ਜਸਟਿਨ ਟਰੂਡੋ: ਟਰੱਕਾਂ ਵਾਲਿਆਂ ਦੇ ਘੇਰਾਓ ਕਾਰਨ ਪ੍ਰਧਾਨ ਮੰਤਰੀ ਨੂੰ ਪਰਿਵਾਰ ਸਣੇ ਅਣਦੱਸੀ ਥਾਂ ਲਿਜਾਇਆ ਗਿਆ
- ਲੇਖਕ, ਜੈਸਿਕਾ ਮਰਫੀ
- ਰੋਲ, ਬੀਬੀਸੀ ਨਿਊਜ਼
ਪੂਰੇ ਕੈਨੇਡਾ ਵਿੱਚ ਹਫ਼ਤੇ ਭਰ ਦੇ ਲੰਮੇ ਸਫ਼ਰ ਤੋਂ ਬਾਅਦ, ਵਾਹਨਾਂ ਦਾ ਇੱਕ ਵੱਡਾ ਕਾਫਲਾ ਰਾਸ਼ਟਰੀ ਰਾਜਧਾਨੀ ਓਟਾਵਾ ਵਿੱਚ ਪਿਛਲੇ ਦੋ ਦਿਨਾਂ ਤੋਂ ਘੇਰਾਓ ਕਰੀ ਬੈਠਾ ਹੈ।
ਕੈਨੇਡਾ ਦੇ ਟਰੱਕਾਂ ਵਾਲਿਆਂ ਦਾ ਇਹ ਕਾਫ਼ਲਾ ਇੱਥੇ, ਕੋਵਿਡ-19 ਅਤੇ ਟੀਕਿਆਂ ਸਬੰਧੀ ਪਾਬੰਦੀਆਂ ਦਾ ਵਿਰੋਧ ਕਰਨ ਲਈ ਪਹੁੰਚਿਆ ਹੋਇਆ ਹੈ।
ਹਾਲਾਂਕਿ ਆਯੋਜਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅੰਦੋਲਨ ਸ਼ਾਂਤੀਪੂਰਨ ਰਹੇਗਾ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਗੰਭੀਰ ਸਥਿਤੀ ਲਈ ਤਿਆਰ ਹਨ।
ਇਸ ਨੂੰ ‘ਆਜ਼ਾਦੀ ਦਾ ਕਾਫ਼ਲਾ’ ਨਾਮ ਦਿੱਤਾ ਗਿਆ ਹੈ ਅਤੇ ਇਸਦੀ ਖੂਬ ਚਰਚਾ ਹੋ ਰਹੀ ਹੈ।
ਪੁਲਿਸ ਸਤਾਵਿਕਾ ਫਲੈਗ ਦਿਖਣ ਅਤੇ ਅਣਪਛਾਤੇ ਫੌਜੀ ਦੀ ਮਜ਼ਾਰ ਉੱਤੇ ਨੱਚਣ ਵਾਲੀ ਔਰਤ ਦਾ ਵੀਡੀਓ ਵਾਇਰਲ ਹੋਣ ਵਰਗੀਆਂ ਘਟਨਾਵਾਂ ਦੀ ਪੁਲਿਸ ਜਾਂਚ ਵੀ ਕਰ ਰਹੀ ਹੈ।
ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਰਿਵਾਰ ਨੂੰ ਕਿਸੇ ਅਣਦੱਸੀ ਥਾਂ ਉੱਤੇ ਲਿਜਾਇਆ ਗਿਆ ਹੈ।
ਕੈਨੇਡਾ ਦੇ ਟਰੱਕਾਂ ਵਾਲੇ ਰੋਹ ਵਿਚ ਕਿਉਂ
ਇਹ ਅੰਦੋਲਨ, ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੁਆਰਾ ਲਾਗੂ ਆਦੇਸ਼ਾਂ ਤੋਂ ਬਾਅਦ ਸ਼ੁਰੂ ਹੋਇਆ, ਜਿਨ੍ਹਾਂ ਵਿੱਚ ਯੂਐਸ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕਾਂ ਲਈ ਕੋਵਿਡ-19 ਦੇ ਟੀਕੇ ਸਬੰਧੀ ਪਾਬੰਦੀ ਲਗਾਈ ਗਈ ਹੈ।
