ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ਦੇ ਹੋਏ ਕਤਲ ਬਾਰੇ ਹੁਣ ਤੱਕ ਕੀ-ਕੀ ਪਤਾ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਇੱਕ ਕੈਨੇਡਾ ਪੜ੍ਹਦੇ ਵਿਦਿਆਰਥੀ ਦੇ ਗੋਲੀ ਮਾਰ ਕੇ ਕਤਲ ਤੋਂ ਬਾਅਦ ਪਰਿਵਾਰ ਨੇ ਡਕੈਤੀ ਦਾ ਸ਼ੱਕ ਜਤਾਇਆ ਹੈ।

ਰਿਪੋਰਟਾਂ ਮੁਤਾਬਕ ਵਿਦਿਆਰਥੀ ਦੀ ਪਛਾਣ ਕਾਰਤਿਕ ਵਾਸੂਦੇਵ ਵਜੋਂ ਹੋਈ ਹੈ। ਕਾਰਤਿਕ ਇਸੇ ਜਨਵਰੀ ਮਹੀਨੇ ਵਿੱਚ ਕੈਨੇਡਾ ਗਏ ਸਨ ਅਤੇ ਗਲੋਬਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੇ ਸਨ।

ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮੌਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਤੇ ਭਾਰਤ ਦੀ ਕੈਨੇਡਾ ਅੰਬੈਸੀ ਵੀ ਪਰਿਵਾਰ ਦੇ ਸੰਪਰਕ ਵਿੱਚ ਹੈ।

ਵਾਸੂਦੇਵ ਜਿਨ੍ਹਾਂ ਦੀ ਵੀਰਵਾਰ ਨੂੰ ਸ਼ਿਰਬੋਰਨ ਸਬਵੇ ਵਿੱਚ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ। ਉਹ ਉੱਥੇ ਇੱਕ ਰੈਸਟੋਰੈਂਟ ਵਿੱਚ ਪਾਰਟ-ਟਾਈਮ ਕੰਮ ਕਰਦੇ ਸਨ।

ਮਰਹੂਮ ਦੇ ਪਿਤਾ ਰਿਤੇਸ਼ ਵਾਸੂਦੇਵ ਨੇ ਖ਼ਬਰ ਏਐਨਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਟੋਰਾਂਟੋ ਤੋਂ ਆਈ ਇੱਕ ਫੋਨ ਕਾਲ ਤੋਂ ਪਤਾ ਚੱਲਿਆ।

ਵੀਡੀਓ: ਘਟਨਾ ਬਾਰੇ ਪਰਿਵਾਰ ਨੇ ਕੀ ਦੱਸਿਆ

ਉਨ੍ਹਾਂ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਡਕੈਤੀ ਦਾ ਮਾਮਲਾ ਹੈ। ਜ਼ਰੂਰ ਕਿਸੇ ਨੇ ਮੇਰੇ ਬੇਟੇ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਹੋਵੇਗੀ।...ਉਹ ਇਸੇ ਜਨਵਰੀ ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਹ ਉੱਥੇ ਇੱਕ ਰੈਸਟੋਰੈਂਟ ਵਿੱਚ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਜਦੋਂ ਉਹ ਕੰਮ ਲਈ ਨਿਕਲਿਆ ਅਤੇ ਮੈਟਰੋ ਸਬਵੇ ਤੋਂ ਨਿਕਲਿਆ ਤਾਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ।''

ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸ਼ਨਿੱਚਰਵਾਰ ਨੂੰ ਪਰਿਵਾਰ ਕੋਲ ਵਾਸੂਦੇਵ ਦੀ ਮੌਤ ਪ੍ਰਤੀ ਸੋਗ ਪ੍ਰਗਟਾਇਆ ਹੈ। ਉਨ੍ਹਾਂ ਨੇ ਲਿਖਿਆ, ਇਸ ਦੁਖਦ ਹਾਦਸੇ ਤੋਂ ਦੁਖੀ ਹਾਂ ਪਰਿਵਾਰ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਹਨ।''

ਟੋਰਾਂਟੋ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਕਿਹਾ ਹੈ ਕਿ ਉਹ ਪਰਿਵਾਰ ਦੇ ਰਾਬਤੇ ਵਿੱਚ ਹਨ ਅਤੇ ਲਾਸ਼ ਉਨ੍ਹਾਂ ਨੂੰ ਮਿਲੇ ਇਸ ਬਾਰੇ ਹਰ ਸੰਭਵ ਮਦਦ ਮੁਹਈਆ ਕਰਵਾਈ ਜਾਵੇਗੀ।

ਸਫ਼ਾਰਤਖਾਨੇ ਵੱਲੋਂ ਟਵੀਟ ਕੀਤਾ ਗਿਆ, ''ਅਸੀਂ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੇ ਟੋਰਾਂਟੋ ਦੀ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਹੋਈ ਦੁਖਦ ਮੌਤ ਤੋਂ ਆਹਤ ਹਾਂ। ਅਸੀਂ ਪਰਿਵਾਰ ਨਾਲ ਸੰਪਰਕ ਵਿੱਚ ਹਾਂ ਅਤੇ ਲਾਸ਼ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਮਿਲੇ ਇਸ ਵਿੱਚ ਪੂਰੀ ਮਦਦ ਕਰਾਂਗੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)