ਜਿਮ 'ਚ ਵੱਧ ਭਾਰ ਚੁੱਕਣਾ ਫਾਇਦੇਮੰਦ ਹੈ ਜਾਂ ਘੱਟ, ਨਵੀਂ ਰਿਸਰਚ ਨੇ ਇਹ ਸਿੱਟੇ ਕੱਢੇ

ਜਿਮ 'ਚ ਭਾਰ ਚੁੱਕਣ ਨੂੰ ਲੈ ਕੇ ਸਿਹਤ ਬਣਾਉਣ ਵਾਲੇ ਲੋਕ ਕਈ ਤਰ੍ਹਾਂ ਦੀ ਕਸ਼ਮਸ਼ 'ਚ ਫਸ ਜਾਂਦੇ ਹਨ।

ਉਨ੍ਹਾਂ ਨੂੰ ਕਈ ਵਾਰ ਸਮਝ ਹੀ ਨਹੀਂ ਆਉਂਦਾ ਕਿ ਕੀ ਸਹੀ ਹੈ ਜਾਂ ਕੀ ਗ਼ਲਤ। ਭਾਰ ਕਿੰਨਾ ਅਤੇ ਕਿਵੇਂ ਚੁੱਕਣਾ ਚਾਹੀਦਾ ਹੈ।

'ਸਟ੍ਰੈਂਥ ਟ੍ਰੈਨਿੰਗ' ਦੇ ਬਹੁਤ ਸਾਰੇ ਫਾਇਦੇ ਹਨ। ਹੋਰ ਲਾਭਾਂ ਤੋਂ ਇਲਾਵਾ ਸੰਤੁਲਨ ਬਣਾਈ ਰੱਖਣ ਲਈ ਇਹ ਇੱਕ ਵਧੀਆ ਸਾਧਨ ਹੈ।

ਇਹ ਜੋੜਾਂ ਦੀਆਂ ਦਰਦਾਂ 'ਚ ਮਦਦ ਕਰ ਸਕਦਾ ਹੈ। ਉਮਰ ਵੱਧਣ ਦੇ ਨਾਲ ਮਾਸਪੇਸ਼ੀਆਂ 'ਚ ਆਏ ਢਿੱਲੇਪਣ ਨੂੰ ਵੀ ਘਟਾ ਸਕਦਾ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾਉਣ 'ਚ ਵੀ ਮਦਦਗਾਰ ਹੋ ਸਕਦਾ ਹੈ।

ਫਿਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਿਖਲਾਈ ਦੌਰਾਨ ਕਿੰਨਾਂ ਭਾਰ ਚੁੱਕਿਆ ਜਾਵੇ। ਇਸ ਬਾਰੇ ਬਹੁਤ ਸਾਰੀਆਂ ਵਿਰੋਧੀ ਸਲਾਹਾਂ ਅਤੇ ਮਸ਼ਵਰੇ ਮੌਜੂਦ ਹਨ।

ਪਾਵਰ ਲਿਫਟਰ ਕਈ ਵਾਰ ਕਹਿੰਦੇ ਹਨ ਕਿ 'ਭਾਰੀ ਚੁੱਕੋ ਨਹੀਂ ਤਾਂ ਘਰ ਜਾਓ'। ਜਦਕਿ ਇੱਕ ਹੋਰ ਸਲਾਹ ਅਨੁਸਾਰ ਘੱਟ ਜਾਂ ਹਲਕਾ ਭਾਰ ਚੁੱਕਣ ਨਾਲ ਮਾਸਪੇਸ਼ੀਆਂ 'ਚ ਕਸਾਵਟ ਆਉਂਦੀ ਹੈ ਅਤੇ ਉਨ੍ਹਾਂ ਨੂੰ ਆਕਾਰ ਮਿਲਦਾ ਹੈ।

ਪਰ ਹੁਣ ਸਵਾਲ ਇਹ ਹੈ ਕਿ ਸਾਨੂੰ ਵਧੇਰੇ ਵਜ਼ਨ ਚੁੱਕਣਾ ਚਾਹੀਦਾ ਹੈ ਜਾਂ ਫਿਰ ਘੱਟ ?