ਇਨ੍ਹਾਂ ਨਵੀਆਂ ਹਿਦਾਇਤਾਂ ਅਨੁਸਾਰ ਕੈਨੇਡੀਅਨ ਟਰੱਕਾਂ ਨੂੰ ਦੋ ਦੇਸ਼ਾਂ ਦੀ ਸੀਮਾ ਪਾਰ ਕਰਨ ਤੋਂ ਬਾਅਦ, ਘਰ ਪਰਤਣ ਮਗਰੋਂ ਕੁਆਰੰਟੀਨ ਹੋਣਾ ਪਏਗਾ। ਇਸ ਫੈਸਲੇ ਨਾਲ ਪਰੇਸ਼ਾਨ ਟਰੱਕ ਡਰਾਈਵਰਾਂ ਅਤੇ ਰੂੜੀਵਾਦੀ ਸਮੂਹਾਂ ਦੇ ਇੱਕ ਢਿੱਲੇ ਗੱਠਜੋੜ ਨੇ ਪੱਛਮੀ ਕੈਨੇਡਾ ਵਿੱਚ ਕ੍ਰਾਸ-ਕੰਟਰੀ ਡਰਾਈਵ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ।
ਬਹੁਤ ਸਾਰੇ ਲੋਕ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਰਾਜਨੀਤੀ ਦਾ ਵਿਰੋਧ ਕਰ ਰਹੇ ਹਨ ਅਤੇ ਹੁਣ ਮਹਾਂਮਾਰੀ ਸਬੰਧੀ ਇਨ੍ਹਾਂ ਹਿਦਾਇਤਾਂ ਤੋਂ ਉਹ ਹੋਰ ਨਿਰਾਸ਼ ਹੋ ਗਏ ਹਨ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ ਅਤੇ ਖਬਰਾਂ ਦੀ ਫੁਟੇਜ ਵਿੱਚ ਵੇਖਿਆ ਗਿਆ ਕਿ ਹਾਈਵੇਅ ਦੇ ਨਾਲ-ਨਾਲ ਟਰੱਕਾਂ ਅਤੇ ਹੋਰ ਵਾਹਨਾਂ ਦੀਆਂ ਕਤਾਰਾਂ ਹਨ ਅਤੇ ਸੜਕਾਂ ਦੇ ਕਿਨਾਰਿਆਂ ਅਤੇ ਓਵਰਪਾਸਾਂ 'ਤੇ ਇਕੱਠੇ ਹੋਏ ਲੋਕ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਟਰੂਡੋ ਦੇ ਖਿਲਾਫ ਕੈਨੇਡੀਅਨ ਝੰਡੇ ਅਤੇ ਨਿਸ਼ਾਨਾਂ ਨੂੰ ਲਹਿਰਾ ਰਹੇ ਹਨ।
ਇਸ ਵਿਰੋਧ ਨੇ ਕੈਨੇਡਾ ਦੀਆਂ ਸਰਹੱਦਾਂ ਤੋਂ ਬਾਹਰ ਵੀ ਲੋਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਪੋਡਕਾਸਟਰ ਜੋਅ ਰੋਗਨ, ਡੌਨਲਡ ਟਰੰਪ ਜੂਨੀਅਰ- ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਅਤੇ ਬ੍ਰਿਟਿਸ਼ ਕਾਮੇਡੀਅਨ ਰਸਲ ਬ੍ਰਾਂਡ ਨੇ ਵੀ ਇਨ੍ਹਾਂ ਦਾ ਸਮਰਥਨ ਕੀਤਾ ਹੈ।
