ਕੋਰੋਨਾਵਾਇਰਸ: ਓਮੀਕਰੋਨ ਦੇ ਲੱਛਣ ਦਿਖਣ 'ਚ ਕਿੰਨਾ ਸਮਾਂ ਲੱਗਦਾ ਹੈ ਤੇ ਲਾਗ ਕਿੰਨੀ ਦੇਰ ਤੱਕ ਰਹਿੰਦੀ ਹੈ

ਕੋਰੋਨਾਵਾਇਰਸ ਦਾ ਓਮੀਕਰੋਨ ਵੇਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ਵਿੱਚ ਕੀ ਸਾਨੂੰ ਪਤਾ ਹੈ ਕਿ ਇਸਦੀ ਲਾਗ ਵਾਲੇ ਲੋਕਾਂ ਨੂੰ ਕਿੰਨਾ ਚਿਰ ਦੂਜੇ ਲੋਕਾਂ ਤੋਂ ਵੱਖ/ ਦੂਰ/ ਇਕੱਲੇ ਰਹਿਣਾ ਚਾਹੀਦਾ ਹੈ?

ਕੋਰੋਨਵਾਇਰਸ ਦਾ ਓਮੀਕਰੋਨ ਰੂਪ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਦੁਨੀਆ ਭਰ ਦੀਆਂ ਸਰਕਾਰਾਂ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀਆਂ ਰਾਸ਼ਟਰੀ ਰਣਨੀਤੀਆਂ ਵਿੱਚ ਬਦਲਾਅ ਕਰ ਰਹੀਆਂ ਹਨ।

ਓਮੀਕਰੋਨ ਨੂੰ ਹੁਣ ਤੱਕ ਬਾਕੀ ਵੇਰੀਐਂਟਾਂ ਨਾਲੋਂ ਵਧੇਰੇ ਛੂਤਕਾਰੀ ਪਾਇਆ ਗਿਆ ਹੈ ਜੋ ਨਾ ਸਿਰਫ ਵੈਕਸੀਨਾਂ ਨੂੰ ਚਕਮਾ ਦੇ ਸਕਦਾ ਹੈ ਬਲਕਿ ਦੁਬਾਰਾ ਹੋਣ ਵਾਲੀ ਲਾਗ ਦਾ ਕਾਰਨ ਵੀ ਬਣ ਸਕਦਾ ਹੈ।

ਇੱਕ ਪਾਸੇ ਜਿੱਥੇ ਲਾਗ ਦੇ ਮਾਮਲੇ ਵਧ ਰਹੇ ਹਨ, ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਉਸ ਤਰ੍ਹਾਂ ਦਾ ਵਾਧਾ ਨਹੀਂ ਦੇਖਿਆ ਜਾ ਰਿਹਾ।

ਇਸ ਗੱਲ ਦੇ ਵੀ ਸਬੂਤ ਹਨ ਕਿ ਜਿਨ੍ਹਾਂ ਵਿਅਕਤੀਆਂ ਨੂੰ ਟੀਕਿਆਂ ਦੀਆਂ ਦੋ ਖੁਰਾਕਾਂ ਜਾਂ ਜਿਨ੍ਹਾਂ ਨੂੰ ਬੂਸਟਰ ਡੋਜ਼ ਮਿਲ ਗਈ ਹੈ, ਉਨ੍ਹਾਂ ਨੂੰ ਦੁਬਾਰਾ ਲਾਗ ਹੋਣ 'ਤੇ ਹਸਪਤਾਲ ਵਿੱਚ ਦਾਖਲ ਹੋਣ ਜਾਂ ਮਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

