ਇਸ ਦੇਸ ਵਿੱਚ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਦੀ ਇਜਾਜ਼ਤ ਦੇਣ ਬਾਰੇ ਕਿਉਂ ਵਿਚਾਰ ਹੋ ਰਿਹਾ ਹੈ

- ਲੇਖਕ, ਪੂਜਾ ਛਾਬੜੀਆ
- ਰੋਲ, ਬੀਬੀਸੀ ਨਿਊਜ਼
ਦੱਖਣੀ ਅਫਰੀਕਾ ਜਲਦੀ ਹੀ ਪੌਲੀਐਂਡਰੀ ਨੂੰ ਕਾਨੂੰਨੀ ਬਣਾ ਸਕਦਾ ਹੈ, ਜਿਸ ਨਾਲ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਦਾ ਅਧਿਕਾਰ ਮਿਲ ਜਾਵੇਗਾ।
ਦੇਸ਼ ਦੇ ਪੌਲੀਐਮਰਸ (ਇੱਕ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਪਿਆਰ ਅਤੇ ਸੈਕਸ ਸੰਬੰਧ ਰੱਖਣ ਵਾਲੇ) ਅਤੇ ਪੈਨਸੈਕਸ਼ੁਅਲ (ਕਿਸੇ ਵੀ ਲਿੰਗ ਪ੍ਰਤੀ ਆਕਰਸ਼ਣ ਰੱਖਣ ਵਾਲੇ) ਔਰਤ ਮੁਵੁੰਬੀ ਨਡਜ਼ਾਲਾਮਾ ਦੱਸਦੇ ਹਨ ਕਿ ਇਸ ਕਾਨੂੰਨ ਦਾ ਉਨ੍ਹਾਂ ਲਈ ਕੀ ਅਰਥ ਹੋ ਸਕਦਾ ਹੈ।
ਆਪਣੇ ਮੁਢਲੇ ਸਾਲਾਂ ਵਿੱਚ, ਮੁਵੁੰਬੀ ਨਡਜ਼ਾਲਾਮਾ ਅਕਸਰ ਇੱਕ ਵਿਅਕਤੀ ਨਾਲ ਵਿਆਹ ਦੀ ਪਰੰਪਰਾ (ਮੋਨੋਗੈਮੀ) 'ਤੇ ਸਵਾਲ ਚੁੱਕਦੇ ਸਨ।
ਉਹ ਯਾਦ ਕਰਦੇ ਹਨ ਕਿ ਕਿਵੇਂ ਉਹ ਆਪਣੇ ਮਾਪਿਆਂ ਨੂੰ ਪੁੱਛਦੇ ਸਨ ਕਿ ਕੀ ਉਹ ਸਾਰੀ ਉਮਰ ਇੱਕ-ਦੂਜੇ ਦੇ ਨਾਲ ਹੀ ਰਹਿਣਗੇ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਮੈਨੂੰ ਲੱਗਾ ਜਿਵੇਂ ਲੋਕ ਸਾਡੀ ਜ਼ਿੰਦਗੀ ਵਿੱਚ ਮੌਸਮ ਵਾਂਗ ਹੋਣ।"
"ਪਰ ਮੇਰੇ ਆਲੇ-ਦੁਆਲੇ, ਫਿਲਮਾਂ ਤੋਂ ਲੈ ਕੇ ਸਥਾਨਕ ਚਰਚ ਤੱਕ ਹਰ ਚੀਜ਼ ਮੋਨੋਗੈਮੀ (ਇੱਕ ਵੇਲੇ ਇੱਕ ਹੀ ਪਾਰਟਨਰ) ਦਾ ਪ੍ਰਚਾਰ ਕਰ ਰਹੀ ਸੀ ਅਤੇ ਮੈਂ ਇਸ ਚੀਜ਼ ਨੂੰ ਕਦੇ ਸਮਝ ਨਹੀਂ ਸਕੀ।"

ਤਸਵੀਰ ਸਰੋਤ, Getty Images
33 ਸਾਲਾ ਮੁਵੁੰਬੀ ਹੁਣ ਆਪਣੀ ਪਛਾਣ ਇੱਕ ਪੌਲੀਐਮਰਸ ਅਤੇ ਪੈਨਸੈਕਸ਼ੁਅਲ ਔਰਤ ਵਜੋਂ ਰੱਖਦੇ ਹਨ, ਜੋ ਦੱਖਣੀ ਅਫਰੀਕਾ ਵਿੱਚ ਨਾਨ-ਮੋਨੋਗੈਮੀ (ਇੱਕ ਤੋਂ ਵੱਧ ਵਿਆਹ ਦੇ ਚਾਹਵਾਨ) ਲੋਕਾਂ ਲਈ ਇੱਕ ਸੁਰੱਖਿਅਤ ਥਾਂ ਬਣਾ ਰਹੇ ਹਨ।
