ਸੰਗਰੂਰ ਜ਼ਿਮਨੀ ਚੋਣ: 'ਆਪ' ਲਈ ਵਕਾਰ ਦਾ ਸਵਾਲ, ਕਾਂਗਰਸ ਅਤੇ ਅਕਾਲੀ ਦਲ ਲਈ ਹੋਂਦ ਦਾ

ਵੀਡੀਓ ਕੈਪਸ਼ਨ, ਸੰਗਰੂਰ ਜ਼ਿਮਨੀ ਚੋਣ: ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਬਾਰੇ ਜਾਣੋ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਆਮ ਆਦਮੀ ਪਾਰਟੀ ਦੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦੇ ਕਰੀਬ ਤਿੰਨ ਮਹੀਨਿਆਂ ਬਾਅਦ ਹੋਣ ਜਾ ਰਹੀ ਸੰਗਰੂਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 'ਆਪ' ਲਈ ਵਕਾਰ ਦਾ ਸਵਾਲ ਬਣੀ ਹੋਈ ਹੈ।

ਹਾਲਾਂਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਹੋਂਦ ਦਾ ਮਸਲਾ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਸੱਤਵੀਂ ਵਾਰ "ਨੌਜਵਾਨਾਂ ਦੀ ਹਮਦਰਦੀ ਅਤੇ ਸਮੱਰਥਣ" ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਲੋਕ ਸਭਾ ਵਿੱਚ ਚੁਣ ਕੇ ਜਾਣ ਦੀ ਉਮੀਦ ਨਾਲ ਚੋਣ ਮੈਦਾਨ ਵਿੱਚ ਕੁੱਦੇ ਹੋਏ ਹਨ।

ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਸਾਰੀ ਸ਼ਕਤੀ ਝੋਕ ਰੱਖੀ ਹੈ। 'ਆਪ' ਦੇ ਅੱਧਾ ਦਰਜਨ ਮੰਤਰੀ ਅਤੇ ਵੱਡੀ ਗਿਣਤੀ ਵਿਧਾਇਕ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਗਲੀਆਂ ਵਿੱਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਲਈ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਨਵੇਂ ਚੁਣੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਿੰਡ-ਪਿੰਡ ਅਤੇ ਕਸਬਿਆਂ-ਸ਼ਹਿਰਾਂ ਵਿੱਚ ਆਪਣੇ ਉਮੀਦਵਾਰਾ ਲਈ ਵੋਟਾਂ ਮੰਗ ਰਹੇ ਹਨ।

ਭਗਵੰਤ ਮਾਨ ਦਾ ਕ੍ਰਿਸ਼ਮਾ ਅਤੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਪਾਰਟੀ ਵਿਧਾਇਕਾਂ ਅਤੇ ਵਰਕਰਾਂ ਸਮੇਤ ਪਿੰਡਾਂ ਅਤੇ ਕਸਬਿਆਂ ਵਿੱਚ ਨੁੱਕੜ ਮੀਟਿੰਗਾਂ ਕਰ ਰਹੇ ਹਨ। ਕਈ ਵਾਰ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਕਈ ਵਾਰ ਲੋਕ ਭਰਵਾ ਹੁੰਗਾਰਾ ਦਿੰਦੇ ਹਨ।

ਆਮ ਆਦਮੀ ਪਾਰਟੀ ਦੀ ਟੀਮ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਅਤੇ ਲੋਕ ਸਭਾ ਹਲਕੇ ਵਿੱਚ ਉਹਨਾਂ ਦੇ ਨਾਮ ਉਪਰ ਵੋਟਾਂ ਮੰਗ ਰਹੀ ਹੈ। ਜ਼ਿਮਨੀ ਚੋਣ ਵਿੱਚ ਜਿੱਤ ਦਰਜ ਕਰਕੇ ਉਹ ਭਗਵੰਤ ਮਾਨ ਦਾ ਮਾਣ ਵਧਾਉਣ ਦੀ ਅਪੀਲ ਕਰ ਰਹੇ ਹਨ।

