ਹਿਟਲਰ ਦੇ ਨਾਜ਼ੀਵਾਦ ਤੋਂ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਾਲੀ ਮੂਰੀਅਲ ਗਾਰਡੀਨਰ

1918 ਵਿੱਚ ਵੈਲਸਲੀ ਕਾਲਜ ਵਿੱਚ ਲਈ ਗਈ ਮੂਰੀਅਲ ਦੀ ਤਸਵੀਰ

ਤਸਵੀਰ ਸਰੋਤ, Connie Harvey/Freud Museum London

ਤਸਵੀਰ ਕੈਪਸ਼ਨ, 1918 ਵਿੱਚ ਵੈਲਸਲੀ ਕਾਲਜ ਵਿੱਚ ਲਈ ਗਈ ਮੂਰੀਅਲ ਦੀ ਤਸਵੀਰ
    • ਲੇਖਕ, ਟਿਮ ਸਟੋਕਸ
    • ਰੋਲ, ਬੀਬੀਸੀ ਪੱਤਰਕਾਰ

ਮੂਰੀਅਲ ਗਾਰਡੀਨਰ ਨੂੰ ਸਿਗਮੰਡ ਫਰਾਇਡ ਦੇ ਕੰਮ ਵਿੱਚ ਬਹੁਤ ਦਿਲਚਸਪੀ ਸੀ, ਜਿਸ ਕਾਰਨ ਹੀ ਉਹ 1920 ਦੇ ਦਹਾਕੇ ਵਿੱਚ ਦਵਾਈ ਸੰਬੰਧੀ ਪੜ੍ਹਾਈ ਲਈ ਵਿਆਨਾ (ਆਸਟ੍ਰੀਆ) ਪਹੁੰਚੀ।

ਇੱਥੇ ਅਮੀਰ ਅਮਰੀਕੀ ਪਰਿਵਾਰ ਨਾਲ ਸਬੰਧਿਤ ਇਸ ਕੁੜੀ ਨੇ ਫਾਸੀਵਾਦ ਵਿਰੁੱਧ ਲੜਾਈ ਵਿੱਚ ਹਿੱਸਾ ਲਿਆ ਅਤੇ ਅਣਗਿਣਤ ਜਾਨਾਂ ਬਚਾਉਣ ਵਿੱਚ ਸਹਾਇਤਾ ਕੀਤੀ।

ਉਨ੍ਹਾਂ ਦੁਆਰਾ ਕੀਤੇ ਗਏ ਬਹਾਦਰੀ ਦੇ ਕੰਮਾਂ ਨਾਲ ਪ੍ਰੇਰਿਤ ਇੱਕ ਫਿਲਮ ਵੀ ਬਣਾਈ ਗਈ ਜਿਸ ਲਈ ਵੈਨੇਸਾ ਰੈਡਗ੍ਰੇਵ ਨੂੰ ਆਸਕਰ ਮਿਲਿਆ।

ਪਰ ਉਹ ਕਿਹੜੀਆਂ ਘਟਨਾਵਾਂ ਸਨ ਜਿਨ੍ਹਾਂ ਨੇ ਮੂਰੀਅਲ ਦੇ ਜੀਵਨ ਨੂੰ ਇਹ ਅਸਾਧਾਰਨ ਰੂਪ ਦਿੱਤਾ?

ਬਹੁਤ ਅਮੀਰ ਪਰਿਵਾਰ ਦੀ ਧੀ

ਆਸਟ੍ਰੀਆ 'ਤੇ ਨਾਜ਼ੀਆਂ ਦਾ ਕਬਜ਼ਾ ਹੋ ਚੁੱਕਿਆ ਸੀ। ਨਵੰਬਰ ਦੀ ਇੱਕ ਸਵੇਰ ਮੂਰੀਅਲ ਗਾਰਡੀਨਰ ਹੋਟਲ ਦੇ ਇੱਕ ਕਮਰੇ ਵਿੱਚ ਸੁੱਤੇ ਸਨ ਜਦੋਂ ਦਰਵਾਜ਼ੇ 'ਤੇ ਤੇਜ਼ ਦਸਤਕ ਨੇ ਉਨ੍ਹਾਂ ਨੂੰ ਜਗਾ ਦਿੱਤਾ।

ਆਸਟ੍ਰੀਆ ਜਾਣ ਤੋਂ ਪਹਿਲਾਂ ਗਾਰਡੀਨਰ ਓਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦੀ ਸੀ

ਤਸਵੀਰ ਸਰੋਤ, Connie Harvey/Freud Museum London

ਤਸਵੀਰ ਕੈਪਸ਼ਨ, ਆਸਟ੍ਰੀਆ ਜਾਣ ਤੋਂ ਪਹਿਲਾਂ ਗਾਰਡੀਨਰ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦੀ ਸੀ

ਦਰਵਾਜ਼ਾ ਖੋਲ੍ਹਿਆ ਤਾਂ ਪਤਾ ਲੱਗਾ ਕਿ ਇੱਕ ਗੇਸਟਾਪੋ ਅਫਸਰ ਉਨ੍ਹਾਂ ਤੋਂ ਇਹ ਜਾਣਨ ਆਇਆ ਸੀ ਕਿ ਮੂਰੀਅਲ ਇਸ ਦੇਸ਼ ਵਿੱਚ ਕੀ ਕਰ ਰਹੇ ਸਨ?

ਅਫਸਰ ਦੀ ਗੱਲ ਸੁਣ ਕੇ ਮੈਡੀਕਲ ਗ੍ਰੈਜੂਏਟ ਮੂਰੀਅਲ ਦੇ ਦਿਲ ਦੀ ਧੜਕਣ ਵੱਧ ਗਈ, ਫਿਰ ਉਨ੍ਹਾਂ ਨੇ ਬੜੀ ਹੀ ਨਰਮੀ ਨਾਲ ਜਵਾਬ ਦਿੱਤਾ ਕਿ ਉਹ ਬੱਸ ਇੱਕ ਸੈਲਾਨੀ ਵਜੋਂ ਲਿਨਜ਼ ਸ਼ਹਿਰ ਘੁੰਮਣ ਆਏ ਸਨ।

ਉਨ੍ਹਾਂ ਕੋਲੋਂ ਹੋਰ ਕਈ ਸਵਾਲ ਪੁੱਛਣ ਤੋਂ ਬਾਅਦ ਆਖ਼ਰ ਉਹ ਅਫਸਰ ਉੱਥੋਂ ਚਲਾ ਗਿਆ।

ਸ਼ਾਇਦ ਜੇ ਉਹ ਅਫ਼ਸਰ ਹੋਰ ਜਾਂਚ-ਪੜਤਾਲ ਕਰਦਾ, ਤਾਂ ਉਸ ਨੂੰ ਪਤਾ ਲੱਗ ਜਾਂਦਾ ਕਿ ਮੂਰੀਅਲ ਮਹਿਜ਼ ਇੱਕ ਸੈਲਾਨੀ ਨਹੀਂ ਸਨ।

