ਡੇਸਮੰਡ ਟੂਟੂ: ਪਾਦਰੀ ਜਿਸ ਨੇ ਕਿਹਾ ਸੀ, 'ਅਸੀਂ ਸਰਕਾਰ ਦੇ ਬੂਟ ਪੂੰਝਣ ਦੇ ਪਾਏਦਾਨ ਨਹੀਂ ਬਣ ਸਕਦੇ'

ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਨੂੰ ਖ਼ਤਮ ਕਰਨ ਵਿੱਚ ਮਦਦ ਕਰਨ ਵਾਲੇ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਆਰਚਬਿਸ਼ਪ ਪ੍ਰਧਾਨ ਪਾਦਰੀ ਡੇਸਮੰਡ ਟੂਟੂ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕਿਹਾ ਕਿ ਚਰਚ ਮੈਨ ਦੀ ਮੌਤ ਨੇ "ਸਾਡੇ ਦੇਸ਼ ਦੀ ਸ਼ਾਨਦਾਰ ਦੱਖਣੀ ਅਫ਼ਰੀਕੀ ਪੀੜ੍ਹੀ ਦੀ ਵਿਦਾਈ ਵਿੱਚ ਸੋਗ ਦਾ ਇੱਕ ਹੋਰ ਅਧਿਆਏ" ਜੋੜ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਆਰਚਬਿਸ਼ਪ ਟੂਟੂ ਨੇ "ਆਜ਼ਾਦ ਦੱਖਣੀ ਅਫਰੀਕਾ" ਬਣਾਉਣ ਵਿੱਚ ਮਦਦ ਕੀਤੀ ਸੀ।

ਟੂਟੂ ਦੇਸ਼-ਵਿਦੇਸ਼ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸਨ।

ਨਸਲੀ ਵਿਤਕਰੇ ਦੇ ਵਿਰੋਧ ਦਾ ਪ੍ਰਤੀਕ ਮੰਨੇ ਜਾਣ ਵਾਲੇ ਨੈਲਸਨ ਮੰਡੇਲਾ ਦੇ ਸਮਕਾਲੀ ਰਹੇ ਟੂਟੂ 1948 ਤੋਂ 1991 ਤੱਕ ਦੱਖਣੀ ਅਫ਼ਰੀਕਾ ਵਿੱਚ ਸਿਆਹਫਾਮ ਬਹੁਗਿਣਤੀ ਦੇ ਵਿਰੁੱਧ ਗੋਰੀ ਘੱਟ ਗਿਣਤੀ ਸਰਕਾਰ ਦੁਆਰਾ ਲਾਗੂ ਨਸਲੀ ਵਿਤਕਰੇ ਦੀ ਨੀਤੀ ਨੂੰ ਖਤਮ ਕਰਨ ਲਈ ਚੱਲਣ ਵਾਲੇ ਅੰਦੋਲਨ ਦਾ ਇੱਕ ਮੁੱਖ ਚਿਹਰਾ ਸਨ।

ਰੰਗਭੇਦ ਨੂੰ ਖ਼ਤਮ ਕਰਨ ਦੇ ਸੰਘਰਸ਼ ਵਿੱਚ ਭੂਮਿਕਾ ਲਈ ਉਨ੍ਹਾਂ ਨੂੰ ਸਾਲ 1984 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਖੁਸ਼ ਮਿਜਾਜ਼ ਸੁਭਾਅ ਦੇ ਮਾਲਕ

ਖੁਸ਼ ਮਿਜਾਜ਼ ਡੇਸਮੰਡ ਟੂਟੂ ਦੱਖਣੀ ਅਫ਼ਰੀਕਾ ਦੇ ਮੁੱਖ ਪਾਦਰੀ ਸਨ। ਉਨ੍ਹਾਂ ਦੀ ਅਦੁੱਤੀ ਸ਼ਖ਼ਸੀਅਤ ਨੇ ਉਨ੍ਹਾਂ ਦੇ ਦੁਨੀਆ ਭਰ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।

ਇੱਕ ਹਾਈ-ਪ੍ਰੋਫਾਈਲ ਸਿਆਹਫਾਮ ਪਾਦਰੀ ਦੇ ਰੂਪ ਵਿੱਚ ਉਹ ਗੋਰਿਆਂ ਦੇ ਘੱਟਗਿਣਤੀ ਸ਼ਾਸਨ ਖਿਲਾਫ਼ ਸੰਘਰਸ਼ ਵਿੱਚ ਸ਼ਾਮਲ ਸਨ। ਇਸ ਦੇ ਨਾਲ ਹੀ ਉਹ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੇ ਸਨ ਕਿ ਉਨ੍ਹਾਂ ਦੇ ਇਰਾਦੇ ਧਾਰਮਿਕ ਹਨ, ਸਿਆਸੀ ਨਹੀਂ।

