ਉਂਗਲਾਂ 'ਤੇ ਗਿਣਤੀ ਕਰਨ ਦਾ ਤਰੀਕਾ ਦੱਸ ਸਕਦਾ ਹੈ ਕਿ ਤੁਸੀਂ ਕਿਸ ਦੇਸ ਦੇ ਵਾਸੀ ਹੋ

ਦੁਨੀਆ ਭਰ ਦੇ ਲੋਕਾਂ ਕੋਲ ਆਪਣੇ ਹੱਥਾਂ 'ਤੇ ਸੰਖਿਆਵਾਂ ਦੀ ਗਿਣਤੀ ਕਰਨ ਲਈ ਵੱਖਰੀਆਂ-ਵੱਖਰੀਆਂ ਤਕਨੀਕਾਂ ਹਨ
ਤਸਵੀਰ ਕੈਪਸ਼ਨ, ਦੁਨੀਆ ਭਰ ਦੇ ਲੋਕਾਂ ਕੋਲ ਆਪਣੇ ਹੱਥਾਂ 'ਤੇ ਗਿਣਤੀ ਕਰਨ ਲਈ ਵੱਖਰੀਆਂ-ਵੱਖਰੀਆਂ ਤਕਨੀਕਾਂ ਹਨ
    • ਲੇਖਕ, ਆਨੰਦ ਜਗਾਤੀਆ
    • ਰੋਲ, ਬੀਬੀਸੀ ਫਿਊਚਰ

ਦੁਨੀਆ ਭਰ ਦੇ ਬਹੁਤ ਸਾਰੇ ਲੋਕ ਆਪਣੀਆਂ ਉਂਗਲਾਂ 'ਤੇ ਗਿਣਤੀ ਕਰਨਾ ਸਿੱਖਦੇ ਹਨ, ਪਰ ਅਸੀਂ ਸਾਰੇ ਇਸ ਨੂੰ ਇੱਕੋ ਤਰੀਕੇ ਨਾਲ ਨਹੀਂ ਕਰਦੇ। ਕੀ ਇਸ ਤੋਂ ਵਧੀਆ ਵੀ ਕੋਈ ਹੋਰ ਤਰੀਕਾ ਹੋ ਸਕਦਾ ਹੈ?

  • ਤੁਸੀਂ ਆਪਣੀਆਂ ਉਂਗਲਾਂ 'ਤੇ 10 ਤੱਕ ਦੀ ਗਿਣਤੀ ਕਿਵੇਂ ਕਰੋਗੇ?
  • ਕੀ ਤੁਸੀਂ ਅੰਗੂਠੇ ਤੋਂ ਗਿਣਨਾ ਸ਼ੁਰੂ ਕਰੋਗੇ ਜਾਂ ਇੰਡੈਕਸ ਫਿੰਗਰ ਭਾਵ ਪਹਿਲੀ ਉਂਗਲ ਤੋਂ ਕਰੋਗੇ?
  • ਖੱਬਾ ਹੱਥ ਜਾਂ ਸੱਜਾ?

ਡੈਕਟੀਲੋਨੋਮੀ (ਆਪਣੇ ਹੱਥਾਂ 'ਤੇ ਗਿਣਨਾ) ਬਹੁਤ ਸਧਾਰਨ ਅਤੇ ਕੁਦਰਤੀ ਜਾਪਦਾ ਹੈ ਅਤੇ ਹੋ ਸਕਦੇ ਹੈ ਕਿ ਤੁਸੀਂ ਸੋਚਦੇ ਹੋਵੋ ਕਿ ਇਸ ਦਾ ਤਰੀਕਾ ਹਰ ਥਾਂ ਲਗਭਗ ਇੱਕੋ ਜਿਹਾ ਹੈ।

ਆਖ਼ਰਕਾਰ, ਇਹ ਕੋਈ ਸੰਯੋਗ ਦੀ ਗੱਲ ਨਹੀਂ ਹੈ ਕਿ ਸਾਡੇ ਹੱਥਾਂ ਵਿੱਚ 10 ਅੰਕ ਹਨ ਅਤੇ ਸਭ ਤੋਂ ਆਮ ਨੰਬਰ ਪ੍ਰਣਾਲੀਆਂ ਵਿੱਚ ਵੀ 10 ਅੰਕ ਹੁੰਦੇ ਹਨ।