ਇਸ ਕਾਰਨ ਹੀ ਯੂਐੱਸ ਅਤੇ ਯੂਕੇ ਸਮੇਤ ਕਈ ਦੇਸ਼ਾਂ ਨੇ ਕੰਮ ਅਤੇ ਸਕੂਲ ਆਦਿ ਜਾਣ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੇਖਦਿਆਂ ਹੋਇਆਂ, ਆਈਸੋਲੇਸ਼ਨ ਦੀ ਮਿਆਦ ਨੂੰ ਪੰਜ ਦਿਨਾਂ ਤੱਕ ਘਟਾਉਣ ਬਾਰੇ ਸੋਚਿਆ ਹੈ।

ਇਹ ਵੀ ਪੜ੍ਹੋ:

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਓਮੀਕਰੋਨ ਬਾਰੇ ਨਿਸ਼ਚਿੰਤ ਹੋ ਕੇ ਨਾ ਬੈਠਣ। ਡਬਲਯੂਐੱਚਓ ਦਾ ਕਹਿਣਾ ਹੈ ਕਿ ਵਾਇਰਸ ਦਾ ਇਹ ਰੂਪ ਅਜੇ ਵੀ "ਘਾਤਕ" ਹੈ, ਖਾਸ ਤੌਰ 'ਤੇ ਟੀਕਾ ਨਾ ਲੈਣ ਵਾਲੇ ਵਿਅਕਤੀਆਂ ਲਈ।

ਅਜਿਹੀ ਸਥਿਤੀ 'ਚ ਇਹ ਜ਼ਰੂਰੀ ਹੈ ਕਿ ਅਸੀਂ ਜਾਣੀਏ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਪਿੱਛੇ ਕੀ ਵਿਗਿਆਨ ਹੈ ਅਤੇ ਅਸੀਂ ਇਸ ਦੇ ਫੈਲਣ ਦੇ ਤਰੀਕੇ ਬਾਰੇ ਅਸੀਂ ਹੁਣ ਤੱਕ ਕੀ ਜਾਣਦੇ ਹਾਂ?

ਕੋਵਿਡ ਦੇ ਲੱਛਣਾਂ ਦਿਖਣ ਵਿੱਚ ਕਿੰਨਾ ਸਮਾਂ ਲੱਗਦਾ ਹੈ?

ਹਾਲਾਂਕਿ ਓਮਿਕਰੋਨ 'ਤੇ ਅਜੇ ਹੋਰ ਬਹੁਤ ਅਧਿਐਨ ਹੋਣੇ ਬਾਕੀ ਹਨ ਅਤੇ ਕੁਝ ਵਿੱਚ-ਵਿਚਾਲੇ ਹਨ, ਪਰ ਖੋਜ ਤੋਂ ਇਹ ਸੰਕੇਤ ਮਿਲਦੇ ਹਨ ਕਿ ਵਾਇਰਸ ਦਾ ਇਹ ਨਵਾਂ ਰੂਪ ਨਾ ਸਿਰਫ ਪਿਛਲੇ ਰੂਪਾਂ ਨਾਲੋਂ ਹਲਕਾ ਹੋ ਸਕਦਾ ਹੈ, ਬਲਕਿ ਇਸਦੀ ਲਾਗ ਦੀ ਵਧਣ ਦੀ ਮਿਆਦ (ਇਨਕਿਊਬੇਸ਼ਨ ਪੀਰੀਅਡ) ਵੀ ਘੱਟ ਹੈ।

ਇਨਕਿਊਬੇਸ਼ਨ ਪੀਰੀਅਡ, ਕਿਸੇ ਵਿਅਕਤੀ ਦੁਆਰਾ ਵਾਇਰਸ ਨੂੰ ਫੜਨ ਅਤੇ ਲੱਛਣਾਂ ਦੇ ਪ੍ਰਗਟ ਹੋਣ ਦੇ ਵਿਚਕਾਰ ਦਾ ਸਮਾਂ ਹੁੰਦਾ ਹੈ।