ਉਨ੍ਹਾਂ ਨੂੰ ਨੈਲਸਨ ਮੰਡੇਲਾ ਵੱਲੋਂ ਨਸਲੀ ਵਿਤਕਰੇ ਦੇ ਦੌਰ ਦੌਰਾਨ ਸਾਊਥ ਅਫ਼ਰੀਕਾਜ਼ ਟਰੁੱਥ ਐਂਡ ਰੀਕੰਸੀਲੇਸ਼ਨ ਕਮਿਸ਼ਨ (ਦੱਖਣੀ ਅਫ਼ਰੀਕਾ ਦੇ ਸੱਚ ਅਤੇ ਸੁਲ੍ਹਾ ਕਮਿਸ਼ਨ) ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ। ਇਹ ਕਮਿਸ਼ਨ ਦੋਵਾਂ ਧਿਰਾਂ ਵੱਲੋਂ ਕੀਤੇ ਗਏ ਅਪਰਾਧਾਂ ਦੀ ਜਾਂਚ ਕਰਨ ਲਈ ਕਾਇਮ ਕੀਤਾ ਗਿਆ ਸੀ।

ਉਨ੍ਹਾਂ ਨੂੰ 'ਰੇਨਬੋ ਨੇਸ਼ਨ' ਸ਼ਬਦ ਘੜਨ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। ਇਹ ਸ਼ਬਦ ਨਸਲੀ ਵਿਤਕਰੇ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਨਸਲੀ ਮਿਸ਼ਰਣ ਦਾ ਵਰਣਨ ਕਰਦਾ ਸੀ।

ਡੇਸਮੰਡ ਮਪਿਲੋ ਟੂਟੂ ਦਾ ਜਨਮ 1931 ਵਿੱਚ ਇੱਕ ਛੋਟੇ ਜਿਹੇ ਸੋਨੇ ਦੀ ਖਾਣ ਵਾਲੇ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਉਦੋਂ ਟ੍ਰਾਂਸਵਾਲ ਕਿਹਾ ਜਾਂਦਾ ਸੀ।

ਉਹ ਸਭ ਤੋਂ ਪਹਿਲਾਂ ਇੱਕ ਅਧਿਆਪਕ ਵਜੋਂ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲੇ। 1953 ਵਿੱਚ ਬੰਟੂ ਐਜੂਕੇਸ਼ਨ ਐਕਟ ਪਾਸ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਕਰੀਅਰ ਨੂੰ ਛੱਡ ਦਿੱਤਾ। ਇਸ ਐਕਟ ਨੇ ਸਕੂਲਾਂ ਵਿੱਚ ਨਸਲੀ ਵੰਡ ਦੀ ਸ਼ੁਰੂਆਤ ਕੀਤੀ ਸੀ।

ਫਿਰ ਉਹ ਚਰਚ ਨਾਲ ਜੁੜ ਗਏ। ਉਹ ਦੇਸ਼ ਦੇ ਬਹੁਤ ਸਾਰੇ ਗੋਰੇ ਪਾਦਰੀਆਂ, ਖਾਸ ਕਰਕੇ ਰੰਗਭੇਦ ਦੇ ਵੱਡੇ ਵਿਰੋਧੀ ਬਿਸ਼ਪ ਟ੍ਰੇਵਰ ਹਡਲਸਟਨ ਤੋਂ ਬਹੁਤ ਪ੍ਰਭਾਵਿਤ ਹੋਏ।

ਜੋਹਾਨਸਬਰਗ ਦੇ ਬਿਸ਼ਪ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਨੇ ਕਈ ਜ਼ਿੰਮੇਵਾਰੀਆਂ ਨਿਭਾਈਆਂ।

ਇਸ ਤੋਂ ਪਹਿਲਾਂ ਉਨ੍ਹਾਂ ਨੇ 1976-78 ਤੱਕ ਲੈਸੋਥੋ ਦੇ ਬਿਸ਼ਪ, ਜੋਹਾਨਸਬਰਗ ਦੇ ਸਹਾਇਕ ਬਿਸ਼ਪ ਅਤੇ ਸੋਵੇਟੋ ਵਿੱਚ ਪੈਰਿਸ਼ ਦੇ ਰੈਕਟਰ ਵਜੋਂ ਸੇਵਾ ਕੀਤੀ।

