ਅਫ਼ਗਾਨਿਸਤਾਨ: 'ਮੈਂ 6 ਦਿਨ ਅਤੇ 6 ਰਾਤਾਂ ਲਈ ਕਾਬੁਲ ਹਵਾਈ ਅੱਡੇ ਬਾਹਰ ਸੀ ਪਰ ਇੱਕ ਇੰਚ ਵੀ ਨਹੀਂ ਹਿੱਲ ਸਕੀ'

ਤਸਵੀਰ ਸਰੋਤ, Getty Images
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਪੱਤਰਕਾਰ
"ਜੇ ਤਾਲਿਬਾਨ ਨੇ ਮੈਨੂੰ ਲੱਭ ਲਿਆ ਤਾਂ ਉਹ ਮੈਨੂੰ ਮਾਰ ਦੇਣਗੇ"
ਤਾਲਿਬਾਨ ਦੇ ਕਬਜ਼ੇ ਤੋਂ ਬਚਣ ਅਤੇ ਦੇਸ ਛੱਡਣ ਦੀ ਕੋਸ਼ਿਸ਼ ਵਿੱਚ ਪਿਛਲੇ ਦੋ ਹਫਤਿਆਂ ਵਿੱਚ ਹਜ਼ਾਰਾਂ ਅਫ਼ਗਾਨ ਕਾਬੁਲ ਹਵਾਈ ਅੱਡੇ 'ਤੇ ਪਹੁੰਚੇ।
ਪਾਣੀ, ਭੋਜਨ ਜਾਂ ਪਖਾਨਿਆਂ ਤੋਂ ਬਗੈਰ ਉਹ ਕਈ ਦਿਨਾਂ ਅਤੇ ਰਾਤਾਂ ਤੱਕ ਬੇਸਬਰੀ ਨਾਲ ਉਡੀਕ ਕਰਦੇ ਰਹੇ। ਇਸ ਦੌਰਾਨ ਆਈਐੱਸ-ਕੇ ਸਮੂਹ ਦੁਆਰਾ ਕੀਤੇ ਇੱਕ ਆਤਮਘਾਤੀ ਬੰਬ ਧਮਾਕੇ ਅਤੇ ਬਾਅਦ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਬਹੁਤ ਸਾਰੇ ਲੋਕਾਂ ਨੇ ਮੌਤ ਨੂੰ ਕਰੀਬ ਤੋਂ ਦੇਖਿਆ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ 31 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ 1,23,000 ਲੋਕਾਂ ਨੂੰ ਉੱਥੋਂ ਬਾਹਰ ਕੱਢ ਲਿਆ ਹੈ।
ਇਹ ਵੀ ਪੜ੍ਹੋ:
ਪਰ ਬਹੁਤ ਸਾਰੇ ਲੋਕ ਜਿਨ੍ਹਾਂ ਵਿੱਚ ਅਫ਼ਗਾਨ ਸਰਕਾਰ ਵਿੱਚ ਕੰਮ ਕਰਨ ਵਾਲੇ, ਮਹਿਲਾ ਕਾਰਕੁਨ, ਪੱਤਰਕਾਰ ਅਤੇ ਧਾਰਮਿਕ ਅਤੇ ਲਿੰਗਕ ਘੱਟ ਗਿਣਤੀਆਂ (ਸੈਕਸੁਅਲ ਮਾਈਨਾਰਿਟੀ) ਦੇ ਲੋਕ ਸ਼ਾਮਲ ਹਨ, ਉੱਥੇ ਹੀ ਰਹਿ ਗਏ ਹਨ।
ਬੀਬੀਸੀ ਨੇ ਅਹਿਜੇ ਤਿੰਨ ਲੋਕਾਂ ਨਾਲ ਗੱਲਬਾਤ ਕੀਤੀ ਜੋ ਨਿਕਲਣ ਵਿੱਚ ਕਾਮਯਾਬ ਨਹੀਂ ਹੋ ਸਕੇ। ਹੁਣ ਉਹ ਲੁਕੇ ਹੋਏ ਹਨ, ਇਸ ਲਈ ਉਨ੍ਹਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਇਸ ਲੇਖ ਵਿੱਚ ਉਨ੍ਹਾਂ ਦੇ ਅਸਲੀ ਨਾਂ ਬਦਲ ਦਿੱਤੇ ਗਏ ਹਨ।

