ਯੂਕਰੇਨ ਰੂਸ ਜੰਗ: ਲਾਸ਼ਾਂ ਯੂਕਰੇਨ ਦੇ ਇਸ ਸ਼ਹਿਰ ਦੀਆਂ ਸੜਕਾਂ ’ਤੇ ਵਿੱਛੀਆਂ, ਅੱਖੀਂ ਦੇਖਿਆ ਹਾਲ

    • ਲੇਖਕ, ਜੈਰੇਮੀ ਬੋਵੇਨ
    • ਰੋਲ, ਬੀਬੀਸੀ ਨਿਊਜ਼, ਬੂਚਾ

ਬੂਚਾ, ਰੂਸ ਦੇ ਕੀਵ ਨੂੰ ਘੇਰਨ ਅਤੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਦੀ ਸਰਕਾਰ ਡਿਗਾ ਦੇਣ ਦੇ ਸੁਪਨਿਆਂ ਦਾ ਕਬਰਿਸਤਾਨ ਹੈ। ਇਹ ਉਹ ਥਾਂ ਹੈ ਜਿੱਥੇ ਰੂਸ ਦੇ ਇਹ ਇਰਾਦੇ ਜ਼ਮੀਦੋਜ਼ ਹੋ ਗਏ।

24 ਫਰਵਰੀ ਨੂੰ ਰੂਸ ਦੇ ਯੂਕਰੇਨ 'ਤੇ ਹਮਲਾ ਕਰਨ ਤੋਂ 2 ਤੋਂ 3 ਦਿਨ ਬਾਅਦ ਹੀ ਯੂਕਰੇਨੀ ਫੌਜ ਨੇ ਉਨ੍ਹਾਂ ਰੂਸੀ ਟੈਂਕਾਂ ਅਤੇ ਬਖਤਰਬੰਦ ਗੱਡੀਆਂ ਨੂੰ ਤਬਾਹ ਕਰ ਦਿੱਤਾ ਸੀ ਜੋ ਬੂਚਾ ਤੋਂ ਕੀਵ ਵੱਲ ਵੱਧ ਰਹੀਆਂ ਸਨ।

ਯੂਕਰੇਨੀ ਫੌਜ ਵੱਲੋਂ ਇਸ ਕਾਫਲੇ ਨੂੰ ਨਸ਼ਟ ਕਰ ਦਿੱਤਾ ਗਿਆ ਸੀ।

ਬੀਬੀਸੀ ਦੀ ਟੀਮ ਬੂਚਾ ਪਹੁੰਚੀ ਕਿਉਂਕਿ ਸ਼ੁੱਕਰਵਾਰ ਨੂੰ ਬੂਚਾ ਤੋਂ ਰੂਸ ਨੇ ਆਪਣੀ ਸਾਰੀ ਫੌਜ ਵਾਪਿਸ ਬੁਲਾ ਲਈ। ਜਿਸ ਨੂੰ ਕ੍ਰੇਮਲਿਨ ਨੇ ਪੂਰਬੀ ਯੂਕਰੇਨ ਵਿੱਚ ਯੁੱਧ 'ਤੇ ਧਿਆਨ ਕੇਂਦਰਿਤ ਕਰਨ ਲਈ 'ਸ਼ਾਂਤ ਅਤੇ ਤਰਕਸੰਗਤ' ਫੈਸਲੇ ਵਜੋਂ ਪੇਸ਼ ਕੀਤਾ ਹੈ।

ਰੂਸ ਕਹਿ ਰਿਹਾ ਹੈ ਕਿ ਮੱਧ ਯੂਕਰੇਨ ਵਿੱਚ ਉਸ ਨੇ ਆਪਣੇ ਯੁੱਧ ਦਾ ਮਕਸਦ ਹਾਸਲ ਕਰ ਲਿਆ ਹੈ ਅਤੇ ਉਨ੍ਹਾਂ ਦੇ ਮਕਸਦ ਵਿੱਚ ਕਦੇ ਵੀ ਕੀਵ ਉੱਤੇ ਕਬਜ਼ਾ ਕਰਨਾ ਸ਼ਾਮਲ ਨਹੀਂ ਸੀ।

