ਯੂਕਰੇਨ ਸੰਕਟ: ਭਾਰਤ ਰੂਸ ਕੋਲੋਂ ਹੀ ਵਧੇਰੇ ਤੇਲ ਕਿਉਂ ਖਰੀਦਦਾ ਹੈ, ਜਾਣੋ ਕੁਝ ਅਹਿਮ ਸਵਾਲਾਂ ਦੇ ਜਵਾਬ

    • ਲੇਖਕ, ਸ਼ਰੂਤੀ ਮੈਨਨ
    • ਰੋਲ, ਬੀਬੀਸੀ ਰੀਐਲਿਟੀ ਚੈੱਕ

ਪੱਛਮੀ ਪਾਬੰਦੀਆਂ ਤੋਂ ਬਾਅਦ ਰੂਸ ਆਪਣਾ ਤੇਲ ਐਕਸਪੋਰਟ ਕਰਨ ਲਈ ਨਵੀਆਂ ਮਾਰਕਿਟਾਂ ਦੀ ਭਾਲ ਕਰ ਰਿਹਾ ਹੈ ਅਤੇ ਭਾਰਤ ਇਸ ਤੋਂ ਦਰਾਮਦ ਨੂੰ ਵਧਾਉਣ ਲਈ ਛੋਟ ਵਾਲੀਆਂ ਕੀਮਤਾਂ ਦਾ ਲਾਹਾ ਲੈ ਰਿਹਾ ਹੈ।

ਅਮਰੀਕਾ ਨੇ ਕਿਹਾ ਹੈ ਕਿ ਹਾਲਾਂਕਿ, ਇਹ ਤੇਲ ਦਰਾਮਦਗੀ, ਪਾਬੰਦੀਆਂ ਦੀ ਉਲੰਘਣਾ ਨਹੀਂ ਕਰਦੀ, "ਰੂਸ ਲਈ ਸਮਰਥਨ...ਇੱਕ ਹਮਲੇ ਲਈ ਸਮਰਥਨ ਹੈ ਜੋ ਸਪੱਸ਼ਟ ਤੌਰ 'ਤੇ ਵਿਨਾਸ਼ਕਾਰੀ ਪ੍ਰਭਾਵ ਪਾ ਰਿਹਾ ਹੈ।"

ਪਾਬੰਦੀਆਂ ਕੀ ਹੁੰਦੀਆਂ ਹਨ?

ਪਾਬੰਦੀਆਂ ਇੱਕ ਦੇਸ਼ ਵੱਲੋਂ ਦੂਜੇ 'ਤੇ ਉਸ ਨੂੰ ਹਮਲਾਵਰ ਢੰਗ ਨਾਲ ਕੰਮ ਕਰਨ ਤੋਂ ਰੋਕਣ ਲਈ ਜਾਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਤੋਂ ਵਰਜਨ ਲਈ, ਲਗਾਏ ਗਏ ਜੁਰਮਾਨੇ ਹਨ।

ਇਹ ਸਭ ਤੋਂ ਸਖ਼ਤ ਕਾਰਵਾਈਆਂ ਵਿੱਚੋਂ ਇੱਕ ਹੈ ਜੋ ਦੇਸ਼ ਅਪਨਾ ਸਕਦੇ ਹਨ, ਜਿਸ ਨਾਲ ਜੰਗ ਦੀ ਹਾਲਾਤ ਵਿੱਚ ਜਾਣ ਦੀ ਸਥਿਤੀ ਨੂੰ ਘਟਾਇਆ ਜਾ ਸਕਦਾ ਹੈ।

ਰੂਸ 'ਤੇ ਤੇਲ ਅਤੇ ਗੈਸ ਨੂੰ ਲੈ ਕੇ ਕਿਸ ਦੇਸ਼ ਨੇ ਕੀ ਪਾਬੰਦੀ ਲਗਾਈ?

