ਟਵਿੱਟਰ ਨੂੰ ਇਲੋਨ ਮਸਕ ਨੇ ਖਰੀਦਿਆ, ਇਹ ਹੋਣਗੇ 3 ਵੱਡੇ ਬਦਲਾਅ

    • ਲੇਖਕ, ਨੈਟਲੀ ਸ਼ਰਮਨ ਅਤੇ ਡੈਨੀਅਲ ਥਾਮਸ
    • ਰੋਲ, ਬਿਜ਼ਨਸ ਰਿਪੋਰਟਰ, ਨਿਊਯਾਰਕ

ਟਵਿੱਟਰ ਦੇ ਬੋਰਡ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਲਈ ਅਰਬਪਤੀ ਇਲੋਨ ਮਸਕ ਦੀ 44 ਬਿਲੀਅਨ ਡਾਲਰ ਦੀ ਪੇਸ਼ਕਸ਼ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ।

ਇਲੋਨ ਮਸਕ ਨੇ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਇਸਦੇ ਦੀ ਬੋਲੀ ਲਗਾਈ ਸੀ। ਉਨ੍ਹਾਂ ਕਿਹਾ ਕਿ ਟਵਿੱਟਰ ਵਿੱਚ "ਜ਼ਬਰਦਸਤ ਸੰਭਾਵਨਾ" ਹੈ, ਜਿਸ ਨੂੰ ਉਹ ਅਨਲੌਕ ਕਰਨਗੇ।

ਇਸਦੇ ਨਾਲ ਹੀ ਉਨ੍ਹਾਂ ਨੇ ਫਰਜੀ ਖਾਤਿਆਂ ਨੂੰ ਹਟਾਉਣ ਅਤੇ ਪਲੇਟਫਾਰਮ ਦੀ ਸਮੱਗਰੀ ਸਬੰਧੀ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਗੱਲ ਵੀ ਕਹੀ ਹੈ।

ਇਸ ਫਰਮ ਨੇ ਸ਼ੁਰੂ ਵਿੱਚ ਇਲੋਨ ਮਸਕ ਦੀ ਬੋਲੀ ਨੂੰ ਖਾਰਜ ਕਰ ਦਿੱਤਾ ਸੀ।

ਟਵਿੱਟਰ ਦੇ ਸੌਦੇ ਦਾ ਐਲਾਨ ਕਰਦਿਆਂ ਇਲੋਨ ਮਸਕ ਨੇ ਇੱਕ ਬਿਆਨ ਵਿੱਚ ਕਿਹਾ, ''ਬੋਲਣ ਦੀ ਆਜ਼ਾਦੀ ਇੱਕ ਕਾਰਜਸ਼ੀਲ ਲੋਕਤੰਤਰ ਦਾ ਅਧਾਰ ਹੈ ਅਤੇ ਟਵਿੱਟਰ ਇੱਕ ਡਿਜੀਟਲ ਟਾਊਨ ਸਕੁਏਅਰ ਹੈ, ਜਿੱਥੇ ਮਨੁੱਖਤਾ ਦੇ ਭਵਿੱਖ ਲਈ ਮਹੱਤਵਪੂਰਨ ਮੁੱਦਿਆਂ 'ਤੇ ਬਹਿਸ ਕੀਤੀ ਜਾਂਦੀ ਹੈ।"

ਉਨ੍ਹਾਂ ਅੱਗੇ ਕਿਹਾ, "ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ, ਵਿਸ਼ਵਾਸ ਵਧਾਉਣ ਲਈ ਐਲਗੋਰਿਦਮਜ਼ ਨੂੰ ਓਪਨ ਸੋਰਸ ਬਣਾ ਕੇ, ਸਪੈਮ ਬੋਟਸ ਨੂੰ ਖਤਮ ਕਰਕੇ ਅਤੇ ਸਾਰੇ ਉਪਭੋਗਤਾਵਾਂ ਨੂੰ ਪ੍ਰਮਾਣਿਤ ਕਰਕੇ, ਮੈਂ ਟਵਿੱਟਰ ਨੂੰ ਪਹਿਲਾਂ ਨਾਲੋਂ ਵੀ ਬਿਹਤਰ ਬਣਾਉਣਾ ਚਾਹੁੰਦਾ ਹਾਂ।''

