ਹਰੀ ਸਿੰਘ ਨਲਵਾ ਨੇ ਜਦੋਂ ਦਰਬੰਦ ਤੋਂ ਮਹਾਰਾਜਾ ਰਣਜੀਤ ਸਿੰਘ ਲਈ ਅੰਬ ਦਾ ਰੁੱਖ ਪੁੱਟ ਕੇ ਭੇਜਿਆ

ਹਰੀਪੁਰ

ਤਸਵੀਰ ਸਰੋਤ, voice of haripur

ਤਸਵੀਰ ਕੈਪਸ਼ਨ, ਹਰੀਪੁਰ ਦੇ ਮਸਰੂਫ਼ ਚੌਕ ਵਿੱਚ ਬੁੱਤ ਢਾਹੇ ਜਾਣ ਤੋਂ ਪਹਿਲਾਂ ਅਤੇ ਬਾਅਦ ਦਾ ਦ੍ਰਿਸ਼
    • ਲੇਖਕ, ਮੁਹੰਮਦ ਜ਼ੁਬੈਰ ਖ਼ਾਨ
    • ਰੋਲ, ਪੱਤਰਕਾਰ

ਪਿਛਲੇ ਸਾਲ (ਫਰਵਰੀ, 2022) ਵਿੱਚ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਹਰੀਪੁਰ ਜ਼ਿਲ੍ਹੇ 'ਚ ਸਥਾਨਕ ਪ੍ਰਸ਼ਾਸਨ ਨੇ ਹਰੀ ਸਿੰਘ ਨਲਵਾ ਦਾ ਬੁੱਤ ਹਟਾ ਦਿੱਤਾ ਸੀ।

ਇਹ ਬੁੱਤ 2017 ਵਿਚ ਪੰਜਾਬ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਦੇ ਸਭ ਤੋਂ ਸਫ਼ਲ ਜਰਨੈਲ ਮੰਨੇ ਜਾਂਦੇ ਹਰੀ ਸਿੰਘ ਨਲਵਾ ਦੇ ਨਾਮ 'ਤੇ ਰੱਖੇ ਗਏ ਚੌਕ 'ਤੇ ਸਥਾਪਿਤ ਕੀਤਾ ਗਿਆ ਸੀ।

ਉਸ ਵੇਲੇ ਕਿਹਾ ਗਿਆ ਸੀ ਕਿ ਹਰੀਪੁਰ ਦੇ ਸੰਸਥਾਪਕ ਦਾ ਬੁੱਤ ਧਾਰਮਿਕ ਸੈਰ-ਸਪਾਟੇ ਅਤੇ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰੇਗਾ।

ਬੀਬੀਸੀ ਵੱਲੋਂ ਬੁੱਤ ਹਟਾਉਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਡਿਪਟੀ ਕਮਿਸ਼ਨਰ ਹਰੀਪੁਰ ਅਤੇ ਸਹਾਇਕ ਕਮਿਸ਼ਨਰ ਹਰੀਪੁਰ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਇਸ ਬਾਰੇ ਜਵਾਬ ਨਹੀਂ ਦਿੱਤਾ ਸੀ।

ਹਰੀਪੁਰ ਵਿੱਚ ਜਿਸ ਚੌਕ ਵਿੱਚ ਇਹ ਬੁੱਤ ਸਥਾਪਿਤ ਕੀਤਾ ਗਿਆ ਸੀ, ਉਸ ਨੂੰ 'ਪੜੀਆਂ ਚੌਕ' ਕਿਹਾ ਜਾਂਦਾ ਹੈ।

ਇਹ ਕਾਰਾਕੋਰਮ ਹਾਈਵੇਅ 'ਤੇ ਸਥਿਤ ਹੈ, ਜੋ ਹਰੀਪੁਰ ਨੂੰ ਇਸਲਾਮਾਬਾਦ, ਰਾਵਲਪਿੰਡੀ ਅਤੇ ਐਬਟਾਬਾਦ ਨਾਲ ਜੋੜਦਾ ਹੈ।