ਪ੍ਰਦਰਸ਼ਨਕਾਰੀ ਘੱਟੋ-ਘੱਟ ਹਫਤੇ ਦੇ ਅੰਤ ਤੱਕ ਪਾਰਲੀਮੈਂਟ ਹਿੱਲ ਦੇ ਨੇੜੇ ਓਟਾਵਾ ਦੇ ਡਾਊਨਟਾਊਨ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਸਰਹੱਦੀ ਵੈਕਸੀਨ ਸਬੰਧੀ ਆਦੇਸ਼ ਨੂੰ ਰੱਦ ਕਰਨ ਤੋਂ ਲੈ ਕੇ ਦੇਸ਼ ਭਰ ਵਿੱਚ ਅਜਿਹੇ ਸਾਰੇ ਆਦੇਸ਼ਾਂ ਨੂੰ ਖਤਮ ਕਰਨ ਤੱਕ ਵਧ ਗਈਆਂ ਹਨ।
'ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ'
ਇੱਕ ਟਰੱਕ ਡਰਾਈਵਰ ਅਤੇ ਟਰੱਕਿੰਗ ਕੰਪਨੀ ਦੇ ਮਾਲਕ, ਹੈਰੋਲਡ ਜੋਂਕਰ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ, ਅਸੀਂ ਦੁਬਾਰਾ ਆਪਣੀ ਪਸੰਦ ਦੀ ਚੋਣ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਉਮੀਦ ਚਾਹੁੰਦੇ ਹਾਂ - ਅਤੇ ਸਰਕਾਰ ਨੇ ਇਹ ਖੋਹ ਲਿਆ ਹੈ।"
ਟਰੱਕ ਵਾਲਿਆਂ ਦਾ ਇਹ ਕਾਫਲਾ ਸ਼ਾਂਤਮਈ ਢੰਗ ਨਾਲ ਕੈਨੇਡੀਅਨ ਕਸਬਿਆਂ ਅਤੇ ਸ਼ਹਿਰਾਂ ਵਿੱਚੋਂ ਲੰਘਿਆ। ਓਟਾਵਾ ਪੁਲਿਸ ਨੇ ਕਿਹਾ ਹੈ ਕਿ ਉਹ ਅੰਦੋਲਨ ਦੇ ਪ੍ਰਬੰਧਕਾਂ ਦੇ ਸੰਪਰਕ ਵਿੱਚ ਹਨ ਅਤੇ ਉਹ (ਪ੍ਰਬੰਧਕ) ਵੀ ਸਹਿਯੋਗ ਦੇ ਰਹੇ ਹਨ।
ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਚਿੰਤਤ ਹਨ ਕਿ ਕਾਫਲੇ ਨੇ ਅੱਤਵਾਦੀ ਬਿਆਨਬਾਜ਼ੀ ਨੂੰ ਕਿਵੇਂ ਆਕਰਸ਼ਿਤ ਕੀਤਾ ਅਤੇ ਕੁਝ ਸੱਜੇ-ਪੱਖੀ ਸਮੂਹਾਂ ਨੇ ਵੀ ਇਸ਼ਾਰਾ ਦਿੱਤਾ ਹੈ ਕਿ ਉਹ ਓਟਵਾ ਵੱਲ ਜਾ ਸਕਦੇ ਹਨ।
ਓਟਵਾ ਦੇ ਪੁਲਿਸ ਮੁਖੀ ਪੀਟਰ ਸਲੋਲੀ ਨੇ ਸ਼ੁੱਕਰਵਾਰ ਨੂੰ ਕਿਹਾ, "ਇਸ ਹਫਤੇ ਦੇ ਅੰਤ ਵਿੱਚ ਪ੍ਰਦਰਸ਼ਨ ਵਿਲੱਖਣ, ਜੋਖਮ ਭਰਪੂਰ ਅਤੇ ਮਹੱਤਵਪੂਰਨ ਹੋਣਗੇ।'' ਉਨ੍ਹਾਂ ਦਾ ਕਹਿਣਾ ਹੈ ਕਿ ਇਹ "ਪੈਮਾਨੇ ਵਿੱਚ ਵਿਸ਼ਾਲ" ਹਨ ਅਤੇ "ਬਦਕਿਸਮਤੀ ਨਾਲ ਸੁਭਾਅ ਤੋਂ ਧਰੁਵੀਕਰਨ ਵਾਲੇ ਹਨ"।
