ਅਮਰੀਕਾ-ਮੈਕਸੀਕੋ ਸਰਹੱਦ 'ਤੇ ਇੰਨੀ ਵੱਡੀ ਗਿਣਤੀ ਵਿੱਚ ਹੈਤੀ ਨਾਗਰਿਕ ਇਕੱਠੇ ਕਿਉਂ ਹੋ ਗਏ ਹਨ

    • ਲੇਖਕ, ਬਰਲਡ ਡੈਬੁਸਮਨ
    • ਰੋਲ, ਬੀਬੀਸੀ ਨਿਊਜ਼, ਵਾਸ਼ਿੰਗਟਨ

ਹਜ਼ਾਰਾਂ ਪਰਵਾਸੀ, ਮੁੱਖ ਤੌਰ 'ਤੇ ਹੈਤੀ ਪਰਵਾਸੀ ਅਜੇ ਵੀ ਅਮਰੀਕੀ ਸਰਹੱਦ ਤੇ ਡੇਰਾ ਲਾਈ ਬੈਠੇ ਹਨ।

ਇੱਥੇ ਉਨ੍ਹਾਂ ਨੂੰ ਭੋਜਨ ਅਤੇ ਸਵੱਛਤਾ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੇ ਬਹੁਤ ਔਖਿਆਈ ਝੱਲੀ ਹੈ।

ਪਿਛਲੇ ਹਫਤੇ ਦੇ ਅੰਤ 'ਚ, ਤਕਰੀਬਨ 13,000 ਪਰਵਾਸੀ (ਹੋਣ ਵਾਲੇ) ਲੋਕ ਇੱਕ ਪੁਲ ਹੇਠਾਂ ਇੱਕਠੇ ਹੋਏ ਜੋ ਕਿ ਟੈਕਸਾਸ ਦੇ ਡੇਲ ਰਿਓ ਨੂੰ ਮੈਕਸੀਕੋ ਦੇ ਸਿਉਦੈਦ ਅਕੁਨਾ ਨਾਲ ਜੋੜਦਾ ਹੈ।

ਬਹੁਤ ਸਾਰੇ ਪਰਵਾਸੀ ਕੁਦਰਤੀ ਆਫ਼ਤਾਂ, ਗਰੀਬੀ ਤੇ ਸਿਆਸੀ ਉਥਲ-ਪੁਥਲ ਤੋਂ ਭੱਜ ਰਹੇ ਹਨ ਤੇ ਸਰਹੱਦ 'ਤੇ ਪਹੁੰਚਣ ਲਈ ਲਾਤੀਨੀ ਅਮਰੀਕਾ ਤੋਂ ਹੁੰਦਿਆਂ ਹੋਇਆਂ ਇੱਕ ਜੋਖ਼ਮ ਭਰੀ ਯਾਤਰਾ ਕਰ ਰਹੇ ਹਨ।

ਇਹ ਪਰਵਾਸੀ ਕੌਣ ਹਨ?

ਡੇਲ ਰਿਓ ਦੇ ਪਰਵਾਸੀ ਕੈਂਪਾਂ ਵਿੱਚ ਕਈ ਦੇਸ਼ਾਂ ਦੇ ਨਾਗਰਿਕਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਡੋਮਿਨਿਕਨਜ਼, ਵੈਨੇਜ਼ੁਏਲਿਅਨ ਅਤੇ ਕਿਊਬਨ ਸ਼ਾਮਲ ਹਨ, ਪਰ ਇੱਥੇ ਵੱਡੀ ਗਿਣਤੀ ਹੈਤੀ ਲੋਕਾਂ ਦੀ ਹੈ।

ਹੈਤੀ ਵਾਸੀਆਂ ਵਿੱਚੋਂ, ਇੱਕ ਵੱਡੀ ਸੰਖਿਆ ਉਨ੍ਹਾਂ ਲੋਕਾਂ ਦੀ ਸੀ ਜੋ ਸਾਲ 2010 ਵਿੱਚ ਦੇਸ਼ 'ਚ ਆਏ ਭਿਆਨਕ ਭੂਚਾਲ ਤੋਂ ਬਾਅਦ ਭੱਜ ਗਏ ਸਨ।