ਇਸ ਲਈ ਹੋ ਸਕਦਾ ਹੈ ਕਿ ਗਿਣਤੀ ਦਾ ਇਹ ਤਰੀਕਾ (ਜਿਸ ਨੂੰ ਬੇਸ 10 ਸਿਸਟਮ ਕਿਹਾ ਜਾਂਦਾ ਹੈ) ਸ਼ਾਇਦ ਇਸੇ ਕਰਕੇ ਵਿਕਸਿਤ ਹੋਇਆ ਕਿਉਂਕਿ ਸਾਡੇ ਕੋਲ 10 ਉਂਗਲਾਂ ਹਨ।

ਇਹ ਵੀ ਪੜ੍ਹੋ-

ਜੇ ਸਾਡੀਆਂ 8 ਜਾਂ 12 ਉਂਗਲਾਂ ਹੁੰਦੀਆਂ, ਤਾਂ ਸਾਡੀ ਨੰਬਰ ਪ੍ਰਣਾਲੀ ਬਿਲਕੁਲ ਵੱਖਰੀ ਹੋ ਸਕਦੀ ਸੀ

ਪਰ ਇਹ ਪਤਾ ਲੱਗਾ ਹੈ ਕਿ ਦੁਨੀਆ ਭਰ ਦੇ ਲੋਕਾਂ ਕੋਲ ਆਪਣੇ ਹੱਥਾਂ 'ਤੇ ਗਿਣਤੀ ਕਰਨ ਲਈ ਵੱਖੋ-ਵੱਖਰੀਆਂ ਤਕਨੀਕਾਂ ਹਨ।

ਗਿਣਤੀ
ਤਸਵੀਰ ਕੈਪਸ਼ਨ, ਹਾਲਾਂਕਿ ਉਂਗਲਾਂ ਦੀ ਗਿਣਤੀ ਵਿੱਚ ਇਸ ਸਭਿਆਚਾਰਕ ਵਿਭਿੰਨਤਾ ਦੀ ਹਮੇਸ਼ਾ ਸ਼ਲਾਘਾ ਨਹੀਂ ਕੀਤੀ ਗਈ

ਮਿਸਾਲ ਵਜੋਂ, ਜੇ ਤੁਸੀਂ ਯੂਕੇ ਜਾਂ ਯੂਰਪ ਦੇ ਕਿਸੇ ਇੱਕ ਹਿੱਸੇ ਤੋਂ ਹੋ, ਤਾਂ ਸ਼ਾਇਦ ਤੁਸੀਂ ਆਪਣੇ ਅੰਗੂਠੇ ਨਾਲ ਗਿਣਨਾ ਸ਼ੁਰੂ ਕਰੋਗੇ ਅਤੇ ਪਿੰਕੀ (ਛੋਟੀ ਉਂਗਲੀ) 'ਤੇ ਖ਼ਤਮ ਕਰੋਗੇ।

ਜਦਕਿ ਅਮਰੀਕਾ ਵਿੱਚ ਇਹ ਗਿਣਤੀ ਤਰਜਨੀ ਉਂਗਲੀ ਨਾਲ ਸ਼ੁਰੂ ਹੋ ਕੇ ਅੰਗੂਠੇ ਨਾਲ ਖ਼ਤਮ ਹੁੰਦੀ ਹੈ।

ਵੀਡੀਓ ਕੈਪਸ਼ਨ, ਖੇਡ-ਖੇਡ ਵਿੱਚ ਹੀ ਮੈਥ ਸਿਖਾ ਦਿੰਦੀ ਹੈ ਇਹ ਟੀਚਰ, ਜਾਣੋ ਕਿਵੇਂ

ਇਸ ਦੀ ਹਮੇਸ਼ਾ ਸ਼ਲਾਘਾ ਨਹੀਂ ਹੋਈ

ਮੱਧ ਪੂਰਬ ਦੇ ਕੁਝ ਹਿੱਸਿਆਂ ਜਿਵੇਂ ਕਿ ਈਰਾਨ ਵਿੱਚ, ਉਹ ਛੋਟੀ ਉਂਗਲੀ (ਪਿੰਕੀ) ਨਾਲ ਗਿਣਨਾ ਆਰੰਭ ਕਰਦੇ ਹਨ, ਜਦਕਿ ਜਪਾਨ ਵਿੱਚ ਲੋਕ ਖੁੱਲ੍ਹੀ ਹਥੇਲੀ ਰੱਖਦੇ ਹੋਏ ਉਂਗਲਾਂ 'ਤੇ ਗਿਣਦੇ ਹਨ ਅਤੇ ਇਸ ਦੌਰਾਨ ਉਂਗਲਾਂ ਨੂੰ ਬੰਦ ਕਰਦੇ ਹੋਏ ਮੁੱਠੀ ਬਣਾ ਲੈਂਦੇ ਹਨ।