ਕੋਰੋਨਾਵਾਇਰਸ ਦੇ ਪਹਿਲੇ ਰੂਪਾਂ ਵਿੱਚ ਲੱਛਣ ਆਮ ਤੌਰ 'ਤੇ ਲਾਗ ਤੋਂ ਬਾਅਦ ਪੰਜ ਤੋਂ ਛੇ ਦਿਨਾਂ ਦੇ ਅੰਦਰ ਪ੍ਰਗਟ ਹੁੰਦੇ ਹਨ। ਮਿਸਾਲ ਵਜੋਂ ਡੈਲਟਾ ਵੇਰੀਐਂਟ ਵਿੱਚ ਇਸ ਲਈ ਚਾਰ ਦਿਨਾਂ ਦਾ ਅਨੁਮਾਨ ਲਗਾਇਆ ਗਿਆ ਸੀ।

ਦਸੰਬਰ ਵਿੱਚ ਪ੍ਰਕਾਸ਼ਿਤ ਹੋਏ, ਯੂਐੱਸ ਵਿੱਚ ਓਮਿਕਰੋਨ ਦੇ ਛੇ ਮਾਮਲਿਆਂ ਦੇ ਸ਼ੁਰੂਆਤੀ ਅਧਿਐਨ ਵਿੱਚ ਪਾਇਆ ਗਿਆ ਕਿ ਔਸਤ ਇਨਕਿਊਬੇਸ਼ਨ ਪੀਰੀਅਡ ਤਿੰਨ ਦਿਨ ਸੀ, ਜਦਕਿ ਦੂਜੇ ਰੂਪਾਂ ਵਿੱਚ ਇੱਹ ਪੰਜ ਦਿਨਾਂ ਦਾ ਸੀ।

ਓਮੀਕਰੋਨ ਬਾਰੇ ਸਾਡੇ ਮੌਜੂਦਾ ਗਿਆਨ ਦੇ ਆਧਾਰ 'ਤੇ, ਲਾਗ ਦੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਇਸਦੇ ਲੱਛਣ ਦਿਖਾਈ ਦਿੰਦੇ ਹਨ।

ਸਪੇਨ ਵਿੱਚ ਲਾ ਰਿਓਜਾ ਦੀ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਵਿਸੇਂਟ ਸੋਰਿਅਨੋ ਨੇ ਬੀਬੀਸੀ ਨੂੰ ਦੱਸਿਆ ਕਿ ਓਮੀਕਰੋਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਇੱਕ ਦਿਨ ਵਿੱਚ ਹੀ ਵਾਇਰਲ ਨਕਲਾਂ (ਰੈਪਲੀਕੇਸ਼ਨ) ਬਣਨੀਆਂ ਸ਼ੁਰੂ ਹੋ ਸਕਦੀਆਂ ਹਨ।

ਦੋ ਦਿਨਾਂ ਦੇ ਅੰਦਰ, ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ।

ਕਿਸੇ ਵਿਅਕਤੀ ਨੂੰ ਕੋਵਿਡ ਦੀ ਲਾਗ ਕਿੰਨੀ ਦੇਰ ਤੱਕ ਰਹਿ ਸਕਦੀ ਹੈ?

ਵਿਗਿਆਨੀ ਪਹਿਲਾਂ ਹੀ ਜਾਣਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਵਾਇਰਸ ਦੀ ਲਾਗ ਹੋਈ ਹੈ, ਉਹ ਆਪਣੀ ਲਾਗ ਦੇ ਦੌਰਾਨ ਸ਼ੁਰੂਆਤ ਵਿੱਚ ਵਧੇਰੇ ਛੂਤਕਾਰੀ ਹੁੰਦੇ ਹਨ।