ਇਨ੍ਹਾਂ ਨੇ ਬ੍ਰਾਜ਼ੀਲ ਸਣੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਵਿੱਚ ਪਨਾਹ ਲੈ ਲਈ ਸੀ।

ਹੈਤੀ ਦੇਸ਼ ਨੇ ਕਈ ਸਾਲਾਂ ਤੱਕ ਰਾਜਨੀਤਕ ਅਸਥਿਰਤਾ ਝੱਲੀ ਹੈ, ਇਨ੍ਹਾਂ ਹਾਲਾਤ ਦੇ ਕਾਰਨ ਹੀ ਇਸੇ ਸਾਲ ਜੁਲਾਈ ਵਿੱਚ ਉੱਥੋਂ ਦੇ ਰਾਸ਼ਟਰਪਤੀ ਜੋਵੇਨੇਲ ਮੋਇਜ਼ੇ ਦੀ ਹੱਤਿਆ ਕਰ ਦਿੱਤੀ ਗਈ ਸੀ।

ਫਿਰ ਅਗਲੇ ਮਹੀਨੇ, ਦੇਸ਼ ਨੂੰ ਇੱਕ ਹੋਰ ਘਾਤਕ ਭੂਚਾਲ ਦਾ ਸਾਹਮਣਾ ਕਰਨਾ ਪਿਆ।

ਕੈਟੀਆਨਾ ਐਂਗਲੇਡ ਦਾ ਕਹਿਣਾ ਹੈ ਕਿ ਸਾਲਾਂ ਤੋਂ ਕੁਦਰਤੀ ਆਫ਼ਤਾਂ ਅਤੇ ਰਾਜਨੀਤਿਕ ਅਸ਼ਾਂਤੀ ਦੇ ਸੁਮੇਲ ਨੇ ਬਹੁਤ ਸਾਰੇ ਹੈਤੀ ਵਾਸੀਆਂ ਕੋਲ "ਬਚਾਉਣ ਲਈ ਕੁਝ ਵੀ ਨਹੀਂ ਛੱਡਿਆ।"

ਕੈਟੀਆਨਾ ਐਂਗਲੇਡ, ਵਾਸ਼ਿੰਗਟਨ ਸਥਿਤ ਲੈਂਬੀ ਫੰਡ ਆਫ ਹੈਤੀ ਦੀ ਹੈਤੀਆਈ ਜੰਮਪਲ, ਵਿਕਾਸ ਅਤੇ ਸੰਚਾਲਨ ਨਿਰਦੇਸ਼ਕ ਹਨ।

ਉਹ ਕਹਿੰਦੇ ਹਨ, "ਹੈਤੀ ਵਿਚ ਜ਼ਮੀਨ 'ਤੇ ਰਹਿ ਰਹੇ ਲੋਕਾਂ ਲਈ ਉਮੀਦ ਦੀ ਵੱਡੀ ਘਾਟ ਸੀ। ਇੱਥੇ ਸਿਰਫ਼ ਇੱਕ ਤੋਂ ਬਾਅਦ ਇੱਕ ਝਟਕਾ ਤੇ ਇੱਕ ਤੋਂ ਬਾਅਦ ਇੱਕ ਸਦਮਾ ਲੱਗ ਰਿਹਾ ਸੀ।"

ਯੂਐੱਸ-ਮੈਕਸੀਕੋ ਸਰਹੱਦ 'ਤੇ ਮੌਜੂਦ ਬਹੁਤ ਸਾਰੇ ਹੈਤੀ ਵਾਸੀਆਂ ਨੇ ਦੱਖਣੀ ਅਮਰੀਕਾ ਤੋਂ ਇੱਕ ਲੰਬੀ ਅਤੇ ਮੁਸ਼ਕਲ ਯਾਤਰਾ ਦਾ ਅਨੁਭਵ ਕੀਤਾ।

