ਪਾਕਿਸਤਾਨ ਵਿੱਚ ਹਿੰਦੂ ਕੁੜੀ ਦਾ ਕਤਲ, 'ਅਗਵਾ ਨਹੀਂ ਕਰ ਸਕੇ ਤਾਂ ਗੋਲ਼ੀ ਮਾਰੀ'

ਤਸਵੀਰ ਸਰੋਤ, Ajay Kumar
- ਲੇਖਕ, ਮੁਹੰਮਦ ਜ਼ੁਬੈਰ ਖਾਨ
- ਰੋਲ, ਬੀਬੀਸੀ ਉਰਦੂ ਸਹਿਯੋਗੀ
ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਖਰ ਜ਼ਿਲ੍ਹੇ ਵਿੱਚ ਇਕ ਹਿੰਦੂ ਕੁੜੀ ਪੂਜਾ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਹੋਇਆ ਤੇ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੂਜਾ ਕੁਮਾਰੀ ਦੇ ਕਰੀਬੀ ਰਿਸ਼ਤੇਦਾਰ ਅਜੇ ਕੁਮਾਰ ਨੇ ਬੀਬੀਸੀ ਉਰਦੂ ਨੂੰ ਦੱਸਿਆ,"ਇਸ ਘਟਨਾ ਤੋਂ ਬਾਅਦ ਪੂਜਾ ਵਿਰੋਧ ਦਾ ਪ੍ਰਤੀਕ ਬਣ ਗਈ ਹੈ ਅਤੇ ਸਾਡੇ ਦਿਲਾਂ ਵਿੱਚ ਉਸ ਦੇ ਪ੍ਰਤੀ ਆਦਰ ਸਨਮਾਨ ਵਧ ਗਿਆ ਹੈ।"
ਸੱਖਰ ਪੁਲਿਸ ਦੁਆਰਾ ਮਾਮਲੇ ਵਿੱਚ ਪੂਜਾ ਦੇ ਪਿਤਾ ਸਾਹਿਬ ਆਦਿ ਨੇ ਇਲਜ਼ਾਮ ਲਗਾਇਆ ਹੈ ਕਿ ਤਿੰਨ ਲੋਕ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰਨ ਲਈ ਉਨ੍ਹਾਂ ਦੇ ਘਰ ਵਿੱਚ ਆਏ ਪਰ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਪੂਜਾ ਦਾ ਕਤਲ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪਹਿਲੂ ਨੂੰ ਘੋਖਿਆ ਜਾ ਰਿਹਾ ਹੈ। ਪੁਲਿਸ ਨੂੰ ਉਮੀਦ ਹੈ ਕਿ ਬਾਕੀ ਲੋਕਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਰਿਸ਼ਤੇਦਾਰ ਅਜੇ ਕੁਮਾਰ ਨੇ ਆਖਿਆ ਕਿ ਪੂਜਾ ਦੀ ਹੱਤਿਆ ਨਾਲ ਨਾ ਕੇਵਲ ਇਲਾਕੇ ਦੇ ਹਿੰਦੂਆਂ ਵਿੱਚ ਗੁੱਸਾ ਹੈ ਬਲਕਿ ਇਲਾਕੇ ਦੇ ਮੁਸਲਮਾਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਪੂਜਾ ਦੇ ਘਰ ਲੋਕ ਦੁੱਖ ਪ੍ਰਗਟ ਕਰਨ ਲਈ ਵੀ ਇਕੱਠੇ ਹੋ ਰਹੇ ਹਨ।
