਮੁਲਕਾਂ ਤੋਂ ਅਮਰੀਕਾ ਜਾਣ ਵਾਲਿਆਂ ਦੀ ਜਾਨ ਨੂੰ ਦਰਪੇਸ਼ ਖ਼ਤਰਿਆਂ ਤੋਂ ਆਈਓਐਮ ਫਿਕਰਮੰਦ ਹੈ।

ਸੰਯੁਕਤ ਰਾਸ਼ਟਰ ਦੀ ਏਜੰਸੀ ਮੁਤਾਬਕ ਪਿਛਲੇ ਅੱਠ ਸਾਲਾਂ ਦੌਰਾਨ ਏਸ਼ੀਆਈ ਮੁਲਕਾਂ ਵਿੱਚੋਂ ਲਗਭਗ 5000 ਲੋਕ ਲਾਪਤਾ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰਨ ਵਾਲਿਆਂ ਵਿੱਚ ਰੋਹਿੰਗਿਆਂ ਅਤੇ ਬੰਗਲਾਦੇਸ਼ੀ ਪਰਵਾਸੀ ਸਨ। ਇਹ ਲੋਕ ਸਮੁੰਦਰੀ ਰਸਤੇ ਰਾਹੀਂ ਬੰਗਾਲ ਦੀ ਖਾੜੀ ਰਾਹੀਂ ਅਤੇ ਅੰਡੇਮਾਨ ਸਾਗਰ ਰਾਹੀਂ ਸੁਰੱਖਿਆ ਲਈ ਗੁਆਂਢੀ ਦੇਸਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਇਸ ਤੋਂ ਬਾਅਦ ਅੰਤਿਮ ਮੰਜ਼ਿਲ ਦੇ ਰੂਪ ਵਿੱਚ ਇਹ ਲੋਕ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਹਨ।

ਹੋਰ ਰਾਹਾਂ ਜ਼ਰੀਏ ਪਰਵਾਸ ਕਰਨ ਵਾਲਿਆਂ ਵਾਂਗ ਇਹ ਯਾਤਰੀ ਵੀ ਗਿਰੋਹਾਂ ਅਤੇ ਮਨੁੱਖੀ ਤਸਕਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਦੇ ਹਨ।

ਦੂਜਾ ਸੰਕਟਪੂਰਨ ਰਾਹ ਹੈ ਈਰਾਨ ਅਤੇ ਤੁਰਕੀ ਦੀ ਸਰਹੱਦ। ਜਦੋਂ ਤੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਮੁੜ ਸੱਤਾ ਸੰਭਾਲੀ ਹੈ ਇਸ ਰਾਹ ਉੱਪਰ ਅਫ਼ਗਾਨ ਰਫਿਊਜੀਆਂ ਦੀ ਆਮਦ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।

ਸੰਯੁਕਤ ਰਾਸ਼ਟਰ ਦੀ ਰਫਿਊਜੀ ਏਜੰਸੀ ਦਾ ਕਹਿਣਾ ਹੈ ਕਿ ਈਰਾਨ ਅਤੇ ਇਸ ਦੇ ਗੁਆਂਢੀ ਦੇਸਾਂ ਵਿੱਚ ਪਿਛਲੇ ਸਾਲ ਅਗਸਤ ਤੋਂ ਬਾਅਦ ਲਗਭਗ 20 ਲੱਖ ਅਫ਼ਗਾਨ ਰਫਿਊਜੀਆਂ ਨੇ ਪੰਜੀਕਰਨ ਕਰਵਾਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)