ਬਰਨਾਲਾ ਜ਼ਿਲ੍ਹੇ ਦੇ ਪਿੰਡ ਕਲਾਲ ਮਾਜਰਾ ਵਿੱਚ ਸਥਾਨਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਕੀਤੀ ਚੋਣ ਮੀਟਿੰਗ ਵਿੱਚ ਭਗਵੰਤ ਮਾਨ ਵੱਲੋਂ ਸਾਂਸਦ ਦੇ ਤੌਰ ਉਪਰ ਅਤੇ ਮੁੱਖ ਮੰਤਰੀ ਵੱਜੋਂ ਕੀਤੇ ਕੰਮਾਂ ਨੂੰ ਗਿਣਾ ਕੇ ਗੁਰਮੇਲ ਸਿੰਘ ਲੋਕ ਸਭਾ ਦਾ ਰਾਹ ਲੱਭਦੇ ਪ੍ਰਤੀਤ ਹੁੰਦੇ ਹਨ।

ਗੁਰਮੇਲ ਸਿੰਘ
ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਪਾਰਟੀ ਵਿਧਾਇਕਾਂ ਅਤੇ ਵਰਕਰਾਂ ਸਮੇਤ ਪਿੰਡਾਂ ਅਤੇ ਕਸਬਿਆਂ ਵਿੱਚ ਨੁੱਕੜ ਮੀਟਿੰਗਾਂ ਕਰ ਰਹੇ ਹਨ

ਗੁਰਮੇਲ ਸਿੰਘ ਕਹਿੰਦੇ ਹਨ, "ਭਗਵੰਤ ਮਾਨ ਨੇ ਲੋਕ ਸਭਾ ਵਿੱਚ ਪੰਜਾਬ ਦੇ ਮੁੱਦੇ ਜ਼ੋਰ ਸ਼ੋਰ ਨਾਲ ਚੁੱਕੇ ਅਤੇ ਸਾਰੇ ਫੰਡ ਇਮਾਨਦਾਰੀ ਨਾਲ ਵੰਡੇ ਸਨ। ਹੁਣ ਪੰਜਾਬ ਸਰਕਾਰ ਨੇ ਪਿਛਲੇ ਢਾਈ ਮਹੀਨਿਆਂ ਵਿੱਚ ਵੱਡੇ ਲੋਕ ਪੱਖੀ ਫੈਸਲੇ ਲਏ ਹਨ।"

"ਸਾਡਾ ਮੁੱਖ ਮੰਤਰੀ ਇਮਾਨਦਾਰ ਹੈ ਅਤੇ ਸਾਡੀ ਸਰਕਾਰ ਆਉਣ ਨਾਲ ਪੀਆਰਟੀਸੀ ਦੀ ਆਮਦਨ 94 ਪ੍ਰਤੀਸ਼ਤ ਵਧੀ ਹੈ। ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਖੁੱਲ ਰਿਹਾ ਹੈ ਅਤੇ ਹੋਰ ਵੀ ਬਾਕੀ ਬਚੇ ਪੈਸੇ ਲੋਕ ਭਲਾਈ ਦੇ ਕੰਮਾਂ ਉਪਰ ਲਗਾਏ ਜਾਣਗੇ।"