ਵਿਰੋਧ ਤੋਂ ਬਾਅਦ ਹੋਈ ਹੱਤਿਆ
ਅਜੇ ਕੁਮਾਰ ਦਾ ਕਹਿਣਾ ਹੈ ਕਿ ਕਾਤਲਾਂ ਨੇ ਇੱਕ ਬਹਾਦੁਰ ਕੁੜੀ ਦੀ ਹੱਤਿਆ ਕੀਤੀ ਹੈ। ਉਨ੍ਹਾਂ ਮੁਤਾਬਕ ਪੂਜਾ ਇੱਕ ਅਜਿਹੀ ਕੁੜੀ ਸੀ ਜਿਸ ਦੀ ਪੂਰੇ ਇਲਾਕੇ ਅਤੇ ਸਮਾਜ ਵਿੱਚ ਮਿਸਾਲ ਦਿੱਤੀ ਜਾਂਦੀ ਸੀ।
"ਪੂਜਾ ਨੂੰ ਇਸ ਇਲਾਕੇ ਵਿਚ ਸਾਰੇ ਪਸੰਦ ਕਰਦੇ ਸੀ, ਉਹ ਸਭ ਦਾ ਧਿਆਨ ਰੱਖਦੀ ਸੀ ਅਤੇ ਹਰ ਕੋਈ ਉਸੇ ਤਾਰੀਫ਼ ਕਰਦਾ ਸੀ। ਲੋਕ ਉਸ ਦੀਆਂ ਮਿਸਾਲਾਂ ਦਿੰਦੇ ਸਨ। ਉਹ ਆਪਣੇ ਪਿਤਾ ਦਾ ਸਹਾਰਾ ਸੀ ਅਤੇ ਬਚਪਨ ਤੋਂ ਹੀ ਵੱਖਰੀ ਸੀ। ਪੂਜਾ ਬਹਾਦਰ ਬੱਚੀ ਸੀ।"
ਇਹ ਵੀ ਪੜ੍ਹੋ:
ਅਜੇ ਕੁਮਾਰ ਦਾ ਕਹਿਣਾ ਹੈ ਕਿ ਮੁਕੱਦਮੇ ਵਿੱਚ ਜਿਨ੍ਹਾਂ ਲੋਕਾਂ ਦਾ ਨਾਮ ਹੈ, ਉਹ ਪੂਜਾ ਦੇ ਗੁਆਂਢੀ ਹਨ ਅਤੇ ਕਾਫ਼ੀ ਅਮੀਰ, ਤਾਕਤਵਰ ਹਨ ਜਦੋਂਕਿ ਕਿ ਪੂਜਾ ਅਤੇ ਉਸਦੇ ਪਿਤਾ ਸਾਹਿਬ ਦਾ ਪਰਿਵਾਰ ਗ਼ਰੀਬ ਅਤੇ ਕਮਜ਼ੋਰ ਹੈ।
ਉਨ੍ਹਾਂ ਨੇ ਆਖਿਆ ਕਿ ਮੁਲਜ਼ਮ ਕਾਫੀ ਸਮੇਂ ਤੋਂ ਪੂਜਾ ਦੇ ਪਿੱਛੇ ਸੀ ਅਤੇ ਆਉਂਦੇ ਜਾਂਦੇ ਉਸ ਨੂੰ ਤੰਗ ਕਰਦਾ ਸੀ। ਇੱਕ ਵਾਰੀ ਕਥਿਤ ਕਾਤਲ ਨੇ ਬਾਜ਼ਾਰ ਵਿੱਚ ਪੂਜਾ ਨਾਲ ਬਦਤਮੀਜ਼ੀ ਕੀਤੀ ਸੀ।
ਜਿਸ ਤੋਂ ਬਾਅਦ ਪੁਲਿਸ ਵਿੱਚ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਪੁਲਿਸ ਦੀ ਕਾਰਵਾਈ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਅਜੇ ਕੁਮਾਰ ਮੁਤਾਬਕ ਘਟਨਾ ਵਾਲੇ ਦਿਨ ਪੂਜਾ ਦੇ ਪਿਤਾ ਘਰ ਤੋਂ ਬਾਹਰ ਸਨ ਤਾਂ ਮੁਲਜ਼ਮ ਆਪਣੇ ਦੋ ਸਾਥੀਆਂ ਨਾਲ ਪੂਜਾ ਦੇ ਘਰ ਆਇਆ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