ਅਮਰੀਕਾ ਸਾਰੇ ਰੂਸੀ ਤੇਲ ਅਤੇ ਗੈਸ ਆਯਾਤ 'ਤੇ ਪਾਬੰਦੀ ਲਗਾ ਰਿਹਾ ਹੈ ਅਤੇ ਯੂਕੇ 2022 ਦੇ ਅੰਤ ਤੱਕ ਰੂਸੀ ਤੇਲ ਦੀ ਦਰਾਮਦ ਨੂੰ ਪੜਾਅਵਾਰ ਬੰਦ ਕਰ ਦੇਵੇਗਾ।

ਯੂਰਪੀਅਨ ਯੂਨੀਅਨ, ਜੋ ਆਪਣੇ ਤੇਲ ਦਾ ਇੱਕ ਚੌਥਾਈ ਹਿੱਸਾ ਅਤੇ ਆਪਣੀ ਗੈਸ ਦਾ 40% ਰੂਸ ਤੋਂ ਹਾਸਿਲ ਕਰਦਾ ਹੈ, ਉਸ ਦਾ ਕਹਿਣਾ ਹੈ ਕਿ ਉਹ ਵਿਕਲਪਕ ਸਪਲਾਈ ਵੱਲ ਸਵਿਚ ਕਰੇਗਾ ਅਤੇ ਯੂਰਪ ਨੂੰ "2030 ਤੋਂ ਪਹਿਲਾਂ" ਰੂਸੀ ਊਰਜਾ ਤੋਂ ਸੁਤੰਤਰ ਬਣਾ ਦੇਵੇਗਾ।

ਜਰਮਨੀ ਨੇ ਰੂਸ ਤੋਂ ਨੋਰਡ ਸਟ੍ਰੀਮ 2 ਗੈਸ ਪਾਈਪਲਾਈਨ ਨੂੰ ਖੋਲ੍ਹਣ ਦੀ ਇਜਾਜ਼ਤ ਰੋਕ ਦਿੱਤੀ ਹੈ।

ਭਾਰਤ ਆਪਣਾ ਤੇਲ ਕਿੱਥੋਂ ਲੈਂਦਾ ਹੈ?

ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਤੀਜਾ ਵੱਡਾ ਤੇਲ ਦਾ ਉਪਭੋਗਤਾ ਹੈ, ਜਿੱਥੇ 80% ਤੋਂ ਵੱਧ ਦਰਾਮਦਗੀ ਕੀਤੀ ਜਾਂਦੀ ਹੈ।

ਸਾਲ 2021 ਵਿੱਚ ਭਾਰਤ ਨੇ ਰੂਸ ਕੋਲੋਂ 12 ਮਿਲੀਅਨ ਬੈਰਲ ਤੇਲ ਖਰੀਦਿਆਂ ਸੀ, ਜੋ ਉਸ ਦੇ ਆਯਾਤ ਦਾ ਸਿਰਫ਼ 2 ਫੀਸਦ ਸੀ।

ਪਿਛਲੇ ਸਾਲ, ਹੁਣ ਤੱਕ ਦੀ ਸਭ ਤੋਂ ਵੱਡੀ ਸਪਲਾਈ ਮੱਧ ਪੂਰਬ ਤੋਂ ਆਈ ਸੀ, ਮਹੱਤਵਪੂਰਨ ਮਾਤਰਾ ਵਿੱਚ ਅਮਰੀਕਾ ਅਤੇ ਨਾਈਜੀਰੀਆ ਤੋਂ ਵੀ।

ਪਰ ਇੱਕ ਖੋਜ ਸਮੂਹ, ਕੇਪਲਰ ਵੱਲੋਂ ਤਿਆਰ ਕੀਤੇ ਗਏ ਅੰਕੜਿਆਂ ਮੁਤਾਬਕ ਮਾਰਚ ਅਤੇ ਅਪ੍ਰੈਲ ਦੇ ਸਮਝੌਤੇ ਪਹਿਲਾਂ ਹੀ ਛੇ ਮਿਲੀਅਨ ਬੈਰਲ ਤੱਕ ਪਹੁੰਚ ਗਏ ਹਨ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਜੇ ਉਹ ਰੂਸ ਤੋਂ ਹੋਰ ਤੇਲ ਖਰੀਦਦੇ ਵੀ ਹਨ ਤਾਂ, ਇਹ ਵਿਸ਼ਵ ਪੱਧਰ 'ਤੇ ਤੇਲ ਦੀ ਦਰਾਮਦ ਦੀ "ਇੱਕ ਵੱਡੀ ਬਾਲਟੀ ਵਿੱਚ ਇੱਕ ਬੂੰਦ" ਬਰਾਬਰ ਹੀ ਹੋਵੇਗੀ।

ਇਹ ਵੀ ਪੜ੍ਹੋ-

ਭਾਰਤ ਨੂੰ ਕੀ ਸੌਦਾ ਮਿਲ ਰਿਹਾ ਹੈ?