ਉਹ ਜਦੋਂ ਡੀਨ ਸਨ ਤਾਂ ਉਨ੍ਹਾਂ ਨੇ ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ ਅਨਿਆਂ ਵਿਰੁੱਧ ਆਪਣੀ ਆਵਾਜ਼ ਉਠਾਈ। ਫਿਰ 1977 ਤੋਂ ਬਾਅਦ ਦੱਖਣੀ ਅਫ਼ਰੀਕੀ ਕੌਂਸਲ ਆਫ਼ ਚਰਚਾਂ ਦੇ ਜਨਰਲ ਸਕੱਤਰ ਵਜੋਂ ਉਨ੍ਹਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ।

ਸਿਆਹਫਾਮਾਂ ਦੀ ਬਹੁਤਾਤ ਵਾਲੇ ਸ਼ਹਿਰਾਂ ਵਿੱਚ 1976 ਦੀ ਬਗਾਵਤ ਤੋਂ ਪਹਿਲਾਂ ਹੀ ਉਹ ਹਾਈ-ਪ੍ਰੋਫਾਈਲ ਸ਼ਖ਼ਸੀਅਤ ਵਜੋਂ ਜਾਣੇ ਗਏ। ਸੋਵੇਟੋ ਹਿੰਸਾ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਉਹ ਸਭ ਤੋਂ ਪਹਿਲਾਂ ਗੋਰੇ ਦੱਖਣੀ ਅਫ਼ਰੀਕੀ ਲੋਕਾਂ ਵਿੱਚ ਸੁਧਾਰਵਾਦੀ ਪ੍ਰਚਾਰਕ ਵਜੋਂ ਜਾਣੇ ਗਏ।

ਇਹ ਵੀ ਪੜ੍ਹੋ-

ਸ਼ੱਕੀ ਪੁਲਿਸ ਮੁਖ਼ਬਰ ਨੂੰ ਬਚਾਉਣਾ

ਉਨ੍ਹਾਂ ਦੇ ਕਾਰਜਾਂ ਸਦਕਾ ਉਨ੍ਹਾਂ ਨੂੰ 1984 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਇਸ ਨੂੰ ਦੱਖਣੀ ਅਫ਼ਰੀਕਾ ਦੇ ਗੋਰੇ ਸ਼ਾਸਕਾਂ ਦੇ ਵੱਡੇ ਅਪਮਾਨ ਵਜੋਂ ਦੇਖਿਆ ਗਿਆ ਸੀ।

ਫਿਰ ਕੇਪ ਟਾਊਨ ਦੇ ਮੁੱਖ ਪਾਦਰੀ ਵਜੋਂ ਡੇਸਮੰਡ ਟੂਟੂ ਨੇ ਸੇਵਾ ਸੰਭਾਲੀ। ਇਸ ਪ੍ਰੋਗਰਾਮ ਵਿੱਚ ਕੈਂਟਰਬਰੀ ਦੇ ਤਤਕਾਲੀ ਮੁੱਖ ਪਾਦਰੀ ਡਾ. ਰਾਬਰਟ ਰੰਸੀ ਅਤੇ ਮਾਰਟਿਨ ਲੂਥਰ ਕਿੰਗ ਦੀ ਪਤਨੀ ਨੇ ਸ਼ਿਰਕਤ ਕੀਤੀ ਸੀ।

ਦੱਖਣੀ ਅਫ਼ਰੀਕਾ ਵਿੱਚ ਐਂਗਲੀਕਨ ਚਰਚ ਦੇ ਮੁਖੀ ਹੋਣ ਦੇ ਨਾਤੇ, ਉਨ੍ਹਾਂ ਨੇ ਨਸਲੀ ਵਿਤਕਰੇ ਵਿਰੁੱਧ ਸਰਗਰਮੀ ਨਾਲ ਮੁਹਿੰਮ ਜਾਰੀ ਰੱਖੀ।

ਮਾਰਚ 1988 ਵਿੱਚ ਉਨ੍ਹਾਂ ਨੇ ਐਲਾਨ ਕੀਤਾ, "ਅਸੀਂ ਸਰਕਾਰ ਲਈ ਆਪਣੇ ਬੂਟ ਪੂੰਝਣ ਲਈ ਪਾਏਦਾਨ ਵਜੋਂ ਪੇਸ਼ ਆਉਣ ਤੋਂ ਇਨਕਾਰ ਕਰਦੇ ਹਾਂ।"

ਛੇ ਮਹੀਨਿਆਂ ਬਾਅਦ ਉਨ੍ਹਾਂ ਨੇ ਮਿਉਂਸਪਲ ਚੋਣਾਂ ਦੇ ਬਾਈਕਾਟ ਦਾ ਸੱਦਾ ਦੇ ਕੇ ਜੇਲ੍ਹ ਜਾਣ ਦਾ ਜੋਖ਼ਮ ਚੁੱਕਿਆ।