ਹਰੀਪੁਰ

ਤਸਵੀਰ ਸਰੋਤ, voice of haripur

ਤਸਵੀਰ ਕੈਪਸ਼ਨ, ਹਰੀਪੁਰ ਦੇ ਚੌਕ ਵਿੱਚ 2017 ਵਿੱਚ ਲਗਾਇਆ ਨਲਵਾ ਦਾ ਬੁੱਤ

ਸਥਾਨਕ ਵਪਾਰੀਆਂ ਮੁਤਾਬਕ ਬੁੱਤ ਹਟਾਉਣ ਤੋਂ ਬਾਅਦ ਚੌਕ 'ਤੇ ਮੋਟੇ ਅੱਖਰਾਂ 'ਚ 'ਸਿਦੀਕ-ਏ-ਅਕਬਰ ਚੌਕ' ਲਿਖਿਆ ਹੋਇਆ ਸੀ, ਜਿਸ ਦੀ ਕਥਿਤ ਤੌਰ 'ਤੇ ਇਕ ਧਾਰਮਿਕ ਸੰਸਥਾ ਵੱਲੋਂ ਮੰਗ ਕੀਤੀ ਜਾ ਰਹੀ ਸੀ।

ਹਾਲਾਂਕਿ, ਸਥਾਨਕ ਵਪਾਰੀਆਂ ਦੇ ਅਨੁਸਾਰ, ਬੁੱਤ ਹਟਾਉਣ ਤੋਂ ਪਹਿਲਾਂ ਵੀ, ਕੁਝ ਸਥਾਨਕ ਲੋਕ ਇਸ ਚੌਕ ਦਾ ਨਾਮ ‘ਸਿੱਦੀਕ-ਏ-ਅਕਬਰ ਚੌਕ’ ਦੀ ਆਖਦੇ ਸਨ।

ਖ਼ੈਬਰ ਪਖ਼ਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਇੱਕ ਸਿੱਖ ਆਗੂ ਬਾਬਾ ਗੋਪਾਲ ਸਿੰਘ ਨੇ ਕਿਹਾ ਸੀ, "ਅਸੀਂ ਚਾਹੁੰਦੇ ਹਾਂ ਕਿ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਕੀਤੀ ਜਾਵੇ।"

“ਪਾਕਿਸਤਾਨ ਦੇ ਉੱਜਵਲ ਭਵਿੱਖ ਅਤੇ ਉੱਜਵਲ ਚਿਹਰੇ ਲਈ ਇਹ ਬਹੁਤ ਜ਼ਰੂਰੀ ਹੈ।”

ਇਹ ਵੀ ਪੜ੍ਹੋ-

ਉਨ੍ਹਾਂ ਕਿਹਾ ਸੀ, "ਨਵੇਂ ਸ਼ਹਿਰਾਂ ਅਤੇ ਕਸਬਿਆਂ ਦਾ ਨਿਰਮਾਣ ਕਰੋ ਅਤੇ ਉਨ੍ਹਾਂ ਨੂੰ ਆਪਣੀ ਮਨ-ਮਰਜ਼ੀ ਨਾਮ ਦਿਓ, ਜਿਵੇਂ ਕਿ ਇਸਲਾਮਾਬਾਦ ਦਾ ਨਾਮ ਰੱਖਿਆ ਗਿਆ ਹੈ।"

"ਪਰ ਮੁਸਲਿਮ ਅਤੇ ਇਤਿਹਾਸਕ ਖੇਤਰਾਂ ਦੇ ਨਾਮ ਅਤੇ ਬੁੱਤਾਂ ਨੂੰ ਹਟਾਉਣ ਨਾਲ ਪਾਕਿਸਤਾਨ ਦੀ ਸਹਿਣਸ਼ੀਲਤਾ ਦੀ ਨੀਤੀ ਨੂੰ ਧੱਕਾ ਲੱਗੇਗਾ।"