ਯੂਕਰੇਨ 'ਤੇ ਹਮਲੇ ਤੋਂ ਬਾਅਦ, ਹੁਣ ਰੂਸ ਦੇ ਯੂਰਾਲ ਕੱਚੇ ਤੇਲ ਲਈ ਘੱਟ ਖਰੀਦਦਾਰ ਹਨ ਅਤੇ ਇਸ ਦੀ ਕੀਮਤ ਡਿੱਗ ਗਈ ਹੈ।

ਕੇਪਲਰ ਦੇ ਵਿਸ਼ਲੇਸ਼ਕ, ਮੈਟ ਸਮਿਥ ਨੇ ਕਿਹਾ, "ਹਾਲਾਂਕਿ, ਸਾਨੂੰ ਇਹ ਨਹੀਂ ਪਤਾ ਕਿ ਭਾਰਤ ਕਿੰਨੀ ਕੀਮਤ ਅਦਾ ਕਰ ਰਿਹਾ ਹੈ, ਪਿਛਲੇ ਹਫ਼ਤੇ ਯੂਰਾਲ ਦਾ ਬ੍ਰੈਂਟ ਕਰੂਡ (ਗਲੋਬਲ ਬੈਂਚਮਾਰਕ) ਨੂੰ ਡਿਸਕਾਊਂਟ ਲਗਭਗ 30 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ।"

ਇਹ ਦੋ ਤਰ੍ਹਾਂ ਦਾ ਕੱਚਾ ਤੇਲ ਆਮ ਤੌਰ 'ਤੇ ਇੱਕੋ-ਜਿਹੀ ਕੀਮਤ 'ਤੇ ਵਿਕਦਾ ਹੈ।

ਉਹ ਦੱਸਦੇ ਹਨ, "ਪਰ ਮਾਰਚ ਵਿੱਚ ਇੱਕ ਵੇਲੇ, ਜਿਵੇਂ ਕਿ ਯੂਰਾਲਜ਼ ਦੀ ਕੀਮਤ ਘਟਦੀ ਰਹੀ, ਉਨ੍ਹਾਂ ਵਿਚਕਾਰ ਅੰਤਰ ਇੱਕ ਸਰਬ-ਕਾਲੀ ਰਿਕਾਰਡ ਤੱਕ ਪਹੁੰਚ ਗਿਆ।"

"ਭਾਰਤ ਅਤੇ ਚੀਨ ਇੱਕ ਮਹੱਤਵਪੂਰਨ ਛੋਟ 'ਤੇ ਘੱਟੋ-ਘੱਟ ਕੁਝ (ਰੂਸੀ) ਕੱਚਾ ਤੇਲ ਖਰੀਦਣ ਦੀ ਸੰਭਾਵਨਾ ਰੱਖਦੇ ਹਨ।"

ਵਿੱਤੀ ਪਾਬੰਦੀਆਂ ਦਾ ਅਸਰ ਕੀ ਪੈਂਦਾ ਹੈ?

ਰੂਸੀ ਬੈਂਕਾਂ 'ਤੇ ਪਾਬੰਦੀਆਂ ਕਾਰਨ ਭਾਰਤ ਦੀਆਂ ਵੱਡੀਆਂ ਰਿਫਾਈਨਿੰਗ ਕੰਪਨੀਆਂ ਨੂੰ ਇਨ੍ਹਾਂ ਛੋਟ ਵਾਲੀਆਂ ਖਰੀਦਾਂ ਨੂੰ ਵਿੱਤ ਦੇਣ ਦੀ ਕੋਸ਼ਿਸ਼ ਕਰਨ ਲਈ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੋਵਾਂ ਦਿਸ਼ਾਵਾਂ ਵਿੱਚ ਵਪਾਰ ਦਾ ਸਾਹਮਣਾ ਕਰਨਾ ਇੱਕ ਸਮੱਸਿਆ ਹੈ।