ਓਮੀਕਰੋਨ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਵਾਇਰਸ, ਲੱਛਣਾਂ ਦੇ ਦਿਖਾਈ ਦੇਣ ਤੋਂ ਇੱਕ ਤੋਂ ਦੋ ਦਿਨ ਪਹਿਲਾਂ ਅਤੇ ਦੋ ਤੋਂ ਤਿੰਨ ਦਿਨ ਬਾਅਦ ਫੈਲਾਇਆ ਜਾ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਡਾ. ਸੋਰਿਅਨੋ ਕਹਿੰਦੇ ਹਨ: "ਸਾਡਾ ਮੰਨਣਾ ਹੈ ਕਿ ਵਾਇਰਸ ਸਿਰਫ ਪੰਜ ਦਿਨਾਂ ਲਈ ਛੂਤਕਾਰੀ ਹੈ। ਦੂਜੇ ਸ਼ਬਦਾਂ ਵਿੱਚ, ਦੂਜਿਆਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ, ਵਾਇਰਸ ਨੂੰ ਸੰਚਾਰਿਤ ਕਰਨ ਦੀ ਸਮਰੱਥਾ, ਟੈਸਟ ਦੇ ਸਕਾਰਾਤਮਕ ਹੋਣ ਤੋਂ ਬਾਅਦ ਤਿੰਨ ਤੋਂ ਪੰਜ ਦਿਨਾਂ ਤੱਕ ਰਹਿੰਦੀ ਹੈ।''

ਉਹ ਕਹਿੰਦੇ ਹਨ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਓਮੀਕਰੋਨ ਵੇਰੀਐਂਟ ਲਗਭਗ ਸੱਤ ਦਿਨਾਂ ਤੱਕ ਸਰੀਰ ਵਿੱਚ ਰਹਿੰਦਾ ਹੈ।

ਇਸਦਾ ਮਤਲਬ ਹੈ ਕਿ ਲੱਛਣਾਂ ਦੀ ਸ਼ੁਰੂਆਤ ਤੋਂ ਲਗਭਗ ਸੱਤ ਦਿਨਾਂ ਬਾਅਦ, ਜੇਕਰ ਉਨ੍ਹਾਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਤਾਂ ਜ਼ਿਆਦਾਤਰ ਲੋਕ ਛੂਤਕਾਰੀ ਨਹੀਂ ਹੋਣਗੇ।

ਡਾ. ਸੋਰਿਅਨੋ ਕਹਿੰਦੇ ਹਨ, "ਪਰ ਇਹ ਦਵਾਈ ਹੈ, ਗਣਿਤ ਨਹੀਂ, ਇਸ ਲਈ ਤੁਹਾਨੂੰ ਥੋੜੀ ਛੋਟ ਦੇਣੀ ਪਵੇਗੀ।"

"ਹੋ ਸਕਦਾ ਹੈ ਕਿ ਕੁਝ ਲੋਕਾਂ ਵਿੱਚ ਇਸਦੀ ਮਿਆਦ ਥੋੜ੍ਹੀ ਛੋਟੀ ਹੋਵੇ, ਲਗਭਗ ਤਿੰਨ ਜਾਂ ਚਾਰ ਦਿਨ ਅਤੇ ਬਾਕੀਆਂ ਦੀ ਲਗਭਗ ਸੱਤ ਦਿਨ। ਓਮੀਕਰੋਨ ਬਾਰੇ ਜੋ ਗੱਲ ਨਿਸ਼ਚਿਤ ਹੈ ਉਹ ਇਹ ਹੈ ਕਿ ਇਸਦੀ ਲਾਗ ਪਿਛਲੇ ਰੂਪਾਂ ਨਾਲੋਂ ਬਹੁਤ ਤੇਜ਼ ਹੁੰਦੀ ਹੈ।"

ਇਹ ਯਕੀਨੀ ਬਣਾਉਣ ਲਈ ਕਿ ਕੀ ਵਿਅਕਤੀ ਅਜੇ ਵੀ ਛੂਤਕਾਰੀ ਹੈ, ਸਭ ਤੋਂ ਵਧੀਆ ਤਰੀਕਾ ਇੱਕ ਐਂਟੀਜੇਨ ਟੈਸਟਿੰਗ ਕਰਵਾਉਣਾ (ਜਿਸ ਨੂੰ ਰੈਪਿਡ ਲੈਟਰਲ ਫਲੋ ਟੈਸਟਿੰਗ ਵੀ ਕਿਹਾ ਜਾਂਦਾ ਹੈ)।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਇਹ ਟੈਸਟ ਸਸਤੇ ਹਨ ਅਤੇ ਪਤਾ ਲਗਾ ਸਕਦੇ ਹਨ ਕਿ ਕੀ ਕੋਈ ਅਜੇ ਵੀ ਲਾਗ ਵਾਲਾ ਹੈ ਜਾਂ ਨਹੀਂ।"