ਇਹ ਵੀ ਪੜ੍ਹੋ-

ਰੈਲਫ਼ ਥਾਮਸੈਨਟ, ਹੈਤੀਅਨ ਨਿਊਜ਼ ਆਊਟਲੇਟ 'ਆਇਬੋਪੋਸਟ' ਦੇ ਪੱਤਰਕਾਰ ਹਨ, ਜੋ ਇਸ ਹਫ਼ਤੇ ਪਰਵਾਸੀਆਂ ਤੋਂ ਜਾਣਕਾਰੀ ਲੈਣ ਲਈ ਡੇਲ ਰਿਓ ਗਏ ਸਨ।

ਰੈਲਫ਼ ਕਹਿੰਦੇ ਹਨ ਕਿ ਜ਼ਿਆਦਾਤਰ ਪਰਵਾਸੀਆਂ ਕੋਲ ਯਾਤਰਾ ਬਾਰੇ "ਇੱਕ ਦੁਖਦਾਈ ਕਹਾਣੀ" ਸੀ।

ਉਹ ਕਹਿੰਦੇ ਹਨ, "ਇਸ ਯਾਤਰਾ ਦੌਰਾਨ ਬਹੁਤ ਸਾਰੀਆਂ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਅਤੇ ਬਹੁਤ ਸਾਰੇ ਲੋਕ ਮਾਰੇ ਗਏ।"

"ਤੁਹਾਡੇ ਰਸਤੇ ਵਿੱਚ ਚੋਰ ਅਤੇ ਬਦਮਾਸ਼ ਹਨ ਅਤੇ ਉਹ ਲੋਕ ਵੀ ਹਨ ਜਿਨ੍ਹਾਂ ਨੂੰ ਤੁਹਾਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਲਈ ਪੈਸੇ ਦੇਣੇ ਪੈਂਦੇ ਹਨ।"

ਪਰ ਉਹ ਲੋਕ ਆ ਕਿਉਂ ਰਹੇ ਹਨ?

ਸਰਹੱਦ 'ਤੇ ਮੌਜੂਦ ਹੈਤੀ ਦੇ ਲੋਕਾਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਅਸਲ ਵਿੱਚ ਬ੍ਰਾਜ਼ੀਲ ਵਿੱਚ ਰਹਿ ਰਹੇ ਸਨ।

ਇਹ ਲੋਕ 2016 ਦੇ ਸਮਰ ਓਲੰਪਿਕਸ ਅਤੇ 2014 ਵਿਸ਼ਵ ਕੱਪ ਦੇ ਦੌਰਾਨ ਨੌਕਰੀਆਂ ਮਿਲਣ ਦੇ ਵਾਅਦਿਆਂ 'ਤੇ ਬ੍ਰਾਜ਼ੀਲ ਆ ਵਸੇ ਸਨ।

ਜਦੋਂ ਉਹ ਨੌਕਰੀਆਂ ਖ਼ਤਮ ਹੋ ਗਈਆਂ ਤਾਂ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਲਾਤੀਨੀ ਅਮਰੀਕਾ ਦੇ ਦੂਜੇ ਦੇਸ਼ਾਂ ਵੱਲ ਜਾਣ ਲੱਗੇ।

ਰੈਲਫ਼ ਕਹਿੰਦੇ ਹਨ, "ਬ੍ਰਾਜ਼ੀਲ ਤੋਂ ਬਾਅਦ, ਬਹੁਤ ਸਾਰੇ ਹੈਤੀ ਲੋਕ ਚਿਲੀ ਚਲੇ ਗਏ। ਉੱਥੇ ਨਿਰਮਾਣ ਖੇਤਰ ਵਿੱਚ ਕੰਮ ਦੇ ਮੌਕੇ ਸਨ। ਉਸ ਸਮੇਂ, ਉਨ੍ਹਾਂ ਲਈ ਉੱਥੇ ਜਾਣਾ ਬਹੁਤ ਸੌਖਾ ਸੀ। ਉਨ੍ਹਾਂ ਨੂੰ ਵੀਜ਼ੇ ਦੀ ਵੀ ਜ਼ਰੂਰਤ ਨਹੀਂ ਸੀ।"