"ਪੂਜਾ ਇੱਕ ਬਹਾਦਰ ਕੁੜੀ ਸੀ।ਉਸ ਨੇ ਵਿਰੋਧ ਕੀਤਾ। ਉਹ ਇਕੱਲੀ ਸੀ ਅਤੇ ਉਹ ਤਿੰਨ ਲੋਕ ਸਨ।ਉਸ ਵੇਲੇ ਪੂਜਾ ਕਰੇ ਕੱਪੜੇ ਸਿਉਂ ਰਹੀ ਸੀ।"
"ਉਸ ਦੇ ਹੱਥ ਵਿੱਚ ਕੈਂਚੀ ਸੀ।ਉਸ ਨੇ ਕੈਂਚੀ ਨੂੰ ਹਥਿਆਰ ਵਾਂਗ ਵਰਤਿਆ ਅਤੇ ਕਿਸੇ ਵੀ ਤਰੀਕੇ ਉਨ੍ਹਾਂ ਦੇ ਕਾਬੂ ਨਹੀਂ ਆਈ। ਉਨ੍ਹਾਂ ਲੋਕਾਂ ਨੇ ਪੂਜਾ ਉਪਰ ਫਾਇਰਿੰਗ ਕਰਕੇ ਉਸਦੀ ਹੱਤਿਆ ਕਰ ਦਿੱਤੀ।"
'ਬੇਟੀ ਨਹੀਂ, ਬੇਟਾ ਸੀ'
ਪੂਜਾ ਕੁਮਾਰੀ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਛੇ ਧੀਆਂ ਸਨ ਅਤੇ ਕੋਈ ਪੁੱਤਰ ਨਹੀਂ ਹੈ।
"ਜ਼ਿੰਦਗੀ ਵਿੱਚ ਕਦੇ ਅਜਿਹੀ ਹਾਲਾਤ ਨਹੀਂ ਬਣੇ ਪੂਜਾ ਨੂੰ ਪੜ੍ਹਾ ਸਕਦਾ। ਘਰ ਦੇ ਖ਼ਰਚ ਕਰਦਾ ਜਾਂ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਸਕਦਾ। ਇਸ ਲਈ ਉਹ ਹਮੇਸ਼ਾਂ ਘਰ ਵਿੱਚ ਹੀ ਰਹਿੰਦੀ ਸੀ।"
ਉਨ੍ਹਾਂ ਨੇ ਅੱਗੇ ਦੱਸਿਆ ਕਿ ਪੂਜਾ ਸਭ ਤੋਂ ਵੱਡੀ ਸੀ ਅਤੇ ਉਹ ਪਰਿਵਾਰ ਦੀ ਸਹਾਇਤਾ ਕਰਨਾ ਚਾਹੁੰਦੀ ਸੀ।
ਸਾਹਿਬ ਆਦਿ ਪੂਜਾ ਨੂੰ ਯਾਦ ਕਰਦੇ ਹੋਏ ਆਖਦੇ ਹਨ ਕਿ ਫੌਜਾਂ ਨੇ ਕਦੇ ਕੱਪੜਿਆਂ ਦੀ ਜ਼ਿੱਦ ਨਹੀਂ ਕੀਤੀ ਅਤੇ ਨਾ ਹੀ ਕਿਸੇ ਚੀਜ਼ ਦੀ ਮੰਗ ਕੀਤੀ ਸੀ ।
"ਜਦੋਂ ਉਹ ਥੋੜ੍ਹੀ ਵੱਡੀ ਹੋਈ ਮੈਨੂੰ ਕਹਿਣ ਲੱਗੇ ਕਿ ਮੈਂ ਤੁਹਾਡਾ ਬੇਟਾ ਹਾਂ। ਮੈਂ ਤੁਹਾਡੇ ਨਾਲ ਬਾਹਰ ਕੰਮ ਕਰਨ ਜਾਵਾਂਗੀ। ਜ਼ਾਹਿਰ ਤੌਰ "ਤੇ ਮੈਂ ਉਸ ਨੂੰ ਆਪਣੇ ਨਾਲ ਮਜ਼ਦੂਰੀ ਕਰਨ ਲਈ ਲੈ ਕੇ ਜਾ ਸਕਦਾ ਸੀ।ਉਸ ਨੂੰ ਸਿਲਾਈ ਕਢਾਈ ਦਾ ਸ਼ੌਂਕ ਸੀ ਅਤੇ ਉਹ ਇਸ ਦਾ ਕੋਰਸ ਕਰ ਕੇ ਹੀ ਕੰਮ ਕਰਦੀ ਸੀ।"