ਉਹ ਕਹਿੰਦੇ ਹਨ, "ਇੱਕ ਐਂਕਰ ਮੇਰੇ ਸਾਥੀ ਹਨ ਜਿਨ੍ਹਾਂ ਨਾਲ ਮੈਂ ਇਸ ਸਮੇਂ ਜੁੜੀ ਹੋਈ ਹਾਂ ਅਤੇ ਜਿਨ੍ਹਾਂ ਨਾਲ ਮੇਰੇ ਬੱਚੇ ਹਨ, ਅਤੇ ਮੇਰਾ ਦੂਜਾ ਸਾਥੀ ਸਾਡੇ ਲਈ ਖੁਸ਼ ਹੈ।"
"ਉਹ ਵਿਆਹ ਨਹੀਂ ਕਰਨਾ ਚਾਹੁੰਦੇ... ਪਰ ਭਵਿੱਖ ਵਿੱਚ, ਮੈਂ ਇੱਕ ਤੋਂ ਵੱਧ ਵਿਅਕਤੀਆਂ ਨਾਲ ਵਿਆਹ ਦੀ ਕਲਪਨਾ ਕਰਦੀ ਹਾਂ ਅਤੇ ਇੱਕ ਪੈਨਸੈਕਸ਼ੁਅਲ ਹੋਣ ਦੇ ਨਾਤੇ, ਮੈਂ ਲੋਕਾਂ ਦੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਵੱਲ ਆਕਰਸ਼ਿਤ ਹੁੰਦੀ ਹਾਂ।"
ਇਹ ਵੀ ਪੜ੍ਹੋ-
'ਇੱਕ ਤੋਂ ਵੱਧ ਪਤੀ ਵਾਲੀ ਔਰਤ'
ਦੱਖਣੀ ਅਫਰੀਕਾ ਦਾ ਸੰਵਿਧਾਨ ਦੁਨੀਆ ਦੇ ਸਭ ਤੋਂ ਉਦਾਰ ਸੰਵਿਧਾਨਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਾਰਿਆਂ ਲਈ ਸਮਲਿੰਗੀ ਵਿਆਹ ਅਤੇ ਪੁਰਸ਼ਾਂ ਲਈ ਬਹੁ-ਵਿਆਹ (ਪੌਲੀਗੈਮੀ) ਸ਼ਾਮਲ ਹਨ।
ਇਹ ਦੇਸ਼ ਹੁਣ ਆਪਣੇ ਵਿਆਹ ਦੇ ਕਾਨੂੰਨਾਂ ਨੂੰ ਅਪਡੇਟ ਕਰਨ ਬਾਰੇ ਸੋਚ ਰਿਹਾ ਹੈ, ਅਤੇ ਇਸ ਦੇ ਤਹਿਤ ਹੀ, ਇਸ ਬਾਰੇ ਇੱਕ ਮਹੱਤਵਪੂਰਣ ਪ੍ਰਸ਼ਨ ਕਰ ਰਿਹਾ ਹੈ ਕਿ ਕੀ ਪੌਲੀਐਂਡਰੀ ਦੀ ਆਗਿਆ ਦੇਣੀ ਚਾਹੀਦੀ ਹੈ, ਜਿਸ ਦੇ ਤਹਿਤ ਇੱਕ ਔਰਤ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਪਤੀ ਹੋ ਸਕਦੇ ਹਨ।
ਇਸ ਨਾਲ ਰੂੜੀਵਾਦੀ ਲੋਕਾਂ ਦਾ ਭਾਰੀ ਰੋਸ ਵੀ ਸਾਹਮਣੇ ਆਇਆ ਹੈ।

ਚਾਰ ਪਤਨੀਆਂ ਵਾਲੇ ਕਾਰੋਬਾਰੀ ਅਤੇ ਟੀਵੀ ਸ਼ਖਸੀਅਤ ਮੂਸਾ ਮਸਲੇਕੁ ਸਵਾਲ ਪੁੱਛਦੇ ਹਨ, "ਇਹ ਅਫਰੀਕੀ ਸੱਭਿਆਚਾਰ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਲੋਕਾਂ ਦੇ ਬੱਚਿਆਂ ਬਾਰੇ ਕੀ? ਉਨ੍ਹਾਂ ਨੂੰ ਆਪਣੀ ਪਛਾਣ ਕਿਵੇਂ ਪਤਾ ਲੱਗੇਗੀ?"