ਇਹ ਵੀ ਪੜ੍ਹੋ-

ਸਿੱਖ ਪੰਥ ਅਤੇ ਸਿੱਖ ਕੈਦੀਆਂ ਦੀ ਰਿਹਾਈ: ਦੋ ਪਾਰਟੀਆਂ ਦਾ ਮੁੱਖ ਮੁੱਦਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੁੱਖ ਮੰਤਰੀ ਦੇ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਦੇ ਪੋਸਟਰਾਂ ਉਪਰ ਬਾਦਲ ਪਰਿਵਾਰ ਦੀਆਂ ਫੋਟੋਆਂ ਨਹੀਂ ਵਰਤੀਆਂ ਜਾ ਰਹੀਆਂ ਸਗੋਂ ਬਲਵੰਤ ਸਿੰਘ ਰਾਜੋਆਣਾ ਅਤੇ ਉਹਨਾਂ ਦੀ ਭੈਣ ਕਮਲਦੀਪ ਕੌਰ ਦੀਆਂ ਫੋਟੋਆਂ ਹੀ ਲਗਾਈਆਂ ਗਈਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਹਨ ਅਤੇ ਸਿੱਖ ਕੈਦੀਆਂ ਦੀ ਰਿਹਾਈ ਦੀ ਅਪੀਲ ਕਰਕੇ ਕਮਲਦੀਪ ਕੌਰ ਲਈ ਵੋਟਾਂ ਮੰਗ ਰਹੇ ਹਨ।

ਵੀਡੀਓ ਕੈਪਸ਼ਨ, ਰਾਜੋਆਣਾ ਦੀ ਰਿਹਾਈ ਲਈ ਲੜ ਰਹੀ ਕਮਲਦੀਪ ਕਿਵੇਂ ਬਣੀ ਸੀ ਉਸਦੀ ਭੈਣ

ਸੰਗਰੂਰ ਜ਼ਿਲ੍ਹੇ ਦੇ ਪਿੰਡ ਖਡਿਆਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਇਹ ਚੋਣਾਂ ਅਸੀਂ ਪਾਰਟੀ ਕਰਕੇ ਨਹੀਂ ਸਗੋਂ ਪੰਥ ਲਈ ਲੜ ਰਹੇ ਹਾਂ। ਅਕਾਲੀ ਦਲ, ਬਸਪਾ ਅਤੇ ਪੰਥਕ ਜੱਥੇਬੰਦੀਆਂ ਨੇ ਮਿਲ ਕੇ ਇੱਕ ਉਮੀਦਵਾਰ ਚੁਣਿਆ ਹੈ। ਅਸੀਂ ਆਪਣੀਆਂ ਫੋਟੋਆਂ ਨਹੀਂ ਲਗਵਾ ਰਹੇ।"

ਕਮਲਦੀਪ ਕੌਰ ਰਾਜੋਆਣਾ ਦਾ ਕਹਿਣਾ ਹੈ ਕਿ 'ਬੰਦੀ ਸਿੰਘਾਂ ਦੀ ਰਿਹਾਈ ਉਨ੍ਹਾਂ ਲਈ ਸਭ ਤੋਂ ਵੱਡਾ ਮੁੱਦਾ ਹੈ'। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ।

ਕਮਲਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਵੀ ਚੋਣਾਂ 'ਚ ਮਦਦ ਦੀ ਅਪੀਲ ਕੀਤੀ ਗਈ ਸੀ। ਪਰ ਉਹਨਾਂ ਨੇ ਖੁਦ ਹੀ ਚੋਣ ਲੜਨ ਨੂੰ ਤਰਜੀਹ ਦਿੱਤੀ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਪਾਰਟੀ ਵਰਕਰਾਂ ਤੋਂ ਇਲਾਵਾਂ ਕੁਝ ਪਿੰਡਾਂ ਵਿੱਚ ਨੌਜਵਾਨ ਆਪਣੇ ਤੌਰ ਉਪਰ ਨੁਕੜ ਰੈਲੀਆਂ ਕਰ ਰਹੇ ਹਨ।

ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਉਹ ਲੋਕ ਸਭਾ ਜਾਣ।

ਸਿਮਰਨਜੀਤ ਸਿੰਘ ਮਾਨ
ਤਸਵੀਰ ਕੈਪਸ਼ਨ, ਸਿਮਰਨਜੀਤ ਸਿੰਘ ਮਾਨ ਕਹਿਣਾ ਹੈ ਕਿ ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਉਹ ਲੋਕ ਸਭਾ ਜਾਣ