"ਇਹ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।"

ਵੀਡੀਓ ਵਿੱਚ ਦੇਖੋ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਦੁਨੀਆਂ ਦੇ ਸਭ ਤੋਂ ਮਹਾਨ ਆਗੂ ਚੁਣੇ ਗਏ

ਵੀਡੀਓ ਕੈਪਸ਼ਨ, ਮਹਾਰਾਜਾ ਰਣਜੀਤ ਸਿੰਘ ਕਿਵੇਂ ਦੁਨੀਆਂ ਦੇ ਮਹਾਨ ਆਗੂ ਚੁਣੇ ਗਏ

ਰਣਜੀਤ ਸਿੰਘ ਦਾ ਸਭ ਤੋਂ ਸਫਲ ਕਮਾਂਡਰ-ਇਨ-ਚੀਫ਼

ਸਿੱਖ ਇਤਿਹਾਸ ਦੇ ਖੋਜਕਾਰ ਜਹਾਂਦਾਦ ਖ਼ਾਨ ਤਨੋਲੀ ਅਨੁਸਾਰ ਹਰੀ ਸਿੰਘ ਨਲਵਾ ਸਿੱਖ ਖ਼ਾਲਸਾ ਫੌਜ ਦੇ ਕਮਾਂਡਰ-ਇਨ-ਚੀਫ ਸਨ।

ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਇਸ ਦੀਆਂ ਜਿੱਤਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।

ਉਨ੍ਹਾਂ ਨੇ ਘੱਟੋ-ਘੱਟ 20 ਵੱਡੀਆਂ ਅਤੇ ਇਤਿਹਾਸਕ ਜੰਗਾਂ ਦੀ ਕਮਾਂਡ ਕੀਤੀ ਹੈ ਜਾਂ ਉਨ੍ਹਾਂ ਵਿੱਚ ਭਾਗ ਲਿਆ ਹੈ।

ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਜੰਗਾਂ ਸਨ, ਜਿਨ੍ਹਾਂ ਵਿੱਚ ਹਰੀ ਸਿੰਘ ਨਲਵਾ ਨੇ ਕਮਾਂਡ ਸਾਂਭੀ ਸੀ ਅਤੇ ਜਿੱਤ ਹਾਸਿਲ ਕੀਤੀ ਸੀ।

ਹਰੀ ਸਿੰਘ ਨਲਵਾ ਦੀ ਮੌਤ 30 ਅਪ੍ਰੈਲ 1837 ਵਿੱਚ ਹੋਈ ਸੀ। ਉਹ ਉਸ ਵੇਲੇ ਅਫ਼ਗਾਨਸਿਤਾਨ ਦੇ ਦੋਸਤ ਮੁਹੰਮਦ ਖਾਨ ਦੀਆਂ ਫੌਜਾਂ ਨਾਲ ਲੜ ਰਹੇ ਸਨ। ਜਿੱਥੇ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਖੈਬਰ ਪਖ਼ਤੂਨਖਵਾ ਵਿਚ ਖੈਬਰ ਦੱਰੇ ਦੇ ਬਣੇ ਜਮਰੌਦ ਦੇ ਕਿਲ਼ੇ ਵਿੱਚ ਕੀਤਾ ਗਿਆ ਸੀ।

ਜਹਾਂਦਾਦ ਖ਼ਾਨ ਨੇ ਕਿਹਾ, " ਹਰੀ ਸਿੰਘ ਨਲਵਾ ਨੇ ਘੱਟੋ-ਘੱਟ 56 ਵੱਖ-ਵੱਖ ਇਮਾਰਤਾਂ ਬਣਵਾਈਆਂ ਸਨ, ਜਿਨ੍ਹਾਂ ਵਿੱਚ ਕਿਲੇ, ਗੁਰਦੁਆਰੇ, ਬਾਗ਼, ਮਹਿਲ ਅਤੇ ਸਰਾਵਾਂ ਸ਼ਾਮਲ ਹਨ।”