"ਔਰਤ ਹੁਣ ਮਰਦ ਦੀ ਭੂਮਿਕਾ ਨਹੀਂ ਨਿਭਾ ਸਕਦੀ। ਅਜਿਹਾ ਕਦੇ ਨਹੀਂ ਸੁਣਿਆ। ਕੀ ਔਰਤ ਹੁਣ ਪੁਰਸ਼ ਲਈ ਲੋਬੋਲਾ (ਲਾੜੀ ਦੀ ਕੀਮਤ) ਅਦਾ ਕਰੇਗੀ? ਕੀ ਮਰਦ ਨੂੰ ਔਰਤ ਦਾ ਨਾਮ ਅਪਣਾਉਣਾ ਪਏਗਾ?"
ਹੋਰਾਂ ਵਾਂਗ ਹੀ ਵਿਰੋਧੀ ਧਿਰ, ਅਫਰੀਕਨ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਪਾਰਟੀ (ਏਸੀਡੀਪੀ) ਦੇ ਨੇਤਾ, ਰੇਵਰੇਂਡ ਕੇਨੇਥ ਮੇਸ਼ੋਏ ਨੇ ਕਿਹਾ ਕਿ ਇਹ "ਸਮਾਜ ਨੂੰ ਤਬਾਹ ਕਰ ਦੇਵੇਗਾ।"
ਉਨ੍ਹਾਂ ਅੱਗੇ ਕਿਹਾ, "ਇੱਕ ਸਮਾਂ ਅਜਿਹਾ ਆਵੇਗਾ ਜਦੋਂ ਮਰਦਾਂ ਵਿੱਚੋਂ ਇੱਕ ਕਹੇਗਾ, 'ਤੁਸੀਂ ਜ਼ਿਆਦਾ ਸਮਾਂ ਦੂਸਰੇ ਆਦਮੀ ਨਾਲ ਬਿਤਾਉਂਦੇ ਹੋ ਨਾ ਕਿ ਮੇਰੇ ਨਾਲ' ਅਤੇ ਦੋਵਾਂ ਆਦਮੀਆਂ ਵਿੱਚ ਲੜਾਈ ਹੋ ਜਾਵੇਗੀ।"
'ਲੋਕਾਂ ਦੇ ਵਿਸ਼ਵਾਸ ਨੂੰ ਝਟਕਾ'
ਮੁਵੁੰਬੀ ਦਾ ਮੰਨਣਾ ਹੈ ਕਿ ਪੌਲੀਅਮਰਸ ਸੰਬੰਧਾਂ ਵਾਲੀਆਂ ਔਰਤਾਂ ਲਈ ਇਹ ਇੱਕ ਮਹੱਤਵਪੂਰਨ ਪਲ ਹੈ।
ਉਹ ਕਹਿੰਦੇ ਹਨ, "ਮੌਜੂਦਾ ਸਥਿਤੀ ਤਣਾਅਪੂਰਨ ਹੈ ਬਹੁਤ ਸਾਰੇ ਲੋਕਾਂ ਦੇ ਵਿਸ਼ਵਾਸ ਨੂੰ ਝਟਕਾ ਲੱਗਾ ਹੈ।"
"ਹੁਣ ਤੱਕ ਪੁਰਸ਼ ਪੀੜ੍ਹੀਆਂ ਤੋਂ ਖੁੱਲ੍ਹੇਆਮ ਅਤੇ ਖੁਸ਼ੀ ਨਾਲ ਪੌਲੀਅਮਰ ਜਾਂ ਪੌਲੀਅਮਰਸ (ਬਹੁ-ਵਿਆਹ ਵਾਲੇ ਜਾਂ ਬਹੁ-ਲਿੰਗੀ ਸੰਬੰਧਾਂ ਵਾਲੇ) ਰਹੇ ਹਨ ਪਰ ਔਰਤਾਂ ਵਿੱਚ ਹਮੇਸ਼ਾ ਇਸ ਨੂੰ ਲੈ ਕੇ ਇੱਕ ਸ਼ਰਮ ਰਹੀ ਅਤੇ ਉਨ੍ਹਾਂ ਲਈ ਬਹੁਤ ਕੁਝ ਕਰਨਾ ਬਾਕੀ ਹੈ।"
ਮੁਵੁੰਬੀ ਪਿਛਲੇ 10 ਸਾਲਾਂ ਤੋਂ ਖੁੱਲ੍ਹੇ ਤੌਰ 'ਤੇ ਪੌਲੀਅਮਰਸ ਜਾਂ ਜਿਵੇਂ ਉੱਥੋਂ ਦਾ ਸਮਾਜ ਇਸ ਨੂੰ ਕਹਿੰਦਾ ਹੈ, "ਪੌਲੀ" ਹਨ।