ਅਗਸਤ 1989 ਵਿੱਚ ਪੁਲਿਸ ਨੇ ਕੇਪ ਟਾਊਨ ਨੇੜੇ ਇੱਕ ਸ਼ਹਿਰ ਵਿੱਚ ਚਰਚ ਤੋਂ ਜਾਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਸੀ। ਇਸ ਦੌਰਾਨ ਉਹ ਅੱਥਰੂ ਗੈਸ ਦੇ ਘੇਰੇ ਵਿੱਚ ਫਸ ਗਏ ਸਨ।

ਇਸ ਤੋਂ ਅਗਲੇ ਮਹੀਨੇ ਇੱਕ ਪਾਬੰਦੀਸ਼ੁਦਾ ਰੈਲੀ ਨਾ ਛੱਡਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਮੁੱਖ ਪਾਦਰੀ ਹੋਣ ਦੇ ਨਾਤੇ ਦੱਖਣੀ ਅਫ਼ਰੀਕਾ ਖਿਲਾਫ਼ ਦੰਡਕਾਰੀ ਪਾਬੰਦੀਆਂ ਦੇ ਉਨ੍ਹਾਂ ਦੇ ਸੱਦੇ ਨੇ ਪੂਰੀ ਦੁਨੀਆ ਵਿੱਚ ਧੂਮ ਮਚਾ ਦਿੱਤੀ ਸੀ। ਖਾਸ ਤੌਰ 'ਤੇ ਜਦੋਂ ਉਹ ਹਿੰਸਾ ਦੇ ਸਖ਼ਤ ਵਿਰੋਧੀ ਸਨ।

1985 ਵਿੱਚ ਟੂਟੂ ਅਤੇ ਇੱਕ ਹੋਰ ਪਾਦਰੀ ਨੇ ਬਹਾਦਰੀ ਨਾਲ ਇੱਕ ਸ਼ੱਕੀ ਪੁਲਿਸ ਮੁਖ਼ਬਰ ਨੂੰ ਬਚਾਇਆ ਸੀ। ਉਸ ਉੱਤੇ ਹਮਲਾ ਕੀਤਾ ਜਾ ਰਿਹਾ ਸੀ।

ਦੱਖਣੀ ਅਫ਼ਰੀਕਾ ਦੇ ਮੁੱਖ ਸ਼ਹਿਰ, ਜੋਹਾਨਸਬਰਗ ਦੇ ਪੂਰਬ ਵਿੱਚ ਸਥਿਤ ਇੱਕ ਸ਼ਹਿਰ ਦੀ ਗੁੱਸੇ ਵਿੱਚ ਆਈ ਭੀੜ ਉਸ ਨੂੰ ਅੱਗ ਲਾਉਣ ਲੱਗੀ ਸੀ।

ਦੋਵੇਂ ਪਾਦਰੀਆਂ ਨੇ ਭੀੜ ਨੂੰ ਧੱਕਾ ਦੇ ਕੇ ਖੂਨ ਨਾਲ ਲੱਥਪੱਥ, ਅੱਧੇ ਬੇਹੋਸ਼ ਵਿਅਕਤੀ ਨੂੰ ਸੁਰੱਖਿਅਤ ਖਿੱਚ ਲਿਆ।

ਉਸ ਦੀ ਗਰਦਨ ਦੁਆਲੇ ਪੈਟਰੋਲ ਨਾਲ ਭਰੇ ਟਾਇਰ ਨੂੰ ਅੱਗ ਲੱਗਣ ਤੋਂ ਠੀਕ ਪਹਿਲਾਂ ਉਸ ਨੂੰ ਬਚਾ ਲਿਆ ਗਿਆ।

ਟੂਟੂ ਨੇ ਬਾਅਦ ਵਿੱਚ ਇਨ੍ਹਾਂ ਹਮਲਾਵਰਾਂ ਨੂੰ ਫਟਕਾਰ ਲਗਾਈ। ਉਨ੍ਹਾਂ ਨੂੰ "ਧਰਮੀ ਅਤੇ ਨਿਆਂਪੂਰਨ ਸੰਘਰਸ਼ ਲਈ ਧਰਮੀ ਅਤੇ ਉਚਿਤ ਸਾਧਨਾਂ ਦੀ ਵਰਤੋਂ ਕਰਨ ਦੀ ਜ਼ਰੂਰਤ" ਦੀ ਯਾਦ ਦਿਵਾਈ।

