ਅਫ਼ਗਾਨਿਸਤਾਨ: ਕਦੇ ਔਰਤਾਂ ਦੀ ਖੂਬਸੂਰਤੀ ਨਿਖਾਰਨ ਵਾਲੇ ਬਿਊਟੀ ਪਾਰਲਰ ਮਾਲਿਕ ਇੰਝ ਖੌਫ਼ ’ਚ ਜੀਅ ਰਹੇ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਕਰਨ ਤੋਂ ਬਾਅਦ ਬਿਊਟੀ ਪਾਰਲਰ ਦੇ ਬਾਹਰ ਦੁਲਹਨ ਦੇ ਲਿਬਾਸ ਵਿੱਚ ਔਰਤਾਂ ਦੀਆਂ ਤਸਵੀਰਾਂ ਉੱਪਰ ਕਾਲਖ਼ ਪੋਤੀ ਗਈ।

ਸ਼ਹਿਰ ਦੀ ਸੈਲੂਨ ਵੀ ਬੰਦ ਕੀਤੇ ਗਏ। ਕੁਝ ਵਪਾਰੀਆਂ ਨੇ ਛੇਤੀ ਹੀ ਵਾਪਸ ਆਉਣ ਦਾ ਵਾਅਦਾ ਕੀਤਾ ਜਦੋਂ ਕਿ ਕੁਝ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ।

ਮੇਕਅੱਪ ਕਲਾਕਾਰ ਅਫ਼ਸੂਨ (ਅਸਲੀ ਨਾਮ ਨਹੀਂ) ਕਾਬੁਲ ਵਿੱਚ ਤਾਲਿਬਾਨ ਦੇ ਦਾਖਿਲ ਹੋਣ ਤੋਂ ਬਾਅਦ ਦੇਸ਼ ਵਿੱਚ ਲੁਕੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਖ਼ੂਬਸੂਰਤੀ ਨਾਲ ਜੁੜੇ ਉਦਯੋਗ ਦੇਸ਼ ਦੀਆਂ ਔਰਤਾਂ ਲਈ ਕਿੰਨੇ ਮਾਅਨੇ ਰੱਖਦੇ ਹਨ।

ਇਹ ਵੀ ਪੜ੍ਹੋ-

ਦਰੀ ਭਾਸ਼ਾ ਵਿੱਚ ਵਰਤੋਂ ਕੀਤੇ ਜਾਣ ਵਾਲੇ ਸ਼ਬਦ 'ਤਕਾਨ ਖੋਰਦੂਮ' ਦਾ ਅਸਲ ਅਨੁਵਾਦ ਮੁਸ਼ਕਿਲ ਹੈ ਪਰ ਇਸ ਦਾ ਮਤਲਬ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਵੱਲ ਹੈ ਜੋ ਤੁਹਾਨੂੰ ਹਮੇਸ਼ਾ ਲਈ ਬਦਲ ਦਿੰਦੀਆਂ ਹਨ ਜਿਵੇਂ ਕਿਸੇ ਬਹੁਤ ਕਰੀਬੀ ਦੀ ਮੌਤ।

ਅਫ਼ਸੂਨ ਨੇ ਤਕਾਨ ਦੀ ਭਾਵਨਾ ਨੂੰ ਪਹਿਲੀ ਵਾਰ 15 ਅਗਸਤ,2021 ਨੂੰ ਮਹਿਸੂਸ ਕੀਤਾ।

ਤਾਲਿਬਾਨ ਦੀ ਵਾਪਸੀ ਦਾ ਉਹ ਦਿਨ

ਉਸ ਐਤਵਾਰ ਸਵੇਰੇ ਦਸ ਵਜੇ ਉਨ੍ਹਾਂ ਨਾਲ ਸਲੂਨ ਵਿਖੇ ਕੰਮ ਕਰਨ ਵਾਲੀ ਸਹਿਯੋਗੀ ਦਾ ਫੋਨ ਆਇਆ।ਇਹ ਸੈਲੂਨ ਅਫ਼ਸੂਨ ਲਈ ਉਹ ਜਗ੍ਹਾ ਸੀ ਜਿਸ ਵਿੱਚ ਹਮੇਸ਼ਾ ਖ਼ੁਸ਼ ਰਹਿੰਦੇ ਸੀ। ਸ਼ੈਂਪੂ ਅਤੇ ਨੇਲ ਪਾਲਿਸ਼ ਦੀ ਸੁਗੰਧ, ਛੋਟੀਆਂ- ਮੋਟੀਆਂ ਗੱਲਾਂ, ਹਾਸੇ ਅਤੇ ਵਾਲ ਸੁਕਾਉਣ ਵਾਲੀ ਮਸ਼ੀਨ ਦੀ ਆਵਾਜ਼।