ਉਨ੍ਹਾਂ ਕਿਹਾ ਕਿ ਪੁਲਿਸ ਸੰਭਾਵੀ ਸਮਾਨਾਂਤਰ ਅਤੇ ਵਿਰੋਧੀ ਪ੍ਰਦਰਸ਼ਨਾਂ ਦੀ ਵੀ ਤਿਆਰੀ ਕਰ ਰਹੀ ਹੈ ਅਤੇ ਕੈਨੇਡਾ ਤੇ ਵਿਦੇਸ਼ਾਂ ਵਿੱਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਲੋਕਾਂ ਬਾਰੇ ਚਿੰਤਤ ਹੈ ਜੋ "ਸ਼ਹਿਰ ਵਿੱਚ ਆ ਸਕਦੇ ਹਨ ਜਾਂ ਨਹੀਂ ਵੀ" ਪਰ "ਇਸ ਦੇ ਬਾਵਜੂਦ ਵੀ ਨਫ਼ਰਤ, ਹਿੰਸਾ ਅਤੇ ਕੁਝ ਮਾਮਲਿਆਂ ਵਿੱਚ ਅਪਰਾਧ ਨੂੰ ਭੜਕਾਉਂਦੇ ਹਨ।"
ਆਯੋਜਕਾਂ ਨੇ ਭਾਗੀਦਾਰਾਂ ਨੂੰ ਕਿਸੇ ਵੀ ਦੁਰਵਿਵਹਾਰ ਦੀ ਰਿਪੋਰਟ ਕਰਨ ਲਈ ਕਿਹਾ ਹੈ। ਜੋਂਕਰ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਸਵਾਗਤ ਨਹੀਂ ਕੀਤਾ ਜਾਵੇਗਾ।
ਕੈਨੇਡਾ ਦੇ ਲੋਕ ਵਿਆਪਕ ਤੌਰ 'ਤੇ ਵੈਕਸੀਨ ਸਬੰਧੀ ਆਦੇਸ਼ਾਂ ਦਾ ਸਮਰਥਨ ਕਰਦੇ ਹਨ। ਦੇਸ਼ ਵਿੱਚ ਟੀਕਾ ਲੈਣ ਯੋਗ ਆਬਾਦੀ ਦੇ 80% ਨੇ ਪੂਰੀ ਤਰਾਂ ਟੀਕਾਕਰਨ ਕਰਵਾ ਲਿਆ ਹੈ।

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਟਰੂਡੋ ਨੇ ਇਸ ਵਿਰੋਧ ਅਤੇ ਇਸ ਦੇ ਸਮਰਥਕਾਂ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ।
ਪਰ ਇਸ ਕਾਫਲੇ ਨੂੰ ਕੰਜ਼ਰਵੇਟਿਵ ਸਿਆਸਤਦਾਨਾਂ ਤੋਂ ਕੁਝ ਸਮਰਥਨ ਪ੍ਰਾਪਤ ਹੋਇਆ ਹੈ, ਜੋ ਕਹਿੰਦੇ ਹਨ ਕਿ ਇਹ ਮਹਾਂਮਾਰੀ ਦੇ ਦੋ ਸਾਲਾਂ ਵਿੱਚ ਕੈਨੇਡਾ 'ਚ ਮਹਿਸੂਸ ਕੀਤੀ "ਥਕਾਵਟ ਅਤੇ ਵੰਡ ਦਾ ਪ੍ਰਤੀਕ" ਬਣ ਗਿਆ ਹੈ।
ਇਸ ਲਈ ਵਧ ਰਹੀ ਲੋਕਾਂ ਦੀ ਚਿੰਤਾ
ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਟਰੂਡੋ ਦੀਆਂ ਨਵੀਆਂ ਹਿਦਾਇਤਾਂ ਨੇ ਕੁਝ ਹੋਰ ਕਾਰਨਾਂ ਕਰਕੇ ਵੀ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਬਹੁਤ ਸਾਰੇ ਦੇਸ਼ਾਂ ਦੀ ਤਰ੍ਹਾਂ, ਕੈਨੇਡਾ ਵੀ ਵਧਦੀ ਮਹਿੰਗਾਈ ਅਤੇ ਸਪਲਾਈ ਲੜੀ ਨਾਲ ਨਜਿੱਠ ਰਿਹਾ ਹੈ ਜੋ ਪਹਿਲਾਂ ਹੀ ਮਹਾਂਮਾਰੀ, ਮਜ਼ਦੂਰਾਂ ਦੀ ਘਾਟ ਅਤੇ ਖਰਾਬ ਮੌਸਮ ਕਾਰਨ ਤਣਾਅ ਵਿੱਚ ਹੈ।
