ਸ਼੍ਰੀਲੰਕਾ ਦੇ ਲੋਕਾਂ ਦਾ ਸਵਾਲ 'ਆਖਿਰ ਸਾਡਾ ਦੇਸ਼ ਕਿਵੇਂ ਖਰਾਬ ਹੋ ਗਿਆ? ਬਿਜਲੀ ਨਹੀਂ, ਪਾਣੀ ਨਹੀਂ, ਪੈਟਰੋਲ ਨਹੀਂ, ਖਾਣਾ ਨਹੀਂ' - ਗ੍ਰਾਊਂਡ ਰਿਪੋਰਟ

ਤਸਵੀਰ ਸਰੋਤ, ISHARA S. KODIKARA/Getty Images
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਭਾਂਵੇ ਵੀਰਵਾਰ ਦੇਰ ਸ਼ਾਮ ਨੂੰ ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੂੰ ਦੁਬਾਰਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ ਪਰ ਸ਼੍ਰੀਲੰਕਾ ਦੇ ਹਲਾਤ ਸੁਧਰਨ ਤੋਂ ਕੋਹਾਂ ਦੂਰ ਹਨ।
ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਸਤੀਫ਼ਾ ਦੇ ਚੁੱਕੇ ਹਨ। ਉਹ ਪਰਿਵਾਰ ਸਮੇਤ ਅਜਿਹੇ ਇਲਾਕੇ ਵਿੱਚ ਜਾ ਬੈਠੇ ਹਨ ਜਿੱਥੇ ਰਾਜਪਕਸ਼ਾ ਕਦੇ ਅਧਿਕਾਰਿਤ ਦੌਰੇ ਉੱਪਰ ਵੀ ਘੱਟ ਹੀ ਜਾਇਆ ਕਰਦੇ ਸਨ।
ਉਨ੍ਹਾਂ ਦੇ ਭਰਾ ਗੋਟਾਬਾਇਆ ਰਾਜਪਕਸ਼ਾ ਹਾਲੇ ਵੀ ਦੇਸ਼ ਦੇ ਰਾਸ਼ਟਰਪਤੀ ਹਨ। ਉਹ ਦੇਸ਼ 'ਚ ਵਧ ਰਹੇ ਵਿਰੋਧ ਦੇ ਬਾਵਜੂਦ ਵੀ ਅਹੁਦਾ ਛੱਡਣ ਨੂੰ ਤਿਆਰ ਨਹੀਂ ਹਨ।
ਕੋਲੰਬੋ ਦੇ ਇੱਕ ਜੱਜ ਨੇ ਮਹਿੰਦਾ ਰਾਜਪਕਸ਼ਾ ਦੇ ਪਰਿਵਾਰ ਸਮੇਤ 13 ਜਣਿਆਂ ਦੇ ਦੇਸ਼ ਛੱਡਣ 'ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਦੇ ਪੁੱਤਰ ਨਮਲ ਰਾਜਪਕਸ਼ਾ ਨੇ ਟਵੀਟ ਕਰਕੇ ਕਿਹਾ, ''ਦੇਸ਼ ਵਿੱਚ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲਿਆਂ ਖਿਲਾਫ਼ ਕਰਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਖਿਲਾਫ਼ ਵੀ ਜਿੰਨ੍ਹਾਂ ਨੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਭੀੜ ਦਾ ਨਿਸ਼ਾਨਾ ਬਣੇ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ।''
ਇਹ ਗੱਲ ਨੌਂ ਮਈ ਦੀ ਹੈ, ਜਗ੍ਹਾ ਸੀ ਕੋਲੰਬੋ ਦੇ ਸਭ ਤੋਂ ਮਹਿੰਗੇ ਗਾਲ ਸਟਰੀਟ ਇਲਾਕੇ ਵਿੱਚ ਸਥਿਤ ਟੈਂਪਲ ਟਰੀਜ਼- ਮਹਿੰਦਾ ਰਾਜਪਕਸ਼ਾ ਦੀ ਸਰਕਾਰੀ ਰਿਹਾਇਸ਼।