ਇਹ ਵੀ ਪੜ੍ਹੋ-

ਮੂਰੀਅਲ ਗਾਰਡੀਨਰ ਦਾ ਜਨਮ 1901 ਵਿੱਚ ਸ਼ਿਕਾਗੋ ਦੇ ਮੌਰਿਸ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦਾ ਮੀਟ ਪੈਕਿੰਗ ਉਦਯੋਗ ਸੀ ਜਿਸ ਨੇ ਉਨ੍ਹਾਂ ਨੂੰ ਬਹੁਤ ਅਮੀਰ ਬਣਾ ਦਿੱਤਾ ਸੀ।

ਗਾਰਡੀਨਰ ਨੇ ਲੰਡਨ ਦੇ ਫਰਾਇਡ ਮਿਊਜ਼ੀਅਮ ਦੀ ਸਥਾਪਨਾ ਕੀਤੀ ਸੀ।

ਮਿਊਜ਼ੀਅਮ ਦੇ ਨਿਰਦੇਸ਼ਕ ਕੈਰੋਲ ਸੀਗਲ ਦੱਸਦੇ ਹਨ, "ਬਹੁਤ ਛੋਟੀ ਉਮਰ ਤੋਂ ਹੀ ਉਨ੍ਹਾਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਬਹੁਤ ਬੇਇਨਸਾਫੀ ਹੈ ਕਿ ਉਨ੍ਹਾਂ ਕੋਲ ਇੰਨੀ ਦੌਲਤ ਹੈ ਅਤੇ ਦੂਜੇ ਲੋਕਾਂ ਕੋਲ ਨਹੀਂ ਹੈ।"

"ਰਾਜਨੀਤੀ ਵਿੱਚ ਉਨ੍ਹਾਂ ਦੀ ਕਾਫ਼ੀ ਦਿਲਚਸਪੀ ਹੋਣ ਲੱਗੀ ਸੀ। ਇੱਥੋਂ ਤੱਕ ਕਿ ਜਦੋਂ ਉਹ ਬਹੁਤ ਛੋਟੇ ਸਨ ਤਾਂ ਉਨ੍ਹਾਂ ਨੇ ਔਰਤਾਂ ਦੇ ਵੋਟ ਪਾਉਣ ਦੇ ਅਧਿਕਾਰ ਲਈ ਇੱਕ ਰੈਲੀ ਦਾ ਆਯੋਜਨ ਕੀਤਾ।"

ਟਾਈਟੈਨਿਕ ਦੇ ਡੁੱਬਣ ਨੇ ਕੀਤਾ ਪ੍ਰਭਾਵਿਤ

ਗਾਰਡੀਨਰ ਦੇ ਵਿਚਾਰਾਂ ਨੂੰ 20ਵੀਂ ਸਦੀ ਦੀਆਂ ਸਭ ਤੋਂ ਮਸ਼ਹੂਰ ਘਟਨਾਵਾਂ ਵਿੱਚੋਂ ਇੱਕ, 1912 ਵਿੱਚ ਟਾਈਟੈਨਿਕ ਦੇ ਡੁੱਬਣ, ਨੇ ਬਹੁਤ ਪ੍ਰਭਾਵਿਤ ਕੀਤਾ ਸੀ।

ਆਪਣੀ ਜ਼ਿੰਦਗੀ ਦੇ ਪਿਛਲੇ ਸਾਲਾਂ ਵਿੱਚ ਉਨ੍ਹਾਂ ਨੇ ਆਪਣੇ ਪੋਤੇ ਹਾਲ ਹਾਰਵੇ ਨੂੰ ਦੱਸਿਆ ਸੀ ਕਿ ਉਸ ਸਮੇਂ ਦੇ ਅਖਬਾਰਾਂ ਦੀਆਂ ਰਿਪੋਰਟਾਂ ਵਿੱਚ, ਮਰਨ ਵਾਲਿਆਂ ਵਿੱਚੋਂ ਮਹੱਤਵਪੂਰਨ ਹਸਤੀਆਂ ਬਾਰੇ ਤਾਂ ਸੂਚੀਬੱਧ ਤਰੀਕੇ ਨਾਲ ਦੱਸਿਆ ਗਿਆ ਸੀ।

ਗਾਰਡੀਨਰ ਨੇ 1950 ਦੇ ਦਹਾਕੇ ਵਿੱਚ ਯੂਰਪ ਵਿੱਚ ਲੰਬੀਆਂ ਯਾਤਰਾਵਾਂ ਕੀਤੀਆਂ, ਇਹ ਉਨ੍ਹਾਂ ਦੀ ਇਤਾਲਵੀ ਲਾਈਸੈਂਸ ਹੈ

ਤਸਵੀਰ ਸਰੋਤ, Connie Harvey/Freud Museum London

ਤਸਵੀਰ ਕੈਪਸ਼ਨ, ਗਾਰਡੀਨਰ ਨੇ 1950 ਦੇ ਦਹਾਕੇ ਵਿੱਚ ਯੂਰਪ ਵਿੱਚ ਲੰਬੀਆਂ ਯਾਤਰਾਵਾਂ ਕੀਤੀਆਂ, ਇਹ ਉਨ੍ਹਾਂ ਦੀ ਇਤਾਲਵੀ ਲਾਈਸੈਂਸ ਹੈ

ਪਰ ਬਾਕੀ ਮਰਨ ਵਾਲੇ ਆਮ ਲੋਕਾਂ ਨੂੰ ਸਿਰਫ਼ ''ਸਟੀਰਿਜ'' ਦੱਸਿਆ ਗਿਆ ਸੀ।

ਸਮੁੰਦਰੀ ਜਹਾਜ਼ ਵਿੱਚ ਸਸਤੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਜੋ ਸਥਾਨ ਮੁੱਹਈਆ ਕਰਵਾਇਆ ਜਾਂਦਾ ਹੈ ਉਸ ਨੂੰ ਸਟੀਰਿਜ ਕਹਿੰਦੇ ਹਨ।

ਉਹ ਦੱਸਦੇ ਹਨ, "ਉਹ ਆਪਣੀ ਮਾਂ ਕੋਲ ਗਏ ਅਤੇ ਪੁੱਛਿਆ ਕਿ "ਸਟੀਰਿਜ" ਦਾ ਕੀ ਮਤਲਬ ਹੈ, ਉਨ੍ਹਾਂ ਨੇ ਜਵਾਬ ਦਿੱਤਾ "ਆਮ ਲੋਕ।"