ਭੋਜਨ ਅਤੇ ਪੈਟਰੋਲ ਸਮੇਤ ਕੀਮਤਾਂ ਵਧ ਰਹੀਆਂ ਹਨ। ਕਰਿਆਨੇ ਦੀਆਂ ਦੁਕਾਨਾਂ ਦੀਆਂ ਸ਼ੈਲਫਾਂ 'ਤੇ ਕੁਝ ਉਤਪਾਦਾਂ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ।
ਕੈਨੇਡਾ ਦੀ ਆਰਥਿਕਤਾ ਬਹੁਤ ਹੱਦ ਤੱਕ ਉਨ੍ਹਾਂ ਮਰਦਾਂ ਅਤੇ ਔਰਤਾਂ 'ਤੇ ਨਿਰਭਰ ਹੈ ਜੋ ਦੇਸ਼ ਵਿੱਚ ਖਪਤ ਹੋਣ ਵਾਲੇ ਭੋਜਨ ਅਤੇ ਵਸਤੂਆਂ ਦੀ ਵੱਡੀ ਬਹੁਗਿਣਤੀ ਨੂੰ ਸਰਹੱਦ ਪਾਰ ਤੋਂ ਦੇਸ ਵਿੱਚ ਲੈ ਕੇ ਆਉਂਦੇ ਹਨ।
ਸਰਹੱਦ ਪਾਰ ਰੂਟਾਂ 'ਤੇ ਕੰਮ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ ਪਹਿਲਾਂ ਜ਼ਰੂਰੀ ਕਾਮੇ ਮੰਨਦੇ ਹੋਏ, ਲਾਜ਼ਮੀ ਹੁਕਮਾਂ ਤੋਂ ਛੋਟ ਦਿੱਤੀ ਗਈ ਸੀ।
ਕੈਨੇਡੀਅਨ ਟਰੱਕਿੰਗ ਅਲਾਇੰਸ ਦਾ ਅੰਦਾਜ਼ਾ ਹੈ ਕਿ 120,000 ਕੈਨੇਡੀਅਨ ਟਰੱਕ ਡਰਾਈਵਰਾਂ ਵਿੱਚੋਂ 85% ਤੋਂ 90% ਜੋ ਕਿ ਸਰਹੱਦ ਪਾਰ ਰੂਟਾਂ 'ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ।
ਇਸ ਅਲਾਈਂਸ ਦਾ ਕਹਿਣਾ ਹੈ ਕਿ ਓਟਾਵਾ ਵਿੱਚ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਦਾ ਇਸ ਉਦਯੋਗ ਨਾਲ ਕੋਈ ਸਬੰਧ ਹੀ ਨਹੀਂ ਹੈ।
ਹਾਲਾਂਕਿ ਗੱਠਜੋੜ ਕਾਫਲੇ ਦਾ ਸਮਰਥਨ ਨਹੀਂ ਕਰਦਾ ਅਤੇ ਇਸ ਨੇ ਕਿਹਾ ਹੈ ਕਿ ਉਦਯੋਗ ਨੂੰ ਆਦੇਸ਼ ਦੇ ਅਨੁਕੂਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਕਰੀਬ 16,000 ਡਰਾਈਵਰਾਂ ਨੂੰ ਹਟਾਇਆ ਜਾ ਸਕਦਾ ਹੈ।