"ਟਵਿੱਟਰ ਵਿੱਚ ਬਹੁਤ ਸਾਰੀ ਸੰਭਾਵਨਾ ਹੈ - ਇਸਨੂੰ ਅਨਲੌਕ ਕਰਨ ਲਈ ਮੈਂ ਕੰਪਨੀ ਅਤੇ ਉਪਭੋਗਤਾਵਾਂ ਦੇ ਭਾਈਚਾਰੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।"

ਇਹ ਸੌਦਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਟਵਿੱਟਰ ਆਪਣੇ ਪਲੇਟਫਾਰਮ 'ਤੇ ਦਿਖਾਈ ਦੇਣ ਵਾਲੀ ਸਮੱਗਰੀ ਨੂੰ ਲੈ ਕੇ ਸਿਆਸਤਦਾਨਾਂ ਅਤੇ ਰੈਗੂਲੇਟਰਾਂ ਦੇ ਵਧ ਰਹੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ।

ਕੰਪਨੀ ਨੂੰ ਆਪਣੇ ਪਲੇਟਫਾਰਮ 'ਤੇ ਗਲਤ ਜਾਣਕਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ 'ਚ 'ਤੇ ਖੱਬੇ ਅਤੇ ਸੱਜੇ ਪੱਖਾਂ ਪਾਸਿਓਂ ਅਲੋਚਨਾ ਝੱਲਣੀ ਪਈ ਹੈ।

ਕੰਪਨੀ ਦੇ ਸਭ ਤੋਂ ਹਾਈ-ਪ੍ਰੋਫਾਈਲ ਕਦਮਾਂ ਵਿੱਚੋਂ ਇੱਕ ਉਹ ਸੀ ਜਦੋਂ ਇਸਨੇ ਪਿਛਲੇ ਸਾਲ "ਹਿੰਸਾ ਭੜਕਾਉਣ" ਦੇ ਜੋਖਮ ਦਾ ਹਵਾਲਾ ਦਿੰਦੇ ਹੋਏ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਪਾਬੰਦੀ ਲਗਾ ਦਿੱਤੀ ਸੀ, ਜਦਕਿ ਸ਼ਾਇਦ ਟਰੰਪ ਇਸਦੇ ਸਭ ਤੋਂ ਤਾਕਤਵਰ ਉਪਭੋਗਤਾਵਾਂ ਵਿੱਚੋਂ ਇੱਕ ਸਨ।

ਇਲੋਨ ਮਸਕ ਦੁਆਰਾ ਟਵਿੱਟਰ ਦਾ ਸੌਦਾ ਮਾਰਨ ਦੀਆਂ ਖ਼ਬਰਾਂ ਨਾਲ ਯੂਐੱਸ ਵਿੱਚ ਸੱਜੇਪੱਖੀ ਲੋਕ ਖੁਸ਼ ਹਨ, ਹਾਲਾਂਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਫੌਕਸ ਨਿਊਜ਼ ਨੂੰ ਕਿਹਾ ਕਿ ਉਨ੍ਹਾਂ ਦੀ ਪਲੇਟਫਾਰਮ 'ਤੇ ਦੁਬਾਰਾ ਜੁੜਨ ਦੀ ਕੋਈ ਯੋਜਨਾ ਨਹੀਂ ਹੈ।

ਇਹ ਵੀ ਪੜ੍ਹੋ:

ਵ੍ਹਾਈਟ ਹਾਊਸ ਨੇ ਇਸ ਸੌਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬੁਲਾਰੇ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ: "ਭਾਵੇਂ ਕੋਈ ਵੀ ਟਵਿੱਟਰ ਦਾ ਮਾਲਕ ਹੋਵੇ ਜਾਂ ਇਸਨੂੰ ਚਲਾਵੇ, ਰਾਸ਼ਟਰਪਤੀ ਲੰਬੇ ਸਮੇਂ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਤਾਕਤ ਬਾਰੇ ਚਿੰਤਤ ਹਨ।"

ਯੂਕੇ ਦੀ ਡਿਜੀਟਲ, ਕਲਚਰ, ਮੀਡੀਆ ਅਤੇ ਸਪੋਰਟ ਕਮੇਟੀ ਦੇ ਚੇਅਰਮੈਨ ਐਮਪੀ ਜੂਲੀਅਨ ਨਾਈਟ ਨੇ ਟਵਿੱਟਰ 'ਤੇ ਲਿਖਦਿਆਂ ਇਸ ਸੌਦੇ ਨੂੰ "ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਅਸਾਧਾਰਣ ਵਿਕਾਸ" ਕਿਹਾ।

ਕੀ ਐਲਨ ਮਸਕ ਟਵਿੱਟਰ ਨੂੰ ਬਦਲ ਸਕਦੇ ਹਨ?