"ਇਹ ਸੁਣ ਕੇ ਉਨ੍ਹਾਂ ਦਾ ਜਿਵੇਂ ਦਿਮਾਗ਼ ਹੀ ਘੁੰਮ ਗਿਆ। 11 ਸਾਲ ਦੀ ਉਮਰ ਵਿੱਚ ਅਚਾਨਕ ਹੀ ਉਹ ਪਰਿਵਾਰ ਦੀ ਉਦਾਰਵਾਦੀ ਮੈਂਬਰ ਬਣ ਗਈ।"

ਮਨੋਵਿਗਿਆਨਕ ਸਿਗਮੰਡ ਫਰਾਇਡ ਨੂੰ ਮਿਲਣ ਪਹੁੰਚੇ ਵਿਆਨਾ

ਮੈਸੇਚਿਉਸੇਟਸ ਦੇ ਮਸ਼ਹੂਰ ਵੈਲਸਲੇ ਕਾਲਜ ਵਿੱਚ ਪੜ੍ਹਾਈ ਕਰਨ ਤੋਂ ਬਾਅਦ, ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।

ਫਿਰ 1926 ਵਿੱਚ ਉਹ ਵਿਆਨਾ ਚਲੇ ਗਏ ਜਿੱਥੇ ਉਨ੍ਹਾਂ ਨੇ ਆਪਣੀ ਧੀ ਕੋਨੀ ਨੂੰ ਜਮਨ ਦਿੱਤਾ ਜੋ ਕਿ ਉਨ੍ਹਾਂ ਦੇ ਇੱਕ ਥੋੜ੍ਹੇ ਸਮੇਂ ਤੱਕ ਚੱਲੇ ਵਿਆਹ ਤੋਂ ਬਾਅਦ ਪੈਦਾ ਹੋਈ ਸੀ।

ਵਿਆਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੀਆ ਵਿੱਚ 1930 ਦੇ ਦਹਾਕੇ ਵਿੱਚ ਫਾਸੀਵਾਦ ਸ਼ਾਸਕ ਆ ਗਏ ਸਨ, ਬਾਅਦ ਵਿੱਚ 1938 ਵਿੱਚ ਜਰਮਨੀ ਨੇ ਆਸਟ੍ਰੀਆ ਉੱਤੇ ਕਬਜ਼ਾ ਕਰ ਲਿਆ

ਉਨ੍ਹਾਂ ਨੂੰ ਉਮੀਦ ਸੀ ਕਿ ਸਤਿਕਾਰਤ ਮਨੋਵਿਗਿਆਨਕ ਸਿਗਮੰਡ ਫਰਾਇਡ ਉਨ੍ਹਾਂ ਦੀ ਜਾਂਚ ਕਰਨਗੇ ਅਤੇ ਇਸੇ ਉਮੀਦ ਦੇ ਨਾਲ ਉਹ ਆਸਟ੍ਰੀਆ ਜਾ ਪਹੁੰਚੇ।

ਫਰਾਇਡ ਕੋਲ ਪਹਿਲਾਂ ਹੀ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਜਿਸ ਕਾਰਨ ਗਾਰਡੀਨਰ ਨੂੰ ਫਰਾਇਡ ਦੇ ਇੱਕ ਸਹਿਯੋਗੀ ਕੋਲ ਭੇਜ ਦਿੱਤਾ ਗਿਆ।

ਪਰ ਇਸ ਦੇ ਬਾਵਜੂਦ ਵੀ ਗਾਰਡੀਨਰ ਦੀ ਦਿਲਚਸਪੀ ਮਨੋਵਿਗਿਆਨ ਵਿਸ਼ਲੇਸ਼ਣ ਵਿੱਚ ਘੱਟ ਨਹੀਂ ਹੋਈ ਅਤੇ ਨਾ ਹੀ ਸੋਸ਼ਲ ਡੈਮੋਕਰੇਟਸ ਦੁਆਰਾ ਚਲਾਏ ਜਾਂਦੇ ਉਸ ਸ਼ਹਿਰ ਪ੍ਰਤੀ ਉਨ੍ਹਾਂ ਦੇ ਪਿਆਰ ਵਿੱਚ ਕੋਈ ਕਮੀ ਆਈ।

ਸੀਗਲ ਦੱਸਦੇ ਹਨ, "ਜਦੋਂ ਉਹ (ਗਾਰਡੀਨਰ) ਇੱਥੇ ਪਹੁੰਚੇ ਤਾਂ ਇਹ 'ਰੈੱਡ ਵਿਆਨਾ' ਸੀ ਅਤੇ ਇੱਥੇ ਚੱਲ ਰਹੇ ਸਮਾਜ ਸੁਧਾਰਾਂ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ।"

"ਗਾਰਡੀਨਰ ਨੂੰ ਇਸ ਸ਼ਹਿਰ ਵਿੱਚ ਰਹਿਣਾ ਚੰਗਾ ਲੱਗਾ। ਉਨ੍ਹਾਂ ਦਾ ਵਿਸ਼ਲੇਸ਼ਣ ਵਧੀਆ ਰਿਹਾ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਵੀ ਇੱਕ ਮਨੋਵਿਗਿਆਨੀ ਬਣਨਗੇ।"

ਦੇਸ਼ ਛੱਡਣ ਦੀ ਬਜਾਏ ਵਿਰੋਧ ਵਿੱਚ ਹੋਏ ਸ਼ਾਮਲ

ਉਨ੍ਹਾਂ ਨੇ ਮੈਡੀਸਨ ਦੀ ਪੜ੍ਹਾਈ ਲਈ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਪਰ ਕੁਝ ਸਮੇਂ ਬਾਅਦ ਹੀ ਨਾਜ਼ੀਆਂ ਨੇ ਸਮਾਜਵਾਦੀਆਂ ਦੀ ਸੱਤਾ ਨੂੰ ਖ਼ਤਮ ਕਰ ਦਿੱਤਾ ਅਤੇ ਆਪਣਾ ਰਾਜ ਕਾਇਮ ਕਰ ਲਿਆ।

ਦੇਸ਼ ਵਿੱਚ ਅਸਥਿਰਤਾ ਦਾ ਮਾਹੌਲ ਬਣ ਗਿਆ। ਪਰ ਅਜਿਹੇ ਵਿੱਚ ਦੇਸ਼ ਛੱਡਣ ਦੀ ਬਜਾਏ, ਗਾਰਡੀਨਰ ਨੇ ਆਪਣੀ ਪੜ੍ਹਾਈ ਨੂੰ ਇੱਕ ਨਵੇਂ ਮਕਸਦ ਨਾਲ ਜੋੜ ਲਿਆ, ਉਹ ਅੰਦਰਖਾਤੇ ਚੱਲ ਰਹੇ ਵਿਰੋਧ ਦਾ ਹਿੱਸਾ ਬਣ ਗਏ।

