ਅਫ਼ਗਾਨਿਸਤਾਨ : ਕਾਸ਼ ਇਹ ਬੁਰਾ ਸੁਪਨਾ ਹੋਵੇ -ਤਾਲਿਬਾਨ ਦੇ ਰਾਜ ਵਿਚ ਲੋਕਾਂ ਦੀਆਂ ਕਹਾਣੀਆਂ

    • ਲੇਖਕ, ਸੋਫ਼ੀ ਵਿਲੀਅਮਜ਼
    • ਰੋਲ, ਬੀਬੀਸੀ ਪੱਤਰਕਾਰ

ਅਫ਼ਗਾਨਿਸਤਾਨ ਵਿੱਚ ਜਿਸ ਤਰ੍ਹਾਂ ਅਚਾਨਕ ਤਾਲਿਬਾਨ ਨੇ ਹੂੰਝਾ ਫੇਰ ਵਾਪਸੀ ਕੀਤੀ ਹੈ, ਉਸ ਨੇ ਦੇਸ ਭਰ ਵਿੱਚ ਲੋਕਾਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਹਾਲ ਹੀ ਵਿੱਚ ਇੱਕ ਰਿਪੋਰਟਰ ਨੇ ਅਫਗਾਨ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਤਾਲਿਬਾਨ ਦੇ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਦੇ ਕੰਮ ਕਰਨ 'ਤੇ ਕੀ ਪ੍ਰਭਾਵ ਪਿਆ ਹੈ ਤਾਂ ਜੋ ਜਵਾਬ ਮਿਲੇ ਉਹ ਸਪਸ਼ਟ ਕਰਦੇ ਹਨ ਕਿ ਲੋਕ ਇਨ੍ਹਾਂ ਪੂਰੀ ਤਰ੍ਹਾਂ ਬਦਲੇ ਹੋਏ ਹਾਲਾਤ ਨਾਲ ਕਿਵੇਂ ਜੂਝ ਰਹੇ ਹਨ।

ਲੋਕਾਂ ਨੇ ਜੋ ਦੱਸਿਆ ਉਸ ਤੋਂ ਝਲਕਦਾ ਹੈ ਕਿ ਕਿੰਨੇ ਲੋਕਾਂ ਦੀ ਜ਼ਿੰਦਗੀ ਉੱਪਰੋਂ-ਥੱਲੇ ਬਦਲ ਗਈ ਹੈ।

ਬੀਬੀਸੀ, ਅਜਿਹੇ ਲੋਕਾਂ - ਦਫਤਰਾਂ ਵਿੱਚ ਕੰਮ ਕਰਨ ਵਾਲੇ ਅਤੇ ਕਾਰਕੁੰਨਾਂ ਨਾਲ ਜੋ ਕਿ ਆਪਣੀਆਂ ਕਹਾਣੀਆਂ ਦੱਸਣਾ ਚਾਹੁੰਦੇ ਹਨ - ਗੱਲ ਕਰਦੀ ਰਹੀ ਹੈ।

ਅਹਿਮਦ: ਮੇਰੇ ਲਈ ਜ਼ਿੰਦਗੀ ਹੁਣ ਹੋਰ ਔਖੀ ਹੈ

ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ, ਅਹਿਮਦ ਇੱਕ ਨਿੱਜੀ ਅਫਗਾਨ ਕੰਪਨੀ ਵਿੱਚ ਬਤੌਰ ਦਫ਼ਤਰੀ ਪ੍ਰਬੰਧਕ ਕੰਮ ਕਰ ਰਹੇ ਸਨ। ਉਹ ਇਸ ਕੰਪਨੀ ਵਿੱਚ ਸਤੰਬਰ 2019 ਤੋਂ ਕੰਮ ਕਰ ਰਹੇ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''ਇਹ ਮੇਰੇ ਲਈ ਚੰਗਾ ਸਮਾਂ ਸੀ ਕਿਉਂਕਿ ਮੈਂ ਕੰਮ ਕਰ ਰਿਹਾ ਸੀ ਤੇ ਯੂਨੀਵਰਸਿਟੀ ਅਤੇ ਸਕੂਲ ਵਿੱਚ ਪੜ੍ਹਨ ਵਾਲੀਆਂ ਆਪਣੀਆਂ ਭੈਣਾਂ ਦਾ ਸਹਾਰਾ ਸੀ।