ਟੂਟੂ ਨੇ ਰਾਸ਼ਟਰਪਤੀ ਐੱਫਡਬਲਯੂ ਡੀ ਕਲਾਰਕ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਐਲਾਨ ਕੀਤੇ ਉਦਾਰਵਾਦੀ ਸੁਧਾਰਾਂ ਦਾ ਨਿੱਘਾ ਸਵਾਗਤ ਕੀਤਾ।

ਇਨ੍ਹਾਂ ਵਿੱਚ ਅਫ਼ਰੀਕੀ ਨੈਸ਼ਨਲ ਕਾਂਗਰਸ (ਏਐੱਨਸੀ) ਤੋਂ ਪਾਬੰਦੀ ਹਟਾਉਣਾ ਅਤੇ ਫਰਵਰੀ 1990 ਵਿੱਚ ਨੈਲਸਨ ਮੰਡੇਲਾ ਦੀ ਰਿਹਾਈ ਸ਼ਾਮਲ ਸੀ।

ਇਸ ਤੋਂ ਤੁਰੰਤ ਬਾਅਦ ਟੂਟੂ ਨੇ ਪਾਦਰੀਆਂ ਦੇ ਰਾਜਨੀਤਿਕ ਪਾਰਟੀਆਂ ਵਿੱਚ ਸ਼ਾਮਲ ਹੋਣ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਇਸ ਦੀ ਹੋਰ ਚਰਚਾਂ ਵੱਲੋਂ ਨਿਖੇਧੀ ਕੀਤੀ ਗਈ।

ਇਜ਼ਰਾਈਲ ਅਤੇ ਫਲਸਤੀਨੀਆਂ 'ਤੇ ਵਿਚਾਰ

ਉਹ ਕਦੇ ਵੀ ਆਪਣੀ ਰਾਇ ਰੱਖਣ ਤੋਂ ਡਰਦੇ ਨਹੀਂ ਸਨ। ਅਪ੍ਰੈਲ 1989 ਵਿੱਚ ਉਹ ਯੂਕੇ ਵਿੱਚ ਬਰਮਿੰਘਮ ਗਏ। ਉੱਥੇ ਉਨ੍ਹਾਂ ਨੇ "ਦੋ-ਰਾਸ਼ਟਰ" ਬ੍ਰਿਟੇਨ ਦੀ ਆਲੋਚਨਾ ਕੀਤੀ, ਅਤੇ ਕਿਹਾ ਕਿ ਦੇਸ਼ ਦੀਆਂ ਜੇਲ੍ਹਾਂ ਵਿੱਚ ਬਹੁਤ ਸਾਰੇ ਕਾਲੇ ਲੋਕ ਬੰਦ ਹਨ।

ਬਾਅਦ ਵਿੱਚ ਉਨ੍ਹਾਂ ਨੇ ਕ੍ਰਿਸਮਸ ਤੀਰਥ ਯਾਤਰਾ ਦੌਰਾਨ ਇਜ਼ਰਾਈਲੀਆਂ ਨੂੰ ਨਾਰਾਜ਼ ਕਰ ਦਿੱਤਾ। ਉਨ੍ਹਾਂ ਨੇ ਕਬਜ਼ੇ ਵਾਲੇ ਪੱਛਮੀ ਬੈਂਕ ਅਤੇ ਗਜ਼ਾ ਦੇ ਅਰਬਾਂ ਨਾਲ ਦੱਖਣੀ ਅਫ਼ਰੀਕਾ ਦੇ ਕਾਲੇ ਲੋਕਾਂ ਦੀ ਤੁਲਨਾ ਕਰ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਯਹੂਦੀਆਂ ਵਾਂਗ ਦੁੱਖ ਝੱਲੇ ਹਨ, ਉਹ ਫਲਸਤੀਨੀਆਂ ਨੂੰ ਅਜਿਹੇ ਦੁੱਖ ਕਿਵੇਂ ਪਹੁੰਚਾ ਸਕਦੇ ਹਨ।

ਡੇਸਮੰਡ ਟੂਟੂ ਨੈਲਸਨ ਮੰਡੇਲਾ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਪਰ ਨਿਆਂਪੂਰਨ ਅੰਤ ਦੀ ਪ੍ਰਾਪਤੀ ਲਈ ਹਿੰਸਾ ਦੀ ਵਰਤੋਂ ਵਰਗੇ ਮੁੱਦਿਆਂ 'ਤੇ ਉਹ ਹਮੇਸ਼ਾਂ ਉਨ੍ਹਾਂ ਨਾਲ ਸਹਿਮਤ ਨਹੀਂ ਸਨ।