ਬਹੁਤ ਸਾਰੇ ਕਾਰੋਬਾਰੀ ਸਮੂਹਾਂ ਨੇ ਵੀ ਕਿਹਾ ਹੈ ਕਿ ਉਹ ਚਿੰਤਤ ਹਨ ਕਿ ਨਵਾਂ ਆਦੇਸ਼, ਸਿਰਫ ਮੌਜੂਦਾ ਸਪਲਾਈ ਚੇਨ ਸਬੰਧੀ ਸਮੱਸਿਆਵਾਂ ਨੂੰ ਵਧਾਏਗਾ।
ਅਮਰੀਕਾ-ਕੈਨੇਡਾ ਸਰਹੱਦ ਦਾ ਅਧਿਐਨ ਕਰਨ ਵਾਲੇ ਰੋਟਮੈਨ ਸਕੂਲ ਆਫ਼ ਮੈਨੇਜਮੈਂਟ ਦੇ ਐਸੋਸੀਏਟ ਪ੍ਰੋਫੈਸਰ ਅੰਬਰੀਸ਼ ਚੰਦਰਾ ਨੇ ਬੀਬੀਸੀ ਨੂੰ ਦੱਸਿਆ, "ਹਰ ਚੀਜ਼ ਜਿਸ 'ਤੇ ਕੈਨੇਡੀਅਨ ਨਿਰਭਰ ਕਰਦੇ ਹਨ - ਭੋਜਨ, ਕੱਪੜੇ, ਇਲੈਕਟ੍ਰੋਨਿਕਸ - ਸਭ ਕੁਝ ਟਰੱਕਾਂ ਰਾਹੀਂ ਆਉਂਦਾ ਹੈ"।

ਤਸਵੀਰ ਸਰੋਤ, Getty Images
"ਅਸੀਂ ਇੱਥੇ ਉਦੋਂ ਤੱਕ ਰਹਾਂਗੇ ਜਦੋਂ ਤੱਕ ਅਸੀਂ ਕੰਮ 'ਤੇ ਵਾਪਸ ਨਹੀਂ ਜਾ ਸਕਦੇ''
ਪ੍ਰਧਾਨ ਮੰਤਰੀ ਟਰੂਡੋ ਕੋਵਿਡ-19 ਮਹਾਂਮਾਰੀ ਨਾਲ ਲੜਨ ਵਿੱਚ ਟੀਕਾਕਰਨ ਦੀਆਂ ਦਰਾਂ ਨੂੰ ਇੱਕ ਮੁੱਖ ਸਾਧਨ ਵਜੋਂ ਵੇਖਦੇ ਹਨ ਅਤੇ ਉਨ੍ਹਾਂ ਨੇ ਕੰਜ਼ਰਵੇਟਿਵ ਸਿਆਸਤਦਾਨਾਂ 'ਤੇ ਸਪਲਾਈ ਚੇਨ ਦੇ ਮੁੱਦਿਆਂ ਸਬੰਧੀ "ਡਰ-ਭੈਅ" ਬਾਰੇ ਚੇਤਾਵਨੀ ਦੇਣ ਦਾ ਇਲਜ਼ਾਮ ਲਗਾਇਆ ਹੈ।
ਟਰੂਡੋ ਨੇ ਇਸ ਫੈਸਲੇ ਤੋਂ ਪਿੱਛੇ ਹਟਣ ਦਾ ਕੋਈ ਇਰਾਦਾ ਨਹੀਂ ਜਤਾਇਆ ਹੈ।
ਟਰੱਕ ਡਰਾਈਵਰ ਜੋਂਕਰ ਦਾ ਕਹਿਣਾ ਹੈ ਕਿ ਉਹ ਲੰਬੇ ਸਫ਼ਰ ਲਈ ਓਟਵਾ ਵਿੱਚ ਰਹਿਣ ਲਈ ਤਿਆਰ ਹਨ।
"ਇਰਾਦਾ ਅਸਲ ਵਿੱਚ ਉਦੋਂ ਤੱਕ ਰੁਕਣਾ ਹੈ ਜਦੋਂ ਤੱਕ ਇਹ ਸਾਰੇ ਹੁਕਮ ਰੱਦ ਨਹੀਂ ਕੀਤੇ ਜਾਂਦੇ। ਕੁਝ ਲੋਕ ਇੱਕ ਦਿਨ ਠਹਿਰ ਸਕਦੇ ਹਨ, ਕੁਝ ਲੋਕ ਪੰਜ ਦਿਨ ਰਹਿ ਸਕਦੇ ਹਨ ਪਰ ਸਾਰੇ ਟਰੱਕ ਡਰਾਈਵਰ ਸਾਰਾ ਹਫ਼ਤਾ ਆਪਣੇ ਟਰੱਕਾਂ ਵਿੱਚ ਕੈਂਪੇਨ ਕਰਦੇ ਹਨ।"
ਉਨ੍ਹਾਂ ਕਿਹਾ, "ਅਸੀਂ ਇੱਥੇ ਉਦੋਂ ਤੱਕ ਰਹਾਂਗੇ ਜਦੋਂ ਤੱਕ ਅਸੀਂ ਕੰਮ 'ਤੇ ਵਾਪਸ ਨਹੀਂ ਜਾ ਸਕਦੇ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