ਪਰ ਬਾਅਦ ਵਿੱਚ ਸਖਤ ਪ੍ਰਵਾਸ ਨੀਤੀਆਂ ਦੇ ਕਾਰਨ ਬਹੁਤ ਸਾਰੇ ਹੈਤੀ ਵਾਸੀ ਚਿਲੀ ਵੀ ਛੱਡ ਗਏ।

ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਹੈਤੀਆਂ ਨੂੰ ਜਾਰੀ ਕੀਤੇ ਗਏ ਵੀਜ਼ਿਆਂ ਦੀ ਗਿਣਤੀ ਲਗਭਗ 3,000 ਹੈ, ਜੋ ਕਿ ਸਾਲ 2018 ਦੀ ਗਿਣਤੀ 1,26,000 ਤੋਂ ਬਹੁਤ ਜ਼ਿਆਦਾ ਘੱਟ ਹੈ।

ਦੱਖਣੀ ਅਮਰੀਕਾ ਤੋਂ ਹੈਤੀ ਵਾਸੀ ਇਸ ਝੂਠੀ ਉਮੀਦ ਜਾਂ ਅਫਵਾਹਾਂ 'ਤੇ ਭਰੋਸਾ ਕਰਕੇ ਉੱਤਰ 'ਚ ਅਮਰੀਕਾ ਵੱਲ ਵਧੇ ਕਿ ਉੱਥੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।

ਰੈਲਫ਼ ਅਨੁਸਾਰ, "ਜੋ ਲੋਕ ਸਾਡੇ ਕੋਲ ਯੂਐੱਸ ਦੀਆਂ ਸਰਹੱਦਾਂ 'ਤੇ ਮੌਜੂਦ ਹਨ ਉਹ ਅਜਿਹੇ ਲੋਕ ਹਨ ਜੋ ਪੰਜ, ਛੇ ਜਾਂ ਸੱਤ ਸਾਲ ਪਹਿਲਾਂ ਨਿੱਕਲੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਨੌਕਰੀਆਂ ਲੱਭਣ ਵਿੱਚ ਅਸਫ਼ਲ ਰਹੇ।"

ਐਂਗਲੇਡ ਕਹਿੰਦੇ ਹਨ ਕਿ ਬਹੁਤ ਸਾਰੇ ਇਹ ਸੁਣ ਕੇ ਯੂਐੱਸ ਵੱਲ ਜਾਂਦੇ ਹਨ ਕਿ ਜੇ ਉਹ ਦਾਖ਼ਲੇ ਵਾਲੀ ਬੰਦਰਗਾਹ 'ਤੇ ਪਹੁੰਚ ਗਏ ਤਾਂ ਉਨ੍ਹਾਂ ਲਈ "ਉਹ ਦਰਵਾਜ਼ਾ ਖੁੱਲ ਜਾਵੇਗਾ।"

ਉਨ੍ਹਾਂ ਅੱਗੇ ਕਿਹਾ, "ਉਹ ਸੋਚਦੇ ਹਨ ਕਿ ਜੇ ਉਹ ਸਰਹੱਦ 'ਤੇ ਪਹੁੰਚ ਜਾਣ ਤਾਂ ਉਨ੍ਹਾਂ ਕੋਲ ਬਿਹਤਰ ਮੌਕਾ ਹੋਵੇਗਾ। ਪਰ ਜਿੱਥੇ ਉਹ ਅਸਲ ਵਿੱਚ ਪਹੁੰਚਦੇ ਹਨ ਉਹ ਕੇਵਲ ਦਰਦਨਾਕ ਹਾਲਾਤ ਹਨ।"

"ਇਹ ਦੱਸਣ ਜਾਂ ਬਿਆਨ ਕਰਨ ਲਈ ਸ਼ਬਦ ਨਹੀਂ ਹਨ ਕਿ ਇਹ ਵੇਖਣਾ ਕਿੰਨਾ ਦੁਖਦਾਈ ਹੈ ਕਿ ਉਹ ਲੋਕ ਉਸ ਪੁਲ ਦੇ ਹੇਠਾਂ ਕਿਹੜੇ ਹਾਲਾਤ 'ਚੋਂ ਲੰਘ ਰਹੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਜ਼ਮੀਨੀ ਹਾਲਾਤ ਕੀ ਹਨ?