ਨਵੰਬਰ 1995 ਵਿੱਚ ਮੰਡੇਲਾ, ਜੋ ਉਸ ਸਮੇਂ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਨ, ਨੇ ਟੂਟੂ ਨੂੰ 'ਟਰੁੱਥ ਐਂਡ ਰੀਕੰਸੀਲੇਸ਼ਨ ਕਮਿਸ਼ਨ ਦੀ ਅਗਵਾਈ ਕਰਨ ਲਈ ਕਿਹਾ।

ਇਸ ਕਮਿਸ਼ਨ ਨੂੰ ਰੰਗਭੇਦ-ਯੁੱਗ ਦੇ ਜੁਰਮਾਂ ਦੇ ਸਬੂਤ ਇਕੱਠੇ ਕਰਨ ਲਈ ਕਿਹਾ ਗਿਆ। ਇਸ ਨੂੰ ਇਹ ਸਿਫ਼ਾਰਸ਼ ਕਰਨ ਦਾ ਕੰਮ ਵੀ ਸੌਂਪਿਆ ਗਿਆ ਸੀ ਕਿ ਕੀ ਆਪਣੀ ਸ਼ਮੂਲੀਅਤ ਸਵੀਕਾਰ ਕਰਨ ਵਾਲਿਆਂ ਨੂੰ ਮੁਆਫ਼ੀ ਮਿਲਣੀ ਚਾਹੀਦੀ ਹੈ।

ਕਮਿਸ਼ਨ ਦੀ ਜਾਂਚ ਦੇ ਅੰਤ ਵਿੱਚ ਟੂਟੂ ਨੇ ਦੱਖਣੀ ਅਫ਼ਰੀਕਾ ਦੇ ਸਾਬਕਾ ਗੋਰੇ ਨੇਤਾਵਾਂ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਆਪਣੀ ਗਵਾਹੀ ਵਿੱਚ ਝੂਠ ਬੋਲਿਆ ਹੈ।

ਕਮਿਸ਼ਨ ਨੇ ਏਐੱਨਸੀ 'ਤੇ ਨਸਲੀ ਵਿਤਕਰੇ ਵਿਰੁੱਧ ਲੜਾਈ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਾਇਆ। ਦੋਵਾਂ ਧਿਰਾਂ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ।

ਜਦੋਂ ਹੰਝੂ ਵਹਿ ਗਏ

ਟੂਟੂ ਅਕਸਰ ਉਨ੍ਹਾਂ ਲੋਕਾਂ ਦੇ ਦਰਦ ਨਾਲ ਕਰਾਹ ਉੱਠਦੇ ਸਨ ਜੋ ਰੰਗਭੇਦ ਤੋਂ ਪੀੜਤ ਸਨ। ਕਈ ਮੌਕਿਆਂ 'ਤੇ ਉਹ ਆਪਣੇ ਹੰਝੂ ਵੀ ਨਹੀਂ ਰੋਕ ਸਕਦੇ ਸਨ।

ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੀ ਨਵੀਂ ਕਾਲਿਆਂ ਦੀ ਬਹੁਗਿਣਤੀ ਵਾਲੀ ਸਰਕਾਰ ਦੀ ਆਲੋਚਨਾ ਕਰਨ ਲਈ ਬਹੁਤ ਕੁਝ ਮਿਲਿਆ। ਉਨ੍ਹਾਂ ਨੇ ਰਾਸ਼ਟਰਪਤੀ ਥਾਬੋ ਮਬੇਕੀ ਦੀ ਅਗਵਾਈ ਵਾਲੇ ਏਐੱਨਸੀ ਪ੍ਰਸ਼ਾਸਨ 'ਤੇ ਤਿੱਖਾ ਹਮਲਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਏਐੱਨਸੀ ਨੇ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਵਿੱਚੋਂ ਗਰੀਬੀ ਦੂਰ ਕਰਨ ਲਈ ਕੰਮ ਨਹੀਂ ਕੀਤਾ। ਬਹੁਤ ਜ਼ਿਆਦਾ ਦੌਲਤ ਅਤੇ ਸ਼ਕਤੀ ਨਵੇਂ ਕਾਲੇ ਰਾਜਨੀਤਿਕ ਕੁਲੀਨ ਵਰਗ ਦੇ ਹੱਥਾਂ ਵਿੱਚ ਕੇਂਦਰਿਤ ਹੈ।