" ਅੱਜ ਕੰਮ 'ਤੇ ਨਾ ਆਉਣਾ",ਅਫ਼ਸੂਨ ਦੀ ਸਹਿਯੋਗੀ ਨੇ ਆਖਿਆ।

"ਅਸੀਂ ਬੰਦ ਕਰ ਰਹੇ ਹਾਂ। ਸਭ ਖ਼ਤਮ ਹੋ ਗਿਆ।"

ਆਪਣੇ ਬਿਸਤਰੇ ਵਿੱਚ ਬੈਠੇ ਬੈਠੇ ਅਫ਼ਸੂਨ ਨੇ ਆਪਣਾ ਮੋਬਾਈਲ ਵੇਖਿਆ। ਪਰਿਵਾਰ ਅਤੇ ਦੋਸਤਾਂ ਦੇ ਦਰਜਨਾਂ ਸੁਨੇਹੇ, ਸੋਸ਼ਲ ਮੀਡੀਆ ਦੀਆਂ ਸੈਂਕੜੇ ਪੋਸਟ ਦੇਖ ਕੇ ਉਨ੍ਹਾਂ ਨੂੰ ਝਟਕਾ ਲੱਗਿਆ।

ਇਹ ਸਾਰੇ ਸੁਨੇਹੇ ਇਕੋ ਜਿਹੇ ਸਨ। ਤਾਲਿਬਾਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖ਼ਲ ਹੋ ਗਏ ਹਨ। 16 ਦਿਨਾਂ ਵਿੱਚ ਵਿਦੇਸ਼ੀ ਫੌਜਾਂ ਅਤੇ ਉਨ੍ਹਾਂ ਦੇ ਰਾਜਦੂਤ ਦੇਸ਼ ਛੱਡ ਕੇ ਚਲੇ ਗਏ।

"ਸਭ ਖ਼ਤਮ ਹੋ ਗਿਆ",ਅਫ਼ਸੂਨ ਨੇ ਆਪਣੇ ਆਪ ਨੂੰ ਕਿਹਾ। ਹੁਣ ਲੁਕਣ ਦਾ ਸਮਾਂ ਆ ਗਿਆ ਸੀ।

ਅਫ਼ਸੂਨ ਆਪਣੇ ਆਪ ਨੂੰ ਆਧੁਨਿਕ ਅਫ਼ਗਾਨ ਔਰਤ ਦੀ ਸ਼੍ਰੇਣੀ ਵਿੱਚ ਰੱਖਦੇ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਪਸੰਦ ਹੈ,ਫ਼ਿਲਮਾਂ ਪਸੰਦ ਹਨ। ਉਨ੍ਹਾਂ ਨੂੰ ਗੱਡੀ ਚਲਾਉਣੀ ਆਉਂਦੀ ਹੈ ਅਤੇ ਆਪਣੇ ਭਵਿੱਖ ਨੂੰ ਲੈ ਕੇ ਸੁਫ਼ਨੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਫ਼ਸੂਨ ਨੂੰ 90 ਦਾ ਦਹਾਕਾ ਯਾਦ ਨਹੀਂ ਕਿਉਂਕਿ ਇਸੇ ਸਮੇਂ ਉਨ੍ਹਾਂ ਦਾ ਜਨਮ ਹੋਇਆ ਸੀ ਜਦੋਂ ਤਾਲਿਬਾਨ ਨੇ ਪਹਿਲੀ ਵਾਰ ਦੇਸ਼ ਵਿੱਚ ਸੈਲੂਨ ਬੰਦ ਕੀਤੇ ਸਨ।