ਪਰ ਸੱਚਾਈ ਇਹ ਹੈ ਕਿ ਅਣਕਿਆਸੇ ਰੂਪ ਨਾਲ ਭਿਆਨਕ ਅਤੇ ਚੰਗੀ ਤਰ੍ਹਾਂ ਸੰਗਠਿਤ ਯੂਕਰੇਨੀ ਵਿਰੋਧ ਦੀ ਰੂਸ ਨੂੰ ਉਮੀਦ ਨਹੀਂ ਸੀ।

ਇਸ ਗੱਲ ਦੀ ਤਸਦੀਕ ਰੂਸ ਦੇ ਬਰਬਾਦ ਹੋਏ ਟੈਂਕ ਅਤੇ ਬਖ਼ਤਰਬੰਦ ਵਾਹਨਾਂ ਦੇ ਮਲਬੇ ਕਰ ਰਹੇ ਹਨ ਜੋ ਅਜੇ ਤੱਕ ਬੂਚਾ ਦੀਆਂ ਸੜਕਾਂ 'ਤੇ ਪਏ ਹਨ।

ਇਹ ਵੀ ਪੜ੍ਹੋ:

ਯੁੱਧ ਵਿੱਚ ਦੋ ਜਾਂ ਤਿੰਨ ਹਫ਼ਤੇ ਵਿੱਚ ਹੀ ਰੂਸੀ ਹਮਲਾਵਰਾਂ ਦੀ ਗਤੀਵਿਧੀ ਖ਼ਤਮ ਹੋ ਗਈ। ਅਜਿਹਾ ਕਿਉਂ ਹੋਇਆ, ਤੁਸੀਂ ਬੂਚਾ ਵਿੱਚ ਸੜਕ 'ਤੇ ਦੇਖ ਦੇ ਅੰਦਾਜ਼ਾ ਲਗਾ ਸਕਦੇ ਹੋ।

ਰੂਸ ਦੇ ਏਅਰਬੋਰਨ ਫੋਰਸ ਦੇ ਇਲੀਟ ਫੌਜੀ ਬਖਤਰਬੰਦ ਵਾਹਨਾਂ ਰਾਹੀਂ ਸ਼ਹਿਰ ਵਿੱਚ ਦਾਖਲ ਹੋਏ ਸਨ। ਇਹ ਵਾਹਨ ਇੰਨੇ ਹਲਕੇ ਸਨ ਕਿ ਇਨ੍ਹਾਂ ਨੂੰ ਹਵਾਈ ਜਹਾਜ਼ ਜ਼ਰੀਏ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਇਆ ਜਾ ਸਕਦਾ ਸੀ।

ਉਹ ਬੂਚਾ ਤੋਂ ਕੁਝ ਮੀਲ ਦੂਰ ਹੋਸਟੋਮੇਲ ਹਵਾਈ ਅੱਡੇ ਉੱਤੇ ਉੱਤਰ ਕੇ ਇੱਥੋਂ ਤੱਕ ਆਏ ਸਨ। ਇਸ ਹਵਾਈ ਅੱਡੇ ਨੂੰ ਰੂਸੀ ਫੌਜਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

ਜਦੋਂ ਰੂਸੀ ਫੌਜ ਤੋਪਾਂ ਨੂੰ ਬੂਚਾ ਤੋਂ ਕੀਵ ਵੱਲ ਲੈ ਕੇ ਜਾ ਰਹੀ ਸੀ ਤਾਂ ਰੂਸੀ ਫੌਜ ਨੂੰ ਯੂਕਰੇਨ ਦੀ ਫੌਜ ਦੀ ਜ਼ੋਰਦਾਰ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ।

'ਨੌਜਵਾਨ ਰੂਸੀ ਫ਼ੌਜੀ ਮੈਦਾਨ ਛੱਡ ਕੇ ਭੱਜੇ'

ਇੱਥੇ ਸੜਕਾਂ ਤੰਗ ਅਤੇ ਸਿੱਧੀਆਂ ਸਨ, ਘਾਤ ਲਗਾ ਕੇ ਹਮਲਾ ਕਰਨ ਲਈ ਅਜਿਹੀ ਥਾਂ ਆਦਰਸ਼ ਮੰਨੀ ਜਾਂਦੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਯੂਕਰੇਨੀਆਂ ਨੇ ਤੁਰਕੀ ਤੋਂ ਖਰੀਦੇ ਗਏ ਬਾਇਰਕਟਾਰ ਡਰੋਨ ਨਾਲ ਕਾਫਲੇ 'ਤੇ ਹਮਲਾ ਕੀਤਾ।