  • ਇਹ ਸੌਦਾ ਇਸ ਸਾਲ ਦੇ ਅੰਤ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਸੌਦੇ ਦੇ ਹਿੱਸੇ ਵਜੋਂ, ਟਵਿੱਟਰ ਦੇ ਸ਼ੇਅਰਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਇਸਨੂੰ ਪ੍ਰਾਈਵੇਟ (ਨਿੱਜੀ ਕੰਪਨੀ) ਬਣਾ ਲਿਆ ਜਾਵੇਗਾ।
  • ਮਸਕ ਨੇ ਸੁਝਾਅ ਦਿੱਤਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਕਾਰੋਬਾਰ ਵਿੱਚ ਅਜਿਹੇ ਬਦਲਾਅ ਕਰਨ ਦੀ ਆਜ਼ਾਦੀ ਮਿਲੇਗੀ, ਜੋ ਉਹ ਚਾਹੁੰਦੇ ਹਨ।
  • ਇਸਦੇ ਨਾਲ ਹੀ ਉਹ ਇਸ ਗੱਲ ਦਾ ਵੀ ਸੁਝਾਅ ਦੇ ਰਹੇ ਹਨ ਕਿ ਲੰਮੀਆਂ ਪੋਸਟਾਂ ਦੀ ਆਗਿਆ ਦਿੱਤੀ ਜਾਵੇ ਅਤੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੰਪਾਦਿਤ ਕਰਨ ਦੀ ਆਪਸ਼ਨ ਵੀ ਰੱਖੀ ਜਾਵੇ।

ਟਵਿੱਟਰ ਦੇ ਸ਼ੇਅਰਾਂ ਦੀਆਂ ਕੀਮਤਾਂ

ਇਸ ਸੌਦੇ ਦੇ ਐਲਾਨ ਤੋਂ ਬਾਅਦ, ਸੋਮਵਾਰ ਨੂੰ ਟਵਿੱਟਰ ਦੇ ਸ਼ੇਅਰ 5 ਫੀਸਦੀ ਦੇ ਵਾਧੇ ਨਾਲ ਬੰਦ ਹੋਏ।

ਪਰ ਇਹ ਕੀਮਤ ਇਲੋਨ ਮਸਕ ਦੀ 54.20 ਡਾਲਰ ਪ੍ਰਤੀ ਸ਼ੇਅਰ ਦੀ ਪੇਸ਼ਕਸ਼ ਨਾਲੋਂ ਘੱਟ ਰਹੀ, ਜੋ ਕਿ ਸੰਕੇਤ ਹੈ ਕਿ ਵਾਲ ਸਟਰੀਟ ਦਾ ਮੰਨਣਾ ਹੈ ਕਿ ਮਸਕ ਕੰਪਨੀ ਲਈ ਵੱਧ ਭੁਗਤਾਨ ਕਰ ਰਹੇ ਹਨ।

ਮਸਕ ਦਾ ਕਹਿਣਾ ਹੈ ਕਿ ਉਹ ਖਰੀਦਦਾਰੀ ਦੀ "ਇਕੋਨਮੀ ਦੀ ਪਰਵਾਹ ਨਹੀਂ ਕਰਦੇ"।

ਇਸਦੇ ਪ੍ਰਭਾਵ ਦੇ ਬਾਵਜੂਦ, ਟਵਿੱਟਰ ਨੇ ਕਦੇ-ਕਦਾਈਂ ਹੀ ਮੁਨਾਫ਼ਾ ਕਮਾਇਆ ਹੈ ਅਤੇ ਉਪਭੋਗਤਾਵਾਂ ਵਿੱਚ ਵਾਧਾ ਦਰ ਹੌਲੀ ਹੋ ਗਈ ਹੈ, ਖਾਸ ਕਰਕੇ ਅਮਰੀਕਾ ਵਿੱਚ।