ਅਫ਼ਸੂਨ ਉਸ ਅਫ਼ਗਾਨਿਸਤਾਨ ਵਿੱਚ ਵੱਡੇ ਹੋਏ ਹਨ ਜਿੱਥੇ ਬਿਊਟੀ ਪਾਰਲਰ ਜ਼ਿੰਦਗੀ ਦਾ ਹਿੱਸਾ ਸਨ। ਅਮਰੀਕੀ ਫੌਜ ਦੇ 2001 ਵਿੱਚ ਅਫ਼ਗ਼ਾਨਿਸਤਾਨ ਆਉਣ ਤੋਂ ਬਾਅਦ ਕਾਬੁਲ ਵਿੱਚ 200 ਤੋਂ ਵੱਧ ਬਿਊਟੀ ਪਾਰਲਰ ਖੁੱਲ੍ਹੇ ਸਨ।ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਸੈਂਕੜੇ ਬਿਊਟੀ ਪਾਰਲਰ ਖੁੱਲ੍ਹੇ।

ਟੁੱਟੇ ਸੁਫ਼ਨੇ ਬੁਝੀਆਂ ਆਸਾਂ

ਆਪਣੀ ਕਿਸ਼ੋਰਅਵਸਥਾ ਵਿੱਚ ਉਨ੍ਹਾਂ ਨੂੰ ਸੁੰਦਰਤਾ ਨਾਲ ਜੁੜੇ ਮੈਗਜ਼ੀਨ ਅਤੇ ਸੋਸ਼ਲ ਮੀਡੀਆ 'ਤੇ ਸੁੰਦਰਤਾ ਨਾਲ ਜੁੜੀਆਂ ਚੀਜ਼ਾਂ ਦੇਖਣ ਦਾ ਸ਼ੌਕ ਸੀ।ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਉਹ ਵੀ ਸੈਲੂਨ ਜਾਂਦੇ ਸਨ।

ਸੁੰਦਰਤਾ ਨਾਲ ਜੁੜੀ ਦੁਨੀਆਂ ਦਾ ਉਨ੍ਹਾਂ ਨੂੰ ਸਭ ਕੁਝ ਪਸੰਦ ਸੀ।ਰੰਗ ਬਿਰੰਗੇ ਨੇਲ ਪਾਲਿਸ਼ ਅਤੇ ਔਰਤਾਂ ਨੂੰ ਸਜਾਉਣ ਵਿੱਚ ਲੱਗੇ ਮੇਕਅੱਪ ਕਲਾਕਾਰ।

ਅਫ਼ਸੂਨ ਨੇ ਅਜਿਹੇ ਹੀ ਇੱਕ ਬਿਊਟੀ ਪਾਰਲਰ ਵਿੱਚ ਆਪਣੇ ਕੰਮ ਕਰਨ ਦੇ ਸੁਪਨੇ ਨੂੰ ਪੂਰਾ ਕੀਤਾ। ਇੱਕ ਸਫ਼ਲ ਮੇਕਅੱਪ ਕਲਾਕਾਰ ਦੀ ਪਹਿਚਾਣ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਸੀ।

ਕਾਬੁਲ ਦੇ ਹੋਰ ਬਿਊਟੀ ਪਾਰਲਰ ਵਾਂਗ ਅਫ਼ਸੂਨ ਦੇ ਬਿਊਟੀ ਪਾਰਲਰ ਵਿੱਚ ਵੀ ਖਿੜਕੀਆਂ ਉੱਪਰ ਖ਼ੂਬਸੂਰਤ ਔਰਤਾਂ ਦੇ ਪੋਸਟਰ ਲੱਗੇ ਸਨ ਜੋ ਇੱਕ ਤਰ੍ਹਾਂ ਨਾਲ ਉਹੀ ਖ਼ੂਬਸੂਰਤੀ ਤੁਹਾਡੇ ਅੰਦਰ ਪੈਦਾ ਕਰਨ ਦਾ ਵਾਅਦਾ ਕਰਦੇ ਸਨ।