ਜਾਣੋ WHO ਮੁਤਾਬਕ ਹਫ਼ਤੇ ਵਿੱਚ ਕਿੰਨੀ ਦੇਰ ਕਸਰਤ ਕਰਨੀ ਚਾਹੀਦੀ ਹੈ

ਕੈਨੇਡਾ 'ਚ ਕੀਤੀ ਗਈ ਖੋਜ ਦੀ ਸਲਾਹ-ਘੱਟ ਭਾਰ ਚੁੱਕੋ

ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ 'ਚ ਪ੍ਰੋਫੈਸਰ ਸਟੂਅਰਟ ਫਿਲਿਪਸ ਦੇ ਖੋਜ ਸਮੂਹ ਦੇ ਸਾਲ 2016 ਦੇ ਇੱਕ ਅਧਿਐਨ ਅਨੁਸਾਰ, ਹਲਕਾ ਭਾਰ ਚੁੱਕ ਕੇ ਤੁਸੀਂ ਉਨ੍ਹਾਂ ਹੀ ਲਾਭ ਹਾਸਲ ਕਰ ਸਕਦੇ ਹੋ ਜਿੰਨ੍ਹਾਂ ਕਿ ਤੁਸੀਂ ਭਾਰੀ ਵਜ਼ਨ ਚੁੱਕ ਕੇ ਹਾਸਲ ਕਰਨਾ ਚਾਹੁੰਦੇ ਹੋ।

ਪਹਿਲਾਂ ਤਾਂ ਇਹ ਸਲਾਹ ਥੋੜ੍ਹੀ ਸਮਝ ਤੋਂ ਪਰਾਂ ਲੱਗਦੀ ਹੈ, ਪਰ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਉਹ ਇਸ ਸਿੱਟੇ 'ਤੇ ਕਿਵੇਂ ਪਹੁੰਚੇ ?

ਖੋਜ ਦੌਰਾਨ 49 'ਵੇਟ ਟ੍ਰੇਨਰਾਂ ਦੇ ਦੋ ਸਮੂਹ ਬਣਾਏ ਗਏ ਅਤੇ 12 ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ।

ਇਹ ਵੀ ਪੜ੍ਹੋ-

ਕਸਰਤ ਵੇਲੇ ਖਾਣਾ ਕਿਵੇਂ ਖਾਣਾ ਚਾਹੀਦਾ ਹੈ, ਇਸ ਵੀਡੀਓ ਰਾਹੀਂ ਜਾਣੋ

ਉਨ੍ਹਾਂ ਨੇ ਹਰੇਕ ਭਾਗੀਦਾਰੀ ਲਈ 'ਵਨ ਰੈਪੀਟੀਸ਼ਨ ਮੈਕਸੀਮਮ' ਜਾਂ 1 ਆਰਐੱਮ/1 RM ਸੈੱਟ ਕੀਤਾ, ਜੋ ਕਿ ਇੱਕ ਵਿਅਕਤੀ ਵੱਲੋਂ ਚੁੱਕੇ ਜਾਣ ਵਾਲੇ ਭਾਰੀ ਵਜ਼ਨ ਦੀ ਮਾਤਰਾ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਦੋ ਸਮੂਹਾਂ 'ਚ ਵੰਡ ਦਿੱਤਾ। ਪਹਿਲਾ ਸਮੂਹ ਉਹ ਸੀ ਜੋ ਕਿ ਆਪਣੇ ਆਰਐੱਮ ਦਾ 30-50% ਭਾਰ ਹੀ ਚੁੱਕਦਾ ਸੀ ਅਤੇ ਦੂਜੇ ਸਮੂਹ ਨੇ ਆਪਣੇ ਆਰਐੱਮ ਦਾ 75-90% ਭਾਰ ਚੁੱਕਿਆ।

ਮੁੱਖ ਗੱਲ ਇਹ ਸੀ ਕਿ ਹਰੇਕ ਸਮੂਹ ਨੇ ਆਪੋ ਆਪਣੇ ਵਜ਼ਨ ਨੂੰ ਪੂਰੀ ਹੱਦ ਤੱਕ ਚੁੱਕਿਆ।

ਦੂਜੇ ਸ਼ਬਦਾਂ 'ਚ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਉਦੋਂ ਤੱਕ ਭਾਰ ਚੁੱਕਿਆ ਜਦੋਂ ਤੱਕ ਉਨ੍ਹਾਂ 'ਚ ਵਧੇਰੇ ਭਾਰ ਚੁੱਕਣ ਦੀ ਤਾਕਤ ਨਾ ਬਚੀ।