ਜਹਾਂਦਾਦ ਖ਼ਾਨ ਤਨੋਲੀ ਮੁਤਾਬਕ, ਉਨ੍ਹਾਂ ਨੇ ਅਜੋਕੇ ਖ਼ੈਬਰ ਪਖ਼ਤੂਨਖਵਾ, ਕਸ਼ਮੀਰ ਅਤੇ ਪੰਜਾਬ ਵਿੱਚ ਜ਼ਿਆਦਾਤਰ ਇਮਾਰਤਾਂ ਬਣਾਈਆਂ ਸਨ।

"ਜਿਨ੍ਹਾਂ ਵਿੱਚੋਂ ਕਈ ਅੱਜ ਵੀ ਮੌਜੂਦ ਹਨ ਅਤੇ ਕਈਆਂ ਨੂੰ ਸੱਭਿਆਚਾਰਕ ਵਿਰਾਸਤ ਵਜੋਂ ਸੰਭਾਲਿਆ ਗਿਆ ਹੈ।"

ਵੀਡੀਓ- ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਸਥਾਨ ਮੰਨੀ ਜਾਂਦੀ ਹਵੇਲੀ

ਵੀਡੀਓ ਕੈਪਸ਼ਨ, ਹਵੇਲੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਕਹੀ ਜਾਂਦੀ ਹੈ

ਉਨ੍ਹਾਂ ਨੇ ਦੱਸਿਆ, "19ਵੀਂ ਸਦੀ ਵਿੱਚ ਉਨ੍ਹਾਂ ਦੇ ਫੌਜੀ ਜੀਵਨ ਅਤੇ ਜਿੱਤਾਂ ਉੱਤੇ ਬਹੁਤ ਸਾਰੇ ਯਾਦਗਾਰੀ ਗੀਤ ਲਿਖੇ ਗਏ।"

ਹਰੀ ਸਿੰਘ ਨਲਵਾ ਨੂੰ 20ਵੀਂ ਸਦੀ ਦੀ ਪ੍ਰਸਿੱਧ ਭਾਰਤੀ ਫ਼ਿਲਮ 'ਮੇਰੇ ਦੇਸ ਕੀ ਧਰਤੀ' 'ਚ ਗਾਇਆ ਗਿਆ ਸੀ। ਇਹ ਫਿਲਮ 2013 ਵਿੱਚ ਰਿਲੀਜ਼ ਹੋਈ ਸੀ।

2013 ਵਿੱਚ ਹੀ, ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਟਿਕਟ ਜਾਰੀ ਵੀ ਕੀਤੀ।

ਜਹਾਂਦਾਦ ਖ਼ਾਨ ਤਨੋਲੀ ਮੁਤਾਬਕ ਹਰੀ ਸਿੰਘ ਨਲਵਾ ਕਸ਼ਮੀਰ, ਪਿਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵੀ ਰਹੇ ਸਨ।

ਹਰੀ ਸਿੰਘ ਨਲਵਾ ਨੇ ਹਜ਼ਾਰਾ ਡਿਵੀਜ਼ਨ ਨੂੰ ਕੀਤਾ ਆਪਣੇ ਅਧੀਨ

ਖ਼ੈਬਰ ਪਖ਼ਤੂਨਖ਼ਵਾ ਦੇ ਹਜ਼ਾਰਾ ਡਿਵੀਜ਼ਨ ਦੇ ਇਤਿਹਾਸ ਦੇ ਖੋਜਕਾਰ ਇਜਾਜ਼ ਅਹਿਮਦ ਦੱਸਦੇ ਹਨ ਕਿ ਹਰੀ ਸਿੰਘ ਨਲਵਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬੇਸ਼ੱਕ ਥੋੜ੍ਹੇ ਸਮੇਂ ਲਈ, ਪਰ ਲਾਹੌਰ ਤਖ਼ਤ ਦੇ ਸਾਰੇ ਖੇਤਰ ਨੂੰ ਆਪਣੇ ਅਧੀਨ ਕਰ ਲਿਆ ਸੀ।

