You’re viewing a text-only version of this website that uses less data. View the main version of the website including all images and videos.
ਕਰਤਾਰਪੁਰ ਸਾਹਿਬ ਗੁਰਦੁਆਰੇ 'ਚ 'ਨੰਗੇ ਸਿਰ' ਤਸਵੀਰਾਂ ਖਿੱਚਵਾਉਣਾ ਤੇ ਫਿਰ ਮਾਫ਼ੀ ਮੰਗਣਾ, ਕੀ ਹੈ ਪੂਰਾ ਮਾਮਲਾ
"ਮੈਂ ਸਿਰਫ਼ ਕਰਤਾਰਪੁਰ ਸਾਹਿਬ ਇਤਿਹਾਸ ਅਤੇ ਸਿੱਖ ਭਾਈਚਾਰੇ ਦੀ ਜਾਣਕਾਰੀ ਲੈਣ ਗਈ ਸੀ...ਮੈਂ ਸਿੱਖ ਭਾਈਚਾਰੇ ਦਾ ਸਤਿਕਾਰ ਕਰਦੀ ਹਾਂ ਤੇ ਮੈਂ ਸਾਰੇ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਦੀ ਹਾਂ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 'ਨੰਗੇ ਸਿਰ' ਖਿੱਚਵਾਈਆਂ ਗਈਆਂ ਤਸਵੀਰਾਂ ਦੇ ਵਿਵਾਦ ਤੋਂ ਬਾਅਦ ਮਾਡਲ ਨੇ ਕੀਤਾ।
ਦਰਅਸਲ, ਪਾਕਿਸਤਾਨੀ ਕੱਪੜਿਆਂ ਦੇ ਇਸ਼ਤਿਹਾਰ ਦੀ ਸ਼ੂਟਿੰਗ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਨ੍ਹਾਂ ਪੋਸਟਾਂ ਦੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ।
ਜਿਸ ਤੋਂ ਬਾਅਦ ਮਾਡਲ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਕੇ ਮੁਆਫ਼ੀ ਵੀ ਮੰਗ ਲਈ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਗੁਰਦੁਆਰੇ ਵਿੱਚ ਤਸਵੀਰਾਂ ਲੈਣ ਜਾਂ ਔਰਤਾਂ ਨੂੰ ਜਾਣ ਦੀ ਮਨਾਹੀ ਨਹੀਂ ਹੈ ਪਰ ਇਸ ਥਾਂ 'ਤੇ ਸਿਰ ਢਕ ਕੇ ਰੱਖਣਾ ਜ਼ਰੂਰੀ ਨਿਯਮ ਹੈ, ਜਿਸ ਦਾ ਪੁਰਸ਼ ਤੇ ਔਰਤਾਂ ਦੋਵੇਂ ਪਾਲਣ ਕਰਦੇ ਹਨ।
ਆਲੋਚਨਾ ਤੋਂ ਬਾਅਦ ਮਾਡਲ ਨੇ ਆਪਣੇ ਇੰਸਟਗ੍ਰਾਮ 'ਤੇ ਸਿੱਖ ਭਾਈਚਾਰੇ ਦੇ ਨਾਮ ਸੰਦੇਸ਼ ਲਿਖ ਕੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਹ ਤਸਵੀਰਾਂ ਕਿਸੇ ਸ਼ੂਟ ਦਾ ਹਿੱਸਾ ਨਹੀਂ ਹਨ।
ਇਸ ਦੇ ਨਾਲ ਹੀ ਕੱਪੜਿਆਂ ਦੀ ਬਰਾਂਡ ਕੰਪਨੀ, ਜਿਸ ਦੇ ਨਾਮ ਹੇਠ ਇਹ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ, ਉਸ ਨੇ ਵੀ ਮੁਆਫੀ ਮੰਗੀ ਹੈ।
ਇਹ ਵੀ ਪੜ੍ਹੋ-
ਪੁਲਿਸ ਜਾਂਚ
ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਇਸ ਮਾਡਲ ਦੀਆਂ ਤਸਵੀਰਾਂ ਦੀ ਆਲੋਚਨਾ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇਸ ਸਬੰਧੀ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਅੱਗੇ ਲਿਖਿਆ, "ਸਾਰੇ ਧਰਮਾਂ ਦੇ ਧਾਰਮਿਕ ਸਥਾਨ ਬਰਾਬਰ ਹਨ।"
ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਸੂਚਨਾ ਪ੍ਰਸਾਰਨ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਟਵੀਟ ਕਰਦਿਆਂ ਲਿਖਿਆ, "ਡਿਜ਼ਾਈਨਰ ਅਤੇ ਮਾਡਲ ਨੂੰ ਸਿੱਖ ਭਾਈਚਾਰੇ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।"
"ਕਰਤਾਰਪੁਰ ਸਾਹਿਬ ਇੱਕ ਇਤਿਹਾਸਕ ਸਥਾਨ ਹੈ ਨਾ ਕਿ ਕੋਈ ਫਿਲਮ ਦਾ ਸੈੱਟ।"