ਮਾਨ ਕਹਿੰਦੇ ਹਨ ਕਿ ਉਹ ਇੱਕ ਤਜਰਬੇਕਾਰ ਨੇਤਾ ਹਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਲੋਕ ਸਭਾ ਵਿੱਚ ਚੰਗੀ ਤਰ੍ਹਾਂ ਚੁੱਕ ਸਕਦੇ ਹਨ।

ਸੰਗਰੂਰ ਦੇ ਮਹਿਲਾਂ ਚੌਂਕ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, "ਮੈਂ ਹਮੇਸਾ ਆਪਣੇ ਨਾਲ ਕਿਰਪਾਣ ਰੱਖਦਾ ਹਾਂ ਜੋ ਕਿ ਰਾਜ ਦੀ ਪ੍ਰਤੀਕ ਹੈ। ਅਸੀਂ ਸਿੱਖ, ਰਾਜ ਕਰਨ ਲਈ ਪੈਦਾ ਹੋਏ ਹਾਂ। ਮੁਸਲਮਾਨਾਂ ਕੋਲ ਪਾਕਿਸਤਾਨ ਹੈ ਅਤੇ ਹਿੰਦੂਆਂ ਕੋਲ ਭਾਰਤ।"

ਕਾਂਗਰਸ ਦੀ ਨੌਜਵਾਨਾਂ 'ਤੇ ਟੇਕ, ਸਾਬਕਾ ਕਾਂਗਰਸੀ ਵਿਧਾਇਕ ਬਣੇ ਭਾਜਾਪਾ ਉਮੀਦਵਾਰ

ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਵੱਲੋਂ ਨੌਜਵਾਨ ਵੋਟਰਾਂ ਉਪਰ ਟੇਕ ਰੱਖੀ ਹੋਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਲਵੀਰ ਸਿੰਘ ਗੋਲਡੀ ਲਈ ਮੋਰਚਾ ਲਗਾਇਆ ਹੋਇਆ ਹੈ।

ਕਾਂਗਰਸ ਨੇ ਪਾਰਟੀ ਵਿਰੋਧੀ ਕਾਰਵਾਈਆਂ ਲਈ ਸਾਬਕਾ ਵਿਧਾਇਕ ਹਰਚੰਦ ਕੌਰ ਅਤੇ ਦਿੜ੍ਹਬਾ ਤੋਂ ਪਾਰਟੀ ਲੀਡਰ ਅਜੈਬ ਸਿੰਘ ਨੂੰ ਮੁਅੱਤਲ ਕੀਤਾ ਹੈ।

ਦਲਵੀਰ ਗੋਲਡੀ ਦਾ ਕਹਿਣਾ ਹੈ ਕਿ ਵਿਚਾਰਧਾਰਾਵਾਂ ਦਾ ਅੱਜਕਲ੍ਹ ਸਮਾਂ ਨਹੀਂ ਰਿਹਾ। ਨੇਤਾ ਲਗਾਤਾਰ ਪਾਰਟੀਆਂ ਬਦਲ ਲੈਂਦੇ ਹਨ।

ਦਲਵੀਰ ਸਿੰਘ ਗੋਲਡੀ
ਤਸਵੀਰ ਕੈਪਸ਼ਨ, ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਵੱਲੋਂ ਨੌਜਵਾਨ ਵੋਟਰਾਂ ਉਪਰ ਟੇਕ ਰੱਖੀ ਹੋਈ ਹੈ

ਉਹ ਕਹਿੰਦੇ ਹਨ, "ਲੋਕ ਸਭ ਜਾਣਦੇ ਹਨ ਅਤੇ ਉਸਦੇ ਹੱਕ 'ਚ ਹੀ ਖੜਦੇ ਹਨ ਜੋ ਉਨ੍ਹਾਂ ਦੇ ਮਸਲੇ ਚੁੱਕਦਾ ਹੈ। ਕਾਂਗਰਸ 'ਚੋਂ ਕਈਆਂ ਦੇ ਜਾਣ ਨਾਲ ਨੌਜਵਾਨਾਂ ਲਈ ਰਸਤੇ ਖੁੱਲੇ ਹਨ। ਮੈਂ ਮੁੱਦਿਆਂ ਦੀ ਰਾਜਨੀਤੀ ਚਾਹੁੰਦਾ ਹਾਂ।"