ਇਨ੍ਹਾਂ ਪੋਸਟਰਾਂ ਦੀ ਬਦੌਲਤ ਕਾਬੁਲ ਦੀਆਂ ਸੜਕਾਂ, ਜਿਥੇ ਜ਼ਿਆਦਾਤਰ ਮਰਦ ਨਜ਼ਰ ਆਉਂਦੇ ਹਨ ਸੈਲੂਨ ਦੇ ਅੰਦਰ ਬੈਠੀਆਂ ਔਰਤਾਂ ਨੂੰ ਨਹੀਂ ਦੇਖ ਸਕਦੇ।

ਇੱਕ ਸਮੇਂ ਇਨ੍ਹਾਂ ਬਿਊਟੀ ਪਾਰਲਰ ਵਿੱਚ ਦਰਜਨ ਮਹਿਲਾਵਾਂ ਅੰਦਰ ਬੈਠ ਸਕਦੀਆਂ ਸਨ ਚਾਹੇ ਉਹ ਕਰਮਚਾਰੀ ਹੋਣ ਜਾਂ ਇਨ੍ਹਾਂ ਸੈਲੂਨ ਦੀਆਂ ਗਾਹਕ ਔਰਤਾਂ ਜਿਨ੍ਹਾਂ ਵਿੱਚ- ਡਾਕਟਰ, ਪੱਤਰਕਾਰ,ਗਾਇਕਾ, ਟੀਵੀ ਅਦਾਕਾਰ,ਅਤੇ ਆਪਣੇ ਵਿਆਹ ਲਈ ਤਿਆਰ ਹੋਣ ਆਈਆਂ ਦੁਲਹਨਾਂ ਸ਼ਾਮਿਲ ਹੁੰਦੀਆਂ ਸਨ।

ਕੰਮਕਾਜ ਹਮੇਸ਼ਾਂ ਵਧੀਆ ਚਲਦਾ ਸੀ। ਵਿਆਹ-ਸ਼ਾਦੀ ਦੇ ਦਿਨਾਂ ਅਤੇ ਈਦ ਵਰਗੇ ਤਿਉਹਾਰ ਦੇ ਮੌਕੇ ਸੈਲੂਨ ਵਿੱਚ ਕਈ ਦਿਨ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਸੀ।

"ਮੈਨੂੰ ਔਰਤਾਂ ਪਿਆਰੀਆਂ ਲੱਗਦੀਆਂ ਹਨ। ਉਨ੍ਹਾਂ ਲਈ ਅਜਿਹੇ ਮੌਕੇ ਪੈਦਾ ਕਰਨਾ ਚਾਹੁੰਦੀ ਸਾਂ ਜਿਸ ਵਿੱਚ ਉਹ ਖੁੱਲ੍ਹ ਕੇ ਆਪਣੇ ਆਪ ਨੂੰ ਵਿਅਕਤ ਕਰ ਸਕਣ। ਇਹ ਅਜਿਹੀ ਥਾਂ ਸੀ ਜਿੱਥੇ ਮਰਦਾਂ ਤੋਂ ਦੂਰ ਅਸੀਂ ਥੋੜ੍ਹਾ ਆਰਾਮ ਕਰ ਸਕਦੇ ਸਾਂ।"

15 ਅਗਸਤ ਨੂੰ ਕਾਬੁਲ ਵਿੱਚ ਤਾਲਿਬਾਨ ਦੇ ਪ੍ਰੈਜ਼ੀਡੈਂਸ਼ੀਅਲ ਪੈਲੇਸ ਉੱਪਰ ਕਬਜ਼ੇ ਤੋਂ ਬਾਅਦ ਅਫ਼ਸੂਨ ਦੀ ਸਾਲਾਂ ਦੀ ਮਿਹਨਤ ਇੱਕ ਦਿਨ ਵਿੱਚ ਖ਼ਤਮ ਹੋ ਗਈ।

ਉਹ ਇਹ ਬਰਦਾਸ਼ਤ ਨਹੀਂ ਕਰਨਗੇ

ਕਾਬੁਲ ਵਿੱਚ ਲਗਪਗ ਅੱਧੀ ਰਾਤ ਹੋ ਚੁੱਕੀ ਹੈ ਅਤੇ ਅਫ਼ਸੂਨ ਨੇ ਦੱਬੀ ਆਵਾਜ਼ ਵਿੱਚ ਸਾਡੇ ਨਾਲ ਫ਼ੋਨ ਰਾਹੀਂ ਗੱਲ ਕੀਤੀ। ਆਵਾਜ਼ ਵਿੱਚ ਡਰ ਸਾਫ਼ ਝਲਕ ਰਿਹਾ ਸੀ।