ਇਹ ਵੀ ਪੜ੍ਹੋ-
ਪੌਲੀ ਹੋਣ ਦਾ ਸਿੱਧਾ ਮਤਲਬ ਹੈ ਕਿ ਤੁਸੀਂ ਇੱਕ ਤੋਂ ਵੱਧ ਸੰਬੰਧ ਰੱਖ ਸਕਦੇ ਹੋ, ਅਤੇ ਪੂਰਾ ਸਹਿਯੋਗ ਅਤੇ ਵਿਸ਼ਵਾਸ ਹੋਣ ਤੋਂ ਬਾਅਦ ਵੀ ਤੁਸੀਂ ਜਿੰਨੇ ਚਾਹੋ ਸਾਥੀ ਚੁਣ ਸਕਦੇ ਹੋ।
ਇਸ ਵੇਲੇ ਮੁਵੁੰਬੀ ਦੇ ਦੋ ਪੁਰਸ਼ ਸਾਥੀ ਹਨ, ਇੱਕ 'ਐਂਕਰ ਸਾਥੀ' ਹਨ ਜਿਨ੍ਹਾਂ ਨਾਲ ਉਹ ਜੁੜੇ ਹੋਏ ਹਨ ਅਤੇ ਸਰੋਤ ਸਾਂਝੇ ਕਰਦੇ ਹਨ ਅਤੇ ਇੱਕ 'ਅਨੰਦ ਸਾਥੀ', ਜਿਨ੍ਹਾਂ ਤੋਂ ਉਨ੍ਹਾਂ ਨੂੰ ਜਿਨਸੀ ਜਾਂ ਰੋਮਾਂਟਿਕ ਅਨੰਦ ਮਿਲਦਾ ਹੈ ਅਤੇ ਜਿਨ੍ਹਾਂ ਨੂੰ ਉਹ ਕਦੇ-ਕਦਾਈਂ ਮਿਲਦੇ ਹਨ।
ਉਹ ਕਹਿੰਦੇ ਹਨ, "ਅਸੀਂ ਟੇਬਲ ਪੌਲੀਮੌਰੀ (ਇੱਕ ਸ਼ੈਲੀ) ਦਾ ਤਰੀਕਾ ਵਰਤਦੇ ਹਾਂ ਜੋ ਇੱਕ ਦੂਜੇ ਦੇ ਸਹਿਭਾਗੀਆਂ ਨੂੰ ਜਾਨਣ 'ਤੇ ਨਿਰਭਰ ਕਰਦੀ ਹੈ। ਜ਼ਰੂਰੀ ਨਹੀਂ ਕਿ ਅਸੀਂ ਇਕੱਠੇ ਹੀ ਹੋਈਏ, ਪਰ ਮੈਂ ਚਾਹੁੰਦੀ ਹਾਂ ਕਿ ਇਹੀ ਖੁੱਲਾਪਨ ਆਦਿਵਾਸੀ ਅਤੇ ਸਮਾਜ ਵਿੱਚ ਵੀ ਹੋਵੇ।"
ਉਹ ਸ਼ੁਰੂ ਵਿੱਚ ਆਪਣੇ ਪਰਿਵਾਰ ਨੂੰ ਇਹ ਸਭ ਦੱਸਣ ਵਿੱਚ ਸੰਕੋਚ ਕਰ ਰਹੇ ਸਨ ਪਰ ਲਗਭਗ ਪੰਜ ਸਾਲ ਪਹਿਲਾਂ ਜਦੋਂ ਉਨ੍ਹਾਂ ਦੇ ਐਂਕਰ ਸਾਥੀ, ਮਜ਼ੂ ਨਿਆਮੇਕੇਲਾ ਨਹਲਾਬਤਸੀ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੋਇਆ ਤਾਂ ਉਨ੍ਹਾਂ ਨੇ ਖੁੱਲ੍ਹ ਕੇ ਸਾਹਮਣੇ ਆਉਣ ਦਾ ਫ਼ੈਸਲਾ ਕੀਤਾ।
ਉਹ ਕਹਿੰਦੇ ਹਨ, "ਮੇਰੇ ਐਂਕਰ ਸਾਥੀ ਵੀ ਪੌਲੀ ਹਨ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਦਿਨ ਮੇਰਾ ਪਰਿਵਾਰ ਉਨ੍ਹਾਂ ਨੂੰ ਕਿਸੇ ਹੋਰ ਸਾਥੀ ਦੇ ਨਾਲ ਜਨਤਕ ਸਥਾਨ 'ਤੇ ਦੇਖੇ ਅਤੇ ਇਸ ਨਾਲ ਉਲਝਣ ਵਿੱਚ ਪੈ ਜਾਵੇ।"