ਗੋਲਡੀ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸਿਸਟਮ ਬਦਲਣ ਲਈ ਇਸਦਾ ਹਿੱਸਾ ਬਣਨਾ ਪਵੇਗਾ ਨਾ ਕਿ ਸੋਸ਼ਲ ਮੀਡੀਆ 'ਤੇ ਲਿਖਣ ਨਾਲ ਅਸਲ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਧਰਤੀ ਹੇਠਲੇ ਪਾਣੀ, ਖੇਤੀ 'ਚ ਬਦਲਾਅ ਅਤੇ ਲੋਕਾਂ ਨੂੰ ਸਹੀ ਦਿਸ਼ਾ ਦੇਣ ਦੇ ਮੁੱਦੇ ਚੁੱਕਣਗੇ।

ਸਾਲ 2019 ਵਿੱਚ ਕਾਂਗਰਸ ਦੀ ਟਿੱਕਟ ਤੋਂ ਚੋਂਣ ਲੜਨ ਵਾਲੇ ਕੇਵਲ ਸਿੰਘ ਢਿੱਲੋਂ ਇਸ ਵਾਰ ਭਾਜਪਾ ਵੱਲੋਂ ਉਤਾਰੇ ਗਏ ਹਨ। ਕੇਵਲ ਸਿੰਘ ਢਿੱਲੋਂ ਬਰਨਾਲਾ ਦੇ ਦੋ ਵਾਰ ਵਿਧਾਇਕ ਰਹੇ ਹਨ ਅਤੇ ਉਹ ਇੱਕ ਵਪਾਰੀ ਹਨ। ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਕੇਵਲ ਸਿੰਘ ਢਿੱਲੋਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ।

ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸੰਗਰੂਰ ਵਿੱਚ ਕਾਰਗੋ ਟਰਮੀਨਲ ਦੇ ਨਾਲ ਇੱਕ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਲੋੜ 'ਤੇ ਜ਼ੋਰ ਦਿੱਤਾ ਹੈ।

ਉਨ੍ਹਾਂ ਕਿਹਾ, ''ਸੰਗਰੂਰ ਵਿੱਚ ਕਾਰਗੋ ਟਰਮੀਨਲ ਵਾਲਾ ਇੱਕ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਅੱਡਾ ਲਿਆਉਣਾ ਮੇਰੇ ਏਜੰਡੇ ਦੀ ਸੂਚੀ ਵਿੱਚ ਸ਼ਾਮਲ ਹੈ, ਕਿਉਂਕਿ ਇਸ ਨਾਲ ਹਲਕੇ ਵਿੱਚ ਬੇਮਿਸਾਲ ਵਿਕਾਸ ਅਤੇ ਤਰੱਕੀ ਹੋਵੇਗੀ।"

"ਇਸ ਨਾਲ ਵੱਡੇ ਨਿਵੇਸ਼ ਹੋਣ ਕਰਕੇ ਨੌਕਰੀਆਂ ਅਤੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਬਹੁਤ ਮੱਦਦ ਹੋਵੇਗੀ ਅਤੇ ਇਸ ਨਾਲ ਵਿਦੇਸ਼ਾਂ ਨੂੰ ਜਾ ਰਹੇ ਮਾਲਵਾ ਖੇਤਰ ਦੇ ਨੌਜਵਾਨਾਂ ਦਾ ਪੰਜਾਬ ਵਿੱਚ ਹੀ ਬਿਹਤਰ ਭਵਿੱਖ ਹੋ ਸਕੇਗਾ।"