ਇਹ ਵੀ ਪੜ੍ਹੋ:

ਉਸ ਸਮੇਂ ਮੇਰੀ ਤਨਖਾਹ ਚੰਗੀ ਸੀ ਤੇ ਇਹ ਮੇਰੇ ਪਰਿਵਾਰ ਲਈ ਵੀ ਕਾਫੀ ਸੀ ਕਿਉਂਕਿ ਮੈਂ ਪੈਸੇ ਜੋੜ ਰਿਹਾ ਸੀ ਤੇ ਖਾਣੇ ਲਈ ਕੁਝ ਪੈਸੇ ਆਪਣੇ ਘਰ ਵੀ ਭੇਜ ਰਿਹਾ ਸੀ।''

ਉਹ ਅੱਗੇ ਦੱਸਦੇ ਹਨ, ''ਕੰਮ 'ਤੇ ਮੇਰੇ ਬਹੁਤ ਸਾਰੇ ਦੋਸਤ ਸਨ ਅਤੇ ਹੁਣ ਉਹ ਸਾਰੇ ਆਪਣੀਆਂ ਨੌਕਰੀਆਂ ਗੁਆ ਕੇ ਬੇਰੁਜ਼ਗਾਰ ਹੋ ਚੁੱਕੇ ਹਨ।''

''ਪਰ ਮੇਰੇ ਲਈ ਜ਼ਿੰਦਗੀ ਹੁਣ ਹੋਰ ਔਖੀ ਹੈ, ਖਾਸਕਰ ਮੇਰੇ ਪਰਿਵਾਰ ਲਈ। ਕਿਉਂਕਿ ਲੋਕਾਂ ਲਈ ਇੱਥੇ ਕੋਈ ਨੌਕਰੀ ਨਹੀਂ ਹੈ ਅਤੇ ਪਰਿਵਾਰਾਂ ਲਈ ਕਮਾਈ ਦਾ ਕੋਈ ਸਾਧਨ ਨਹੀਂ ਹੈ।''

ਅਹਿਮਦ ਆਪਣੇ ਪਰਿਵਾਰ ਦੇ ਇਕਲੌਤੇ ਪੁੱਤਰ ਤੇ ਜੇਠੀ ਔਲਾਦ ਹਨ। ਉਨ੍ਹਾਂ ਦੇ 60 ਸਾਲਾ ਪਿਤਾ ਆਪਣੀ ਬਜ਼ੁਰਗੀ ਅਤੇ ਗੋਡੇ ਦੀ ਸਮੱਸਿਆ ਦੇ ਕਾਰਨ ਕੰਮ ਨਹੀਂ ਕਰ ਸਕਦੇ।

ਅਹਿਮਦ ਕਹਿੰਦੇ ਹਨ, ''ਇਹ ਮੈਨੂੰ ਹੋਰ ਜ਼ਿੰਮੇਵਾਰ ਮਹਿਸੂਸ ਕਰਾਉਂਦਾ ਹੈ।''

ਉਹ ਇਹ ਵੀ ਧਿਆਨ ਦਿਵਾਉਂਦੇ ਹਨ ਕਿ ਕਿਵੇਂ ਖਾਣ ਦੀਆਂ ਵਸਤਾਂ ਦੇ ਭਾਅ ਹਰ ਰੋਜ਼ ਵਧ ਰਹੇ ਹਨ।

''ਸਾਡੇ ਲਈ ਹਰ ਦਿਨ ਇਹ ਬਹੁਤ ਬੋਰੀਅਤ ਵਾਲਾ ਹੁੰਦਾ ਜਾ ਰਿਹਾ ਹੈ।''

ਜ਼ਾਹਰਾ: ਜ਼ਿੰਦਗੀ ਹੁਣ ਜਿਉਣਾ ਨਹੀਂ ਹੈ

ਜ਼ਾਹਰਾ ਯੂਨੀਵਰਸਿਟੀ ਵਿਦਿਆਰਥਣ ਸਨ, ਤਾਲਿਬਾਨ ਆਇਆ ਤੇ ਉਨ੍ਹਾਂ ਦੀਆਂ ਕਲਾਸਾਂ ਬੰਦ ਹੋ ਗਈਆਂ, ਜੋ ਮੁੜ ਸ਼ੁਰੂ ਨਹੀਂ ਹੋ ਸਕੀਆਂ।