"ਇੱਕ ਉਹ ਸਮਾਂ ਵੀ ਸੀ ਜਦੋਂ ਸਾਡੀ ਧੀ ਪੰਜ ਸਾਲ ਦੀ ਹੋ ਰਹੀ ਸੀ ਅਤੇ ਮੈਂ ਇਸ ਖੇਤਰ ਵਿੱਚ ਆਪਣੀ ਸਰਗਰਮੀ ਸ਼ੁਰੂ ਕਰ ਰਹੀ ਸੀ।"
"ਮੈਂ ਪੌਲੀਗੈਮੀ ਲਈ ਪ੍ਰਚਾਰ ਕਰਦੇ ਹੋਏ ਸਥਾਨਕ ਟੈਲੀਵਿਜ਼ਨ 'ਤੇ ਦਿਖਾਈ ਦੇ ਸਕਦੀ ਸੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਨੂੰ ਕਿਸੇ ਹੋਰ ਸਰੋਤ ਤੋਂ ਪਤਾ ਲੱਗੇ।"
ਮੁਵੁੰਬੀ ਨੂੰ ਉਨ੍ਹਾਂ ਤੋਂ ਕੁਝ ਸਵੀਕ੍ਰਿਤੀ ਤਾਂ ਪ੍ਰਾਪਤ ਹੋ ਗਈ ਹੈ ਪਰ ਉਹ ਕਹਿੰਦੇ ਹਨ ਕਿ ਇਹ ਰਾਹ ਹਾਲੇ ਲੰਮੀ ਹੈ।
ਉਹ ਆਪਣੀ ਹਾਲੀਆ ਕੁੜਮਾਈ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੇ ਐਂਕਰ ਸਾਥੀ ਨੇ ਲੋਬੋਲਾ ਦਾ ਰਿਵਾਜ ਨਿਭਾਇਆ। ਇਹ ਉਹ ਪਰੰਪਰਾ ਹੈ ਜਿਸ ਵਿੱਚ ਪੁਰਸ਼ ਆਪਣੀ ਹੋਣ ਵਾਲੀ ਪਤਨੀ ਦਾ ਹੱਥ ਮੰਗਣ ਬਦਲੇ ਉਸ ਦੇ ਪਰਿਵਾਰ ਨੂੰ ਭੁਗਤਾਨ ਕਰਦਾ ਹੈ।
ਮੁਵੁੰਬੀ ਕਹਿੰਦੇ ਹਨ, "ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਕੋਈ ਹੋਰ ਆਦਮੀ ਵੀ ਆ ਸਕਦਾ ਹੈ ਅਤੇ ਲਾੜੀ ਦੀ ਕੀਮਤ ਅਦਾ ਕਰ ਸਕਦਾ ਹੈ ਅਤੇ ਮੈਂ ਕਿਹਾ, ਸ਼ਾਇਦ ਹੋ ਸਕਦਾ ਹੈ।"
"ਮੈਂ ਆਪਣੀ ਸੱਚਾਈ ਨਾਲ ਜਿਉਣਾ ਚਾਹੁੰਦੀ ਹਾਂ, ਭਾਵੇਂ ਉਹ ਇਸ ਨਾਲ ਸਹਿਮਤ ਹੋਣ ਜਾਂ ਨਾ ਹੋਣ।"
"ਪਿਤਾਪੁਰਖੀ ਜੜਾਂ ਵਿੱਚ ਵਸੇ ਸਵਾਲ"