ਵਿੱਤੀ ਵਿਸ਼ਲੇਸ਼ਕ ਬਲੂਮਬਰਗ ਦਾ ਅੰਦਾਜ਼ਾ ਹੈ ਕਿ ਭਾਰਤੀ ਐਕਸਪੋਰਟਰ ਇਸ ਵੇਲੇ ਰੂਸ ਤੋਂ ਲਗਭਗ 500 ਮਿਲੀਅਨ ਡਾਲਰ ਦੇ ਬਰਾਬਰ ਭੁਗਤਾਨ ਦੀ ਉਡੀਕ ਕਰ ਰਹੇ ਹਨ।

ਭਾਰਤ ਜਿਸ ਬਦਲ 'ਤੇ ਵਿਚਾਰ ਕਰ ਰਿਹਾ ਹੈ, ਉਨ੍ਹਾਂ ਵਿੱਚੋਂ ਇੱਕ ਸਥਾਨਕ ਮੁਦਰਾਵਾਂ 'ਤੇ ਆਧਾਰਿਤ ਇੱਕ ਲੈਣ-ਦੇਣ ਪ੍ਰਣਾਲੀ ਹੈ, ਜਿੱਥੇ ਭਾਰਤੀ ਐਕਸਪੋਟਰਾਂ ਨੂੰ ਰੂਸ ਤੋਂ ਡਾਲਰ ਜਾਂ ਯੂਰੋ ਦੀ ਬਜਾਇ ਰੂਬਲ ਵਿੱਚ ਭੁਗਤਾਨ ਕੀਤਾ ਜਾਂਦਾ ਹੈ।

ਭਾਰਤ ਕਿੱਥੋਂ ਤੇਲ ਖਰੀਦ ਬਾਰੇ ਵਿਚਾਰ ਕਰ ਰਿਹਾ ਹੈ?

ਰੈਫੀਨੀਟਿਵ ਦੇ ਵਿਸ਼ਲੇਸ਼ਕਾਂ ਮੁਤਾਬਕ, ਫਰਵਰੀ ਤੋਂ ਅਮਰੀਕਾ ਤੋਂ ਭਾਰਤ ਦੇ ਤੇਲ ਦੀ ਦਰਾਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਹਾਲਾਂਕਿ, ਮਾਰਕੀਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਭਵਿੱਖ ਵਿੱਚ ਟਿਕਾਊ ਨਹੀਂ ਹੋ ਸਕਦਾ ਕਿਉਂਕਿ ਅਮਰੀਕਾ ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸ ਤੋਂ ਸਪਲਾਈ ਨੂੰ ਬਦਲਣ ਲਈ ਆਪਣੇ ਘਰੇਲੂ ਤੇਲ ਉਤਪਾਦਨ ਦੀ ਵਰਤੋਂ ਕਰਨਾ ਚਾਹੁੰਦਾ ਹੈ।

ਇਹ ਵੀ ਸੁਝਾਅ ਹਨ ਕਿ ਈਰਾਨ ਨਾਲ ਵਪਾਰ ਇੱਕ ਬਾਰਟਰ ਵਿਧੀ ਦੇ ਤਹਿਤ ਮੁੜ ਸ਼ੁਰੂ ਹੋ ਸਕਦਾ ਹੈ ਜਿਸ ਦੀ ਵਰਤੋਂ ਭਾਰਤੀ ਤੇਲ ਰਿਫਾਇਨਰ ਆਪਣੇ ਤੇਲ ਨੂੰ ਖਰੀਦਣ ਲਈ ਕਰ ਸਕਦੇ ਹਨ।

ਇਹ ਵਿਵਸਥਾ ਤਿੰਨ ਸਾਲ ਪਹਿਲਾਂ ਉਦੋਂ ਬੰਦ ਹੋ ਗਈ ਸੀ, ਜਦੋਂ ਅਮਰੀਕਾ ਨੇ ਈਰਾਨ 'ਤੇ ਮੁੜ ਤੋਂ ਪਾਬੰਦੀਆਂ ਲਗਾਈਆਂ ਸਨ।

ਪਰ ਈਰਾਨ ਦੇ ਨਾਲ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੌਮਾਂਤਰੀ ਗੱਲਬਾਤ ਵਿੱਚ ਹੋਏ ਵਿਆਪਕ ਸਮਝੌਤੇ ਤੋਂ ਬਿਨਾਂ ਇਹ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)