ਬਾਅਦ ਵਿੱਚ ਉਨ੍ਹਾਂ ਨੇ ਜੈਕਬ ਜ਼ੂਮਾ ਨੂੰ ਰਾਸ਼ਟਰਪਤੀ ਬਣਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਛੱਡਣ ਦੀ ਅਪੀਲ ਕੀਤੀ। ਜਿਨ੍ਹਾਂ 'ਤੇ ਜਿਨਸੀ ਅਪਰਾਧਾਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ।

ਉਹ ਰਾਬਰਟ ਮੁਗਾਬੇ ਦੀ ਨਿੰਦਾ ਵਿੱਚ ਵੀ ਮੁਖਰ ਸਨ। ਉਨ੍ਹਾਂ ਨੇ ਇੱਕ ਵਾਰ ਜ਼ਿੰਬਾਬਵੇ ਦੇ ਰਾਸ਼ਟਰਪਤੀ ਨੂੰ "ਇੱਕ ਪੁਰਾਣੇ ਅਫ਼ਰੀਕੀ ਤਾਨਾਸ਼ਾਹ ਦਾ ਕਾਰਟੂਨ" ਵਜੋਂ ਦਰਸਾਇਆ ਸੀ। ਮੁਗਾਬੇ ਨੇ ਬਦਲੇ ਵਿੱਚ ਟੂਟੂ ਨੂੰ "ਬੁਰਾਈ" ਦੇ ਰੂਪ ਵਿੱਚ ਵਰਣਨ ਕੀਤਾ ਸੀ।

ਉਹ ਆਪਣੇ ਖੁਦ ਦੇ ਐਂਗਲੀਕਨ ਚਰਚ ਦੀ ਵੀ ਆਲੋਚਨਾ ਕਰਦੇ ਸਨ। ਖਾਸ ਤੌਰ 'ਤੇ ਗੇ ਬਿਸ਼ਪਾਂ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਦੇ ਬਾਅਦ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਬਾਗੀ ਸੁਰ

ਉਨ੍ਹਾਂ ਨੇ ਚਰਚ 'ਤੇ ਸਮਲਿੰਗੀ ਸਬੰਧਾਂ ਦੀ "ਸਨਕ" ਨੂੰ ਵਿਸ਼ਵ ਗਰੀਬੀ ਵਿਰੁੱਧ ਲੜਾਈ ਨਾਲੋਂ ਪਹਿਲ ਦੇਣ ਦਾ ਦੋਸ਼ ਲਗਾਇਆ। ਉਦੋਂ ਉਨ੍ਹਾਂ ਨੇ ਕਿਹਾ: "ਰੱਬ ਰੋ ਰਿਹਾ ਹੈ।"

ਜਦੋਂ ਉਹ 2010 ਵਿੱਚ ਆਇਰਲੈਂਡ ਗਏ ਤਾਂ ਉਹ ਗਰੀਬੀ ਦੇ ਵਿਸ਼ੇ 'ਤੇ ਬੋਲੇ। ਉਨ੍ਹਾਂ ਨੇ ਪੱਛਮੀ ਦੇਸ਼ਾਂ ਨੂੰ ਆਰਥਿਕ ਮੰਦਵਾੜੇ ਦੇ ਮੱਦੇਨਜ਼ਰ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਦੇ ਪ੍ਰਭਾਵ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ।

ਟੂਟੂ ਨੇ ਉਸੇ ਸਾਲ ਜਨਤਕ ਜੀਵਨ ਤੋਂ ਰਸਮੀ ਤੌਰ 'ਤੇ ਸੰਨਿਆਸ ਲੈ ਲਿਆ। ਉਨ੍ਹਾਂ ਨੇ ਕਿਹਾ, "ਹਵਾਈ ਅੱਡਿਆਂ ਅਤੇ ਹੋਟਲਾਂ ਵਿੱਚ" ਰਹਿਣ ਨਾਲੋਂ "ਰੈੱਡ ਬੁਸ਼ ਵਾਲੀ ਚਾਹ ਪੀਣ ਅਤੇ ਕ੍ਰਿਕਟ ਦੇਖਣ" ਵਿੱਚ ਜ਼ਿਆਦਾ ਸਮਾਂ ਬਿਤਾਓ।

ਬਾਗੀ ਸੁਰ ਅਪਣਾਉਂਦਿਆਂ ਉਹ 2014 ਵਿੱਚ ਸਹਾਇਤਾ ਪ੍ਰਾਪਤ ਖੁਦਕੁਸ਼ੀ ਦੇ ਸਮਰਥਨ ਵਿੱਚ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ "ਕਿਸੇ ਵੀ ਕੀਮਤ 'ਤੇ" ਜੀਵਨ ਨੂੰ ਸੁਰੱਖਿਅਤ ਨਹੀਂ ਰੱਖਿਆ ਜਾਣਾ ਚਾਹੀਦਾ।