ਲਿੰਗ ਅਧਿਕਾਰ ਕਾਰਕੁਨ ਵਰਤਮਾਨ ਵਿੱਚ ਦੱਖਣੀ ਅਫਰੀਕਾ ਵਿੱਚ ਸਮਾਨਤਾ ਅਤੇ ਪਸੰਦ ਦੇ ਅਧਿਕਾਰ ਲਈ ਪੋਲੀਐਂਡਰੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਮੁਹਿੰਮ ਚਲਾ ਰਹੇ ਹਨ, ਕਿਉਂਕਿ ਇਸ ਵੇਲੇ ਕਾਨੂੰਨ ਸਿਰਫ ਪੁਰਸ਼ ਨੂੰ ਇੱਕ ਤੋਂ ਵੱਧ ਪਤਨੀਆਂ ਦੀ ਇਜਾਜ਼ਤ ਦਿੰਦਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਪ੍ਰਸਤਾਵ ਨੂੰ ਇੱਕ ਦਸਤਾਵੇਜ਼ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਸਰਕਾਰ ਨੇ ਜਨਤਕ ਟਿੱਪਣੀ ਲਈ ਜਾਰੀ ਕੀਤਾ ਹੈ ਕਿਉਂਕਿ ਇਹ 1994 ਵਿੱਚ ਘੱਟ ਗਿਣਤੀ, ਗੋਰੇ ਰਾਜ ਦੇ ਖ਼ਤਮ ਹੋਣ ਤੋਂ ਬਾਅਦ ਵਿਆਹ ਦੇ ਕਾਨੂੰਨਾਂ ਵਿੱਚ ਸਭ ਤੋਂ ਵੱਡੀ ਤਬਦੀਲੀ ਦੀ ਸ਼ੁਰੂਆਤ ਕਰ ਰਹੀ ਹੈ।
ਇਸ ਦਸਤਾਵੇਜ਼ ਵਿੱਚ ਮੁਸਲਿਮ, ਹਿੰਦੂ, ਯਹੂਦੀ ਅਤੇ ਰਸਤਾਫੇਰਿਅਨ ਵਿਆਹਾਂ ਨੂੰ ਵੀ ਕਾਨੂੰਨੀ ਮਾਨਤਾ ਦੇਣ ਦੀ ਗੱਲ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਵੇਲੇ ਅਵੈਧ ਮੰਨਿਆ ਜਾਂਦਾ ਹੈ।
ਮੁਵੁੰਬੀ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ "ਪ੍ਰਾਰਥਨਾ ਦੇ ਉੱਤਰ ਵਰਗਾ" ਹੈ ਅਤੇ ਪੋਲੀਐਂਡਰੀ ਨੂੰ ਲੈ ਕੇ ਜੋ ਵੀ ਸਵਾਲ ਉਠਾਏ ਜਾ ਰਹੇ ਹਨ ਉਹ ਪਿਤਾਪੁਰਖੀ ਜੜਾਂ ਵਿੱਚ ਵਸੇ ਹਨ।
ਪੋਲੀਐਂਡਰੀ ਦੇ ਵਿਸ਼ੇ 'ਤੇ ਇੱਕ ਮਸ਼ਹੂਰ ਅਕਾਦਮਿਕ, ਪ੍ਰੋਫੈਸਰ ਕੋਲੀਸ ਮਾਚੋਕੋ ਵੀ ਕੁਝ ਇਸੇ ਤਰ੍ਹਾਂ ਦੇ ਸੰਕੇਤ ਵੇਖਦੇ ਹਨ, "ਈਸਾਈ ਧਰਮ ਅਤੇ ਉਪਨਿਵੇਸ਼ ਦੇ ਆਉਣ ਨਾਲ, ਔਰਤ ਦੀ ਭੂਮਿਕਾ ਘਟ ਗਈ। "
"ਹੁਣ ਉਹ ਬਰਾਬਰ ਨਹੀਂ ਸਨ। ਵਿਆਹ ਲੜੀਵਾਰਤਾ (ਹੇਰਾਰਕੀ) ਸਥਾਪਤ ਕਰਨ ਲਈ ਵਰਤੇ ਜਾਂਦੇ ਸਾਧਨਾਂ ਵਿੱਚੋਂ ਇੱਕ ਬਣ ਗਿਆ।"