ਵੀਡੀਓ ਕੈਪਸ਼ਨ, ਸਿਮਰਨਜੀਤ ਸਿੰਘ ਮਾਨ ਸੰਸਦ ਵਿੱਚ ਜਾਣਾ ਕਿਉਂ ਜਰੂਰੀ ਸਮਝਦੇ ਹਨ

ਕੀ ਹਨ ਇਲਾਕੇ ਦੀਆਂ ਸਮੱਸਿਆਵਾਂ

ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਮੁਤਾਬਕ ਇੱਥੇ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿੱਚ ਹਨ। ਧੂਰੀ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੇ ਗੰਨਾ ਉਤਪਾਦਕਾਂ ਦੀ ਅਦਾਇਗੀ ਹਮੇਸ਼ਾ ਲਟਕੀ ਰਹਿੰਦੀ ਹੈ।

ਮੂਣਕ ਅਤੇ ਲਹਿਰਾਗਾਗਾ ਇਲਾਕਿਆਂ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਟੁੱਟਣ ਦਾ ਖਤਰਾ ਹਰ ਸਾਲ ਬਣਿਆ ਰਹਿੰਦਾ ਹੈ ਜੋ ਕਿਸਨਾਂ ਦੀਆਂ ਫ਼ਸਲਾਂ ਮਾਰ ਸਕਦਾ ਹੈ।

ਇਸ ਦੇ ਨਾਲ ਹੀ ਨਾ ਤਾਂ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਕੋਈ ਵੱਡਾ ਸਰਕਾਰੀ ਹਸਪਤਾਲ ਹੈ ਅਤੇ ਨਾ ਹੀ ਮਨੁੱਖੀ ਜਾਨਾਂ ਲੈਣ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਕੋਈ ਪੱਕਾ ਹੱਲ ਹੋਇਆ ਹੈ।

ਹਰ ਸਾਲ ਦਲਿਤ ਭਾਈਚਾਰੇ ਵੱਲੋਂ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ਉਪਰ ਲੈਣ ਲਈ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ।

ਕੀ ਚਹੁੰਦੇ ਹਨ ਸੰਗਰੂਰ ਦੇ ਵੋਟਰ

ਹਲਕੇ ਦੇ ਵੋਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਰੁਜ਼ਗਾਰ, ਸਿਹਤ ਸਹੂਲਤਾਂ ਅਤੇ ਅਮਨ-ਕਾਨੂੰਨ ਦੀ ਵਿਵਸਥਾ ਦੀ ਉਮੀਦ ਕਰਦੇ ਹਨ।

ਲਹਿਰਾ ਦੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਨਾ ਘੱਗਰ ਦੇ ਪ੍ਰਦੂਸ਼ਨ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਠੋਸ ਬੰਨ ਬਣਾਏ ਜਾ ਰਹੇ ਹਨ।

"ਇੱਕ ਸਾਂਸਦ ਨੂੰ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਵੀ ਲੋਕ ਸਭਾ ਵਿੱਚ ਚੁੱਕਣੀ ਚਾਹੀਦੀ ਹੈ।"

ਗੰਨਾ ਕਿਸਾਨ ਅਵਤਾਰ ਸਿੰਘ ਤਾਰੀ ਦਾ ਕਹਿਣਾ ਹੈ ਕਿ ਜਦੋਂ ਇਹ ਕਾਨੂੰਨ ਹੈ ਕਿ ਗੰਨੇ ਦੀ ਅਦਾਇਗੀ 14 ਦਿਨਾਂ ਦੇ ਅੰਦਰ-ਅੰਦਰ ਹੋਣੀ ਚਾਹੀਦੀ ਹੈ ਤਾਂ ਸਾਡੀਆਂ ਸਰਕਾਰਾਂ ਇਸ ਨੂੰ ਲਾਗੂ ਕਿਉ ਨਹੀਂ ਕਰਵਾਉਂਦੀਆਂ।