ਚਸ਼ਮਦੀਦਾਂ ਨੇ ਇਹ ਵੀ ਦੱਸਿਆ ਕਿ ਯੂਕਰੇਨੀ ਖੇਤਰੀ ਰੱਖਿਆ ਵਾਲੰਟੀਅਰ ਵੀ ਫੌਜ ਦੇ ਨਾਲ ਇੱਥੇ ਮੌਜੂਦ ਸਨ।

ਹਾਲਾਂਕਿ ਯੂਕਰੇਨ ਇਸ ਕਾਫਿਲੇ ਨੂੰ ਰੋਕ ਸਕਿਆ, ਰੂਸ ਦੇ ਅਹਿਮ ਵਾਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਪਰ ਇਹ ਮਲਬੇ ਨੂੰ ਹੱਥ ਤੱਕ ਨਹੀਂ ਲਗਾਇਆ। ਹੁਣ ਵੀ 30 ਮਿਲੀਮੀਟਰ ਦੇ ਤੋਪ ਦੇ ਗੋਲ ਘਾਹ ਉੱਤੇ ਪਏ ਹੋਏ ਹਨ। ਕਈ ਹੋਰ ਵੀ ਗੋਲੇ ਸੜਕਾਂ ਉੱਤੇ ਪਏ ਹੋਏ ਹਨ।

ਸਥਾਨਕ ਲੋਕਾਂ ਨੇ ਕਿਹਾ ਕਿ ਕਈ ਰੂਸੀ ਨੌਜਵਾਨ ਸਿਪਾਹੀ ਭੱਜ ਖੜ੍ਹੇ ਹੋਏ ਤੇ ਕੁਝ ਫੜੇ ਜਾਣ ਉੱਤੇ ਜਾਨ ਦੀ ਭੀਖ ਮੰਗਦੇ ਨਜ਼ਰ ਆਏ।

ਆਪਣੇ ਆਪ ਨੂੰ ਅੰਕਲਾ ਹੈਰੀਸ਼ਾ ਕਹਾਉਣ ਵਾਲੇ ਲਗਭਗ 70 ਸਾਲ ਦੇ ਇੱਕ ਵਿਅਕਤੀ ਨੇ ਕਿਹਾ, "ਮੈਨੂੰ ਉਨ੍ਹਾਂ 'ਤੇ ਤਰਸ ਆਇਆ। ਉਹ ਅਜੇ 18 ਤੋਂ 20 ਸਾਲ ਦੀ ਉਮਰ ਦੇ ਹੀ ਸਨ, ਉਨ੍ਹਾਂ ਅੱਗੇ ਪੂਰੀ ਜ਼ਿੰਦਗੀ ਪਈ ਸੀ।"

ਸੈਂਕੜੇ ਲੋਕਾਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ

ਅਜਿਹਾ ਲੱਗ ਰਿਹਾ ਸੀ ਕਿ ਬੂਚਾ ਤੋਂ ਨਿਕਲਦੇ ਰੂਸੀ ਫੌਜੀਆਂ ਵਿੱਚ ਕੋਈ ਤਰਸ ਦੀ ਭਾਵਨਾ ਨਹੀਂ ਸੀ। ਜਦੋਂ ਯੂਕਰੇਨੀ ਸੈਨਿਕਾਂ ਨੇ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਤਾਂ ਘੱਟੋ-ਘੱਟ 20 ਮ੍ਰਿਤਕ ਵਿਅਕਤੀ ਸੜਕ 'ਤੇ ਪਏ ਸਨ। ਉਨ੍ਹਾਂ ਵਿੱਚੋਂ ਕਈਆਂ ਦੇ ਹੱਥ ਪਿੱਠ ਪਿੱਛੇ ਬੰਨ੍ਹੇ ਹੋਏ ਸਨ।

ਮੇਅਰ ਨੇ ਕਿਹਾ ਕਿ ਉਨ੍ਹਾਂ ਨੇ 280 ਲੋਕਾਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਹੈ।