ਕਈ ਚਰਚਾਂ ਦੀਆਂ ਹਸਤੀਆਂ ਦੇ ਵਿਚਾਰਾਂ ਦੇ ਉਲਟ, ਉਹ ਮੰਨਦੇ ਸਨ ਕਿ ਮਨੁੱਖ ਨੂੰ ਮਰਨ ਦੀ ਚੋਣ ਕਰਨ ਦਾ ਅਧਿਕਾਰ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਹਾਨ ਦੋਸਤ ਅਤੇ ਸਾਥੀ ਪ੍ਰਚਾਰਕ ਮੰਡੇਲਾ ਲੰਬੀ ਅਤੇ ਦਰਦਨਾਕ ਬਿਮਾਰੀ ਤੋਂ ਪੀੜਤ ਸਨ। ਮੰਡੇਲਾ ਦੇ ਵਿਚਾਰ ਵਿੱਚ ਇਹ ''ਮਦੀਬਾ ਦੀ ਸ਼ਾਨ ਦਾ ਅਪਮਾਨ'' ਸੀ। ਮੰਡੇਲਾ ਦੀ ਦਸੰਬਰ 2013 ਵਿੱਚ ਮੌਤ ਹੋ ਗਈ ਸੀ।

2017 ਵਿੱਚ ਟੂਟੂ ਨੇ ਮਿਆਂਮਾਰ ਦੀ ਨੇਤਾ ਅਤੇ ਸਾਥੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਦੀ ਤਿੱਖੀ ਆਲੋਚਨਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਦੇਸ਼ ਦੀ ਅਗਵਾਈ ਕਰ ਰਹੀ ਹੈ ਜੋ "ਧਰਮ ਦੇ ਪ੍ਰਤੀਕ ਲਈ ਅਸੰਗਤ" ਹੈ। ਜਿੱਥੇ ਮੁਸਲਿਮ ਘੱਟ ਗਿਣਤੀ "ਨਸਲੀ ਸਫਾਈ" ਦਾ ਸਾਹਮਣਾ ਕਰ ਰਹੀ ਹੈ।

ਉਸ ਸਾਲ ਬਾਅਦ ਵਿੱਚ ਉਨ੍ਹਾਂ ਨੇ ਡੋਨਲਡ ਟਰੰਪ ਦੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਅਧਿਕਾਰਤ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ।

ਉਨ੍ਹਾਂ ਨੇ ਇਸ "ਭੜਕਾਊ ਅਤੇ ਵਿਤਕਰੇ ਭਰੇ" ਕਾਰਜ ਸਬੰਧੀ ਟਵਿੱਟਰ 'ਤੇ ਲਿਖਿਆ, "ਰੱਬ ਰੋ ਰਿਹਾ ਹੈ।"

ਇੱਕ ਛੋਟਾ ਜਿਹਾ ਆਦਮੀ ਜਿਸ ਨੂੰ "ਦਿ ਆਰਚ" ਵਜੋਂ ਜਾਣਿਆ ਜਾਂਦਾ ਸੀ। ਉਹ ਮਿਲਣਸਾਰ ਅਤੇ ਉਤਸ਼ਾਹੀ ਸਨ। ਮਿਸ਼ਨ ਦੀ ਆਪਣੀ ਤੀਬਰ ਭਾਵਨਾ ਦੇ ਬਾਵਜੂਦ ਉਹ ਖੁਸ਼ੀ ਦੀ ਭਾਵਨਾ ਪੈਦਾ ਕਰਦੇ ਸਨ।

ਉਹ ਮਜ਼ਾਕੀਆ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਗੱਲਬਾਤ ਦੌਰਾਨ ਅਕਸਰ ਉੱਚੀ-ਉੱਚੀ ਹਾਸਾ ਫੈਲ ਦਿੱਤਾ ਜਾਂਦਾ ਸੀ।

ਇਸ ਤੋਂ ਪਰੇ ਡੇਸਮੰਡ ਟੂਟੂ ਇੱਕ ਬੇਮਿਸਾਲ ਮਜ਼ਬੂਤ ਨੈਤਿਕ ਦ੍ਰਿੜ ਵਿਸ਼ਵਾਸ ਵਾਲੇ ਵਿਅਕਤੀ ਸਨ। ਜਿਨ੍ਹਾਂ ਨੇ ਦੱਖਣੀ ਅਫ਼ਰੀਕਾ ਨੂੰ ਸ਼ਾਂਤੀਪੂਰਬਕ ਬਣਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)