ਵੀਡੀਓ ਕੈਪਸ਼ਨ, ਦਲਵੀਰ ਗੋਲਡੀ ਸੰਗਰੂਰ ਦੀ ਆਵਾਜ਼ ਸੰਸਦ ’ਚ ਇਸ ਲਈ ਚੁੱਕਣਾ ਚਾਹੁੰਦੇ ਹਨ

"ਅਸੀਂ ਵੋਟਾਂ ਮੰਗਣ ਆਏ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਕੋਲ ਵੀ ਇਹ ਮਸਲਾ ਚੁੱਕਿਆ ਹੈ।"

ਬਰਨਾਲਾ ਦੇ ਭੋਲਾ ਸਿੰਘ ਦਾ ਕਹਿੰਦੇ ਹਨ, "ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਕਈ ਕਤਲ ਅਤੇ ਲੁੱਟ ਦੀਆਂ ਵਾਰਦਾਤਾਂ ਹੋਈਆਂ ਹਨ। ਜਦੋਂ ਲੋਕਾਂ ਨੇ 'ਆਪ' ਨੂੰ ਵੱਡਾ ਸਮੱਰਥਣ ਦਿੱਤਾ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਮਨ ਅਤੇ ਸ਼ਾਂਤੀ ਬਰਕਰਾਰ ਰੱਖੀ ਜਾਵੇ।"

ਮਲੇਰਕੋਟਲਾ ਦੇ ਬਿੱਕਰ ਸਿੰਘ ਦਾ ਕਹਿਣਾ ਹੈ ਕਿ ਨਜੂਲ ਜ਼ਮੀਨਾਂ ਦੀਆਂ ਸੋਸਾਇਟੀਆਂ ਦੇ ਮੈਂਬਰਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ।

ਬਿੱਕਰ ਸਿੰਘ ਦਾ ਕਹਿਣਾ ਹੈ ਕਿ, "ਦੁਆਬੇ ਇਲਾਕੇ ਵਿੱਚ ਬੇਜ਼ਮੀਨੇ ਲੋਕਾਂ ਨੂੰ ਵੀ ਕਰਜ਼ਾ ਮਿਲ ਜਾਂਦਾ ਹੈ ਪਰ ਸਾਡੇ ਮਾਲਵਾ ਇਲਾਕੇ ਵਿੱਚ ਵੀ ਦਲਿਤਾਂ ਲਈ ਕਰਜ਼ੇ ਦਾ ਪ੍ਰਬੰਧ ਕੀਤਾ ਜਾਵੇ।"

ਵੋਟਾਂ ਅਤੇ ਝੋਨੇ ਦਾ ਸੀਜ਼ਨ

ਸੰਗਰੂਰ ਲੋਕ ਸਭਾ ਅੰਦਰ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਹਨਾਂ 9 ਵਿਧਾਨ ਸਭਾ ਹਲਕਿਆਂ ਵਿੱਚ ਸੰਗਰੂਰ, ਦਿੜ੍ਹਬਾ, ਸੁਨਾਮ, ਲਹਿਰਾਗਾਗਾ, ਧੂਰੀ, ਬਰਨਾਲਾ, ਭਦੌੜ, ਮਹਿਲਕਲ੍ਹਾਂ ਅਤੇ ਮਲੇਰਕੋਟਲਾ ਸ਼ਾਮਿਲ ਹਨ।

ਜ਼ਿਮਨੀ ਚੋਣ 23 ਜੂਨ ਨੂੰ ਹੋਣ ਜਾ ਰਹੇ ਹਨ। ਇਸ ਹਲਕੇ ਵਿੱਚ ਕਰੀਬ 15 ਲੱਖ 69 ਹਜ਼ਾਰ 240 ਵੋਟਰ ਹਨ। ਇਹਨਾਂ ਵਿੱਚ 8 ਲੱਖ 30 ਹਜ਼ਾਰ 56 ਮਰਦ ਅਤੇ 7 ਲੱਖ 39 ਹਜ਼ਾਰ 140 ਔਰਤਾਂ ਹਨ।

