ਪਾਕਿਸਤਾਨ ਵਿੱਚ ਭੂਚਾਲ ਕਾਰਨ ਘੱਟੋ-ਘੱਟ 20 ਮੌਤਾਂ, ਦਰਜਨਾਂ ਫੱਟੜ

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਹਰਨਾਈ ਵਿਚ ਆਏ ਭੂਚਾਲ ਕਾਰਨ ਘੱਟੋ ਘੱਟ 20 ਲੋਕਾਂ ਦੇ ਮਰਨ ਅਤੇ 150 ਦੇ ਕਰੀਬ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਪਾਕਿਸਤਾਨ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਆਏ ਭੂਚਾਲ ਵਿੱਚ 20 ਜਣਿਆਂ ਦੀ ਜਾਨ ਚਲੀ ਗਈ ਹੈ।

ਆਫ਼ਤ ਪ੍ਰਬੰਧਨ ਦੇ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਲੋਕਾਂ ਨੂੰ ਭੂਚਾਲ ਤੋਂ ਬਾਅਦ ਬਾਹਰ ਸੜਕਾਂ ਉੱਪਰ ਘੁੰਮਦਿਆਂ ਦੇਖਿਆ ਜਾ ਸਕਦਾ ਹੈ।

ਮੁਢਲੀਆਂ ਰਿਪੋਰਟਾਂ ਮੁਤਾਬਕ ਇਹ ਭੂਚਾਲ ਰਿਕਟਰ ਪੈਮਾਨੇ ਉੱਪਰ 5.7 ਦੀ ਤੀਬਰਤਾ ਵਾਲਾ ਹੋ ਸਕਦਾ ਹੈ।

ਅਧਿਕਾਰੀਆਂ ਮੁਤਾਬਕ ਲੋਕਾਂ ਦੀ ਮੌਤ ਭੂਚਾਲ ਦੀ ਵਜ੍ਹਾ ਨਾਲ ਇਮਾਰਤਾਂ ਡਿੱਗਣ ਕਾਰਨ ਹੋਈ।

ਸਥਾਨਕ ਖ਼ਬਰ ਚੈਨਲ ਜੀਓ ਟੀਵੀ ਮੁਤਾਬਕ 150 ਹੋਰ ਵਿਅਕਤੀ ਫੱਟੜ ਹੋਏ ਹੋ ਸਕਦੇ ਹਨ। ਕਈਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।

ਭੂਚਾਲ ਦੋ-ਤਿੰਨ ਵਜੇ ਆਇਆ ਅਤੇ ਇਸ ਨੇ ਹਰਨਾਈ ਜ਼ਿਲ੍ਹੇ ਸਮੇਤ ਬਲੋਚਿਸਤਾਨ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।

ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਨੁਕਸਾਨ ਹਰਨਾਈ ਜ਼ਿਲ੍ਹੇ ਵਿੱਚ ਹੋਇਆ ਜਾਪਦਾ ਹੈ।

ਹਰਨਾਈ ਜ਼ਿਲ੍ਹਾ ਬਲੋਚਿਸਤਾਨ ਦੀ ਸੂਬਾਈ ਰਾਜਧਾਨੀ ਕੁਏਟਾ ਦੇ ਪੂਰਬ ਵੱਲ ਸਥਿਤ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਕੋਲੇ ਦੀਆਂ ਖਾਣਾਂ ਹਨ।

ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਜ਼ਿਆਉੱਲ੍ਹਾ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਖੇਤਰ ਵੱਲ ਰਵਾਨਾ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਕਈ ਇਲਾਕਿਆਂ ਵਿੱਚੋਂ ਹਵਾਈ ਫਾਇਰਿੰਗ ਦੀਆਂ ਵੀ ਖ਼ਬਰਾਂ ਹਨ।

ਹਰਨਾਈ ਅਤੇ ਕੁਏਟਾ ਵਿੱਚ ਹੋਏ ਨੁਕਸਾਨ ਦੇ ਮੱਦੇਨਜ਼ਰ ਮੈਡੀਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਹਰਨਾਈ ਦੇ ਇੱਕ ਸਥਾਨਕ ਪੱਤਰਕਾਰ ਯਜ਼ਦਾਨੀ ਤਾਰੀਨ ਮੁਤਾਬਕ ਭੂਚਾਨ ਕਾਰਨ ਇੱਥੋਂ ਦੇ ਅੰਦਰੂਨੀ ਇਲਾਕਿਆਂ ਵਿੱਚ ਘਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)