ਉਹ ਕਹਿੰਦੇ ਹਨ ਕਿ ਇੱਕ ਸਮੇਂ ਕੀਨੀਆ, ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ ਅਤੇ ਨਾਈਜੀਰੀਆ ਵਿੱਚ ਪੌਲੀਐਂਡਰੀ ਮੌਜੂਦ ਸੀ, ਅਤੇ ਅਜੇ ਵੀ ਗਾਬੋਨ ਵਿੱਚ ਇਹ ਮੌਜੂਦ ਹੈ, ਜਿੱਥੇ ਕਾਨੂੰਨ ਇਸ ਦੀ ਆਗਿਆ ਦਿੰਦਾ ਹੈ।
ਉਹ ਅੱਗੇ ਕਹਿੰਦੇ ਹਨ, "ਬੱਚਿਆਂ ਦਾ ਸਵਾਲ ਅਸਾਨ ਹੈ। ਇੱਕ ਸੰਬੰਧ ਤੋਂ ਜੋ ਵੀ ਬੱਚੇ ਪੈਦਾ ਹੁੰਦੇ ਹਨ ਉਹੀ ਉਸ ਪਰਿਵਾਰ ਦੇ ਬੱਚੇ ਹੁੰਦੇ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
'ਇਹ ਇੱਕ ਵੱਖਰੀ ਲੜਾਈ ਹੈ'
ਮੁਵੁੰਬੀ ਨੇ ਪਤਾ ਲਗਿਆ ਕਿ ਉਨ੍ਹਾਂ ਦੇ ਕੁਝ ਪੁਰਾਣੇ ਰਿਸ਼ਤਿਆਂ ਵਿੱਚ ਪਿਤ੍ਰਵਾਦੀ ਵਿਸ਼ਵਾਸ ਆਪਣੀ ਪਕੜ ਬਣਾ ਰਹੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਜਿਹੇ ਸਾਥੀਆਂ ਦੇ ਨਾਲ ਰਹਿਣਾ ਜ਼ਿਆਦਾ ਸਹਿਜ ਮਹਿਸੂਸ ਕੀਤਾ ਜੋ ਆਪ ਵੀ ਪੌਲੀ ਹਨ।
ਉਹ ਯਾਦ ਕਰਦੇ ਹਨ, "ਬਹੁਤ ਸਾਰੇ ਆਦਮੀ ਦਾਅਵਾ ਕਰਦੇ ਸਨ ਕਿ ਉਹ ਮੇਰੇ ਪੌਲੀ ਹੋਣ ਨਾਲ ਸਹਿਜ ਸਨ ਪਰ ਬਾਅਦ ਵਿੱਚ ਉਹ ਸਹਿਜ ਨਹੀਂ ਸਨ।"
"ਮੈਂ ਆਪਣੇ ਤਰ੍ਹਾਂ ਦੀ ਕੇਵਲ ਇੱਕਲੀ ਪੌਲੀ ਨਹੀਂ ਹਾਂ ਜੋ ਕਿ ਵੱਧ ਤੋਂ ਵੱਧ ਸਾਥੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਕੁਝ ਇਸ ਤਰ੍ਹਾਂ ਹੈ ਕਿ ਤੁਸੀਂ ਕਿਸੇ ਨਾਲ ਜੁੜਾਅ ਲੱਭਣ ਲਈ ਕਿਵੇਂ ਮਹਿਸੂਸ ਕਰਦੇ ਹੋ।"
ਮੁਵੁੰਬੀ ਆਪਣੇ ਦੋਵੇਂ ਸਾਥੀਆਂ ਨੂੰ ਇੱਕ ਆਨਲਾਈਨ ਕਮਿਊਨਿਟੀ ਰਾਹੀਂ ਮਿਲੇ ਸਨ, ਜਿਸ ਦਾ ਉਦੇਸ਼ ਦੱਖਣੀ ਅਫਰੀਕਾ ਵਿੱਚ ਪੌਲੀ ਵਿਅਕਤੀਆਂ ਨੂੰ ਇੱਕ-ਦੂਜੇ ਨਾਲ ਜੋੜਨਾ ਹੈ।