ਉਹ ਕਹਿੰਦੇ ਹਨ, ''ਜਦੋਂ ਮੈਂ ਮੈਡੀਕਲ ਦੀ ਵਿਦਿਆਰਥਣ ਸੀ, ਉਹ ਸਮਾਂ ਮੇਰੇ ਲਈ ਸਭ ਤੋਂ ਵਧੀਆ ਸੀ। ਮੈਂ ਯੂਨੀਵਰਸਿਟੀ ਦੇ ਦਾਖਲੇ ਵਾਲੇ ਇਮਤਿਹਾਨ ਵਿੱਚ ਆਪਣੇ ਮਨਚਾਹੇ ਅੰਕ ਪ੍ਰਾਪਤ ਕਰਨ ਲਈ ਦੋ ਸਾਲ ਬਹੁਤ ਮਿਹਨਤ ਕੀਤੀ ਸੀ ਅਤੇ ਇਹ ਇਸਦੇ ਲਾਇਕ ਵੀ ਸੀ। ਦੁੱਖ ਹੁੰਦਾ ਹੈ ਕਿਉਂਕਿ ਮੈਂ ਇੰਨੀ ਮਿਹਨਤ ਕਰਕੇ ਵੀ ਖਾਲੀ ਹੱਥ ਵਾਪਸ ਆਈ।''

''ਜ਼ਿੰਦਗੀ ਹੁਣ ਜੀਅ ਨਹੀਂ ਜਾ ਰਹੀ। ਇਹ ਚੱਲ ਰਹੀ ਹੈ ਅਤੇ ਬਸ ਬੇਮਕਸਦ ਸਾਹ ਲੈ ਰਹੀ ਹੈ। ਇਹ ਉਹ ਜੀਵਨ ਨਹੀਂ ਹੈ ਜਿਸਦਾ ਮੈਂ ਉਦੋਂ ਸੁਫ਼ਨਾ ਵੇਖਿਆ ਸੀ ਜਦੋਂ ਮੈਂ ਸਕੂਲ ਵਿੱਚ ਪੜ੍ਹ ਰਹੀ ਸੀ ਅਤੇ ਯੂਨੀਵਰਸਿਟੀ ਵਿੱਚ ਦਾਖਲੇ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ।

ਉਨ੍ਹਾਂ ਨੇ ਕਿਹਾ, ''ਮੈਨੂੰ ਆਪਣੇ ਦੋਸਤਾਂ ਨਾਲ ਰਲ ਕੇ ਪੜ੍ਹਨਾ ਬਹੁਤ ਚੰਗਾ ਲੱਗਦਾ ਸੀ ਅਤੇ ਮੈਨੂੰ ਆਪਣੇ ਵਿਦਿਆਰਥੀ ਹੋਣ ਦਾ ਸਮਾਂ ਬਹੁਤ ਯਾਦ ਆਉਂਦਾ ਹੈ।''

ਜ਼ਾਹਰਾ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਲੰਘਦਾ ਹੈ ਅਤੇ ''ਬੇਝਿਜਕ'' ਹੋ ਕੇ ਬਾਹਰ ਜਾਣਾ ਉਨ੍ਹਾਂ ਨੂੰ ਬਹੁਤ ਯਾਦ ਆਉਂਦਾ ਹੈ।

ਸਨਾ: ਕਾਸ਼ ਇਹ ਸਿਰਫ਼ ਇੱਕ ਬੁਰਾ ਸੁਨਾ ਹੋਵੇ

ਸਨਾ ਅਫਗਾਨਿਸਤਾਨ ਵਿੱਚ ਇਸਤਰੀ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਲੋਕਾਂ ਵਿੱਚੋਂ ਸਨ।

ਉਹ ਕਹਿੰਦੇ ਹਨ, ''ਤਾਲਿਬਾਨ ਦੇ ਆਉਣ ਤੋਂ ਪਹਿਲਾਂ ਸਾਡੇ ਕੋਲ ਬਹੁਤ ਸਾਰੇ ਹੱਕ ਤਾਂ ਨਹੀਂ ਸਨ ਪਰ ਫਿਰ ਵੀ ਅਸੀਂ ਖੁਸ਼ ਸੀ ਕਿਉਂਕਿ ਸਾਨੂੰ ਕੁਝ ਆਜ਼ਾਦੀ ਸੀ।”

“ਅਸੀਂ ਪੜ੍ਹਾਈ ਕਰ ਸਕਦੇ ਸੀ, ਨੌਕਰੀ ਕਰ ਸਕਦੇ ਸੀ, ਆਪਣੇ ਦੋਸਤਾਂ ਨਾਲ ਬਾਹਰ ਜਾ ਸਕਦੇ ਸੀ, ਇਕੱਠੇ ਬੈਠ ਸਕਦੇ ਸੀ, ਬਹਿਸ ਕਰ ਸਕਦੇ ਸੀ ਤੇ ਹੱਸ ਸਕਦੇ ਸੀ।''

ਉਨ੍ਹਾਂ ਨੇ ਕਿਹਾ, ''ਅਸੀਂ ਇੱਕਜੁਟ ਹੋ ਕੇ ਆਪਣੇ ਹੱਕਾਂ ਲਈ ਲੜਨ ਵਿੱਚ ਖੁਸ਼ ਸੀ...ਅਸੀਂ ਕਾਨੂੰਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਪਰ ਫਿਰ ਅਚਾਨਕ ਸਭ ਕੁਝ ਬਦਲ ਗਿਆ ਅਤੇ ਅਸੀਂ ਆਪਣੀ ਹੀ ਜਨਮ ਭੂਮੀ ਤੋਂ ਵੱਖ ਹੋ ਗਏ।''

ਸਨਾ ਫ਼ਿਲਹਾਲ ਇਰਾਨ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਜਰਮਨੀ ਦਾ ਵੀਜ਼ਾ ਮਿਲ ਚੁੱਕਿਆ ਹੈ ਪਰ ਅਜੇ ਉਹ ਰਵਾਨਾ ਨਹੀਂ ਹੋਏ ਹਨ।

''ਮੇਰੇ ਲਈ ਉਹ ਸਭ ਛੱਡਣਾ ਬਹੁਤ ਔਖਾ ਹੈ ਜੋ ਅਸੀਂ ਬਣਾਇਆ। ਮੈਂ ਸਰੀਰਕ ਤੌਰ 'ਤੇ ਜਿਉਂਦੀ ਹਾਂ ਪਰ ਮੈਨੂੰ ਆਪਣੇ ਪਰਿਵਾਰ ਅਤੇ ਘਰ ਦੀ ਬਹੁਤ ਯਾਦ ਆਉਂਦੀ ਹੈ। ਮੈਨੂੰ ਆਪਣੇ ਲੋਕਾਂ ਦੀ, ਆਪਣੀ ਭਾਸ਼ਾ ਦੀ ਤੇ ਉਨ੍ਹਾਂ ਸਾਰੇ ਯਤਨਾਂ ਦੀ ਯਾਦ ਆਉਂਦੀ ਹੈ ਜੋ ਅਸੀਂ ਕੀਤੇ।

''ਮੈਂ ਇੱਥੇ ਆ ਗਈ ਹਾਂ ਪਰ ਮੇਰੀ ਆਤਮਾ ਅਫਗਾਨਿਸਤਾਨ ਵਿੱਚ ਹੀ ਰਹਿ ਗਈ ਹੈ ਤੇ ਇਹ ਦਰਦਨਾਕ ਹੈ।''

''ਮੈਨੂੰ ਉਮੀਦ ਹੈ ਕਿ ਇਹ ਬਸ ਇੱਕ ਮਾੜਾ ਸੁਪਨਾ ਹੈ ਅਤੇ ਮੈਂ ਜਲਦੀ ਹੀ ਉੱਠਾਂਗੀ ਅਤੇ ਆਪਣੇ ਘਰ ਪਰਤਾਂਗੀ। ਆਪਣੀ ਜ਼ਮੀਨ ਤੋਂ ਦੂਰ ਰਹਿਣਾ ਮੇਰੇ ਲਈ ਬਹੁਤ ਮੁਸ਼ਕਲ ਹੈ।''

ਸਈਅਦ: ਸਭ ਕੁਝ ਇੱਕੋ ਦਮ ਖਤਮ ਹੋ ਗਿਆ

ਸਈਅਦ, ਅਫਗਾਨਿਸਤਾਨ ਦੇ ਸਭ ਤੋਂ ਵੱਡੇ ਮੀਡੀਆ ਅਦਾਰਿਆਂ ਵਿੱਚੋਂ ਇੱਕ ਨਾਲ ਬਤੌਰ ਪੱਤਰਕਾਰ ਤੇ ਐਂਕਰ ਜੁੜੇ ਹੋਏ ਸਨ।

