You’re viewing a text-only version of this website that uses less data. View the main version of the website including all images and videos.
ਅਮਰੀਕਾ ਦੇ ਰਾਹ ’ਚ ਮਰੀ ਪੰਜਾਬਣ ਬੱਚੀ ਦੇ ਮਾਪਿਆਂ ਨੇ ਕੀ ਕਿਹਾ?
6 ਸਾਲਾ ਭਾਰਤੀ ਪਰਵਾਸੀ ਬੱਚੀ ਜਿਸ ਦੀ ਮੌਤ ਐਰੀਜ਼ੋਨਾ ਵਿੱਚ ਗਰਮੀ ਕਾਰਨ ਹੋ ਗਈ ਸੀ, ਉਸ ਦੇ ਮਾਪਿਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿੱਚ ਸ਼ਰਨ ਲੈਣ ਜਾ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਬੜੀ 'ਤਾਂਘ' ਸੀ।
ਮ੍ਰਿਤਕ ਧੀ ਦੀ 27 ਸਾਲਾ ਮਾਂ ਤੇ 33 ਸਾਲਾ ਪਿਤਾ ਨੇ 'ਯੂਐਸ ਸਿੱਖ ਕੋਲੀਸ਼ਨ ਸੰਸਥਾ' ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਆਪਣੀ ਧੀ ਲਈ ਸੁਰੱਖਿਅਤ ਤੇ ਚੰਗੇਰੀ ਜ਼ਿੰਦਗੀ ਚਾਹੁੰਦੇ ਸੀ। ਅਸੀਂ ਅਮਰੀਕਾ ਵਿੱਚ ਸ਼ਰਨ ਮੰਗਣ ਦਾ ਬੇਹੱਦ ਔਖਾ ਫੈਸਲਾ ਲਿਆ।"
'ਯੂਐਸ ਸਿੱਖ ਕੋਲੀਸ਼ਨ' ਨੇ ਉਨ੍ਹਾਂ ਦੇ ਪਹਿਲੇ ਨਾਮ ਦੱਸੇ ਬਿਨਾਂ ਉਨ੍ਹਾਂ ਨੂੰ ਕੌਰ ਤੇ ਸਿੰਘ ਵਜੋਂ ਸੰਬੋਧਨ ਕਰਦਿਆਂ ਇਹ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ:
"ਸਾਨੂੰ ਪਤਾ ਹੈ ਕਿ ਕੋਈ ਮਾਪੇ ਭਾਵੇਂ ਕਿਸੇ ਵੀ ਥਾਂ, ਰੰਗ ਜਾਂ ਜਾਤੀ ਦੇ ਹੋਣ ਉਹ ਸਮਝਣਗੇ ਕਿ ਕੋਈ ਵੀ ਮਾਂ ਜਾਂ ਪਿਤਾ ਆਪਣੇ ਬੱਚੇ ਦੀ ਜ਼ਿੰਦਗੀ ਖ਼ਤਰੇ ਵਿੱਚ ਨਹੀਂ ਪਾਉਂਦਾ, ਜਦੋਂ ਤੱਕ ਉਹ ਬੇਹੱਦ ਨਿਰਾਸ਼ ਨਾ ਹੋਣ।"
ਭਾਰਤੀ ਪਰਵਾਸੀਆਂ ਕੋਲ ਛੱਡੀ ਸੀ ਧੀ
6 ਸਾਲਾ ਗੁਰਪ੍ਰੀਤ ਕੌਰ ਦੀ ਮੌਤ ਇੱਕ ਦੂਰ-ਦੁਰਾਡੇ ਦੇ ਮਾਰੂਥਲ ਵਿੱਚ ਐਰੀਜ਼ੋਨਾ ਵਿੱਚ ਹੋ ਗਈ ਸੀ। ਇਹ ਅਮਰੀਕਾ ਦਾ ਸਰਹੱਦੀ ਖੇਤਰ ਹੈ ਜੋ ਕਿ ਟਕਸਨ ਤੋਂ ਦੱਖਣ-ਪੱਛਮ ਵੱਲ 80 ਕਿਲੋਮੀਟਰ ਦੂਰ ਹੈ।
ਇੱਕ ਮੈਡੀਕਲ ਅਧਿਕਾਰੀ ਤੇ ਅਮਰੀਕੀ ਬਾਰਡਰ ਪੈਟਰੋਲ ਮੁਤਾਬਕ ਗੁਰਪ੍ਰੀਤ ਦੀ ਮਾਂ ਉਸ ਨੂੰ ਹੋਰਨਾਂ ਭਾਰਤੀ ਪਰਵਾਸੀਆਂ ਦੇ ਨਾਲ ਛੱਡ ਕੇ ਪਾਣੀ ਲੱਭਣ ਲਈ ਗਈ ਸੀ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੁੜੀ ਦੀ ਮੌਤ ਹੋਈ। ਐਰੀਜ਼ੋਨਾ ਦੇ ਦੱਖਣੀ ਮਾਰੂਥਲ ਵਿੱਚ ਮੌਤ ਦਾ ਇਹ ਦੂਜਾ ਮਾਮਲਾ ਹੈ। ਇਨ੍ਹਾਂ ਮਾਮਲਿਆਂ ਨੇ ਪਰਵਾਸੀ ਪਰਿਵਾਰਾਂ ਉੱਤੇ ਤਪਦੀ ਗਰਮੀ ਦੇ ਖ਼ਤਰੇ ਨੂੰ ਉਜਾਗਰ ਕੀਤਾ ਹੈ। ਖ਼ਾਸ ਕਰਕੇ ਕੇਂਦਰੀ ਅਮਰੀਕਾ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਕੇ ਸ਼ਰਨ ਮੰਗਣ ਦੀ ਉਮੀਦ ਕਰ ਰਹੇ ਲੋਕਾਂ ਲਈ ਖ਼ਤਰਾ ਹੈ।
ਧੀ ਦੇ ਜਨਮ ਤੋਂ 6 ਮਹੀਨੇ ਬਾਅਦ ਹੀ ਪਿਤਾ ਅਮਰੀਕਾ ਚਲੇ ਗਏ
ਗੁਰਪ੍ਰੀਤ ਦੇ ਪਿਤਾ ਸਾਲ 2013 ਤੋਂ ਹੀ ਅਮਰੀਕਾ ਵਿੱਚ ਹਨ। ਉਨ੍ਹਾਂ ਦੀ ਅਰਜ਼ੀ ਨਿਊ ਯਾਰਕ ਇਮੀਗਰੇਸ਼ਨ ਅਦਾਲਤ ਵਿੱਚ ਲੰਬਿਤ ਹੈ। ਸਿੰਘ ਅਤੇ ਕੌਰ ਦੋਵੇਂ 2013 ਤੋਂ ਇੱਕ-ਦੂਜੇ ਨੂੰ ਨਹੀਂ ਮਿਲੇ ਹਨ। ਬਿਆਨ ਮੁਤਾਬਕ ਗੁਰਪ੍ਰੀਤ ਕੌਰ ਉਸ ਵੇਲੇ 6 ਮਹੀਨੇ ਦੀ ਸੀ ਜਦੋਂ ਉਸ ਦੇ ਪਿਤਾ ਅਮਰੀਕਾ ਚਲੇ ਗਏ ਸਨ।
ਭਾਰਤੀ ਮੀਡੀਆ ਰਿਪੋਰਟਜ਼ ਮੁਤਾਬਕ ਮਾਪੇ ਪੰਜਾਬ ਦੇ ਰਹਿਣ ਵਾਲੇ ਹਨ। ਰਾਇਟਰਜ਼ ਮੁਤਾਬਕ ਗੁਰਪ੍ਰੀਤ ਦੇ ਸਰੀਰ ਨੂੰ ਅੰਤਿਮ ਸਸਕਾਰ ਲਈ ਨਿਊ ਯਾਰਕ ਭੇਜਿਆ ਜਾ ਰਿਹਾ ਹੈ।
ਇਮੀਗਰੇਸ਼ਨ ਅਫ਼ਸਰਾਂ ਮੁਤਾਬਕ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਮੈਕਸੀਕੋ ਰਾਹੀਂ ਅਮਰੀਕਾ ਦਾਖ਼ਲ ਹੋ ਰਹੇ ਹਨ।
ਰਾਇਟਰਜ਼ ਮੁਤਾਬਕ ਇਮੀਗਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਜੋ ਭਾਰਤੀ ਸ਼ਰਨ ਦੀ ਮੰਗ ਕਰ ਰਹੇ ਹਨ ਉਨ੍ਹਾਂ ਵਿੱਚ ਸਿਆਸੀ ਸ਼ਰਨ ਮੰਗ ਰਹੇ ਸਿੱਖਾਂ ਤੋਂ ਲੈ ਕੇ ਆਪਣੀ ਜਾਤ ਤੋਂ ਬਾਹਰ ਜਾ ਕੇ ਵਿਆਹ ਕਰਵਾਉਣ ਵਾਲੇ ਜੋੜੇ ਵੀ ਸ਼ਾਮਿਲ ਹਨ।
ਐਰੀਜ਼ੋਨਾ ਦੇ ਦੱਖਣੀ ਮਾਰੂਥਲ 'ਚ ਮੌਤਾਂ
ਗੁਰਪ੍ਰੀਤ ਦੀ ਮਾਂ ਨੂੰ ਐਰੀਜ਼ੋਨਾ ਆਈਸੀਈ ਪ੍ਰੋਸੈਸਿੰਗ ਫੈਸਿਲਿਟੀ ਤੋਂ 18 ਜੂਨ ਨੂੰ ਛੱਡ ਦਿੱਤਾ ਗਿਆ ਸੀ। ਉਸ ਨੂੰ ਬੱਸ ਰਾਹੀਂ ਨਿਊ ਯਾਰਕ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਗਈ ਜਿੱਥੇ ਉਸ ਨੇ ਇਮੀਗਰੇਸ਼ਨ ਅਦਾਲਤ ਸਾਹਮਣੇ ਹਾਜ਼ਿਰ ਹੋਣਾ ਹੈ।
ਇਹ ਵੀ ਪੜ੍ਹੋ:
ਮੈਡੀਕਲ ਜਾਂਚ ਦੇ 'ਪੀਮਾ ਕਾਊਂਟੀ ਦਫ਼ਤਰ' ਮੁਤਾਬਕ 30 ਮਈ ਤੱਕ ਐਰੀਜ਼ੋਨਾ ਦੇ ਦੱਖਣੀ ਮਾਰੂਥਲ ਵਿੱਚ 58 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮੌਤਾਂ ਗਰਮੀ ਕਾਰਨ ਹੋਈਆਂ ਹਨ।
ਸਾਲ 2018 ਵਿੱਚ ਮੌਤਾਂ ਦੀ ਗਿਣਤੀ 127 ਸੀ। ਪੀਮਾ ਕਾਊਂਟੀ ਦਫ਼ਤਰ ਐਰੀਜ਼ੋਨਾ ਦੇ ਦੱਖਣੀ ਮਾਰੂਥਲ ਵਿੱਚ ਪਰਵਾਸੀਆਂ ਦੀ ਮੌਤਾਂ ਦਾ ਰਿਕਾਰਡ ਰੱਖਦਾ ਹੈ।