ਤੁਸੀਂ ਕੋਵਿਡ ਦੀ ਲਾਗ ਵਾਲੇ ਵਿਅਕਤੀ ਨੂੰ ਕਦੋਂ ਤੱਕ ਮਿਲ ਸਕਦੇ ਹੋ?

ਯੂਐੱਸ ਦੇ ਸੈਂਟਰ ਫਾਰ ਡੀਜੀਜ਼ ਕੰਟ੍ਰੋਲ ਅਤੇ ਪ੍ਰੀਵੇਂਸ਼ਨ (ਸੀਡੀਸੀ) ਨੇ ਕੋਵਿਡ ਸਕਾਰਾਤਮਕ ਲੋਕਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਮੁਤਾਬਕ ਉਹ ਲੋਕ 5 ਦਿਨਾਂ ਤੱਕ ਵੱਖਰੇ ਰਹਿਣ ਹੋਣ ਤੋਂ ਬਾਅਦ ਹੋਰ ਲੋਕਾਂ ਨੂੰ ਮਿਲ ਸਕਦੇ ਹਨ, ਪਰ ਇਸਦੇ ਲਈ ਕੁਝ ਸਾਵਧਾਨੀਆਂ ਜ਼ਰੂਰੀ ਹਨ।

ਸੀਡੀਸੀ ਦੇ ਅਨੁਸਾਰ ਜੇ ਤੁਸੀਂ ਕੋਵਿਡ ਦੇ ਟੈਸਟ ਵਿੱਚ ਪੌਜ਼ਿਟੀਵ ਪਾਏ ਜਾਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:

  • ਜੇ ਤੁਹਾਨੂੰ ਕੋਵਿਡ ਹੋ ਗਿਆ ਸੀ ਅਤੇ ਇਸਦੇ ਲੱਛਣ ਵੀ ਸਨ ਤਾਂ 5 ਦਿਨਾਂ ਤੱਕ ਹੋਰਾਂ ਤੋਂ ਵੱਖ ਹੋ ਕੇ ਰਹੋ। ਇਨ੍ਹਾਂ 5 ਦਿਨਾਂ ਨੂੰ ਗਿਣਨ ਲਈ ਤੁਸੀਂ ਲੱਛਣ ਦਿਖਾਈ ਦੇਣ ਦੇ ਪਹਿਲੇ ਦਿਨ ਨੂੰ 0 ਦਿਨ ਮੰਨ ਸਕਦੇ ਹੋ।
  • ਜੇ ਤੁਹਾਨੂੰ ਹੁਣ ਕੋਈ ਲੱਛਣ ਨਹੀਂ ਹਨ ਜਾਂ 5 ਦਿਨਾਂ ਮਗਰੋਂ ਤੁਹਾਡੇ ਲੱਛਣਾਂ ਵਿੱਚ ਸੁਧਾਰ ਹੋ ਰਿਹਾ ਹੈ, ਤਾਂ ਤੁਸੀਂ ਆਈਸੋਲੇਸ਼ਨ ਤੋਂ ਬਾਹਰ ਆ ਸਕਦੇ ਹੋ ਅਤੇ ਆਪਣੇ ਘਰੋਂ ਬਾਹਰ ਵੀ ਜਾ ਸਕਦੇ ਹੋ।
  • ਹੋਰ 5 ਦਿਨਾਂ ਤੱਕ, ਜਦੋਂ ਤੁਸੀਂ ਦੂਜੇ ਲੋਕਾਂ ਨਾਲ ਮਿਲੋ ਤਾਂ ਮਾਸਕ ਜ਼ਰੂਰ ਪਾਕੇ ਰੱਖੋ।
  • ਲੱਛਣਾਂ ਦੇ ਪਹਿਲੇ ਦਿਨ ਤੋਂ ਬਾਅਦ ਪੂਰੇ 10 ਦਿਨਾਂ ਤੱਕ ਯਾਤਰਾ ਕਰਨ ਤੋਂ ਬਚੋ। ਜੇ ਤੁਹਾਨੂੰ 6 ਤੋਂ 10 ਦਿਨਾਂ 'ਤੇ ਯਾਤਰਾ ਕਰਨੀ ਵੀ ਪੈਂਦੀ ਹੈ, ਤਾਂ ਪੂਰੀ ਯਾਤਰਾ ਦੌਰਾਨ ਤੰਗ ਫਿਟਿੰਗ ਵਾਲਾ ਮਾਸਕ ਪਾ ਕੇ ਰੱਖੋ।
  • ਜੇ ਤੁਹਾਨੂੰ ਬੁਖਾਰ ਹੈ, ਤਾਂ ਬੁਖਾਰ ਜਾਣ ਤੱਕ ਘਰ ਵਿੱਚ ਇਕੱਲਿਆਂ ਅਲੱਗ ਰਹੋ।