ਹਾਲਾਂਕਿ ਉਂਗਲਾਂ ਦੀ ਗਿਣਤੀ ਵਿੱਚ ਇਸ ਸਭਿਆਚਾਰਕ ਵਿਭਿੰਨਤਾ ਦੀ ਹਮੇਸ਼ਾ ਸ਼ਲਾਘਾ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ-

ਨੌਰਵੇ ਦੀ ਬਰਗੇਨ ਯੂਨੀਵਰਸਿਟੀ ਦੇ ਕਾਗਨਿਟਿਵ, ਸੱਭਿਆਚਾਰ ਅਤੇ ਭਾਸ਼ਾ ਦੇ ਪ੍ਰੋਫੈਸਰ ਐਂਡਰੀਆ ਬੈਂਡਰ ਕਹਿੰਦੇ ਹਨ, "ਮੈਨੂੰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਲੱਗੀ ਕਿ ਜ਼ਿਆਦਾਤਰ ਖੋਜਕਾਰਾਂ ਨੇ ਇਸ ਨੂੰ ਇਸ ਤਰ੍ਹਾਂ ਸਮਝਿਆ ਜਿਵੇਂ ਕਿ ਉਂਗਲਾਂ ਨਾਲ ਗਿਣਨ ਦਾ ਸਿਰਫ਼ ਇੱਕੋ ਤਰੀਕਾ ਹੋਵੇ।"

"ਪਹਿਲਾਂ, ਖੋਜਕਾਰਾਂ ਦਾ ਮੰਨਣਾ ਸੀ ਕਿ ਉਂਗਲਾਂ 'ਤੇ ਗਿਣਤੀ, ਅਤੇ ਖਾਸ ਕਰਕੇ ਜਿਸ ਤਰੀਕੇ ਨਾਲ ਅਸੀਂ ਇਸਨੂੰ ਪੱਛਮ ਵਿੱਚ ਕਰਦੇ ਹਾਂ, ਬੱਚਿਆਂ ਲਈ ਉਦੋਂ ਬੇਹੱਦ ਜ਼ਰੂਰੀ ਹੈ ਜਦੋਂ ਉਹ ਗਿਣਤੀ ਸਿੱਖਣਾ ਸ਼ੁਰੂ ਕਰਦੇ ਹਨ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਸੰਖਿਆਵਾਂ ਕੀ ਹੁੰਦੀਆਂ ਹਨ। ਇਸ ਗੱਲ ਉੱਤੇ ਇਸ ਕਾਰਨ ਸ਼ੱਕ ਹੁੰਦਾ ਹੈ ਕਿਉਂਕਿ ਗਿਣਤੀ ਲਈ ਉਂਗਲਾਂ ਜਾਂ ਸਰੀਰ ਦੇ ਅੰਗਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇਸ ਵਿੱਚ ਬਹੁਤ ਸਭਿਆਚਾਰਕ ਵਿਭਿੰਨਤਾ ਹੈ।"

ਵੀਡੀਓ ਕੈਪਸ਼ਨ, ਸੋਸ਼ਲ ਮੀਡੀਆ 'ਤੇ ਇਸ ਸ਼ਖ਼ਸ ਦੇ ਚਰਚੇ ਕਿਉਂ?