ਉਨ੍ਹਾਂ ਦੇ ਪੋਤੇ ਹਾਰਵੇ ਦੱਸਦੇ ਹਨ, "ਉੱਥੇ ਰਹਿਣ ਦੀ ਚੋਣ ਕਰਨ ਵਿੱਚ ਉਨ੍ਹਾਂ ਨੂੰ ਕੋਈ ਔਖਿਆਈ ਨਹੀਂ ਆਈ। ਉਨ੍ਹਾਂ ਲਈ ਇਹ ਬਿਲਕੁਲ ਸਾਫ਼ ਸੀ ਕਿ ਉਨ੍ਹਾਂ ਨੇ ਸਹੀ ਕੰਮ ਕਰਨਾ ਸੀ।''

ਕੋਡ ਨੇਮ- ਮੈਰੀ

ਮੈਰੀ ਦੇ ਨਾਮ ਨਾਲ ਵਿਰੋਧ ਅੰਦੋਲਨ ਲਈ ਜਾਣੇ ਜਾਂਦੇ, ਗਾਰਡੀਨਰ ਤਿੰਨ ਘਰਾਂ ਦੇ ਮਾਲਕ ਸਨ। ਜਿਨ੍ਹਾਂ ਵਿੱਚ ਵਿਆਨਾ ਵੁਡਸ ਦਾ ਇੱਕ ਛੋਟਾ ਘਰ ਵੀ ਸ਼ਾਮਲ ਸੀ।

ਗਾਰਡੀਨਰ ਦਾ ਕਾਟੇਜ, ਜਿਸ ਵਿੱਚ ਅਕਸਰ ਵਿਦਰੋਹੀ ਕ੍ਰਾਂਤੀਕਾਰੀ ਲੁਕਦੇ ਸਨ

ਤਸਵੀਰ ਸਰੋਤ, Connie Harvey/Freud Museum London

ਤਸਵੀਰ ਕੈਪਸ਼ਨ, ਗਾਰਡੀਨਰ ਦਾ ਕਾਟੇਜ, ਜਿਸ ਵਿੱਚ ਅਕਸਰ ਵਿਦਰੋਹੀ ਕ੍ਰਾਂਤੀਕਾਰੀ ਲੁਕਦੇ ਸਨ

ਇੱਥੇ ਹੀ, ਉਹ ਬੈਠਕਾਂ ਦੀ ਮੇਜ਼ਬਾਨੀ ਕਰਦੇ ਅਤੇ ਵਿਰੋਧੀ ਮੈਂਬਰਾਂ ਨੂੰ ਲੁਕਾਉਂਦੇ ਸਨ, ਜਿਨ੍ਹਾਂ ਵਿੱਚੋਂ ਕ੍ਰਾਂਤੀਕਾਰੀ ਸਮਾਜਵਾਦੀਆਂ ਦੇ ਨੇਤਾ ਜੋਸੇਫ ਬੁਟਿੰਗਰ ਵੀ ਇੱਕ ਸਨ, 1930 ਦੇ ਅੰਤ ਵਿੱਚ ਗਾਰਡੀਨਰ ਨੇ ਬੁਟਿੰਗਰ ਨਾਲ ਵਿਆਹ ਕਰਵਾ ਲਿਆ ਸੀ।

ਸੀਗਲ ਕਹਿੰਦੇ ਹਨ, ''ਸੱਚਮੁੱਚ, ਉਹ ਇੱਕ ਦੋਹਰੀ ਜ਼ਿੰਦਗੀ ਜੀ ਰਹੇ ਸਨ।"

"ਇੱਕ ਪਾਸੇ, ਇੱਕ ਸਮਰਪਿਤ ਮਾਂ ਤੇ ਸਰਗਰਮ ਵਿਦਿਆਰਥੀ ਦੀ, ਜੋ ਕਿ ਬਹੁਤ ਹੀ ਮਿਲਣਸਾਰ ਸੀ ਅਤੇ ਜਿਸ ਦੇ ਵਿਆਨਾ ਵਿੱਚ ਬਹੁਤ ਸਾਰੇ ਦੋਸਤ ਸਨ ਤੇ ਦੂਜੇ ਪਾਸੇ ਉਹ ਵਿਰੋਧ ਦੇ ਕੰਮ ਵਿੱਚ ਸ਼ਾਮਲ ਸਨ।''

ਉਨ੍ਹਾਂ ਦੇ ਕੰਮ ਵਿੱਚ ਆਸਟ੍ਰੀਆ ਵਿੱਚ ਜਾਅਲੀ ਪਾਸਪੋਰਟਾਂ ਦੀ ਤਸਕਰੀ ਵੀ ਸ਼ਾਮਲ ਸੀ ਤਾਂ ਜੋ ਵਿਰੋਧ ਕਰਨ ਵਾਲੇ ਲੜਾਕੇ ਦੇਸ਼ ਛੱਡ ਕੇ ਭੱਜ ਸਕਣ।

ਲੋਕਾਂ ਨੂੰ ਕਾਨੂੰਨੀ ਤਰੀਕਿਆਂ ਨਾਲ ਬਾਹਰ ਕੱਢਣ ਲਈ ਉਨ੍ਹਾਂ ਨੇ ਆਪਣੀ ਦੌਲਤ, ਪ੍ਰਭਾਵ ਅਤੇ ਸੰਪਰਕਾਂ ਦੀ ਵਰਤੋਂ ਕੀਤੀ, ਜਿਵੇਂ ਕਿ ਬ੍ਰਿਟੇਨ ਵਿੱਚ ਉਨ੍ਹਾਂ ਲੋਕਾਂ ਲਈ ਪਰਿਵਾਰ ਸਣੇ ਨੌਕਰੀਆਂ ਦੀ ਭਾਲ ਕਰਨਾ ਆਦਿ।

ਜੋਖ਼ਮ ਭਰੇ ਕੰਮ

ਇੱਕ ਵਾਰ, ਗਾਰਡੀਨਰ ਨੇ ਰੇਲ ਗੱਡੀ ਰਾਹੀਂ ਯਾਤਰਾ ਕੀਤੀ ਅਤੇ ਫਿਰ ਸਰਦੀਆਂ ਦੀ ਠੰਡੀ ਰਾਤ ਵਿੱਚ ਤਿੰਨ ਘੰਟਿਆਂ ਤੱਕ ਇੱਕ ਪਹਾੜ 'ਤੇ ਚੜ੍ਹਾਈ ਕੀਤੀ।

ਗਾਰਡੀਨਰ ਉੱਤੇ ਬਣੀ ਫਿਲਮ ਦਾ ਦ੍ਰਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਰਡੀਨਰ ਉੱਤੇ ਬਣੀ ਫਿਲਮ ਦਾ ਦ੍ਰਿਸ਼

ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਦੂਰ-ਦੁਰਾਡੇ ਦੇ ਇਲਾਕੇ ਵਿੱਚ ਲੁਕੇ ਦੋ ਸਾਥੀ ਕਾਮਰੇਡਾਂ ਨੂੰ ਪਾਸਪੋਰਟ ਪਹੁੰਚਾ ਸਕਣ ਤੇ ਉਹ ਇੱਥੋਂ ਬਚ ਕੇ ਨਿੱਕਲ ਸਕਣ।

ਸੀਗਲ ਕਹਿੰਦੇ ਹਨ, ''ਉਹ ਸੱਚਮੁੱਚ ਖ਼ਤਰੇ ਵਿੱਚ ਸਨ, ਮੇਰਾ ਮਤਲਬ ਹੈ ਕਿ ਉਹ ਲਗਾਤਾਰ ਅਜਿਹੇ ਕੰਮ ਕਰ ਰਹੇ ਸਨ ਜਿਨ੍ਹਾਂ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਦੇਸ਼ 'ਚੋਂ ਕੱਢਿਆ ਜਾ ਸਕਦਾ ਸੀ ਜਾਂ ਵਧੇਰੇ ਸੰਭਾਵਨਾ ਸੀ ਕਿ ਉਨ੍ਹਾਂ ਨੂੰ ਕੈਦ ਹੀ ਕਰ ਲਿਆ ਜਾਂਦਾ।''

ਵਿਆਨਾ ਵਿੱਚ ਉਨ੍ਹਾਂ ਦੇ ਸਮਾਜਿਕ ਜੀਵਨ ਨੇ ਉਨ੍ਹਾਂ ਨੂੰ ਲਗਭਗ ਹਰ ਤਰ੍ਹਾਂ ਦੇ ਲੋਕਾਂ ਨਾਲ ਜੋੜ ਦਿੱਤਾ ਸੀ।

ਸੀਗਲ ਦੱਸਦੇ ਹਨ ਕਿ 1934 ਵਿੱਚ, ਅੰਗਰੇਜ਼ੀ ਕਵੀ ਸਟੀਫਨ ਸਪੈਂਡਰ ਨਾਲ ਉਨ੍ਹਾਂ ਦੇ ਅਫੇਅਰ ਦੀ ਸ਼ੁਰੂਆਤ ਹੋਈ।

ਉਸ ਵੇਲੇ ਭਵਿੱਖ ਵਿੱਚ ਲੇਬਰ ਚਾਂਸਲਰ ਬਣਨ ਵਾਲੇ ਹਗ ਗੇਟਸਕਲ ਵੀ ਵਿਆਨਾ ਵਿੱਚ ਰਹਿ ਰਹੇ ਸਨ। ਇਥੋਂ ਤੱਕ ਕਿ ਬ੍ਰਿਟੇਨ ਦੇ ਸਭ ਤੋਂ ਬਦਨਾਮ ਗੱਦਾਰਾਂ ਵਿੱਚੋਂ ਇੱਕ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ।

ਇਹ ਵੀ ਪੜ੍ਹੋ-

"ਇੱਕ ਨੌਜਵਾਨ ਉਨ੍ਹਾਂ ਨੂੰ ਮਿਲਣ ਆਇਆ, ਉਹ ਥੋੜ੍ਹੀ ਦੁਚਿੱਤੀ ਵਿੱਚ ਸਨ ਕਿ ਉਹ ਉਨ੍ਹਾਂ (ਗਾਰਡੀਨਰ) ਨੂੰ ਕੀ ਕਰਨ ਲਈ ਕਹਿ ਰਿਹਾ ਸੀ।"

"ਬਲਕਿ ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਨੇ ਉਨ੍ਹਾਂ ਨੂੰ ਵੰਡਣ ਲਈ ਬਹੁਤ ਸਾਰਾ ਕਮਿਊਨਿਸਟ ਸਾਹਿਤ ਦਿੱਤਾ, ਜਿਸ ਦੀ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ।"

"ਫਿਰ ਯੁੱਧ ਤੋਂ ਬਾਅਦ ਜਦੋਂ ਉਨ੍ਹਾਂ ਨੇ ਇੱਕ ਤਸਵੀਰ ਵੇਖੀ ਅਤੇ ਉਸ ਬਾਰੇ ਪੜ੍ਹਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਨੌਜਵਾਨ ਕਿਮ ਫਿਲਬੀ, ਬ੍ਰਿਟਿਸ਼ ਡਬਲ ਏਜੰਟ ਸੀ।"

ਸੈਂਕੜੇ ਲੋਕਾਂ ਦੀ ਜਾਨ ਬਚਾਈ

1938 ਤੱਕ, ਆਸਟ੍ਰੀਆ 'ਤੇ ਨਾਜ਼ੀ ਜਰਮਨੀ ਨੇ ਕਬਜ਼ਾ ਕਰ ਲਿਆ ਸੀ ਅਤੇ ਗਾਰਡੀਨਰ ਦੀ ਧੀ ਤੇ ਪਤੀ ਬਟਿੰਗਰ ਦੇਸ਼ ਛੱਡ ਕੇ ਚਲੇ ਗਏ ਸਨ।

ਹਾਲਾਂਕਿ ਉਹ ਆਪ, ਆਪਣੀ ਡਾਕਟਰੀ ਪੜ੍ਹਾਈ ਪੂਰੀ ਕਰਨ ਅਤੇ ਆਪਣਾ ਵਿਰੋਧ ਕਾਰਜ ਜਾਰੀ ਰੱਖਣ ਲਈ ਇੱਥੇ ਹੀ ਰਹਿ ਗਏ ਸਨ।

ਆਸਟ੍ਰੀਆ ਦੇ ਯਹੂਦੀ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੀਆ ਦੇ ਯਹੂਦੀ ਲੋਕਾਂ ਦੀ ਤਸਵੀਰ, ਉਨ੍ਹਾਂ ਕੋਲੋਂ ਜ਼ਬਰਸਤੀ ਵਿਆਨਾ ਦੀਆਂ ਸੜਕਾਂ ਸਾਫ਼ ਕਰਵਾਈਆਂ ਗਈਆਂ

ਹਾਲਾਂਕਿ, ਕੁਝ ਸਮੇਂ ਬਾਅਦ ਹੀ, ਉਹ ਤਿੰਨੇ ਯੂਰਪ ਤੋਂ ਅਮਰੀਕਾ ਚਲੇ ਗਏ।

ਦੂਜੇ ਵਿਸ਼ਵ ਯੁੱਧ ਦੌਰਾਨ, ਗਾਰਡੀਨਰ ਅਤੇ ਉਨ੍ਹਾਂ ਦੇ ਪਤੀ ਨੇ ਯਹੂਦੀ ਲੋਕਾਂ ਦੇ ਵੀਜ਼ਾ ਲਈ ਮੁਹਿੰਮ ਚਲਾਈ ਅਤੇ ਅਮਰੀਕਾ ਵਿੱਚ ਪਹੁੰਚੇ ਸ਼ਰਨਾਰਥੀਆਂ ਨੂੰ ਨੌਕਰੀਆਂ ਅਤੇ ਰਿਹਾਇਸ਼ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ।