ਜੇ ਮੈਨੂੰ ਲੱਛਣ ਨਹੀਂ ਹਨ ਤਾਂ ਮੇਰੇ ਤੋਂ ਕਿੰਨਾ ਸਮਾਂ ਲਾਗ ਦਾ ਖਤਰਾ ਹੈ?

ਲਾਗ ਵਾਲੇ ਬਹੁਤ ਸਾਰੇ ਲੋਕਾਂ ਨੂੰ ਲਾਗ ਦੇ ਦੌਰਾਨ ਕੋਈ ਲੱਛਣ ਨਹੀਂ ਹੁੰਦੇ।

ਡਾ. ਸੋਰਿਅਨੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਲਾਗ ਉਸੇ ਸਮੇਂ ਤੱਕ ਰਹਿਣ ਦੀ ਉਮੀਦ ਕਰਨੀ ਚਾਹੀਦੀ ਹੈ, ਜਿੰਨਾ ਬਾਕੀ ਲੋਕਾਂ ਵਿੱਚ ਰਹਿੰਦੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਏ ਸਿੰਪਟੇਮੈਟਿਕ ਲਾਗਾਂ ਬਾਰੇ ਅਜੇ ਬਹੁਤ ਕੁਝ ਨਹੀਂ ਪਤਾ ਹੈ। ਹਾਲਾਂਕਿ ਲਾਗ ਦੀ ਮਿਆਦ ਲੱਛਣਾਂ ਵਾਲੇ ਲੋਕਾਂ ਦੇ ਸਮਾਨ ਦਿਖਾਈ ਦਿੰਦੀ ਹੈ।''

"ਬਿਨਾਂ ਲੱਛਣਾਂ ਵਾਲੇ ਕੋਵਿਡ ਨਾਲ ਸੰਕਰਮਿਤ ਬੱਚਿਆਂ 'ਤੇ ਅਧਿਐਨ ਕੀਤੇ ਗਏ ਹਨ ਅਤੇ ਇਹ ਅਧਿਐਨ ਦਰਸਾਉਂਦੇ ਹਨ ਕਿ ਬਿਨਾਂ ਕਿਸੇ ਲੱਛਣ ਦੇ ਵੀ ਉਨ੍ਹਾਂ ਵਿੱਚ ਲਾਗ ਦਾ ਪ੍ਰਭਾਵ ਓਨਾ ਹੀ ਹੈ ਜਿੰਨਾ ਲੱਛਣ ਵਾਲੇ ਬਾਲਗਾਂ 'ਚ ਹੁੰਦਾ ਹੈ"

ਕੀ ਕੋਈ ਬਿਨਾਂ ਲੱਛਣਾਂ ਵਾਲਾ ਵਿਅਕਤੀ ਦੁਜਿਆਂ ਨੂੰ ਲਾਗ ਦੇ ਸਕਦਾ ਹੈ?