ਪਰ ਝੋਨੇ ਦੇ ਸੀਜ਼ਨ ਕਾਰਨ - ਜੋ 17 ਜੂਨ ਤੋਂ ਸ਼ੁਰੂ ਹੋ ਰਿਹਾ ਹੈ - ਇਸ ਵਾਰ ਵੋਟ ਪ੍ਰਤੀਸ਼ਤ ਘੱਟਣ ਦੇ ਅਸਾਰ ਹਨ।

ਸੁਨਾਮ ਦੇ ਸਤਿਗੁਰ ਸਿੰਘ ਦਾ ਕਹਿਣ ਹੈ, "ਜ਼ਿਆਦਾਤਰ ਕਿਸਾਨ ਅਤੇ ਮਜ਼ਦੂਰ ਝੋਨੇ ਦੀ ਲਗਾਈ ਵਿੱਚ ਲੱਗੇ ਹੋਣਗੇ ਜਿਸ ਕਾਰਨ ਲੋਕ ਘੱਟ ਹੀ ਵੋਟਾਂ ਵੱਲ ਧਿਆਨ ਦੇ ਰਹੇ ਹਨ।"

ਭਗਵੰਤ ਮਾਨ ਅਤੇ ਢੀਂਡਸਾ ਪਰਿਵਾਰ ਦਾ ਪ੍ਰਭਾਵ

ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਲਗਾਤਾਰ ਦੋ ਵਾਰ ਜਿੱਤੀ ਗਈ। ਮਾਨ ਨੇ 2019 ਵਿੱਚ ਕਰੀਬ 1.10 ਲੱਖ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਸੀ । ਇਸ ਤੋਂ ਪਹਿਲਾਂ 2014 ਵਿੱਚ ਉਹਨਾਂ ਨੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਨਾਲ ਹਰਾਇਆ ਸੀ।

ਸੁਖਦੇਵ ਸਿੰਘ ਢੀਂਡਸਾ 2004 ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਇੱਕ ਵਾਰ ਜਿੱਤ ਚੁੱਕੇ ਹਨ ਪਰ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ 2019 ਵਿੱਚ ਭਗਵੰਤ ਮਾਨ ਤੋਂ ਹਾਰ ਗਏ ਸਨ।

ਆਪਣੀ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਚੁੱਕਾ ਢੀਂਡਸਾ ਪਰਿਵਾਰ ਇਸ ਵਾਰ ਭਾਜਪਾ ਦੀ ਹਮਾਇਤ ਕਰ ਰਿਹਾ ਹੈ।

ਸੁਖਦੇਵ ਸਿੰਘ ਢੀਂਡਸਾ

ਇਸ ਤੋਂ ਪਹਿਲਾਂ ਆਪਣੇ ਸਿਆਸੀ ਇਤਿਹਾਸ ਵਿੱਚ ਸੰਗਰੂਰ ਹਲਕੇ ਨੇ ਕਦੇ ਵੀ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ (ਅਕਾਲੀ ਦਲ) ਨੂੰ ਛੱਡ ਕੇ ਸੰਸਦ ਮੈਂਬਰ ਨੂੰ ਦੁਹਰਾਇਆ ਨਹੀਂ ਸੀ। ਸੁਰਜੀਤ ਸਿੰਘ ਬਰਨਾਲਾ ਨੇ 1996 ਅਤੇ 1998 ਵਿੱਚ ਇਹ ਸੀਟ ਜਿੱਤੀ ਸੀ।

ਦਿਲਚਸਪ ਨਤੀਜਿਆਂ ਵਿੱਚ ਸਿਮਰਨਜੀਤ ਮਾਨ ਅਤੇ ਬਲਵੰਤ ਸਿੰਘ ਰਾਮੂਵਾਲੀਆ ਨੇ 1999 ਅਤੇ 1984 ਵਿੱਚ ਇਹ ਸੀਟ ਜਿੱਤੀ ਸੀ। ਸਿਮਰਨਜੀਤ ਮਾਨ ਇਸ ਵਾਰ ਫਿਰ ਤੋਂ ਸੱਤਵੀਂ ਵਾਰ ਇਹਨਾਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)