ਇਹ ਦੱਸਣਾ ਅਸੰਭਵ ਹੈ ਕਿ ਉਨ੍ਹਾਂ ਨੇ ਕਿੰਨੇ ਲੋਕਾਂ ਦੀਆਂ ਜਾਨਾਂ ਬਚਾਈਆਂ।

ਹਾਰਵੇ ਕਹਿੰਦੇ ਹਨ ਉਨ੍ਹਾਂ ਨੇ ਸੁਣਿਆ ਕਿ ਇਹ ਅੰਕੜਾ ਸੈਂਕੜਿਆਂ ਵਿੱਚ ਸੀ, ''ਪਰ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਸੰਖਿਆ ਪਤਾ ਵੀ ਸੀ।''

ਉਨ੍ਹਾਂ ਦੀ ਮੌਤ ਤੋਂ ਦੋ ਸਾਲ ਬਾਅਦ, 1987 ਵਿੱਚ ਆਈ ਇੱਕ ਡਾਕੂਮੈਂਟਰੀ ਵਿੱਚ ਕਈ ਲੋਕਾਂ ਨੇ ਦੱਸਿਆ ਜੇ ਗਾਰਡੀਨਰ ਨੇ ਇਹ ਯਤਨ ਨਾ ਕੀਤੇ ਹੁੰਦੇ ਤਾਂ ਉਹ ''ਸ਼ਾਇਦ ਜ਼ਿੰਦਾ ਵੀ ਨਾ ਹੁੰਦੇ।''

ਕਿਤਾਬ ਦਾ ਵਿਵਾਦ

ਯੁੱਧ ਤੋਂ ਬਾਅਦ ਦੇ ਦਹਾਕਿਆਂ ਵਿੱਚ, ਉਹ ਮਨੋ-ਵਿਸ਼ਲੇਸ਼ਣ ਅਭਿਆਸ ਵਿੱਚ ਮਸਰੂਫ਼ ਰਹੇ, ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਅਤੇ ਉਨ੍ਹਾਂ ਦੀਆਂ ਕਈ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ।

ਸਿਗਮੰਡ ਫਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਰਡੀਨਰ ਨੇ ਹੀ ਲੰਡਨ ਦਾ ਉਹ ਮਕਾਨ ਖਰੀਦਿਆਂ, ਜਿਸ ਵਿੱਚ ਫਰਾਈਡ ਜੀਵਨ ਦੇ ਆਖ਼ਰੀ ਦਿਨਾਂ ਦੌਰਾਨ ਰਹੇ ਸਨ

ਜਿਨ੍ਹਾਂ ਵਿੱਚ ਉਨ੍ਹਾਂ ਦੇ ਅਜਿਹੇ ਯਤਨਾਂ ਬਾਰੇ ਦੱਸਿਆ ਗਿਆ ਸੀ ਜੋ ਸਿਰਫ਼ ਉਹ ਲੋਕ ਜਾਣਦੇ ਸਨ ਜਿਨ੍ਹਾਂ ਦੀ ਉਨ੍ਹਾਂ ਨੇ ਸਹਾਇਤਾ ਕੀਤੀ ਸੀ ਜਾਂ ਜੋ ਉਨ੍ਹਾਂ ਦੇ ਕਰੀਬੀ ਸਨ।

ਹਾਰਵੇ ਉਨ੍ਹਾਂ ਨੂੰ ''ਇੱਕ ਬਹੁਤ ਹੀ ਨਿਮਰ ਵਿਅਕਤੀ, ਵਾਕਈ ਨਿਮਰ'' ਵਜੋਂ ਯਾਦ ਕਰਦੇ ਹਨ।

ਉਹ ਦੱਸਦੇ ਹਨ, ''ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਜ਼ੋਰ ਦੇ ਕੇ ਨਹੀਂ ਪੁੱਛਦੇ, ਉਹ ਕਦੇ ਵੀ ਇਸ ਬਾਰੇ ਗੱਲ ਨਹੀਂ ਕਰਦੇ ਸਨ ਕਿ ਕੀ ਹੋਇਆ।''

ਪਰ 1973 ਵਿੱਚ, ਪੈਂਟੀਮੈਂਟੋ ਨਾਂ ਦੀ ਇੱਕ ਕਿਤਾਬ ਪ੍ਰਕਾਸ਼ਿਤ ਹੋਈ।

ਇਹ ਯੂਐੱਸ ਲੇਖਕ ਲਿਲੀਅਨ ਹੈਲਮੈਨ ਦਾ ਕੰਮ ਹੈ, ਜਿਸ ਵਿੱਚ ਜੂਲੀਆ ਨਾਂ ਦੀ ਇੱਕ ਔਰਤ ਨਾਲ ਉਨ੍ਹਾਂ ਦੀ ਸਪੱਸ਼ਟ ਦੋਸਤੀ ਬਾਰੇ ਇੱਕ ਅਧਿਆਇ ਸ਼ਾਮਲ ਹੈ।

ਜੂਲੀਆ ਨਾਜ਼ੀਆਂ ਦੇ ਕਬਜ਼ੇ ਵਾਲੇ ਸਮੇਂ ਤੋਂ ਪਹਿਲਾਂ ਆਸਟ੍ਰੀਆ ਵਿੱਚ ਰਹਿੰਦੇ ਸਨ ਅਤੇ ਵਿਰੋਧੀਆਂ ਨਾਲ ਸ਼ਾਮਲ ਸਨ।

ਦਹਾਕੇ ਦੇ ਅਖ਼ੀਰ ਵਿੱਚ, ਵੈਨੇਸਾ ਰੈਡਗ੍ਰੇਵ ਅਤੇ ਜੇਨ ਫੋਂਡਾ ਅਭਿਨੇਤਰੀਆਂ ਵਾਲੀ ਫਿਲਮ ਜੂਲੀਆ ਰਿਲੀਜ਼ ਹੋਈ।

ਜਿਸ ਲਈ ਰੈਡਗ੍ਰੇਵ ਨੂੰ ਸਰਬੋਤਮ ਸਹਾਇਕ ਅਦਾਕਾਰ ਵਜੋਂ ਆਸਕਰ ਪੁਰਸਕਾਰ ਮਿਲਿਆ।

ਗਾਰਡੀਨਰ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ

ਤਸਵੀਰ ਸਰੋਤ, Connie Harvey/Freud Museum London

ਤਸਵੀਰ ਕੈਪਸ਼ਨ, ਗਾਰਡੀਨਰ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ

ਸੀਗਲ ਦੱਸਦੇ ਸਨ, ''ਜਦੋਂ ਇਹ (ਕਿਤਾਬ) ਆਈ ... ਬਹੁਤ ਸਾਰੇ ਲੋਕਾਂ ਨੇ ਮੂਰੀਅਲ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਕੀ ਤੁਸੀਂ ਲਿਲੀਅਨ ਹੈਲਮੈਨ ਦੀ ਕਹਾਣੀ ਪੜ੍ਹੀ ਹੈ?"