ਇਹ ਵੀ ਪੜ੍ਹੋ:

ਇਸੇ ਦੇ ਬਾਹਰ, ਮਹਿੰਦਾ ਰਾਜਪਕਸ਼ਾ ਦੇ ਸਮਰਥਕਾਂ ਅਤੇ ਉਨ੍ਹਾਂ ਦੀ ਸਰਕਾਰ ਖਿਲਾਫ਼ ਮਹੀਨੇ ਭਰ ਤੋਂ ਸ਼ਾਂਤਮਈ ਮੁਜਾਹਰਾ ਕਰ ਰਹੇ ਲੋਕਾਂ ਵਿਚਕਾਰ ਝੜਪ ਹੋਈ ਸੀ।
42 ਸਾਲਾ ਨੂਰਾ ਨੂਰਾ ਵੀ ਪਿਛਲੇ ਕਈ ਹਫ਼ਤਿਆਂ ਤੋਂ ਸ਼੍ਰੀਲੰਕਾ ਦੇ ਵਿਗੜੇ ਹਾਲਾਤਾਂ ਕਾਰਨ ਮੁਜ਼ਾਹਰੇ ਕਰ ਰਹੇ ਲੋਕਾਂ ਦਾ ਸਾਥ ਦੇ ਰਹੇ ਹਨ। ਉਹ ਉਸ ਰਾਤ ਨੂੰ ਯਾਦ ਕਰਕੇ ਬੇਚੈਨ ਹੋ ਉੱਠਦੇ ਹਨ।
''ਅਸੀਂ ਲੋਕ ਤਾਂ ਗਾਲ ਫੇਸ 'ਤੇ ਧਰਨੇ ਵਾਲੀ ਥਾਂ 'ਤੇ ਹੀ ਬੈਠੇ ਸੀ। ਫੇਸਬੁੱਕ 'ਤੇ ਸੰਦੇਸ਼ ਆਉਣੇ ਸ਼ੁਰੂ ਹੋਏ ਕਿ ਰਾਜਪਕਸ਼ੇ ਦੇ ਸਮਰੱਥਕਾਂ ਦੀ ਭੀੜ ਸਾਡੇ ਵੱਲ ਆ ਰਹੀ ਹੈ। ਬੱਸ ਉਹਨਾਂ ਦੇ ਘਰ ਕੋਲ ਆ ਕੇ ਉਹ ਸਾਨੂੰ ਮਾਰਨ-ਕੁੱਟਣ ਲੱਗੇ। ਕਰੀਬ ਦੋ ਦਰਜਨ ਲੋਕਾਂ ਵਿੱਚ ਮੈਂ ਇਕੱਲੀ ਔਰਤ ਸੀ। ਮੇਰੇ ਸਰੀਰ ਨੂੰ ਦੱਬਿਆ ਗਿਆ, ਕੱਪੜੇ ਖਿੱਚੇ ਗਏ ਅਤੇ ਉਹ ਅੱਗੇ ਵੱਧ ਗਏ।'' ਇਹ ਦੱਸਦੇ ਹੋਏ ਨੂਰਾ ਦੀਆਂ ਅੱਖਾਂ ਭਰ ਆਈਆਂ।
ਸਦਮੇ ਨੂੰ ਭੁੱਲਣ ਦੀ ਕੋਸਿਸ਼ ਕਰਦਿਆਂ ਨੂਰਾ ਫਿਰ ਤੋਂ ਗਾਲ ਫੇਜ਼ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਬੈਠੇ ਹਨ ਹੈ ਅਤੇ ਮੰਗ ਕਰ ਰਹੇ ਹਨ, "ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਅਸਤੀਫ਼ੇ ਤੋਂ ਘੱਟ ਕੋਈ ਏਥੋਂ ਨਹੀਂ ਹਿੱਲੇਗਾ।''
ਸ਼੍ਰੀਲੰਕਾ ਦੇ ਵਿੱਤੀ ਸੰਕਟ ਦੇ ਕਾਰਨ, ਵੀਡਿਓ ਰਾਹੀਂ ਸਮਝੋ
ਉਸ ਰਾਤ ਦੀ ਹਿੰਸਾ ਤੋਂ ਬਾਅਦ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫ਼ਾ ਦੇ ਦਿੱਤਾ ਸੀ ਪਰ ਫ਼ਿਰ ਵੀ ਲੋਕਾਂ ਦਾ ਗੁੱਸਾ ਘੱਟ ਨਹੀਂ ਹੋਇਆ ਅਤੇ ਅਗਲੇ ਦਿਨ ਮੰਗਲਵਾਰ ਸ਼ਾਮ ਤੱਕ ਸੱਤਾਧਾਰੀ ਪਾਰਟੀ ਦੇ ਲੋਕਾਂ ਖਿਲਾਫ਼ ਮੁਹਿੰਮ ਜਾਰੀ ਰਹੀ।