ਮਿਸਾਲ ਵਜੋਂ, ਭਾਰਤ ਵਿੱਚ ਉਂਗਲਾਂ 'ਤੇ ਗਿਣਤੀ ਕਰਦੇ ਸਮੇਂ, ਉਂਗਲਾਂ ਦੇ ਹਿੱਸਿਆਂ (ਪੋਰਾਂ) ਵਿਚਕਾਰਲੀਆਂ ਲਕੀਰਾਂ ਜਾਂ ਰੇਖਾਵਾਂ ਨੂੰ ਗਿਣਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਹਰੇਕ ਅੰਕ ਚਾਰ ਅੰਕਾਂ ਨੂੰ ਦਰਸਾ ਸਕਦਾ ਹੈ ਅਤੇ ਪੂਰਾ ਹੱਥ 20 ਅੰਕਾਂ ਨੂੰ ਦਰਸਾ ਸਕਦਾ ਹੈ।

ਜਦਕਿ ਪੂਰਬੀ ਅਫਰੀਕਾ ਦੇ ਕੁਝ ਹਿੱਸਿਆਂ ਜਿਵੇਂ ਕਿ ਤਨਜ਼ਾਨੀਆ ਵਿੱਚ, ਕੁਝ ਬੰਤੂ ਭਾਸ਼ਾਵਾਂ ਬੋਲਣ ਵਾਲਿਆਂ ਵਿੱਚ, ਉਹ ਦੋਵੇਂ ਹੱਥਾਂ ਨੂੰ ਜਿੰਨਾ ਸੰਭਵ ਹੋ ਸਕੇ ਸਮਰੂਪਤਾ (ਸਮੀਟ੍ਰਿਕ) ਨਾਲ ਵਰਤਦੇ ਹਨ। ਉਦਾਹਰਣ ਵਜੋਂ, ਅੰਕ ਛੇ ਦਰਸਾਉਣ ਲਈ ਦੋਵਾਂ ਹੱਥਾਂ ਦੀਆਂ ਪਹਿਲੀ (ਇੰਡੈਕਸ), ਮੱਧ ਅਤੇ ਅਨਾਮਿਕਾ (ਰਿੰਗ ਫਿੰਗਰ) ਉਂਗਲਾਂ ਨੂੰ ਦਿਖਾਇਆ ਜਾਂਦਾ ਹੈ।

ਦੋਵੇਂ ਹੱਥਾਂ ਨਾਲ 1000 ਤੱਕ ਗਿਣਤੀ

ਉਵੇਂ ਹੀ, ਮੈਕਸੀਕੋ ਦੇ ਲੋਕ ਗਿਣਤੀ ਲਈ ਆਪਣੀਆਂ ਉਂਗਲਾਂ ਦੇ ਜੋੜਾਂ ਦਾ ਇਸਤੇਮਾਲ ਕਰਦੇ ਹਨ ਅਤੇ ਕੈਲੀਫੋਰਨੀਆ ਵਿੱਚ ਯੂਕੀ ਭਾਸ਼ਾ (ਹੁਣ ਅਲੋਪ ਹੋ ਚੁੱਕੀ), ਵਿੱਚ ਉਂਗਲਾਂ ਦੇ ਵਿਚਕਾਰ ਖਾਲੀ ਥਾਂ (ਪੋਰਾਂ) ਦੀ ਵਰਤੋਂ ਕੀਤੀ ਜਾਂਦੀ ਸੀ।

ਇਸ ਬੀਬੀਸੀ ਰੀਲ ਵੀਡੀਓ ਵਿੱਚ ਤੁਸੀਂ ਉਂਗਲਾਂ 'ਤੇ ਗਿਣਤੀ ਦੇ ਇਨ੍ਹਾਂ ਤਰੀਕਿਆਂ ਦੀਆਂ ਮਿਸਾਲਾਂ ਅਤੇ ਦੋਵੇਂ ਹੱਥਾਂ ਨਾਲ 1,000 ਤੱਕ ਗਿਣਤੀ ਕਰਨ ਦਾ ਤਰੀਕਾ ਦੇਖ ਸਕਦੇ ਹੋ।

ਵੀਡੀਓ ਕੈਪਸ਼ਨ, ਦੁਨੀਆਂ ਦੇ ਸੱਤ ਅਜੂਬੇ ਇੱਕੋ ਥਾਂ ਵੇਖੋ

ਹਾਲਾਂਕਿ, ਕੁਝ ਸਭਿਆਚਾਰ ਗਿਣਤੀ ਲਈ ਉਂਗਲਾਂ ਦੀ ਵਰਤੋਂ ਕਰਦੇ ਹੀ ਨਹੀਂ, ਬਲਕਿ ਉਹ ਪ੍ਰਤੀਕਾਂ ਦੀ ਵਰਤੋਂ ਕਰਦੇ ਹਨ।