ਰਣਜੀਤ ਸਿੰਘ ਨੇ ਵਿਦਰੋਹ ਨੂੰ ਰੋਕਣ ਲਈ ਉਨ੍ਹਾਂ ਨੂੰ ਇੱਥੇ ਨਿਯੁਕਤ ਕੀਤਾ ਸੀ ਕਿਉਂਕਿ ਉਸ ਤੋਂ ਪਹਿਲਾਂ ਨਿਯੁਕਤ ਕੀਤੇ ਗਏ ਗਵਰਨਰ ਸਫ਼ਲ ਨਹੀਂ ਹੋ ਸਕੇ ਸਨ।

ਹਰੀਪੁਰ

ਤਸਵੀਰ ਸਰੋਤ, voice of haripur

ਤਸਵੀਰ ਕੈਪਸ਼ਨ, ਸਥਾਨਕ ਵਪਾਰੀਆਂ ਮੁਤਾਬਕ ਬੁੱਤ ਹਟਾਉਣ ਤੋਂ ਬਾਅਦ ਚੌਕ 'ਤੇ ਮੋਟੇ ਅੱਖਰਾਂ 'ਚ 'ਸਿਦੀਕ-ਏ-ਅਕਬਰ ਚੌਕ' ਲਿਖਿਆ ਹੋਇਆ ਸੀ

ਖੋਜਕਾਰ ਸਾਹਿਬਜ਼ਾਦਾ ਜਵਾਦ ਅਲ-ਫੈਜ਼ੀ ਮੁਤਾਬਕ, "ਹਜ਼ਾਰਾ ਡਿਵੀਜ਼ਨ ਵਿਚ ਸਿੱਖ ਰਾਜ ਵਿਰੁੱਧ ਵੱਡੀ ਬਗ਼ਾਵਤ ਹੋਈ ਸੀ।"

"ਕਸ਼ਮੀਰ ਦਾ ਇਲਾਕਾ ਸਿੱਖਾਂ ਦੇ ਕੰਟਰੋਲ ਹੇਠ ਆ ਗਿਆ ਪਰ ਹਜ਼ਾਰਾ ਡਿਵੀਜ਼ਨ ਵਿੱਚ ਕਬਜ਼ਾ ਉਦੋਂ ਤੱਕ ਸੰਭਵ ਨਹੀਂ ਹੋ ਸਕਿਆ ਸੀ। ਹਰੀ ਸਿੰਘ ਨਲਵਾ ਤੋਂ ਪਹਿਲਾਂ ਘੱਟੋ-ਘੱਟ ਤਿੰਨ ਸਿੱਖ ਜਰਨੈਲਾਂ ਨੂੰ ਇੱਥੇ ਮਾਰ ਦਿੱਤਾ ਗਿਆ ਸੀ।"

ਅਮਰ ਸਿੰਘ ਮਜੀਠੀਆ ਨੂੰ ਐਬਟਾਬਾਦ ਜ਼ਿਲ੍ਹੇ ਦੇ ਗਲੀਅਤ ਖੇਤਰ ਦੇ ਪਿੰਡ ਸਮੰਦਰ-ਖੱਟਾ ਵਿੱਚ ਮਾਰਿਆ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਹਜ਼ਾਰਾ ਡਿਵੀਜ਼ਨ ਦਾ ਦਰਬੰਦ ਇਲਾਕਾ, ਜਿਸ ਦਾ ਜ਼ਿਆਦਾਤਰ ਹਿੱਸਾ ਮੌਜੂਦਾ ਤਰਬੇਲਾ ਡੈਮ ਅਧੀਨ ਆਉਂਦਾ ਹੈ, ਉਸ ਵੇਲੇ ਦੇ ਸ਼ਕਤੀਸ਼ਾਲੀ ਅੰਬ ਰਾਜ ਦੀ ਰਾਜਧਾਨੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਖਿਲਾਫ਼ ਹੋ ਰਹੇ ਵਿਰੋਧ ਕਾਰਨ ਕਸ਼ਮੀਰ ਉੱਤੇ ਸਿੱਖਾਂ ਦਾ ਕੰਟਰੋਲ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਸੀ।