ਅਧਿਐਨ ਵਿੱਚ ਪਾਇਆ ਗਿਆ ਹੈ ਕਿ ਅਜਿਹੀ ਲਾਗ ਵਾਲੇ ਲੋਕ ਜਿਨ੍ਹਾਂ ਵਿੱਚ ਕੋਵਿਡ ਦੇ ਲੱਛਣ ਨਹੀਂ ਹੁੰਦੇ, ਉਹ ਵੀ ਦੂਜਿਆਂ ਨੂੰ ਲਾਗ ਦੇ ਸਕਦੇ ਹਨ।

ਸੰਭਾਵਨਾ ਹੈ ਕਿ ਉਹ ਵਧੇਰੇ ਲਾਗ ਫੈਲਾਉਣ ਕਿਉਂਕਿ ਉਹ ਆਇਸੋਲੇਸ਼ਨ ਵਿੱਚ ਨਹੀਂ ਜਾਂਦੇ ਅਤੇ ਲਾਗ ਦੇ ਫੈਲਣ ਪ੍ਰਤੀ ਵੀ ਜਿਆਦਾ ਸੁਚੇਤ ਨਹੀਂ ਰਹਿੰਦੇ।

ਜੇਏਐਮਏ ਨੈਟਵਰਕ ਓਪਨ (ਜਰਨਲ ਆਫ਼ ਦਿ ਅਮੈਰੀਕਨ ਮੈਡੀਕਲ ਐਸੋਸੀਏਸ਼ਨ) ਵਿੱਚ ਪ੍ਰਕਾਸ਼ਤ ਇਕ ਖੋਜ ਵਿੱਚ ਪਾਇਆ ਗਿਆ ਕਿ ਲਾਗ ਦੇ ਹਰੇਕ ਚਾਰ ਮਾਮਲਿਆਂ ਵਿੱਚੋਂ ਲਗਭਗ ਇੱਕ ਨੂੰ ਏਸਪਿੰਟੋਮੈਟਿਕ ਲਾਗ ਵਾਲੇ ਲੋਕਾਂ ਦੁਆਰਾ ਸੰਚਾਰਿਤ ਕੀਤਾ ਜਾ ਸਕਦਾ ਹੈ।

ਇਹ ਮੰਨਿਆ ਗਿਆ ਹੈ ਕਿ ਅਜਿਹਾ ਹੀ ਓਮੀਕਰੋਨ ਦੇ ਮਾਮਲੇ ਵਿੱਚ ਵੀ ਹੈ ਜੋ ਕਿ ਪਹਿਲੇ ਰੂਪਾਂ ਨਾਲੋਂ ਵਧੇਰੇ ਤੇਜੀ ਨਾਲ ਫੈਲਦਾ ਹੈ।

ਅਜਿਹੀ ਸਥਿਤੀ ਨੂੰ ਦੇਖਦਿਆਂ ਸੁਝਾਅ ਦਿੱਤੇ ਜਾ ਰਹੇ ਹਨ ਕਿ ਅਣਜਾਣੇ ਵਿੱਚ ਫੈਲਣ ਵਾਲੇ ਵਾਇਰਸ ਦੇ ਜੋਖਮ ਨੂੰ ਘਟਾਉਣ ਲਈ ਚਿਹਰੇ 'ਤੇ ਮਾਸਕਸ ਹਮੇਸ਼ਾ ਲਗਾ ਕੇ ਰੱਖੋ, ਖਾਸਕਰ ਬੰਦ ਥਾਵਾਂ 'ਤੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)