ਚੀਨ ਵਿੱਚ, ਲੋਕ ਇੱਕ ਤੋਂ ਪੰਜ ਤੱਕ ਗਿਣਨ ਲਈ ਅਮਰੀਕਾ ਵਾਲੇ ਤਰੀਕੇ ਦਾ ਹੀ ਇਸਤੇਮਾਲ ਕਰਦੇ ਹਨ, ਪਰ 6 ਤੋਂ 10 ਤੱਕ ਦੇ ਅੰਕਾਂ ਲਈ ਪ੍ਰਤੀਕ ਵਰਤਦੇ ਹਨ।

ਛੇ ਨੂੰ ਦਰਸਾਉਣ ਲਈ ਅੰਗੂਠੇ ਅਤੇ ਛੋਟੀ ਉਂਗਲੀ (ਪਿੰਕੀ) ਨੂੰ ਖੋਲ੍ਹ ਕੇ ਦਿਖਾਇਆ ਜਾਂਦਾ ਹੈ, ਜਦਕਿ 10 ਨੂੰ ਬੰਦ ਮੁੱਠੀ ਜਾਂ ਤਰਜਨੀ ਅਤੇ ਵਿਚਕਾਰਲੀ ਉਂਗਲਾਂ ਨੂੰ ਕ੍ਰੋਸ ਕਰਕੇ ਦਰਸਾਇਆ ਜਾਂਦਾ ਹੈ।

ਪ੍ਰਾਚੀਨ ਰੋਮਨ ਲੋਕ ਇੱਕ ਚਲਾਕ (ਪਰ ਮੁਹਾਰਤ ਹਾਸਿਲ ਕਰਨ ਵਿੱਚ ਮੁਸ਼ਕਲ) ਪ੍ਰਤੀਕਾਤਮਕ ਪ੍ਰਣਾਲੀ ਦੀ ਵਰਤੋਂ ਕਰਦੇ ਸਨ ਜਿਸ ਨਾਲ ਉਹ ਹਜ਼ਾਰਾਂ ਤੱਕ ਗਿਣ ਸਕਦੇ ਸਨ।

ਬੈਂਡਰ ਕਹਿੰਦੇ ਹਨ ਕਿ ਉਂਗਲਾਂ 'ਤੇ ਗਿਣਤੀ ਬਹੁਤ ਤਰੀਕਿਆਂ ਨਾਲ ਹੋ ਸਕਦੀ ਹੈ ਅਤੇ ਹੋ ਸਕਦਾ ਹੀ ਕਿ ਖੋਜਕਾਰਾਂ ਨੇ ਵੱਖ-ਵੱਖ ਸਭਿਆਚਾਰਾਂ ਦੁਆਰਾ ਇਸਤੇਮਾਲ ਕੀਤੇ ਤਰੀਕਿਆਂ ਦੀ ਪੂਰੀ ਜਾਣਕਾਰੀ ਨਾ ਲਈ ਹੋਵੇ।

ਉਨ੍ਹਾਂ ਦਾ ਸਮੂਹ, ਦੁਨੀਆ ਭਰ ਵਿੱਚ ਉਂਗਲਾਂ ਦੀ ਗਿਣਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਇਕੱਠਾ ਕਰਨ ਲਈ ਇੱਕ ਬਹੁਤ ਵੱਡੇ ਸਰਵੇਖਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।

ਉਹ ਕਹਿੰਦੇ ਹਨ, "ਅਸੀਂ ਥੋੜਾ-ਬਹੁਤ ਜਾਣਦੇ ਹਾਂ ਕਿ ਕਿੰਨੀ ਕੁ ਵਿਭਿੰਨਤਾ (ਵੱਖ-ਵੱਖ ਤਰੀਕੇ) ਸੰਭਵ ਹੈ, ਪਰ ਸਾਨੂੰ ਅਜੇ ਤੱਕ ਵੀ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੈ ਕਿ ਅਸਲ ਵਿੱਚ ਇਹ ਅੰਤਰ (ਤਰੀਕਿਆਂ ਵਿੱਚ ਅੰਤਰ) ਕਿੰਨੇ ਵੱਡੇ ਹੋ ਸਕਦੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੈਂਡਰ ਵਰਗੇ ਕਾਗਨਿਟਿਵ ਵਿਗਿਆਨੀ ਇਹ ਦਿਖਾਉਣਾ ਸ਼ੁਰੂ ਕਰ ਰਹੇ ਹਨ ਕਿ ਇਸ਼ਾਰੇ ਅਤੇ ਭਾਸ਼ਾ ਸਿੱਖਣ ਦੇ ਵਿਚਕਾਰ ਸੰਬੰਧਾਂ ਬਾਰੇ ਅਜੇ ਬਹੁਤ ਕੁਝ ਖੋਜ ਕਰਨੀ ਬਾਕੀ ਹੈ।

ਮਿਸਾਲ ਵਜੋਂ, ਅਸੀਂ ਸ਼ਬਦਾਂ ਨੂੰ ਕਿਵੇਂ ਸੁਣਦੇ ਹਾਂ, ਇਸ ਵਿੱਚ ਇਸ਼ਾਰਿਆਂ ਨਾਲ ਬਦਲਾਅ ਆ ਸਕਦਾ ਹੈ। ਪਰ ਸਾਨੂੰ ਨਹੀਂ ਪਤਾ ਕਿ ਇਸ਼ਾਰਾ ਚੁਣੇ ਹੋਏ ਸ਼ਬਦ ਬਾਰੇ ਦੱਸਦਾ ਹੈ ਜਾਂ ਇਸਦੇ ਉਲਟ।

"ਮੇਰੇ ਖ਼ਿਆਲ ਵਿੱਚ ਜੋ ਰੋਮਾਂਚਕ ਗੱਲ ਹੈ ਉਹ ਇਹ ਹੈ ਕਿ ਇਨ੍ਹਾਂ ਅੰਤਰਾਂ ਦੇ ਬੌਧਿਕ ਅਰਥ ਕੀ ਹਨ? ਜਿਹੜੇ ਬੱਚੇ ਗਿਣਤੀ ਦੇ ਲਈ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਵੱਡੇ ਹੁੰਦੇ ਹਨ ਉਹ ਗਿਣਤੀ ਕਿਵੇਂ ਸਿੱਖਦੇ ਹਨ?"

ਬੈਂਡਰ ਦੇ ਅਨੁਸਾਰ ਕਿਸੇ ਸਮੇਂ ਸ਼ਾਇਦ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਗਿਣਨਾ ਸ਼ੁਰੂ ਕੀਤਾ ਅਤੇ ਵੱਖ-ਵੱਖ ਗਿਣਤੀ ਪ੍ਰਣਾਲੀਆਂ ਵਿਕਸਤ ਕੀਤੀਆਂ।

ਉਂਗਲਾਂ 'ਤੇ ਗਿਣਤੀ ਕਰਨ ਦਾ ਤੁਹਾਡਾ ਤਰੀਕਾ ਨਾ ਕੇਵਲ ਇਹ ਦੱਸ ਸਕਦਾ ਹੈ ਕਿ ਤੁਸੀਂ ਦੁਨੀਆ ਦੇ ਕਿਸ ਹਿੱਸੇ ਤੋਂ ਆਏ ਹੋ, ਬਲਕਿ ਇਹ ਗੱਲ 'ਤੇ ਵੀ ਚਾਨਣਾ ਪਾ ਸਕਦਾ ਹੈ ਕਿ ਬੱਚਿਆਂ ਦੇ ਰੂਪ ਵਿੱਚ ਅਤੇ ਇੱਕ ਪ੍ਰਜਾਤੀ ਦੇ ਰੂਪ ਵਿੱਚ ਅਸੀਂ ਸੰਖਿਆਵਾਂ ਨੂੰ ਸਮਝਣਾ ਕਿਵੇਂ ਸਿੱਖਿਆ।

ਹਾਲਾਂਕਿ, ਹੱਥਾਂ 'ਤੇ ਗਿਣਨਾ ਇੱਕ-ਦੋ-ਤਿੰਨ ਜਿੰਨਾ ਸੌਖਾ ਮਹਿਸੂਸ ਹੁੰਦਾ ਹੈ, ਪਰ ਅਸਲ ਵਿੱਚ ਇਹ ਇੰਨਾ ਸੌਖਾ ਨਹੀਂ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)