"ਯਕੀਨਨ ਤੁਸੀਂ ਹੀ ਜੂਲੀਆ ਹੋਵੋਗੇ? ਜੋ ਕਹਾਣੀ ਉਹ ਪੇਸ਼ ਕਰ ਰਹੀ ਹੈ ਉਹ ਤੁਹਾਡੀ ਕਹਾਣੀ ਹੈ ''ਅਤੇ ਮੂਰੀਅਲ ਗਾਰਡੀਨਰ, ਉਹ ਕੋਈ ਅਜਿਹੀ ਔਰਤ ਨਹੀਂ ਸਨ ਜੋ ਇਸ ਲਈ ਲੜਾਈ ਕਰਦੇ।"

"ਪਰ ਉਨ੍ਹਾਂ ਨੇ ਲਿਲੀਅਨ ਹੈਲਮੈਨ ਨੂੰ ਇੱਕ ਚਿੱਠੀ ਜ਼ਰੂਰ ਲਿਖੀ ਅਤੇ ਕਿਹਾ, "ਉਹ, ਥੋੜਾ ਅਜੀਬ ਹੈ, ਤੁਸੀਂ ਜਾਣਦੇ ਹੀ ਹੋ, ਕੀ ਤੁਸੀਂ ਇਹ ਮੇਰੇ ਤੋਂ ਲਿਆ ਹੈ ਅਤੇ ਲਿਲੀਅਨ ਹੈਲਮੈਨ ਨੇ ਕੋਈ ਜਵਾਬ ਹੀ ਨਹੀਂ ਦਿੱਤਾ।"

ਫਿਰ ਦੋਵਾਂ ਵਿਚਕਾਰ ਇੱਕ ਸੰਪਰਕ ਜਾਂ ਕੜੀ ਦਾ ਪਤਾ ਲੱਗ ਗਿਆ, ਉਨ੍ਹਾਂ ਦੋਵਾਂ ਦੇ ਵਕੀਲ ਇੱਕੋ ਵਿਅਕਤੀ ਸਨ ਜਿਨ੍ਹਾਂ ਦਾ ਨਾਮ ਸੀ ਵੁਲਫ ਸ਼ਾਬਾਚਰ।

ਉਹ ਇਸ ਇਸ ਲਈ ਕਿਉਂਕਿ ਕਿਤਾਬ ਪ੍ਰਕਾਸ਼ਿਤ ਹੋਣ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ, ਇਸ ਲਈ ਉਹ ਇਹ ਨਹੀਂ ਦੱਸ ਸਕਦੇ ਸਨ ਕਿ ਉਨ੍ਹਾਂ ਨੇ ਹੀ ਗਾਰਡੀਨਰ ਦੀ ਕਹਾਣੀ ਹੈਲਮੈਨ ਨੂੰ ਦੱਸੀ ਸੀ ਜਾਂ ਨਹੀਂ।

ਮੈਮਓਇਰ ਲਿਖ ਕੇ ਲੋਕਾਂ ਨੂੰ ਦੱਸੀ ਆਪਣੀ ਕਹਾਣੀ

ਹਾਲਾਂਕਿ, ਆਸਟ੍ਰੀਆ ਦੇ ਸਮਾਜਵਾਦੀ ਵਿਰੋਧ ਦੇ ਸਾਬਕਾ ਮੈਂਬਰਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨਾਲ ਸਿਰਫ਼ ਇੱਕ ਅਮਰੀਕੀ ਔਰਤ ਹੀ ਸੀ।

ਰੈਡਗ੍ਰੇਵ ਨੇ ਜੂਲੀਆ ਦੇ ਕਿਰਦਾਰ ਲਈ ਆਸਕਰ ਜਿੱਤਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੈਡਗ੍ਰੇਵ ਨੇ ਜੂਲੀਆ ਦੇ ਕਿਰਦਾਰ ਲਈ ਆਸਕਰ ਜਿੱਤਿਆ ਸੀ

ਉਨ੍ਹਾਂ ਦੇ ਨਾਲ 1930 ਦੇ ਦਹਾਕੇ ਵਿੱਚ ਕੰਮ ਕੀਤਾ ਸੀ ਅਤੇ ਇਹ ਉਹ ਉਸ ਨੂੰ ਉਹ ਮੈਰੀ ਵਜੋਂ ਜਾਣਦੇ ਸਨ।

ਇਸ ਪੂਰੇ ਵਿਵਾਦ ਦਾ ਇੱਕ ਨਤੀਜਾ ਇਹ ਨਿਕਲਿਆ ਕਿ ਗਾਰਡੀਨਰ ਨੇ ਅਖੀਰ ਵਿੱਚ ਆਪਣੇ ਕੋਡ ਨੇਮ ਮੈਰੀ ਨਾਲ ਆਪਣਾ ਮੈਮਿਓਰ (ਯਾਦ ਪੱਤਰ) ਲਿਖਿਆ ਅਤੇ ਆਪਣੀ ਕਹਾਣੀ ਨੂੰ ਲੋਕਾਂ ਨਾਲ ਸਾਂਝਾ ਕੀਤਾ।

ਲੰਮੇ ਸਮੇਂ ਤੋਂ ਇਸ ਦੀ ਛਪਾਈ ਨਹੀਂ ਹੋ ਰਹੀ ਸੀ ਪਰ ਫਰਾਇਡ ਮਿਊਜ਼ੀਅਮ ਦੀ ਪ੍ਰਦਰਸ਼ਨੀ ਲਈ ਇਸ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਗਾਰਡੀਨਰ ਦਾ ਧੰਨਵਾਦ ਕਰਨ ਲਈ ਪ੍ਰਦਰਸ਼ਨੀ

ਨਾਜ਼ੀਆਂ ਦੁਆਰਾ ਯਹੂਦੀਆਂ 'ਤੇ ਅਤਿਆਚਾਰ ਕਾਰਨ ਵਿਆਨਾ ਛੱਡਣ ਤੋਂ ਬਾਅਦ ਫਰਾਇਡ ਦਾ ਅੰਤਮ ਘਰ, ਦਿ ਹੈਮਪਸਟੇਡ ਅਧਾਰਿਤ ਸੰਸਥਾ ਨੂੰ ਫਰਾਇਡ ਦੇ ਪਰਿਵਾਰ ਲਈ ਗਾਰਡੀਨਰ ਦੁਆਰਾ ਖਰੀਦ ਲਿਆ ਗਿਆ ਸੀ।