ਤਸਵੀਰ ਸਰੋਤ, Ajay Kumar
ਸਾਹਿਬ ਨੇ ਦੱਸਿਆ ਕਿ ਪੂਜਾ ਨੇ ਕੋਰਸ ਤੋਂ ਬਾਅਦ ਗੁਆਂਢ ਦੇ ਲੋਕਾਂ ਦਾ ਸਿਲਾਈ ਕਢਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
"ਪੂਜਾ ਦਾ ਹੱਥ ਬਹੁਤ ਸਾਫ਼ ਸੀ।ਜੋ ਕੋਈ ਉਸ ਦਾ ਇੱਕ ਵਾਰ ਕੰਮ ਕਰਵਾਉਂਦਾ ਸੀ ,ਉਹ ਦੁਬਾਰਾ ਉਸ ਕੋਲ ਹੀ ਆਉਂਦਾ ਸੀ। ਇਸ ਤਰ੍ਹਾਂ ਉਸ ਦਾ ਕੰਮ ਚੱਲ ਪਿਆ। ਭਾਵੇਂ ਆਪ ਪੜ੍ਹਾਈ ਨਹੀਂ ਕਰ ਸਕੀ ਪਰ ਉਸ ਨੇ ਆਪਣੀਆਂ ਛੋਟੀਆਂ ਭੈਣਾਂ ਦਾ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਸੀ।"
ਉਨ੍ਹਾਂ ਨੇ ਦੱਸਿਆ ਕਿ ਕੰਮ ਸ਼ੁਰੂ ਕਰਨ ਤੋਂ ਬਾਅਦ ਪੂਜਾ ਉਨ੍ਹਾਂ ਦਾ ਸਹਾਰਾ ਬਣ ਗਈ ਸੀ।
"ਉਹ ਆਖਿਆ ਕਰਦੇ ਸੀ ਕਿ ਕੀ ਹੋਇਆ ਜੇ ਮੇਰੀਆਂ ਭੈਣਾਂ ਦਾ ਕੋਈ ਭਰਾ ਨਹੀਂ ਹੈ,ਮੈਂ ਉਨ੍ਹਾਂ ਦਾ ਭਰਾ ਹਾਂ। ਕੀ ਹੋਇਆ ਜੇ ਤੁਹਾਡਾ ਕੋਈ ਬੇਟਾ ਨਹੀਂ ਹੈ, ਮੈਂ ਹਾਂ।"
ਪੂਜਾ ਦੇ ਪਿਤਾ ਦਾ ਕਹਿਣਾ ਹੈ ਕਿ ਜੇ ਉਹ ਘਰ ਨਹੀਂ ਹੁੰਦੇ ਸੀ ਤਾਂ ਵੀ ਉਨ੍ਹਾਂ ਨੂੰ ਕਦੇ ਪ੍ਰੇਸ਼ਾਨੀ ਨਹੀਂ ਹੋਈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਪੂਜਾ ਘਰ ਵਿੱਚ ਸਭ ਕੁਝ ਸਾਂਭ ਲਵੇਗੀ।
"ਮੈਂ ਬੁੱਢਾ ਹੋ ਗਿਆ ਹਾਂ ਪਰ ਪੂਜਾ ਦੀ ਮਿਹਨਤ ਨੇ ਮੈਨੂੰ ਤਾਕਤ ਦਿੱਤੀ ਸੀ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਫਿਰ ਬੁੱਢਾ ਹੋ ਗਿਆ ਹਾਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