ਅਸਫ਼ਲਤਾ ਦਾ ਸਾਹਮਣਾ ਤਾਂ ਕਿਸੇ ਨੂੰ ਵੀ ਕਰਨਾ ਪੈ ਸਕਦਾ ਹੈ। ਭਾਵੇਂ ਉਹ ਕਿੰਨੇ ਹੀ ਮਜ਼ਬੂਤ ਕਿਉਂ ਨਾ ਹੋਣ।

ਘੱਟ ਭਾਰ ਚੁੱਕਣ ਵਾਲੇ ਸਮੂਹ ਨੇ ਭਾਰੀ ਵਜ਼ਨ ਚੁੱਕਣ ਵਾਲੇ ਸਮੂਹ ਦੀ ਤੁਲਨਾ 'ਚ 20 ਤੋਂ 25 ਗੁਣਾ ਵੱਧ ਭਾਰ ਚੁੱਕਿਆ।

ਜਦਕਿ ਭਾਰੀ ਭਾਰ ਚੁੱਕਣ ਵਾਲਾ ਸਮੂਹ ਇਹ ਕੰਮ ਸਿਰਫ਼ 8 ਤੋਂ 12 ਵਾਰ ਹੀ ਕਰ ਸਕਿਆ।

ਮਾਸਪੇਸ਼ੀਆਂ ਕਿਉਂ ਥੱਕ ਜਾਂਦੀਆਂ ਹਨ?

ਮਾਸਪੇਸ਼ੀਆਂ ਦੀਆਂ ਅਸਫ਼ਲਤਾ ਦੇ ਪਿੱਛੇ 'ਮੋਟਰ ਯੂਨਿਟ' ਅਹਿਮ ਭੂਮਿਕਾ ਨਿਭਾਉਂਦੇ ਹਨ।

ਮੋਟਰ ਯੂਨਿਟ ਨਾੜੀਆਂ ਵੱਲੋਂ ਨਿਯੰਤਰਿਤ ਮਾਸਪੇਸ਼ੀ ਫਾਈਬਰਾਂ ਦੇ ਗੁੱਛੇ ਹੁੰਦੇ ਹਨ।

ਛੋਟੇ ਬੱਚਿਆਂ ਨੂੰ ਕਸਰਤ ਲਈ ਪ੍ਰੇਰਿਤ ਕਰਨ ਵਾਲਾ ਜਿਮ

ਜਦੋਂ ਤੁਸੀਂ ਵਜ਼ਨ ਚੁੱਕਦੇ ਹੋ ਤਾਂ ਮਾਸਪੇਸ਼ੀਆਂ ਨੂੰ ਸੁੰਗੜਨ ਲਈ ਮੋਟਰ ਯੂਨਿਟਾਂ ਦੀ ਜ਼ਰੂਰਤ ਹੋਵੇਗੀ।

ਹਰ ਵਾਰ ਜਦੋਂ ਤੁਸੀਂ ਭਾਰ ਚੁੱਕਦੇ ਹੋ ਤਾਂ ਕੁਝ ਮਾਸਪੇਸ਼ੀਆਂ ਥੱਕ ਜਾਂਦੀਆਂ ਹਨ ਜਿਸ ਕਰਕੇ ਅਗਲੀ ਵਾਰ ਭਾਰ ਚੁੱਕਣ ਲਈ ਵਧੇਰੇ ਮੋਟਰ ਯੂਨਿਟਾਂ ਦੀ ਲੋੜ ਪਵੇਗੀ।

ਜਲਦੀ ਹੀ ਤੁਹਾਡੇ ਕੋਲ ਮੌਜੂਦ ਸਾਰੇ ਮੋਟਰ ਯੂਨਿਟ ਥੱਕ ਜਾਣਗੇ ਅਤੇ ਇਹੀ ਕਾਰਨ ਹੈ ਕਿ ਤੁਹਾਡੀਆਂ ਮਾਸਪੇਸ਼ੀਆਂ ਭਾਰ ਚੁੱਕਣ ਦੇ ਯੋਗ ਨਹੀਂ ਹੋਣਗੀਆਂ।

ਮੈਕਮਾਸਟਰ ਦੇ ਅਧਿਐਨ ਜੋ ਗੱਲ ਸਾਹਮਣੇ ਆਈ ਹੈ, ਉਹ ਇਹ ਸੀ ਕਿ ਵੱਖ-ਵੱਖ ਭਾਰ ਚੁੱਕਣ ਦੇ ਬਾਵਜੂਦ ਦੋਵੇਂ ਸਮੂਹਾਂ 'ਚ ਤਾਕਤ ਅਤੇ ਮਾਸਪੇਸ਼ੀਆਂ 'ਚ ਵਾਧਾ ਬਰਾਬਰ ਸੀ।