ਇਸ ਇਲਾਕੇ ਵਿੱਚ ਠਹਿਰੇ ਹੋਏ ਕੁਝ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਰੂਸੀਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਆਪਣੇ ਖਰੁਸ਼ਚੇਵ-ਇਰਾ ਦੇ ਫਲੈਟਾਂ ਦੇ ਬਾਹਰ ਲੱਕੜ ਨਾਲ ਅੱਗ ਬਾਲੀ ਸੀ, ਉਨ੍ਹਾਂ ਨੇ ਉਸ ਦੇ ਬਾਹਰ ਖਾਣਾ ਪਕਾਇਆ ਕਿਉਂਕਿ ਉਨ੍ਹਾਂ ਦੀ ਗੈਸ, ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਵਾਲੰਟੀਅਰ, ਪੱਛਮੀ ਯੂਕਰੇਨ ਦੇ ਲਵੀਵ ਤੋਂ ਅਤੇ ਯੁੱਧ ਤੋਂ ਦੂਰ ਦੇ ਇਲਾਕਿਆਂ ਤੋਂ ਮਦਦ ਲਿਆ ਰਹੇ ਸਨ।

ਮਾਰੀਆ ਨਾਂ ਦੀ ਇੱਕ ਔਰਤ ਨੇ ਪਲਾਸਟਿਕ ਦੀ ਥੈਲੀ ਦਿਖਾਉਂਦੇ ਹੋਏ ਕਿਹਾ, "ਇਹ 38 ਦਿਨਾਂ ਵਿੱਚ ਸਾਨੂੰ ਪਹਿਲੀ ਬਰੈੱਡ ਮਿਲੀ ਹੈ।"

ਉਨ੍ਹਾਂ ਦੀ ਬੇਟੀ ਲਾਰਿਸਾ ਨੇ ਮੈਨੂੰ ਸੋਵੀਅਤ ਵੇਲੇ ਵਰਗਾ ਬਣਿਆ ਅਪਾਰਟਮੈਂਟ ਦਿਖਾਇਆ।

ਬਰਬਾਦੀ ਦਾ ਇਹ ਮੰਜ਼ਰ ਤੁਹਾਨੂੰ ਹੋਸਟੋਮੇਲ ਹਵਾਈ ਅੱਡੇ ਵੱਲ ਲੈ ਜਾਂਦਾ ਹੈ। ਰੂਸੀ ਹਵਾਈ ਫੌਜ ਨੇ ਇਸ ਏਅਰਪੋਰਟ ਨੂੰ ਇੱਕ ਬੇਸ ਵਜੋਂ ਇਸਤੇਮਾਲ ਕੀਤਾ ਸੀ।

ਜਦੋਂ ਮ੍ਰਿਆ ਕੀਤਾ ਗਿਆ ਤਬਾਹ

ਏਅਰਪੋਰਟ ਉੱਤੇ ਬਣਾਈਆਂ ਗਈਆਂ ਵਿਸ਼ਾਲ ਹੈਂਗਰ ਦੀਆਂ ਛੱਤਾਂ ਸੁਰਾਖਾਂ ਨਾਲ ਭਰੀ ਹੋਈਆਂ ਹਨ। ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਇੱਥੇ ਪਹਿਲਾਂ ਹੀ ਨਸ਼ਟ ਕੀਤਾ ਜਾ ਚੁੱਕਿਆ ਹੈ। ਇਸ ਦਾ ਨਾਮ ਮ੍ਰਿਆ ਸੀ ਜਿਸ ਦਾ ਮਤਲਬ ਹੁੰਦਾ ਸੀ ਸੁਪਨਾ।

ਜੋ ਇਸ ਜਹਾਜ਼ ਨਾਲ ਹੋਇਆ ਉਹ ਅੱਜ ਯੂਕਰੇਨ ਨਾਲ ਹੋ ਰਿਹਾ ਹੈ। ਹਵਾਈ ਜਹਾਜ਼ ਯੂਕਰੇਨ ਦੇ ਮਾਣ ਦਾ ਪ੍ਰਤੀਕ ਸੀ।

ਇਹ ਪ੍ਰਤੀਕ ਸੀ ਦੁਨੀਆਂ ਭਰ ਵਿੱਚ ਯੂਕਰੇਨ ਦੀਆਂ ਵੱਡੀਆਂ ਯੋਜਨਾਵਾਂ ਨੂੰ ਸਫਲ ਕਰ ਕੇ ਦਿਖਾਉਣ ਦੇ ਜਜ਼ਬੇ ਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)