ਉਦੋਂ ਤੋਂ ਰਾਜਧਾਨੀ ਕੋਲੰਬੋ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਸੀ ਜਿਸ ਵਿੱਚ ਵੀਰਵਾਰ ਨੂੰ ਸੱਤ ਘੰਟਿਆਂ ਦੀ ਖੁੱਲ੍ਹ ਦਿੱਤੀ ਗਈ ਸੀ।
ਸ਼੍ਰੀਲੰਕਾ ਵਿੱਚ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਨੂੰ ਹੱਲ ਕਰਨ ਵਿੱਚ ਨਾਕਾਮ ਰਹੀ ਸਰਕਾਰ ਵਿਰੁੱਧ ਪ੍ਰਦਰਸ਼ਨ ਫਿਰ ਤੋਂ ਤੇਜੀ ਫੜ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁ ਤਾਂ ਚੁੱਕ ਲਈ ਪਰ ਬਹੁਤੇ ਲੋਕ ਇਸ ਨਾਲ ਸਹਿਮਤ ਨਹੀਂ ਦਿਸ ਰਹੇ ਸਨ।
ਵੀਰਵਾਰ ਨੂੰ ਕਰਫ਼ਿਊ ਵਿੱਚ ਢਿੱਲ ਮਿਲਣ ਦੇ ਨਾਲ ਹੀ ਵੱਡੀ ਗਿਣਤੀ ਲੋਕ ਵਿਰੋਧ-ਪ੍ਰਦਰਸ਼ਨ ਵਾਲੇ ਸਥਾਨ ''ਲੋਕਾਂ ਦਾ ਉਤਸ਼ਾਹ ਵਧਾਉਣ'' ਲਈ ਪਹੁੰਚ ਗਏ।

ਤਸਵੀਰ ਸਰੋਤ, EPA
ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਕੁਮਾਰ ਸੰਘਾਕਾਰਾ ਦੀ ਪਤਨੀ ਯੇਹਾਲੀ ਵੀ ਲੋਕਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਪਹੁੰਚੇ ਹੋਏ ਸਨ।
ਉਨ੍ਹਾਂ ਨੇ ਕਿਹਾ, ''ਅਸੀ ਸਿਰਫ ਦੇਸ਼ ਵਿੱਚ ਸ਼ਾਂਤੀ ਚਹੁੰਦੇ ਹਾਂ ਅਤੇ ਹੋਰ ਕੁਝ ਨਹੀਂ। ਇਹ ਪ੍ਰਦਰਸ਼ਨਕਾਰੀ ਲੋਕ ਬਹੁਤ ਪਿਆਰੇ ਅਤੇ ਸ਼ਾਂਤੀ ਪਸੰਦ ਹਨ। ਮੈਂ ਇਥੇ ਇਸ ਲਈ ਹਾਂ ਕਿਉਂਕਿ ਇਹ ਦੇਸ਼ ਦਾ ਭਵਿੱਖ ਹਨ। ''
ਮਹਿੰਦਾ ਰਾਜਪਕਸ਼ੇ ਨੂੰ ਕਿਸੇ ਸਮੇਂ ਸਿੰਹਲਾ ਬਹੁਗਿਣਤੀ ਵੱਲੋਂ ਵਾਰ ਹੀਰੋ ਦੇ ਤੌਰ ਵਜੋਂ ਦੇਖਿਆ ਜਾਂਦਾ ਸੀ। ਉਨ੍ਹਾਂ ਦੇ ਸਿਰ ਲਿੱਟਾ ਨੂੰ ਖ਼ਤਮ ਕਰਨ ਦਾ ਸਿਹਰਾ ਵੀ ਜਾਂਦਾ ਹੈ।

ਕੋਲੰਬੋ ਯੂਨੀਵਰਸਿਟੀ ਵਿੱਚ ਰਾਜਨੀਤਿਕ ਆਰਥਿਕਤਾ ਦੇ ਪ੍ਰੋਫ਼ੈਸਰ ਫਰਨਾਂਡੋ ਮੁਤਾਬਕ, ''ਤੁਸੀਂ ਕਰਜ਼ਾ ਲੈਂਦੇ ਗਏ, ਫਿਰ ਉਸ ਪੈਸੇ ਦਾ ਕੀ ਹੋਇਆ, ਉਸ ਦਾ ਸਾਫ਼ ਤੌਰ 'ਤੇ ਪਤਾ ਨਹੀਂ ਲੱਗਾ। ਇਸ ਗੱਲ ਉਪਰ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਸਰਕਾਰੀ ਖ਼ਜ਼ਾਨੇ ਵਿੱਚੋਂ ਵਿਦੇਸ਼ੀ ਮੁਦਰਾ ਖਾਲੀ ਹੁੰਦੀ ਗਈ। ਹੁਣ ਕੀ ਕਹਿ ਕੇ ਲੋਕਾਂ ਦਾ ਗੁੱਸਾ ਠੰਢਾ ਕਰੋਗੇ ?''