2004 ਵਿਚ ਬਣੀ ਸੀ ਕੰਪਨੀ

ਇਹ ਕੰਪਨੀ ਸਾਲ 2004 ਵਿੱਚ ਸਥਾਪਿਤ ਕੀਤੀ ਗਈ ਸੀ। ਸਾਲ 2021 ਦੇ ਅੰਤ ਤੱਕ ਇਸਦਾ ਮਾਲੀਆ 5 ਬਿਲੀਅਨ ਡਾਲਰ ਸੀ ਅਤੇ ਵਿਸ਼ਵ ਪੱਧਰ 'ਤੇ ਇਸਦੇ 217 ਮਿਲੀਅਨ ਰੋਜ਼ਾਨਾ ਉਪਭੋਗਤਾ ਸਨ।

ਅੰਕੜਿਆਂ ਸਬੰਧੀ ਅਜਿਹੇ ਦਾਅਵੇ ਫੇਸਬੁੱਕ ਵਰਗੇ ਹੋਰ ਪਲੇਟਫਾਰਮਾਂ ਦੁਆਰਾ ਦਾਅਵਾ ਕੀਤੇ ਗਏ ਹਨ।

ਟਵਿੱਟਰ ਬੋਰਡ ਦੇ ਚੇਅਰ ਬ੍ਰੇਟ ਟੇਲਰ ਨੇ ਕਿਹਾ ਕਿ ਕੰਪਨੀ ਨੇ ਮਸਕ ਦੀ ਪੇਸ਼ਕਸ਼ ਦਾ ਪੂਰੀ ਤਰ੍ਹਾਂ ਮੁਲਾਂਕਣ ਕੀਤਾ ਹੈ ਅਤੇ ਇਹ "ਟਵਿੱਟਰ ਦੇ ਸ਼ੇਅਰਧਾਰਕਾਂ ਲਈ ਸਭ ਤੋਂ ਵਧੀਆ" ਸੀ।

ਇਹ ਸਪੱਸ਼ਟ ਨਹੀਂ ਹੈ ਕਿ ਅੱਗੇ ਕੰਪਨੀ ਦੀ ਅਗਵਾਈ ਕੌਣ ਕਰੇਗਾ। ਵਰਤਮਾਨ ਵਿੱਚ ਟਵਿੱਟਰ ਦੀ ਅਗਵਾਈ ਪਰਾਗ ਅਗਰਵਾਲ ਕਰ ਰਹੇ ਹਨ।

ਜਿਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਇਸਦੇ ਸਹਿ-ਸੰਸਥਾਪਕ ਅਤੇ ਸਾਬਕਾ ਬੌਸ ਜੈਕ ਡੋਰਸੀ ਤੋਂ ਇਹ ਅਹੁਦਾ ਸੰਭਾਲਿਆ ਸੀ।

ਇਲੋਨ ਮਸਕ ਨੇ ਆਪਣੇ ਪੇਸ਼ਕਸ਼ ਦਸਤਾਵੇਜ਼ ਵਿੱਚ ਟਵਿੱਟਰ ਦੇ ਬੋਰਡ ਨੂੰ ਕਿਹਾ ਹੈ: "ਮੈਨੂੰ ਮੈਨੇਜਮੈਂਟ 'ਤੇ ਭਰੋਸਾ ਨਹੀਂ ਹੈ।"

ਖ਼ਬਰ ਏਜੰਸੀ ਰਾਇਟਰਜ਼ ਦੇ ਅਨੁਸਾਰ, ਅਗਰਵਾਲ ਨੇ ਕਿਹਾ ਹੈ ਕਿ "ਇੱਕ ਵਾਰ ਜਦੋਂ ਸੌਦਾ ਹੋ ਗਿਆ, ਸਾਨੂੰ ਨਹੀਂ ਪਤਾ ਕਿ ਪਲੇਟਫਾਰਮ ਕਿਸ ਦਿਸ਼ਾ ਵੱਲ ਜਾਵੇਗਾ।"

ਫੋਰਬਸ ਮੈਗਜ਼ੀਨ ਦੇ ਅਨੁਸਾਰ, ਇਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ।

ਉਹ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਵਿੱਚ ਸ਼ੇਅਰ ਹੋਲਡਰ ਹਨ। ਇਲੋਨ ਮਸਕ ਦੀ ਅੰਦਾਜ਼ਨ ਜਾਇਦਾਦ 273.6 ਬਿਲੀਅਨ ਡਾਲਰ ਹੈ। ਇਸਦੇ ਨਾਲ ਹੀ ਉਹ ਏਰੋਸਪੇਸ ਫਰਮ, ਸਪੇਸਐਕਸ ਦੇ ਵੀ ਮਾਲਕ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)