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, "ਸ੍ਰੀ ਕਰਤਾਰਪੁਰ ਸਾਹਿਬ ਮਾਡਲਿੰਗ ਕਰਨਾ ਅਪਵਿੱਤਰਤਾ ਹੈ। ਪਾਕਿਸਤਾਨ ਅਦਾਲਤ ਨੇ ਮਸਜਿਦ ਵਿੱਚ ਡਾਂਸ ਕਰਨ ਵਾਲੀ ਅਦਾਕਾਰਾ ਦਾ ਗ੍ਰਿਫ਼ਾਤਰੀ ਵਾਰੰਟ ਜਾਰੀ ਕੀਤਾ ਸੀ।"
"ਲਾਹੌਰ ਦੀ ਇਸ ਔਰਤ ਖ਼ਿਲਾਫ ਵੀ ਅਜਿਹਾ ਹੀ ਕੀਤਾ ਜਾਣਾ ਚਾਹੀਦਾ ਹੈ, ਜੋ ਸਾਰੇ ਧਰਮਾਂ ਨੂੰ ਬਰਾਬਰ ਮੰਨਣ ਦਾ ਉਦਾਹਰਨ ਸਾਬਿਤ ਹੋਵੇਗਾ।"
ਮਾਡਲ ਵੱਲੋਂ ਮੁਆਫੀ
"ਮੈਂ ਹਾਲ ਹੀ ਵਿੱਚ ਜਿਹੜੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪਾਈਆਂ ਹਨ, ਉਹ ਕਿਸੇ ਸ਼ੂਟ ਦਾ ਹਿੱਸਾ ਨਹੀਂ ਹਨ। ਮੈਂ ਸਿਰਫ਼ ਕਰਤਾਰਪੁਰ ਸਾਹਿਬ ਇਤਿਹਾਸ ਅਤੇ ਸਿੱਖ ਭਾਈਚਾਰੇ ਦੀ ਜਾਣਕਾਰੀ ਲੈਣ ਗਈ ਸੀ।"
"ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹਾ ਨਹੀਂ ਕੀਤਾ। ਜੇ ਕਿਸੇ ਨੂੰ ਲਗਦਾ ਹੈ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਜੇ ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਦੇ ਸੱਭਿਆਚਾਰ ਦਾ ਸਤਿਕਾਰ ਨਹੀਂ ਕਰਦੀ ਤਾਂ ਮੈਂ ਮੁਆਫ਼ੀ ਮੰਗਦੀ ਹਾਂ।"
"ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਉੱਥੇ ਤਸਵੀਰਾਂ ਖਿੱਚਵਾ ਰਹੇ ਹਨ...ਮੈਂ ਸਿੱਖ ਭਾਈਚਾਰੇ ਦਾ ਸਤਿਕਾਰ ਕਰਦੀ ਹਾਂ ਤੇ ਮੈਂ ਸਾਰੇ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਦੀ ਹਾਂ।"
"ਇਹ ਤਸਵੀਰਾਂ ਸਿਰਫ਼ ਮੈਂ ਯਾਦਗਾਰ ਵਾਸਤੇ ਖਿੱਚਵਾਈਆਂ ਸਨ ਕਿ ਮੈਂ ਉੱਥੇ ਗਈ ਸੀ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ।"
"ਖ਼ੈਰ, ਅੱਗੇ ਭਵਿੱਖ ਵਿੱਚ ਮੈਂ ਇਨ੍ਹਾਂ ਗੱਲਾਂ ਨੂੰ ਲੈ ਕੇ ਹੋਰ ਸੁਚੇਤ ਰਹਾਂਗੀ, ਕ੍ਰਿਪਾ ਕਰਕੇ ਇਸ ਪੋਸਟ ਨੂੰ ਸਾਂਝਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੇਰਾ ਅਜਿਹਾ ਕਰਨ ਦੀ ਕੋਈ ਮੰਸ਼ਾ ਨਹੀਂ ਸੀ।"
ਮੰਨਤ ਕਲੋਥਿੰਗ ਦੀ ਮੁਆਫ਼ੀ
ਮੰਨਤ ਕਲੋਥਿੰਗ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ 'ਤੇ ਵੀ ਆਪਣਾ ਮੁਆਫ਼ੀਨਾਮਾ ਪੋਸਟ ਕੀਤਾ ਗਿਆ ਹੈ।
ਕੰਪਨੀ ਨੇ ਸਪੱਸ਼ਟੀਕਰਨ ਦਿੱਤਾ ਕਿ ਸਾਡੇ ਅਕਾਊਂਟ ਉੱਤੇ ਪਾਈਆਂ ਗਈਆਂ ਪੋਸਟਾਂ ਮੰਨਤ ਕਲੋਥਿੰਗ ਸ਼ੂਟ ਦਾ ਹਿੱਸਾ ਨਹੀਂ ਹਨ।
"ਇਹ ਤੀਜੀ ਧਿਰ (ਬਲਾਗਰ) ਵੱਲੋਂ ਮੁਹੱਈਆਂ ਕਰਵਾਈਆਂ ਗਈਆਂ ਹਨ, ਜਿਸ ਵਿੱਚ ਉਨ੍ਹਾਂ ਦੇ ਸਾਡੇ ਕੱਪੜੇ ਪਹਿਨੇ ਹੋਏ ਹਨ।"
"ਇਸ ਗੱਲ 'ਤੇ ਧਿਆਨ ਦੇਣਾ ਕਿ ਮੰਨਤ ਕਦੇ ਵੀ ਨਹੀਂ ਤੈਅ ਕਰਦਾ ਹੈ ਕਿ ਕਿੱਥੇ ਤੇ ਕਿਵੇਂ ਤਸਵੀਰਾਂ ਲੈਣੀਆਂ ਹਨ।"
"ਹਾਲਾਂਕਿ, ਅਸੀਂ ਮੰਨਦੇ ਹਾਂ ਕਿ ਸਾਡੀ ਗ਼ਲਤੀ ਹੈ ਕਿ ਸਾਨੂੰ ਇਹ ਤਸਵੀਰਾਂ ਪੋਸਟ ਨਹੀਂ ਕਰਨੀਆਂ ਚਾਹੀਦੀਆਂ ਸਨ ਅਤੇ ਅਸੀਂ ਹਰੇਕ ਵਿਅਕਤੀ ਕੋਲੋਂ ਇਸ ਲਈ ਮੁਆਫ਼ੀ ਮੰਗਦੇ ਹਾਂ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: