ਮਲੇਰੀਆ ਦੀ ਵੈਕਸੀਨ ਨੂੰ ਮਿਲੀ ਵੱਡੀ ਕਾਮਯਾਬੀ, ਕੋਵਿਡ-19 ਤੋਂ ਕਿੰਨੀ ਵੱਖ ਹੈ ਬਿਮਾਰੀ

    • ਲੇਖਕ, ਜੇਮਜ਼ ਗੈਲਾਹਰ
    • ਰੋਲ, ਸਿਹਤ ਅਤੇ ਵਗਿਆਨ ਪੱਤਰਕਾਰ

ਅਫ਼ਰੀਕਾ 'ਚ ਜ਼ਿਆਦਾਤਰ ਬੱਚਿਆਂ ਨੂੰ ਘਾਤਕ ਬਿਮਾਰੀ ਦਾ ਟਾਕਰਾ ਕਰਨ ਲਈ ਮਲੇਰੀਆ ਦਾ ਟੀਕਾ ਲਗਾਇਆ ਜਾਣਾ ਹੈ, ਇਹ ਇੱਕ ਇਤਿਹਾਸਕ ਪਲ ਹੈ।

ਮਲੇਰੀਆ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਰਿਹਾ ਹੈ ਅਤੇ ਇਸ ਨੇ ਨਵਜੰਮੇ ਅਤੇ ਛੋਟੇ ਬੱਚਿਆਂ ਨੂੰ ਜ਼ਿਆਦਾਤਰ ਆਪਣਾ ਸ਼ਿਕਾਰ ਬਣਾਇਆ ਹੈ।

ਲਗਭਗ ਇੱਕ ਸਦੀ ਤੋਂ ਵੀ ਵੱਧ ਦੇ ਯਤਨਾਂ ਤੋਂ ਬਾਅਦ ਇੱਕ ਟੀਕੇ ਦਾ ਵਿਕਸਤ ਹੋਣਾ ਇੱਕ ਪ੍ਰਾਪਤੀ ਮੰਨਿਆ ਜਾ ਰਿਹਾ ਹੈ।

ਇਸ ਟੀਕੇ ਦਾ ਨਾਮ ਆਰਟੀਐੱਸ,ਐੱਸ ( RTS,S) ਹੈ ਅਤੇ ਇਹ ਛੇ ਸਾਲ ਪਹਿਲਾਂ ਪ੍ਰਭਾਵਸ਼ਾਲੀ ਸਾਬਤ ਹੋਇਆ ਸੀ।

ਹੁਣ ਘਾਨਾ, ਕੀਨੀਆ ਅਤੇ ਮਲਾਵੀ 'ਚ ਪਾਇਲਟ ਟੀਕਾਕਰਣ ਪ੍ਰੋਗਰਾਮਾਂ ਦੀ ਸਫਲਤਾ ਤੋਂ ਬਾਅਦ, ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਹੁਣ ਇਸ ਟੀਕੇ ਨੂੰ ਉੱਪ-ਸਹਾਰਾ ਅਫ਼ਰੀਕਾ ਅਤੇ ਦੂਜੇ ਖੇਤਰਾਂ 'ਚ ਦਰਮਿਆਨੇ ਤੋਂ ਉੱਚ ਮਲੇਰੀਆ ਦੇ ਪ੍ਰਸਾਰ ਦੇ ਹਿਸਾਬ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ ਅਡਾਨੋਮ ਗੇਬਰੀਅਸਸ ਨੇ ਕਿਹਾ ਕਿ " ਇਹ ਇੱਕ ਇਤਿਹਾਸਕ ਪਲ" ਹੈ।

ਉਨ੍ਹਾਂ ਨੇ ਕਿਹਾ ਕਿ "ਬੱਚਿਆਂ ਲਈ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਮਲੇਰੀਏ ਦਾ ਟੀਕਾ ਵਿਗਿਆਨ, ਬਾਲ ਸਿਹਤ ਅਤੇ ਮਲੇਰੀਆ ਕੰਟਰੋਲ ਲਈ ਇੱਕ ਵੱਡੀ ਸਫਲਤਾ ਹੈ। ਇਹ ਟੀਕਾ ਹਰ ਸਾਲ ਹਜ਼ਾਰਾਂ ਹੀ ਜਾਨਾਂ ਨੂੰ ਬਚਾ ਸਕਦਾ ਹੈ।"

ਘਾਤਕ ਪਰਜੀਵੀ

ਮਲੇਰੀਆ ਇੱਕ ਪਰਜੀਵੀ ਹੈ ਜੋ ਕਿ ਪ੍ਰਜਨਨ ਲਈ ਸਾਡੇ ਖੂਨ ਦੇ ਸੈੱਲਾਂ 'ਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੰਦਾ ਹੈ। ਇਹ ਖੂਨ ਚੂਸਣ ਵਾਲੇ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ।

ਪਰਜੀਵੀ ਨੂੰ ਮਾਰਨ ਲਈ ਦਵਾਈਆਂ, ਮੱਛਰ ਦੇ ਕੱਟਣ ਤੋਂ ਬਚਾਅ ਕਰਨ ਲਈ ਮੱਛਰਦਾਨੀਆਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਮੱਛਰਾਂ ਨੂੰ ਮਾਰਨ ਵਰਗੇ ਉਪਰਾਲਿਆਂ ਨੇ ਮਲੇਰੀਆ ਨੂੰ ਘਟਾਉਣ 'ਚ ਮਦਦ ਕੀਤੀ ਹੈ।

ਪਰ ਇਸ ਘਾਤਕ ਬਿਮਾਰੀ ਦਾ ਸਭ ਤੋਂ ਬੁਰਾ ਪ੍ਰਭਾਵ ਅਫ਼ਰੀਕਾ 'ਚ ਮਹਿਸੂਸ ਕੀਤਾ ਜਾਂਦਾ ਹੈ, ਜਿੱਥੇ ਕਿ 2019 'ਚ 2,60,000 ਤੋਂ ਵੀ ਵੱਧ ਬੱਚੇ ਇਸ ਦਾ ਸ਼ਿਕਾਰ ਹੋਏ ਸਨ।

ਵਾਰ-ਵਾਰ ਲਾਗ ਲੱਗਣ ਕਾਰਨ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਿਕਸਿਤ ਹੋਣ ਵਿੱਚ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ ਅਤੇ ਇਹੀ ਸਿਰਫ ਗੰਭੀਰ ਰੂਪ 'ਚ ਬਿਮਾਰ ਹੋਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ।

ਇਹ ਵੀ ਪੜ੍ਹੋ:

ਡਾ. ਕਵਾਮੇ ਐਮੋਨਸਾ-ਅਚਿਆਨੋ ਨੇ ਘਾਨਾ ਵਿਖੇ ਇਸ ਟੀਕੇ ਦਾ ਪ੍ਰੀਖਣ ਕੀਤਾ ਤਾਂਕਿ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਸਮੂਹਿਕ ਟੀਕਾਕਰਣ ਸੰਭਵ ਅਤੇ ਪ੍ਰਭਾਵੀ ਸੀ ਜਾਂ ਫਿਰ ਨਹੀਂ।

ਉਨ੍ਹਾਂ ਨੇ ਕਿਹਾ, "ਸਾਡੇ ਲਈ ਇਹ ਬਹੁਤ ਹੀ ਦਿਲਚਸਪ ਘੜੀ ਹੈ। ਮੇਰਾ ਮੰਨਣਾ ਹੈ ਕਿ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਦੇ ਸ਼ੁਰੂ ਹੋਣ ਨਾਲ ਮਲੇਰੀਏ ਦੇ ਮਾਮਲਿਆਂ ਦੀ ਗਿਣਤੀ ਘੱਟ ਹੋ ਜਾਵੇਗੀ।"

ਬਚਪਨ ਵਿੱਚ ਲਗਾਤਾਰ ਮਲੇਰੀਏ ਦੀ ਲਪੇਟ 'ਚ ਆਉਣ ਵਾਲੇ ਡਾ. ਕਵਾਮੇ ਨੂੰ ਘਾਨਾ ਵਿਖੇ ਇੱਕ ਡਾਕਟਰ ਬਣਨ ਦੀ ਪ੍ਰੇਰਣਾ ਮਿਲੀ।

ਉਨ੍ਹਾਂ ਨੇ ਮੈਨੂੰ ਦੱਸਿਆ,''ਇਹ ਬਹੁਤ ਹੀ ਮੰਦਭਾਗਾ ਸੀ, ਲਗਭਗ ਹਰ ਹਫ਼ਤੇ ਤੁਸੀਂ ਸਕੂਲ ਤੋਂ ਬਾਹਰ ਹੁੰਦੇ ਸੀ। ਮਲੇਰੀਆ ਨੇ ਲੰਮੇ ਸਮੇਂ ਤੱਕ ਮੈਨੂੰ ਆਪਣੀ ਮਾਰ ਹੇਠ ਰੱਖਿਆ।"

ਬੱਚਿਆਂ ਦੀਆਂ ਜਾਨਾਂ ਬਚਾਉਣਾ

ਮਲੇਰੀਆ ਪਰਜੀਵੀ ਦੀਆਂ 100 ਤੋਂ ਵੀ ਵੱਧ ਕਿਸਮਾਂ ਹਨ। ਆਰਟੀਐਸ,ਐਸ ਟੀਕਾ ਉਸ ਕਿਸਮ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਕਿ ਅਫ਼ਰੀਕਾ 'ਚ ਸਭ ਤੋਂ ਵੱਧ ਮਾਰੂ ਅਤੇ ਆਮ ਹੈ, ਜਿਸ ਨੂੰ ਕਿ ਪਲਾਜ਼ਮੋਡੀਅਮ ਫਾਲਸੀਪੈਰਮ ਕਿਹਾ ਜਾਂਦਾ ਹੈ।

2015 'ਚ ਰਿਪੋਰਟ ਕੀਤੇ ਗਏ ਟ੍ਰਾਇਲਾਂ 'ਚ ਵੇਖਿਆ ਗਿਆ ਹੈ ਕਿ ਇਹ ਟੀਕਾ ਮਲੇਰੀਆ ਦੇ 10 'ਚੋਂ ਚਾਰ ਅਤੇ 10 ਗੰਭੀਰ ਮਾਮਲਿਆਂ 'ਚੋਂ ਤਿੰਨ 'ਤੇ ਕਾਬੂ ਪਾਉਣ 'ਚ ਸਫਲ ਰਿਹਾ ਹੈ। ਇਸ ਦੇ ਨਾਲ ਹੀ ਖੂਨ ਚੜ੍ਹਾਉਣ ਦੀ ਲੋੜ ਵਾਲੇ ਬੱਚਿਆਂ ਦੀ ਗਿਣਤੀ 'ਚ ਇੱਕ ਤਿਹਾਈ ਕਮੀ ਆ ਸਕਦੀ ਹੈ।

ਹਾਲਾਂਕਿ ਇਹ ਸ਼ੰਕੇ ਸਨ ਕਿ ਕੀ ਇਹ ਟੀਕਾ ਅਸਲ ਦੁਨੀਆ 'ਚ ਆਪਣਾ ਅਸਰ ਵਿਖਾਏਗਾ, ਕਿਉਂਕਿ ਇਸ ਦੇ ਪ੍ਰਭਾਵਸ਼ਾਲੀ ਹੋਣ ਲਈ ਚਾਰ ਖੁਰਾਕਾਂ ਦੀ ਲੋੜ ਹੁੰਦੀ ਹੈ।

ਪਹਿਲੀਆਂ ਤਿੰਨ ਖੁਰਾਕਾਂ ਇੱਕ ਮਹੀਨੇ ਤੋਂ ਇਲਾਵਾ ਪੰਜ, ਛੇ ਅਤੇ ਸੱਤ ਮਹੀਨੇ ਦੀ ਉਮਰ 'ਚ ਦਿੱਤੀ ਜਾਂਦੀ ਹੈ ਅਤੇ ਚੌਥੀ ਤੇ ਅੰਤਿਮ ਬੂਸਟਰ ਖੁਰਾਕ ਲਗਭਗ 18 ਮਹੀਨਿਆਂ 'ਚ ਦੇਣ ਦੀ ਜ਼ਰੂਰਤ ਹੁੰਦੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਦੋ ਮਾਹਰ ਸਲਾਹਕਾਰ ਸਮੂਹਾਂ ਨੇ ਬੁੱਧਵਾਰ ਨੂੰ ਪਾਇਲਟ ਪ੍ਰੋਗਰਾਮ ਦੀਆਂ ਖੋਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

23 ਲੱਖ ਤੋਂ ਵੀ ਵੱਧ ਖੁਰਾਕਾਂ ਦੇ ਨਤੀਜਿਆਂ ਤੋਂ ਜੋ ਤੱਥ ਸਾਹਮਣੇ ਆਏ ਉਹ ਇਸ ਪ੍ਰਕਾਰ ਹਨ-

  • ਇਹ ਟੀਕਾ ਸੁਰੱਖਿਅਤ ਸੀ ਅਤੇ ਗੰਭੀਰ ਮਲੇਰੀਆ 'ਚ 30% ਕਮੀ ਦਾ ਕਾਰਨ ਬਣਿਆ।
  • ਇਸ ਦੀ ਪਹੁੰਚ ਦੋ-ਤਿਹਾਈ ਤੋਂ ਵੱਧ ਬੱਚਿਆਂ ਤੱਕ ਸੰਭਵ ਹੋ ਗਈ ਹੈ। ਇਹ ਉਹ ਬੱਚੇ ਹਨ ਜਿੰਨ੍ਹਾਂ ਕੋਲ ਮੱਛਰਦਾਨੀ ਨਹੀਂ ਸੀ।
  • ਹੋਰ ਨਿਯਮਤ ਟੀਕਿਆਂ ਜਾਂ ਮਲੇਰੀਆਂ ਨੂੰ ਰੋਕਣ ਦੇ ਹੋਰਨਾਂ ਉਪਾਵਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੈ।
  • ਟੀਕੇ ਦੀ ਲਾਗਤ ਠੀਕ ਪੈ ਰਹੀ ਸੀ।

ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਮਲੇਰੀਆ ਪ੍ਰੋਗਰਾਮ ਦੇ ਡਾਇਰੈਕਟਰ ਡਾ. ਪੇਡਰੋ ਅਲੋਸਨੋ ਨੇ ਕਿਹਾ, " ਵਿਗਿਆਨਕ ਨਜ਼ਰੀਏ ਤੋਂ ਇਹ ਇੱਕ ਵੱਡੀ ਸਫਲਤਾ ਹੈ ਅਤੇ ਜਨਤਕ ਦ੍ਰਿਸ਼ਟੀਕੋਣ ਤੋਂ ਇਹ ਇੱਕ ਇਤਿਹਾਸਕ ਕਾਰਨਾਮਾ ਹੈ।"

"ਅਸੀਂ 100 ਤੋਂ ਵੀ ਵੱਧ ਸਾਲਾਂ ਤੋਂ ਮਲੇਰੀਆ ਦੇ ਟੀਕੇ ਦੀ ਭਾਲ ਕਰ ਰਹੇ ਹਾਂ। ਇਹ ਟੀਕਾ ਅਫ਼ਰੀਕੀ ਬੱਚਿਆਂ ਦੀਆਂ ਜਾਨਾਂ ਬਚਾਏਗਾ ਅਤੇ ਬਿਮਾਰੀ ਦੇ ਫੈਲਾਅ ਨੂੰ ਰੋਕ ਦੇਵੇਗਾ।"

ਮਲੇਰੀਏ ਨੂੰ ਹਰਾਉਣਾ ਇੰਨਾ ਮੁਸ਼ਕਲ ਕਿਉਂ ਹੈ?

ਮੌਜੂਦਾ ਸਮੇਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਬਹੁਤ ਘੱਟ ਸਮੇਂ ਜਾਂ ਕਹਿ ਸਕਦੇ ਹੋ ਕਿ ਰਿਕਾਰਡ ਸਮੇਂ 'ਚ ਟੀਕੇ ਨੂੰ ਵਿਕਸਤ ਕੀਤਾ ਗਿਆ ਹੈ, ਉੱਥੇ ਹੀ ਤੁਸੀਂ ਇਹ ਸੋਚ ਕੇ ਹੈਰਾਨ ਹੋਵੋਗੇ ਕਿ ਮਲੇਰੀਆ ਦੇ ਟੀਕੇ ਦੀ ਭਾਲ 'ਚ ਇੰਨ੍ਹਾਂ ਸਮਾਂ ਕਿਉਂ ਲੱਗਿਆ?

ਮਲੇਰੀਆ ਇੱਕ ਪਰਜੀਵੀ ਦੇ ਕਾਰਨ ਹੁੰਦਾ ਹੈ, ਜੋ ਕਿ ਕੋਵਿਡ ਦਾ ਕਾਰਨ ਬਣਨ ਵਾਲੇ ਵਾਇਰਸ ਤੋਂ ਕਿਤੇ ਵੱਧ ਮਾਰੂ ਹੈ।

ਇਨ੍ਹਾਂ ਦੋਵਾਂ ਦੀ ਤੁਲਨਾ ਕਰਨਾ ਇੱਕ ਵਿਅਕਤੀ ਅਤੇ ਗੋਭੀ ਦੀ ਤੁਲਨਾ ਕਰਨ ਦੇ ਬਰਾਬਰ ਹੈ।

ਮਲੇਰੀਆ ਮਨੁੱਖੀ ਸਰੀਰ ਦੇ ਅੰਦਰ ਵੱਖੋ ਵੱਖ ਰੂਪਾਂ ਦੇ ਵਿਚਕਾਰ ਰੂਪਾਂਤਰਿਤ ਹੁੰਦਾ ਹੈ, ਕਿਉਂਕਿ ਇਹ ਜਿਗਰ ਦੇ ਸੈੱਲਾਂ ਅਤੇ ਲਾਲ ਰਕਤਾਣੂਆਂ ਨੂੰ ਲਾਗ ਲਗਾਉਂਦਾ ਹੈ।

ਵੈਕਸੀਨ ਸਿਰਫ 40% ਹੀ ਪ੍ਰਭਾਵੀ ਹੈ। ਹਾਲਾਂਕਿ ਇਹ ਅਜੇ ਵੀ ਇੱਕ ਬਾਕਮਾਲ ਸਫਲਤਾ ਹੈ ਅਤੇ ਇਹ ਹੋਰ ਵਧੇਰੇ ਸ਼ਕਤੀਸ਼ਾਲੀ ਟੀਕਿਆਂ ਲਈ ਰਾਹ ਵੀ ਪੱਧਰਾ ਕਰੇਗੀ।

ਇਸ ਵੈਕਸੀਨ ਨੂੰ ਵੱਡੀ ਦਵਾਈ ਨਿਰਮਾਤਾ ਕੰਪਨੀ ਜੀਐਸਕੇ (GSK) ਵੱਲੋਂ ਵਿਕਸਤ ਕੀਤਾ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਟੀਕੇ ਦੀ ਵਰਤੋਂ ਅਫ਼ਰੀਕਾ ਤੋਂ ਬਾਹਰ ਨਹੀਂ ਕੀਤੀ ਜਾਵੇਗੀ, ਜਿੱਥੇ ਕਿ ਮਲੇਰੀਆ ਦੇ ਵੱਖੋ ਵੱਖਰੇ ਰੂਪ ਮੌਜੂਦ ਹਨ ਅਤੇ ਇਹ ਟੀਕਾ ਉਨ੍ਹਾਂ ਤੋਂ ਬਚਾਅ ਨਹੀਂ ਕਰ ਸਕਦਾ ਹੈ।

ਪਾਥ ਮਲੇਰੀਆ ਵੈਕਸੀਨ ਪਹਿਲਕਦਮੀ ਦੇ ਡਾਕਟਰ ਐਸ਼ਲੇ ਬਿਰਕੇਟ ਦਾ ਕਹਿਣਾ ਹੈ ਕਿ ਇਸ ਟੀਕੇ ਨੂੰ ਰੋਲਆਊਟ ਕਰਾਉਣਾ ਇੱਕ ਇਤਿਹਾਸਕ ਘਟਨਾ ਸੀ ਜੋ ਕਿ ਪਰਿਵਾਰਾਂ ਦੇ ਮਨਾਂ 'ਚੋਂ ਡਰ ਬਾਹਰ ਕੱਢੇਗੀ ।

ਉਨ੍ਹਾਂ ਨੇ ਮੈਨੂੰ ਕਿਹਾ ਕਿ "ਕਲਪਨਾ ਕਰੋ ਕਿ ਤੁਹਾਡਾ ਛੋਟਾ ਬੱਚਾ ਇੱਕ ਦਿਨ ਸਿਹਤਮੰਦ ਅਤੇ ਹਰ ਕੰਮ ਕਰਨ ਦੇ ਯੋਗ ਹੋ ਸਕਦਾ ਹੈ ਪਰ ਆਪਣੇ ਦੋਸਤਾਂ ਨਾਲ ਖੇਡਦਿਆਂ ਜਾਂ ਮੰਜੇ 'ਤੇ ਸੁੱਤਿਆਂ, ਕਿਸੇ ਮੱਛਰ ਦੇ ਕੱਟਣ ਨਾਲ ਉਹ ਕੁਝ ਹੀ ਹਫ਼ਤਿਆਂ ਵਿੱਚ ਮਰ ਸਕਦਾ ਹੈ।"

ਮਲੇਰੀਆ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ। ਇਹ ਇੱਕ ਡਰਾਉਣੀ ਅਤੇ ਸਹਿਮ ਪੈਦਾ ਕਰਨ ਵਾਲੀ ਬਿਮਾਰੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)