ਉਨ੍ਹਾਂ ਨੇ ਉਸ ਐਤਵਾਰ ਆਪਣਾ ਘਰ ਛੱਡ ਦਿੱਤਾ ਅਤੇ ਇੱਕ ਸੁਰੱਖਿਅਤ ਜਗ੍ਹਾ ਲੱਭ ਲਈ।

"ਔਰਤਾਂ ਦੀ ਖ਼ੂਬਸੂਰਤੀ ਨਾਲ ਜੁੜੇ ਉਦਯੋਗ ਵਿੱਚ ਸ਼ਾਮਲ ਮੇਰੇ ਵਰਗੇ ਲੋਕ ਨਿਸ਼ਾਨੇ 'ਤੇ ਹਨ। ਅਸੀਂ ਅਤੇ ਸਾਡਾ ਕੰਮ ਲੋਕਾਂ ਦੀ ਨਜ਼ਰ ਵਿੱਚ ਰਿਹਾ ਹੈ।"

ਆਪਣੀ ਦੋਸਤ ਵੱਲੋਂ ਕੀਤੇ ਗਏ ਫੋਨ ਤੋਂ ਬਾਅਦ ਅਫ਼ਸੂਨ ਨੂੰ ਪਤਾ ਲੱਗਿਆ ਕਿ ਕਾਬੁਲ ਵਿੱਚ ਡਰੇ ਹੋਏ ਲੋਕ ਮਹਿਲਾਵਾਂ ਦੀ ਖੂਬਸੂਰਤੀ ਨਾਲ ਸੰਬੰਧਿਤ ਪੋਸਟਰ ਉੱਪਰ ਪੇਂਟ ਕਰ ਰਹੇ ਹਨ। ਅਫ਼ਸੂਨ ਦੇ ਇੱਕ ਦੋਸਤ ਨੇ ਪੋਸਟਰ ਉੱਪਰ ਮੌਜੂਦ ਮਾਡਲਾਂ ਦੀਆਂ ਸ਼ਕਲਾਂ ਪੇਂਟ ਕੀਤੀਆਂ ਹਨ ਤਾਂ ਜੋ ਇਸ ਕਾਰੋਬਾਰ ਨਾਲ ਜੁੜੀਆਂ ਰਹੀਆਂ ਔਰਤਾਂ ਵੱਲ ਤਾਲਿਬਾਨ ਦਾ ਜ਼ਿਆਦਾ ਧਿਆਨ ਨਾ ਜਾਵੇ।

ਅਫ਼ਸੂਨ ਨੇ ਦੱਸਿਆ, "ਬਿਨਾਂ ਪਰਦੇ ਜਾਂ ਉਹ ਤਸਵੀਰਾਂ ਜਿਨ੍ਹਾਂ ਵਿੱਚ ਔਰਤਾਂ ਦੀਆਂ ਗਰਦਨਾਂ ਨਜ਼ਰ ਆ ਰਹੀਆਂ ਹੋਣ, ਨੂੰ ਉਹ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ।"

ਉਹ ਸ਼ੁਰੂ ਤੋਂ ਇਸ ਗੱਲ ਨੂੰ ਲੈ ਕੇ ਬਹੁਤ ਪੱਕੇ ਹਨ ਕਿ ਔਰਤਾਂ ਕਿਸੇ ਵੀ ਹਾਲਤ ਵਿੱਚ ਆਪਣੇ ਵੱਲ ਧਿਆਨ ਆਕਰਸ਼ਿਤ ਨਾ ਕਰਨ।

"ਇਸ ਨਾਲ ਅਫ਼ਗਾਨਿਸਤਾਨ ਵਿੱਚ ਔਰਤਾਂ ਦੀ ਖੂਬਸੂਰਤੀ ਨਾਲ ਜੁੜੇ ਉਦਯੋਗ ਦਾ ਖ਼ਾਤਮਾ ਹੋ ਗਿਆ ਹੈ।"