ਉਨ੍ਹਾਂ ਨੇ ਦੱਸਿਆ, ''ਮੈਂ ਆਪਣੀ ਪੱਤਰਕਾਰ ਵਾਲੀ ਜ਼ਿੰਦਗੀ ਨੂੰ ਯਾਦ ਕਰਦਾ ਹਾਂ, ਅਤੇ ਉਨ੍ਹਾਂ ਸਾਰੇ ਸੁਪਨਿਆਂ ਨੂੰ ਵੀ ਜੋ ਮੈਂ ਆਪਣੇ ਕਰੀਅਰ ਵਿੱਚ ਅੱਗੇ ਵਧਣ ਲਈ ਵੇਖੇ ਸਨ।

ਜਿਸ ਦਿਨ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕੀਤਾ, ਉਸ ਦਿਨ ਸਈਅਦ ਆਪਣੇ ਕੰਮ 'ਤੇ ਹੀ ਸਨ ਅਤੇ ਦੁਪਹਿਰ ਤੱਕ ਚੀਜ਼ਾਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਸਨ।

''ਸਾਡਾ ਦਫ਼ਤਰ ਲਗਭਗ ਖਾਲੀ ਹੋ ਗਿਆ ਸੀ, ਮਹਿਲਾ ਕਰਮਚਾਰੀ ਦਫਤਰ ਤੋਂ ਚਲੀਆਂ ਗਈਆਂ ਸਨ ਅਤੇ ਤਕਨੀਕੀ ਕਰਮਚਾਰੀਆਂ ਨੇ ਆਪਣੇ ਕੱਪੜੇ ਬਦਲ ਕੇ ਸਾਧਾਰਨ ਕੱਪੜੇ ਪਹਿਨ ਲਏ ਸਨ।''

ਸਈਅਦ ਯੂਐਸ ਵਿੱਚ ਹਨ ਅਤੇ ਇੱਕ ਰਿਫਊਜ਼ੀ ਦੇ ਤੌਰ 'ਤੇ ਸ਼ਰਨ ਮੰਗ ਰਹੇ ਹਨ, ਜਦਕਿ ਉਨ੍ਹਾਂ ਦਾ ਪਰਿਵਾਰ ਪਿੱਛੇ ਅਫਗਾਨਿਸਤਾਨ ਵਿੱਚ ਹੀ ਹੈ।

ਉਹ ਕਹਿੰਦੇ ਹਨ, ''ਕੁਝ ਹੀ ਘੰਟਿਆਂ ਵਿੱਚ ਮੇਰੀਆਂ ਸਾਰੀਆਂ ਉਮੀਦਾਂ ਅਤੇ ਸੁਪਨਿਆਂ ਸਣੇ ਸਾਡਾ 20 ਸਾਲਾਂ ਦਾ ਸਾਰਾ ਵਿਕਾਸ ਅਤੇ ਸਾਰੇ ਤਿਆਗ ਬਰਬਾਦ ਹੋ ਗਏ। ਸਭ ਕੁਝ ਇੱਕੋ ਦਮ ਖਤਮ ਹੋ ਗਿਆ, ਮੈਨੂੰ ਹਾਲੇ ਵੀ ਯਕੀਨ ਨਹੀਂ ਆਉਂਦਾ।''

''ਆਪਣਿਆਂ ਤੋਂ ਦੂਰ, ਬਿਲਕੁਲ ਵੱਖਰੇ ਮਾਹੌਲ ਵਿੱਚ ਜੀਵਨ ਬਹੁਤ ਔਖਾ ਹੈ, ਇੱਥੇ ਮੈਂ ਸਦਮੇ ਨੂੰ ਝੱਲ ਸਕਾਂਗਾ..ਇਹ ਕਹਿਣਾ ਸੌਖਾ ਹੈ ਪਰ ਕਰਨਾ ਬਹੁਤ ਔਖਾ ਹੈ।''

(ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਲੇਖ ਵਿੱਚ ਸਾਰੇ ਨਾਮ ਬਦਲ ਦਿੱਤੇ ਗਏ ਹਨ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)