ਅਜਿਹੇ ਹਾਲਾਤ ਵਿੱਚ ਅਮਰ ਸਿੰਘ ਮਜੀਠੀਆ ਦਾ ਕਤਲ ਲਾਹੌਰ ਦੇ ਤਖ਼ਤ ਲਈ ਇੱਕ ਚੁਣੌਤੀ ਸੀ।

ਇਸੇ ਲਈ ਰਣਜੀਤ ਸਿੰਘ ਨੇ ਆਪਣੇ ਸਭ ਤੋਂ ਭਰੋਸੇਮੰਦ ਜਰਨੈਲ ਹਰੀ ਸਿੰਘ ਨਲਵਾ ਨੂੰ ਹਜ਼ਾਰਾ ਡਵੀਜ਼ਨ ਦਾ ਗਵਰਨਰ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਬਗ਼ਾਵਤ ਨੂੰ ਕੁਚਲਣ ਅਤੇ ਸਿੱਖ ਰਾਜ ਨੂੰ ਸਥਾਪਤ ਕਰਨ ਦਾ ਹੁਕਮ ਦਿੱਤਾ ਸੀ।

ਇਸ ਤੋਂ ਪਹਿਲਾਂ ਹਰੀ ਸਿੰਘ ਨਲਵਾ ਕਸ਼ਮੀਰ ਦੇ ਗਵਰਨਰ ਰਹੇ ਸਨ।

ਸਾਹਿਬਜ਼ਾਦਾ ਜਵਾਦ ਅਲ-ਫੈਜ਼ੀ ਦੱਸਦੇ ਹਨ ਕਿ ਇਨ੍ਹਾਂ ਖੇਤਰਾਂ ਦੀ ਮਹੱਤਤਾ, ਇਤਿਹਾਸ ਅਤੇ ਇੱਥੇ ਹੋਏ ਵਿਰੋਧ ਨੂੰ ਹਰੀ ਰਾਮ ਗੁਪਤਾ ਦੀ ਕਿਤਾਬ ਤੋਂ ਹੀ ਸਮਝਿਆ ਜਾ ਸਕਦਾ ਹੈ। ਉੱਥੇ ਹੀ ਇਸ ਬਾਰੇ ਦੱਸਿਆ ਗਿਆ ਹੈ।

ਦਰਬੰਦ ਅੰਬ

ਕਿਤਾਬ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲ ਹਰੀ ਸਿੰਘ ਨਲਵਾ ਨੂੰ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਦਰਬੰਦ ਵਿਚ ਅੰਬਾਂ ਦੇ ਰੁੱਖਾਂ 'ਤੇ ਬਹੁਤ ਸਵਾਦ ਅੰਬ ਹੁੰਦੇ ਹਨ।

ਜਿਸ ਦੇ ਜਵਾਬ ਵਿੱਚ ਹਰੀ ਸਿੰਘ ਨਲਵਾ ਨੇ ਕਿਹਾ, "ਮੇਰੇ ਮੁਰਸ਼ਿਦ! ਦਰਬੰਦ ਸਾਡੇ ਵੱਡੇ ਦੁਸ਼ਮਣ ਪੈਂਡਾ ਖਾਨ ਤਨੋਲੀ ਦਾ ਹੈੱਡਕੁਆਰਟਰ ਹੈ। ਇਹ ਇਲਾਕਾ ਸਿੰਧ ਨਦੀ ਦੇ ਕੰਢੇ ਸਥਿਤ ਹੈ।"

"ਜਿੱਥੇ ਪਹੁੰਚਣਾ ਬਹੁਤ ਔਖਾ ਹੈ ਪਰ ਤੁਹਾਡਾ ਇਹ ਆਗਿਆਕਾਰੀ ਦਾਸ ਇਸ ਫ਼ਲ ਬਾਰੇ ਪਤਾ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।"

ਬਾਅਦ ਵਿਚ ਦਰਬੰਦ ਤੋਂ ਅੰਬ ਦਾ ਸਾਰਾ ਦਰੱਖ਼ਤ ਉਖਾੜ ਕੇ ਲਾਹੌਰ ਦਰਬਾਰ ਵਿਚ ਭੇਜ ਦਿੱਤਾ ਗਿਆ।

ਸਾਹਿਬਜ਼ਾਦਾ ਜਵਾਦ ਅਲ-ਫੈਜ਼ੀ ਨੇ ਕਿਹਾ, "ਜ਼ਾਹਿਰ ਹੈ ਕਿ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਨੂੰ ਦਰਬੰਦ ਦੇ ਅੰਬ ਲਈ ਸੁਨੇਹਾ ਨਹੀਂ ਭੇਜਿਆ ਹੋਵੇਗਾ। ਕੋਈ ਛੁਪਿਆ ਸੁਨੇਹਾ ਸੀ।"

ਉਹ ਕਹਿੰਦੇ ਹਨ, "ਅੰਬ ਦੇ ਦਰੱਖ਼ਤ ਨੂੰ ਭੇਜਣ ਦਾ ਮਤਲਬ ਇਹ ਵੀ ਹੈ ਕਿ ਕੋਈ ਵਿਵਸਥਾ ਸਥਾਪਤ ਕਰਨਾ ਜਾਂ ਇਸ ਨੂੰ ਕੁਝ ਹੱਦ ਤੱਕ ਕੁਚਲਣਾ।"

ਜਹਾਂਦਾਦ ਖ਼ਾਨ ਤਨੋਲੀ ਦਾ ਕਹਿਣਾ ਹੈ ਕਿ ਉਸ ਵੇਲੇ ਐਬਟਾਬਾਦ ਦੀ ਹੋਂਦ ਨਹੀਂ ਸੀ। ਐਬਟਾਬਾਦ ਦੇ ਆਸ-ਪਾਸ ਕੁਝ ਇਲਾਕੇ ਸਨ। ਹਰੀਪੁਰ ਨੂੰ ਹਜ਼ਾਰਾ ਡਿਵੀਜ਼ਨ ਦਾ ਗੇਟਵੇ ਮੰਨਿਆ ਜਾਂਦਾ ਸੀ।

ਹਰੀ ਸਿੰਘ ਨਲਵਾ ਇੱਕ ਸੁਚੱਜੇ ਜਰਨੈਲ ਸਨ। ਉਨ੍ਹਾਂ ਨੇ ਸਥਾਨਕ ਲੋਕਾਂ ਦੇ ਵਿਦਰੋਹ ਨੂੰ ਰੋਕਣ ਲਈ ਅਜੋਕੇ ਹਰੀਪੁਰ ਵਿਖੇ ਆਪਣਾ ਟਿਕਾਣਾ ਬਣਾਇਆ ਸੀ।

ਕਿਲ੍ਹਾ ਹਰਕਸ਼ਣਗੜ੍ਹ ਅਤੇ ਹਰੀਪੁਰ

ਏਜਾਜ਼ ਅਹਿਮਦ ਮੁਤਾਬਕ ਹਰੀ ਸਿੰਘ ਨਲਵਾ ਨੇ 1823 ਵਿੱਚ ਹਰੀਪੁਰ ਸ਼ਹਿਰ ਦੀ ਨੀਂਹ ਰੱਖੀ ਸੀ।

ਉਨ੍ਹਾਂ ਨੇ ਇਸ ਇਲਾਕੇ ਦਾ ਪਹਿਲਾ ਕਿਲਾ ਬਣਵਾਇਆ ਜਿਸ ਦਾ ਨਾਂ ਹਰਕਿਸ਼ਣਗੜ੍ਹ ਰੱਖਿਆ ਗਿਆ। ਕਿਲ੍ਹਾ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਣਾਇਆ ਗਿਆ ਸੀ।

ਹਰੀ ਸਿੰਘ ਨਲਵਾ ਨੇ ਵੀ ਇਸ ਇਲਾਕੇ ਨੂੰ ਹਜ਼ਾਰਾ ਡਵੀਜ਼ਨ ਵਿੱਚ ਆਪਣਾ ਹੈੱਡਕੁਆਰਟਰ ਬਣਾਇਆ ਸੀ।

ਉਨ੍ਹਾਂ ਕਿਹਾ ਕਿ ਇਸ ਕਿਲ੍ਹੇ ਤੋਂ ਸ਼ਹਿਰ ਦੀ ਨੀਂਹ ਰੱਖੀ ਗਈ ਸੀ। ਇਹ ਸ਼ਹਿਰ ਵਧੀਆ ਨਕਸ਼ੇ 'ਤੇ ਬਣਾਇਆ ਗਿਆ ਸੀ।

ਇਹ ਸ਼ਹਿਰ ਵੀ ਕਿਲਾਬੰਦ ਸੀ। ਇਸ ਦੇ ਛੇ ਦਰਵਾਜ਼ੇ ਸਨ। ਜਿਸ ਵਿੱਚ ਸ਼ੇਰਾਂਵਾਲਾ ਗੇਟ ਅੱਜ ਵੀ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ।

ਕਿਲ੍ਹੇ ਦੇ ਚਾਰੇ ਪਾਸੇ ਖਾਈ ਪੁੱਟੀ ਗਈ ਸੀ। ਸ਼ਹਿਰ ਲਈ ਵਧੀਆ ਨਹਿਰੀ ਸਿਸਟਮ ਬਣਾਇਆ ਗਿਆ ਸੀ।

ਏਜਾਜ਼ ਅਹਿਮਦ ਮੁਤਾਬਕ ਹਰੀਪੁਰ ਦਾ ਕਿਲ੍ਹਾ ਅਜੇ ਵੀ ਮੌਜੂਦ ਹੈ। ਇਸ ਦੇ ਇੱਕ ਹਿੱਸੇ ਵਿੱਚ ਪੁਲਿਸ ਥਾਣਾ ਅਤੇ ਦੂਜੇ ਹਿੱਸੇ ਵਿੱਚ ਤਹਿਸੀਲ ਅਦਾਲਤ ਹੈ।

ਬਾਅਦ ਵਿਚ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਇਸ ਸ਼ਹਿਰ ਦਾ ਨਾਮ ਹਰੀ ਕਸਬੇ ਤੋਂ ਬਦਲ ਕੇ ਹਰੀਪੁਰ ਕਰ ਦਿੱਤਾ ਗਿਆ ਸੀ।

ਸਥਾਨਕ ਲੋਕਾਂ ਦੀ ਸਲਾਹ 'ਤੇ ਇਸ ਨੂੰ ਹਰੀਪੁਰ ਦਾ ਅਧਿਕਾਰਤ ਨਾਮ ਦਿੱਤਾ ਗਿਆ ਜੋ ਅੰਗਰੇਜ਼ਾਂ ਦੇ ਵੇਲੇ ਤੋਂ ਚੱਲਦਾ ਆ ਰਿਹਾ ਹੈ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)