ਫਿਰ ਬਾਅਦ ਵਿੱਚ ਗਾਰਡੀਨਰ ਦੀ ਚੈਰੀਟੇਬਲ ਸੰਸਥਾ ਦੀ ਸਹਾਇਤਾ ਨਾਲ ਇਸ ਨੂੰ ਇੱਕ ਅਜਾਇਬ ਘਰ ਬਣਾ ਦਿੱਤਾ ਗਿਆ।

ਸੀਗਲ ਲਈ, ਪ੍ਰਦਰਸ਼ਨੀ ਦੇ ਆਯੋਜਨ ਦਾ ਇਹੀ ਇੱਕ ਮੁੱਖ ਕਾਰਨ ਸੀ।

"ਅਸੀਂ ਮੂਰੀਅਲ ਗਾਰਡੀਨਰ ਨਾਲ ਬਹੁਤ ਜੁੜਾਅ ਮਹਿਸੂਸ ਕਰਦੇ ਹਾਂ ਕਿਉਂਕਿ ਇੱਕ ਤਰੀਕੇ ਨਾਲ ਉਹ ਅਤੇ ਐਨਾ ਫਰਾਇਡ ਇਸ ਅਜਾਇਬ ਘਰ ਦੀ ਸੰਸਥਾਪਕਾਂ ਹਨ ਅਤੇ ਇਸੇ ਕਾਰਨ ਇਹ ਅੱਜ ਮੌਜੂਦ ਹੈ।''

"ਉਨ੍ਹਾਂ ਦੀ ਸੰਸਥਾ ਨੇ ਲੰਮੇ ਸਮੇਂ ਤੱਕ ਇਸ ਅਜਾਇਬ ਘਰ ਦੀ ਸਹਾਇਤਾ ਕੀਤੀ ਅਤੇ ਇਸ ਲਈ ਇੱਕ ਤਰ੍ਹਾਂ ਨਾਲ ਇਹ ਉਨ੍ਹਾਂ ਦਾ ਧੰਨਵਾਦ ਕਰਨ ਲਈ ਵੀ ਹੈ।"

ਅਮਰੀਕੀ ਮਨੋਵਿਗਿਆਨੀ ਗਾਰਡੀਨਰ ਬਾਰੇ ਨਾਟਕ ਲਿਖਣ ਵਾਲੇ ਵੈਨੈਸਾ ਰੈਡਗ੍ਰੇਵ ਵੀ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹਨ।

ਲਾਰਡ ਡਬਸ ਨੂੰ ਵੀ ਨਾਜ਼ੀਆਂ ਤੋਂ ਇੱਕ ਹੋਰ ਨਾਇਕ, ਕਿੰਡਰਟ੍ਰਾਂਸਪੋਰਟ ਮਾਸਟਰਮਾਈਂਡ ਨਿਕੋਲਸ ਵਿਨਟਨ ਨੇ ਬਚਾਇਆ ਸੀ।

ਲੰਡਨ ਵਿੱਚ ਫਰਾਇਡ ਮਿਊਜ਼ੀਅਮ ਦੇ ਹੈਂਪਸਟੈਡ ਲੰਡਨ ਦੇ ਉਸੇ ਘਰ ਵਿੱਚ ਸਥਿਤ ਹੈ, ਜਿੱਥੇ ਉਹ ਰਹਿੰਦੇ ਸਨ
ਤਸਵੀਰ ਕੈਪਸ਼ਨ, ਲੰਡਨ ਵਿੱਚ ਫਰਾਇਡ ਮਿਊਜ਼ੀਅਮ ਦੇ ਹੈਂਪਸਟੈਡ ਲੰਡਨ ਦੇ ਉਸੇ ਘਰ ਵਿੱਚ ਸਥਿਤ ਹੈ, ਜਿੱਥੇ ਉਹ ਰਹਿੰਦੇ ਸਨ

ਹਾਰਵੇ ਦਾ ਕਹਿਣਾ ਹੈ ਕਿ ਇਹ ਬਹੁਤ "ਖੁਸ਼ੀ ਦੀ ਗੱਲ" ਹੈ ਕਿ ਲੰਬੇ ਸਮੇਂ ਤੱਕ ਗੁਮਨਾਮੀ ਵਿੱਚ ਰਹਿਣ ਤੋਂ ਬਾਅਦ, ਲੋਕ ਉਨ੍ਹਾਂ ਦੀ ਦਾਦੀ ਬਾਰੇ ਮੁੜ ਦਿਲਚਸਪੀ ਲੈ ਰਹੇ ਹਨ।

"ਉਨ੍ਹਾਂ ਨੇ ਆਪਣੀ ਦੌਲਤ ਦਾ 99% ਦੇਣ ਬਾਰੇ ਸੋਚਿਆ ਸੀ ਅਤੇ ਉਨ੍ਹਾਂ ਨੇ ਅਜਿਹਾ ਕੀਤਾ ਵੀ।"

"ਉਹ ਮਦਰ ਟੈਰੇਸਾ ਨਹੀਂ ਸਨ, ਉਨ੍ਹਾਂ ਨੂੰ ਚੰਗਾ ਖਾਣਾ ਪਸੰਦ ਸੀ, ਦਿਨ ਦੇ ਅੰਤ ਵਿੱਚ ਉਹ ਵੋਡਕਾ ਟੌਨਿਕ ਲੈਣਾ ਪਸੰਦ ਕਰਦੇ ਸਨ।''

''ਪਰ ਪੈਸੇ ਦੇ ਨਾਲ-ਨਾਲ ਉਹ ਇਸ ਮਾਮਲੇ ਵਿੱਚ ਵੀ ਖੁਸ਼ਕਿਸਮਤ ਸਨ ਕਿ ਉਨ੍ਹਾਂ ਵਿੱਚ ਨੈਤਿਕਤਾ ਦੀ ਭਾਵਨਾ ਸੀ ਅਤੇ ਉਹ ਡਰ ਨੂੰ ਜਿੱਤਣ ਦੀ ਯੋਗਤਾ ਰੱਖਦੇ ਸਨ।"

"ਉਹ ਵਾਕਈ ਇੱਕ ਅਜਿਹੀ ਔਰਤ ਸਨ ਜਿਸ ਦੀ ਸਮਾਜ ਨੂੰ ਲੋੜ ਸੀ।''

ਕੋਡ ਨਾਮ ਮੈਰੀ: ਦਿ ਐਕਸਟ੍ਰਾ ਆਰਡੀਨਰੀ ਲਾਈਫ ਆਫ ਮੂਰੀਅਲ ਗਾਰਡੀਨਰ ਦੀ ਪ੍ਰਦਰਸ਼ਨੀ 18 ਸਤੰਬਰ ਤੋਂ 23 ਜਨਵਰੀ ਤੱਕ ਫਰਾਇਡ ਮਿਊਜ਼ੀਅਮ ਲੰਡਨ ਵਿੱਚ ਚੱਲ ਰਹੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)