ਵੀਰਵਾਰ ਨੂੰ, ਯੂਐੱਸ ਅਧਿਕਾਰੀਆਂ ਨੇ ਕਿਹਾ ਕਿ ਲਗਭਗ 4,000 ਪਰਵਾਸੀ ਪੁਲ ਦੇ ਹੇਠਾਂ ਰਹੇ।

ਕਈ ਹਜ਼ਾਰ ਪਹਿਲਾਂ ਹੀ ਮੈਕਸੀਕੋ ਵਾਪਸ ਭੇਜ ਦਿੱਤੇ ਗਏ ਹਨ, ਜਦਕਿ ਲਗਭਗ 3200 ਪਰਵਾਸੀ ਹਿਰਾਸਤ ਵਿੱਚ ਹਨ ਅਤੇ ਕਾਰਵਾਈ ਦੀ ਉਡੀਕ ਕਰ ਰਹੇ ਹਨ।

ਇਸ ਤੋਂ ਇਲਾਵਾ, ਅਮਰੀਕੀ ਸਰਕਾਰ ਦੀ ਟਾਈਟਲ 42 ਨੀਤੀ ਦੇ ਤਹਿਤ ਜਿਸ ਦਾ ਮੁੱਖ ਉਦੇਸ਼ ਸਹੂਲਤਾਂ ਬਣਾਈ ਰੱਖਦੇ ਹੋਏ ਕੋਵਿਡ-19 ਨੂੰ ਫੈਲਣ ਤੋਂ ਰੋਕਣਾ ਹੈ, ਹੁਣ ਤੱਕ ਲਗਭਗ 1400 ਨੂੰ ਹੈਤੀ ਵਾਪਸ ਭੇਜ ਦਿੱਤਾ ਗਿਆ ਹੈ।

ਜੇਨ ਬਡ ਇੱਕ ਪਰਵਾਸੀ ਅਧਿਕਾਰ ਕਾਰਕੁਨ ਹਨ, ਜੋ ਬੁੱਧਵਾਰ ਨੂੰ ਘਟਨਾ ਸਥਾਨ 'ਤੇ ਮੌਜੂਦ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ ਨੈਸ਼ਨਲ ਗਾਰਡ ਕਰਮਚਾਰੀਆਂ ਨੇ ਖੇਤਰ ਨੂੰ "ਪੂਰੀ ਤਰ੍ਹਾਂ ਬੰਦ" ਕਰ ਦਿੱਤਾ ਹੈ।

ਸਾਬਕਾ ਬਾਰਡਰ ਪੈਟਰੋਲਿੰਗ ਏਜੰਟ ਰਹੇ ਬਡ ਕਹਿੰਦੇ ਹਨ, "ਕਾਨੂੰਨ ਨੂੰ ਪਤਾ ਲੱਗੇ ਬਗੈਰ ਤੁਸੀਂ ਇੱਥੇ ਸਾਂਹ ਵੀ ਨਹੀਂ ਲੈ ਸਕਦੇ।"

"ਉਹ ਇੱਥੇ ਸਫਾਇਆ ਕਰ ਰਹੇ ਹਨ ਅਤੇ ਹਰ ਚੀਜ਼ ਤੋਂ ਛੁਟਕਾਰਾ ਪਾ ਰਹੇ ਹਨ ਅਤੇ ਉਨ੍ਹਾਂ ਨੇ ਨਦੀ ਤੱਕ ਪਹੁੰਚ ਵੀ ਬੰਦ ਕਰ ਦਿੱਤੀ ਹੈ।"

ਇਸ ਦੌਰਾਨ, ਦੱਖਣੀ ਅਮਰੀਕੀ ਦੇਸ਼ਾਂ ਤੋਂ ਹੋਰ ਵਧੇਰੇ ਹੈਤੀਅਨ ਉੱਤਰ ਵੱਲ ਵਧ ਰਹੇ ਹਨ।

ਕੋਲੰਬੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 19,000 ਪਰਵਾਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਹੈਤੀ ਹਨ, ਕੋਲੰਬੀਆ ਵਿੱਚ ਸਰਹੱਦ ਪਾਰ ਕਰਕੇ ਪਨਾਮਾ ਜਾਣ ਦੀ ਉਡੀਕ ਵਿੱਚ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)