ਇੱਕ ਪਾਸੇ ਜਿੱਥੇ ਦੇਸ਼ ਵਿੱਚ ਪੌਲੀਐਂਡਰੀ ਲਈ ਕਾਨੂੰਨੀ ਮਾਨਤਾ ਬਾਰੇ ਬਹਿਸ ਚੱਲ ਰਹੀ ਹੈ, ਉੱਥੇ ਦੂਜੇ ਪਾਸੇ ਮੁਵੁੰਬੀ ਆਪਣੇ ਇੱਕ ਹੋਰ ਐਂਕਰ ਸਾਥੀ ਦੇ ਸਹਿਯੋਗ ਨਾਲ 'ਓਪਨ ਲਵ ਅਫਰੀਕਾ' ਨਾਮਕ ਇੱਕ ਆਨਲਾਈਨ ਪਲੇਟਫਾਰਮ ਬਣਾ ਰਹੇ ਹਨ।
ਉਹ ਕਹਿੰਦੇ ਹਨ ਕਿ ਉਹ ਮੁੱਖ ਤੌਰ ਤੇ 'ਇਥੀਕਲ ਨਾਨ-ਮੋਨੋਗੈਮੀ' ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਦੱਸਦੇ ਹਨ, "ਇਹ ਸਮਾਜ ਕਾਲੇ ਲੋਕਪੱਖੀ ਹੈ ਪਰ ਅਜੇ ਵੀ ਇਸ ਵਿੱਚ ਸਭ ਸ਼ਾਮਲ ਹਨ ਅਤੇ ਜਿਵੇਂ-ਜਿਵੇ ਅਸੀਂ ਅੱਗੇ ਵਧਦੇ ਰਹਾਂਗੇ, ਅਸੀਂ ਇਸ ਦਾ ਹੋਰ ਵਿਸਥਾਰ ਕਰਨਾ ਚਾਹਾਂਗੇ।"
"ਇਹ ਉਨ੍ਹਾਂ ਲੋਕਾਂ ਲਈ ਇੱਕ ਤੋਹਫ਼ਾ ਹੈ ਜੋ ਆਪਣੀ ਖੁਸ਼ੀ ਨਾਲ ਨਾਨ-ਮੋਨੋਗੈਮਸ ਹਨ, ਮੈਨੂੰ ਉਮੀਦ ਹੈ ਕਿ ਉਹ ਆਪਣਾ ਵਰਗ ਲੱਭ ਲੈਣਗੇ ਅਤੇ ਉਨ੍ਹਾਂ ਨੂੰ ਝੂਠ ਦੀ ਜ਼ਿੰਦਗੀ ਜਿਊਣ ਦੀ ਲੋੜ ਨਹੀਂ ਪਏਗੀ।"
ਉਹ ਕਹਿੰਦੇ ਹਨ ਕਿ ਕਿਸੇ ਵੀ ਹੋਰ ਲੜਾਈ ਦੀ ਤਰ੍ਹਾਂ, ਇੱਥੇ ਵੀ ਹਮੇਸ਼ਾ ਉਹ ਲੋਕ ਹੋਣਗੇ ਜੋ ਇਸ ਦਾ ਵਿਰੋਧ ਕਰਦੇ ਹਨ।
"ਜਦੋਂ ਮੇਰੀ ਮਾਂ ਮੇਰੇ ਨਾਲ ਗਰਭਵਤੀ ਸਨ, ਤਾਂ ਉਹ ਵਿਰੋਧ ਕਰ ਰਹੇ ਸਨ ਤਾਂ ਕਿ ਔਰਤਾਂ, ਬਿਨਾਂ ਮਰਦ ਦੀ ਸਹਿਮਤੀ ਦੇ ਗਰਭ ਨਿਰੋਧਕ ਪ੍ਰਾਪਤ ਕਰ ਸਕਣ।"
"ਉਦੋਂ ਉਹ ਇੱਕ ਵੱਖਰੀ ਲੜਾਈ ਸੀ ਅਤੇ ਹੁਣ ਮੇਰੇ ਲਈ ਇਹ ਇੱਕ ਵੱਖਰੀ ਲੜਾਈ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