ਡਰ ਦੇ ਸਾਏ ਹੇਠ ਜ਼ਿੰਦਗੀ

ਅਫ਼ਸੂਨ ਕੋਲ ਅਜਿਹਾ ਕੋਈ ਕਾਗਜ਼ ਜਾਂ ਪੱਤਰ ਨਹੀਂ ਹੈ ਜੋ ਕਾਬੁਲ ਤੋਂ ਬਾਹਰ ਜਾ ਰਹੇ ਜਹਾਜ਼ਾਂ ਵਿੱਚ ਜਗ੍ਹਾ ਪੱਕੀ ਕਰ ਸਕੇ।

ਉਨ੍ਹਾਂ ਕੋਲ ਬਾਹਰ ਜਾਣ ਦਾ ਕੋਈ ਜ਼ਰੀਆ ਨਹੀਂ ਹੈ।

ਆਪਣੀਆਂ ਸਹਿਯੋਗੀ ਕਰਮਚਾਰੀਆਂ ਨਾਲ ਸੋਸ਼ਲ ਮੀਡੀਆ ਗਰੁੱਪ ਰਾਹੀਂ ਉਹ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਆਖਰੀ ਵਾਰ 24 ਅਗਸਤ ਨੂੰ ਪੈਸੇ ਮਿਲੇ ਸਨ। ਇਸ ਤੋਂ ਬਾਅਦ ਹੁਣ ਹੋਰ ਪੈਸੇ ਨਹੀਂ ਆਉਣਗੇ। ਬਿਊਟੀ ਪਾਰਲਰ ਬੰਦ ਹੋ ਚੁੱਕਿਆ ਹੈ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਮਨਜ਼ੂਰ ਕਰ ਲਿਆ ਹੈ ਕਿ ਹੁਣ ਉਹ ਕੰਮ 'ਤੇ ਵਾਪਸ ਨਹੀਂ ਜਾਣਗੇ।

ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਨਹੀਂ ਪਤਾ। ਅੱਗੇ ਕੀ ਹੋਵੇਗਾ ਇਸ ਦਾ ਭਰੋਸਾ ਨਹੀਂ ਹੈ। ਉਨ੍ਹਾਂ ਨੇ ਹੁਣ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਹਨ ਅਤੇ ਬਾਹਰ ਨਿਕਲਣ ਬਾਰੇ ਵੀ ਹਾਲੇ ਸੋਚਿਆ ਨਹੀਂ ਹੈ।

ਫਿਲਹਾਲ ਉਨ੍ਹਾਂ ਦੇ ਭਵਿੱਖ ਦੀ ਕਲਪਨਾ ਦੇ ਰੰਗਾਂ ਉੱਪਰ ਕਾਲਾ ਪੇਂਟ ਥੋਪਿਆ ਗਿਆ ਹੈ।ਇਸ ਨਾਲ ਲੱਗੇ ਗਹਿਰੇ ਸਦਮੇ ਵਿੱਚੋਂ ਨਿਕਲਣ ਲਈ ਕਿੰਨਾ ਸਮਾਂ ਲੱਗੇਗਾ, ਇਸ ਦਾ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਹੈ।

"ਮੈਂ ਕੇਵਲ ਜਿਉਂਦੇ ਰਹਿਣ ਬਾਰੇ ਹੀ ਸੋਚ ਸਕਦੀ ਹਾਂ।ਮੈਨੂੰ ਮਰਨ ਤੋਂ ਡਰ ਨਹੀਂ ਲਗਦਾ ਪਰ ਮੈਂ ਇਸ ਤਰ੍ਹਾਂ ਨਿਰਾਸ਼ ਅਤੇ ਆਸਹੀਨ ਹੋ ਕੇ ਨਹੀਂ ਜਾਣਾ ਚਾਹੁੰਦੀ।"

"ਮੈਨੂੰ ਹਰ ਪਲ ਲੱਗਦਾ ਹੈ ਕਿ ਤਾਲਿਬਾਨ ਮੈਨੂੰ ਲੱਭਣ ਲਈ ਆਉਣਗੇ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)