ਦੂਜੇ ਸ਼ਬਦਾਂ 'ਚ ਕਿਹਾ ਜਾ ਸਕਦਾ ਹੈ ਕਿ ਘੱਟ ਭਾਰ ਵਧੇਰੇ ਵਾਰ ਚੁੱਕਣ ਅਤੇ ਭਾਰੀ ਵਜ਼ਨ ਘੱਟ ਵਾਰ ਚੁੱਕਣ ਨਾਲ ਕੋਈ ਫਰਕ ਨਹੀਂ ਪੈਂਦਾ।

ਤਾਜ਼ਾ ਖੋਜ ਦੇ ਨਤੀਜੇ ਇਸ ਸਮੂਹ ਵੱਲੋਂ ਕੀਤੇ ਗਏ ਪੁਰਾਣੇ ਅਧਿਐਨ ਨਾਲ ਮੇਲ ਖਾਂਦੇ ਸਨ।

ਹੁਣ ਸਵਾਲ ਇਹ ਹੈ ਕਿ ਸਾਡੇ ਵਰਗੇ ਹੋਰਨਾਂ ਲੋਕਾਂ ਲਈ ਇਸ ਦਾ ਕੀ ਮਤਲਬ ਹੈ?

ਇਸ ਦਾ ਮਤਲਬ ਇਹ ਹੈ ਕਿ ਤੁਸੀਂ ਭਾਰੀ ਵਜ਼ਨ ਜਾਂ ਘੱਟ ਭਾਰ ਚੁੱਕ ਕੇ ਵੀ ਇੱਕ ਤਰ੍ਹਾਂ ਦੇ ਹੀ ਨਤੀਜੇ ਹਾਸਲ ਕਰ ਸਕਦੇ ਹੋ।

ਸਿਰਫ ਸ਼ਰਤ ਇਹ ਹੈ ਕਿ ਤੁਸੀਂ ਆਪਣੀਆਂ ਮਾਸਪੇਸ਼ੀਆਂ ਤੋਂ ਆਮ ਨਾਲੋਂ ਵੱਧ ਕੰਮ ਲਵੋ।

ਤੁਹਾਨੂੰ ਨਤੀਜੇ ਤੱਕ ਪਹੁੰਚਣ ਲਈ ਹਮੇਸ਼ਾ ਉਦੋਂ ਤੱਕ ਭਾਰ ਚੁੱਕਣ ਦੀ ਲੋੜ ਨਹੀਂ ਹੈ, ਜਦੋਂ ਤੱਕ ਤੁਸੀਂ ਥੱਕ ਨਹੀਂ ਜਾਂਦੇ ਹੋ। ਇਸ ਸਮੇਂ ਜ਼ਰੂਰਤ ਹੈ ਕਿ ਤੁਹਾਡੀਆਂ ਮਾਸਪੇਸ਼ੀਆਂ ਆਮ ਨਾਲੋਂ ਵਧੇਰੇ ਕੰਮ ਕਰਨ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਕੰਫਰਟ ਜ਼ੋਨ ਤੋਂ ਬਾਹਰ ਆਓ

ਸੇਂਟ ਮੈਰੀ ਯੂਨੀਵਰਸਿਟੀ, ਟਵਿਕਨਹੈਮ ਦੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਰਿਚਰਡ ਬਲਾਗ੍ਰੋਵ ਸਲਾਹ ਦਿੰਦੇ ਹਨ ਕਿ ਇੱਕ ਤੋਂ ਦਸ ਦੇ ਪੈਮਾਨੇ 'ਤੇ, ਜਿੱਥੇ 10 ਵਾਰ ਭਾਰ ਚੁੱਕਣ ਨਾਲ ਮਾਸਪੇਸ਼ੀਆਂ ਥੱਕ ਜਾਂਦੀਆਂ ਹਨ, ਤਾਂ 7-8 ਵਾਰ ਇਸ ਨੂੰ ਦੁਹਰਾਉਣਾ ਠੀਕ ਰਹੇਗਾ।