ਗਾਲ ਫੇਜ਼ ਵਿੱਚ ਪ੍ਰਦਰਸ਼ਨ ਸਥਾਨ ਤੋਂ ਥੋੜੀ ਦੂਰ ਇੱਕ ਟੈਂਟ ਵਿੱਚ ਕੁਝ ਇਸਾਈ ਨੰਨਜ਼ ਬੈਠੀਆਂ ਮਿਲੀਆਂ। ਪਤਾ ਲੱਗਾ ਕਿ ਉਹ ਇੱਕ ਮਹੀਨੇ ਤੋਂ ਇੱਥੇ ਹਨ ਅਤੇ ਹੋਲੀ ਫੈਮਲੀ ਚਰਚ ਨਾਲ ਜੁੜੀਆਂ ਹੋਈਆਂ ਹਨ।
ਉਨ੍ਹਾਂ ਵਿੱਚੋਂ ਇੱਕ, ਸ਼ਿਰੋਮੀ, ਨੇ ਕਿਹਾ, ''ਸਾਨੂੰ ਨਾ ਕੋਈ ਲਾਭ ਚਾਹੀਦਾ ਹੈ ਨਾ ਹੀ ਕੋਈ ਫ਼ਾਇਦਾ ਪਰ 9 ਮਈ ਨੂੰ ਜੋ ਹੋਇਆ, ਉਹ ਸ਼ਰਮਨਾਕ ਸੀ। ਰਾਜਨੀਤਿਕ ਸਮਰਥੱਕਾਂ ਨੇ ਨਿਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਇਆ।
ਮੈਂ ਖ਼ੁਦ ਦੇਖਿਆ ਕਿਵੇਂ ਔਰਤਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਨੌਜਵਾਨਾਂ ਨੂੰ ਘੜੀਸਿਆ ਗਿਆ। ਨਹੀਂ ਤਾਂ ਉਸ ਖਿਲਾਫ ਦੇਸ਼ ਵਿਆਪੀ ਗੁੱਸਾ ਕਿਊਂ ਫ਼ੈਲਦਾ?''

ਸੱਚ ਇਹੀ ਹੈ ਕਿ ਦੇਸ਼ ਵਿੱਚ ਖਾਣ-ਪੀਣ ਦੇ ਸਮਾਨ ਦੀਆਂ ਚੀਜ਼ਾਂ, ਦੁੱਧ, ਕੈਰੋਸੀਨ ਦਾ ਤੇਲ ਅਤੇ ਦਵਾਈਆਂ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚੀਆਂ ਹੋਈਆਂ ਹਨ। ਪੈਟਰੋਲ ਪੰਪ ਖਾਲੀ ਪਏ ਹਨ ਕਿਉਂਕਿ ਦੇਸ਼ ਕੋਲ ਅਯਾਤ ਲਈ ਦੇਣ ਵਾਸਤੇ ਡਾਲਰ ਨਹੀਂ ਹਨ।
ਨੂਰਾ ਨੂਰਾ ਨੇ ਅਖੀਰ ਵਿੱਚ ਕਿਹਾ, ''ਆਖਿਰ ਸਾਡਾ ਦੇਸ਼ ਕਿਵੇਂ ਖਰਾਬ ਹੋ ਗਿਆ। ਬਿਜਲੀ ਨਹੀਂ, ਪਾਣੀ ਨਹੀਂ, ਪੈਟਰੋਲ ਨਹੀਂ, ਖਾਣਾ ਨਹੀਂ। ਸਾਡੇ ਬੱਚਿਆਂ ਕੋਲ ਪੈਸਾ ਨਹੀਂ। ਜੇਕਰ ਹੁਣ ਕੁਝ ਨਹੀਂ ਹੋਇਆ ਤਾਂ ਅਸੀਂ ਕਦੇ ਵੀ ਪਹਿਲਾਂ ਵਾਲਾ ਸ਼੍ਰੀਲੰਕਾ ਨਹੀਂ ਬਣਾ ਸਕਾਂਗੇ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