ਜੇਕਰ ਤੁਹਾਡੀਆਂ ਮਾਸਪੇਸ਼ੀਆਂ ਹਫ਼ਤੇ 'ਚ ਇੱਕ ਵਾਰ ਉਸ 'ਓਵਰਲੋਡ' ਨੂੰ ਮਹਿਸੂਸ ਕਰ ਰਹੀਆਂ ਹਨ ਤਾਂ ਤੁਹਾਡਾ ਸਰੀਰ ਇਸ ਨੂੰ ਸਵੀਕਾਰ ਕਰੇਗਾ ਅਤੇ ਮਜਬੂਤ ਹੋ ਜਾਵੇਗਾ।

ਦੇਸੀ ਤਰੀਕਿਆਂ ਨਾਲ ਕਸਰਤ ਕਰਨ ਵਾਲੇ ਨੌਜਵਾਨ ਨੂੰ ਮਿਲੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਸਪੇਸ਼ੀਆਂ ਵਧੇਰੇ ਮਜ਼ਬੂਤ ਹੁੰਦੀਆਂ ਰਹਿਣ ਤਾਂ ਇਸ ਦੇ ਲਈ ਤੁਹਾਨੂੰ ਇਸ ਗੱਲ ਦਾ ਮੁਲਾਂਕਣ ਕਰਨਾ ਪਵੇਗਾ ਕਿ ਤੁਹਾਨੂੰ ਕਿੰਨਾ ਭਾਰ ਚੁੱਕਣਾ ਪਵੇਗਾ ਅਤੇ ਕਿੰਨੀ ਵਾਰ ਇਸ ਨੂੰ ਦੁਹਰਾਉਣਾ ਪਵੇਗਾ, ਤਾਂ ਜੋ ਤੁਹਾਡੀਆਂ ਮਾਸਪੇਸ਼ੀਆਂ ਨੂੰ ਉਸ ਕੰਫਰਟ ਜ਼ੋਨ ਤੋਂ ਬਾਹਰ ਕੱਢਿਆ ਜਾ ਸਕੇ, ਜਿਸ ਦੀ ਉਹ ਕੁਝ ਦਿਨਾਂ 'ਚ ਆਦੀ ਹੋ ਜਾਂਦੀਆਂ ਹਨ।

ਜੇਕਰ ਤੁਹਾਨੂੰ 'ਵੇਟ ਟਰੇਨਿੰਗ' ਆਸਾਨ ਲੱਗ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਵੇਟ ਲਿਫਟਿੰਗ ਨਾਲ ਤੁਹਾਡੇ ਸਰੀਰ ਨੂੰ ਵਧੇਰੇ ਫਾਇਦਾ ਨਹੀਂ ਹੋ ਰਿਹਾ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਡੇ ਕੋਲ ਇੱਕ ਸੁਰੱਖਿਅਤ 'ਵੇਟ ਪ੍ਰੋਗਰਾਮ' ਹੋਣਾ ਚਾਹੀਦਾ ਹੈ, ਇਸ ਲਈ ਇਸ ਨੂੰ ਸ਼ੂਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਟ੍ਰੇਨ ਵਿਅਕਤੀ ਦੀ ਲੋੜ ਹੈ।

ਪਰ ਜਦੋਂ ਤੱਕ ਤੁਸੀਂ ਪਾਵਰ ਲਿਫਟਰ ਜਾਂ ਬਾਡੀ ਬਿਲਡਰ ਨਹੀਂ ਬਣਨਾ ਚਾਹੁੰਦੇ ਹੋ, ਉਦੋਂ ਤੱਕ ਕਿੰਨਾ ਭਾਰ ਚੁੱਕਣਾ ਹੈ ਅਤੇ ਕਿੰਨ੍ਹੀ ਵਾਰ ਦੁਹਰਾਉਣਾ ਹੈ ਇਸ 'ਚ ਬਿਲਕੁਲ ਨਾ ਫਸੋ।

ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਤਾਕਤਵਰ ਬਣਾਉਣ ਲਈ ਨਿਯਮਿਤ ਤੌਰ 'ਤੇ ਜਿਮ ਜਾਣਾ ਅਤੇ ਆਪਣੇ ਆਪ ਨੂੰ ਕੰਫਰਟ ਜ਼ੋਨ ਤੋਂ ਬਾਹਰ ਲੈ ਕੇ ਜਾਣਾ ਹੀ ਸਭ ਤੋਂ ਵੱਧ ਖ਼ਾਸ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)