'ਮੈਂ ਰੋਜ਼ ਟਿਕਾਣਾ ਬਦਲ ਰਿਹਾ ਹਾਂ'
ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਨਜ਼ੀਫ਼ ਨੇ ਪਤਨੀ ਅਤੇ ਬੱਚੇ ਸਮੇਤ ਆਪਣਾ ਘਰ ਛੱਡ ਦਿੱਤਾ ਸੀ।
ਨਜ਼ੀਫ਼ ਨੇ ਬੀਬੀਸੀ ਨੂੰ ਦੱਸਿਆ, "ਬਦਕਿਸਮਤੀ ਨਾਲ, ਮੈਂ ਨਹੀਂ ਰਹਿ ਸਕਦਾ। ਮੈਂ ਆਪਣਾ ਘਰ ਛੱਡ ਦਿੱਤਾ ਹੈ ਅਤੇ ਇੱਧਰ-ਉੱਧਰ ਭਟਕ ਰਿਹਾ ਹਾਂ। ਮੈਂ ਹਰ ਰੋਜ਼ ਆਪਣਾ ਟਿਕਾਣਾ ਬਦਲ ਰਿਹਾ ਹਾਂ। ਫਿਲਹਾਲ ਮੈਂ ਆਪਣੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਹਾਂ।"
ਸਰਕਾਰੀ ਮੈਨੇਜਰ ਰਹਿ ਚੁੱਕੇ ਨਜ਼ੀਫ਼ ਦਾ ਤਾਲਿਬਾਨ ਨਾਲ ਲੰਮਾ ਇਤਿਹਾਸ ਹੈ। ਉਨ੍ਹਾਂ ਦੀਆਂ ਮੁਸ਼ਕਿਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਨ੍ਹਾਂ ਨੂੰ ਪੇਂਡੂ ਖੇਤਰਾਂ ਦੇ ਕਿਸਾਨਾਂ ਨੂੰ ਦਿੱਤੇ ਗਏ ਕਰਜ਼ਿਆਂ ਦੇ ਆਡਿਟ ਲਈ ਭੇਜਿਆ ਗਿਆ, ਉਹ ਖੇਤਰ ਜੋ ਕਿ ਤਾਲਿਬਾਨ ਦੇ ਪ੍ਰਭਾਵ ਅਧੀਨ ਸਨ।

ਤਸਵੀਰ ਸਰੋਤ, Getty Images
"ਉਦੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੈਂ ਲਗਭਗ ਦੋ ਸਾਲਾਂ ਵਿੱਚ 18 ਸੂਬਿਆਂ ਦੀ ਯਾਤਰਾ ਕੀਤੀ। ਤਾਲਿਬਾਨ ਨੂੰ ਇਹ ਪ੍ਰੋਜੈਕਟ ਪਸੰਦ ਨਹੀਂ ਸੀ ਕਿਉਂਕਿ ਇਸ ਨੂੰ ਵਿਦੇਸ਼ਾਂ ਤੋਂ ਫੰਡ ਮਿਲਦਾ ਸੀ। ਆਪਣੇ ਕੰਮ ਦੇ ਦੌਰਾਨ ਮੈਂ ਤਾਲਿਬਾਨ ਦੀਆਂ ਗਤੀਵਿਧੀਆਂ ਨੂੰ ਦੇਖਿਆ ਅਤੇ ਇਸਦੀ ਜਾਣਕਾਰੀ ਆਪਣੇ ਮੀਡੀਆ ਦੇ ਦੋਸਤਾਂ ਨੂੰ ਦਿੱਤੀ।"
ਨਜ਼ੀਫ ਕਹਿੰਦੇ ਹਨ ਕਿ ਤਾਲਿਬਾਨ ਨੂੰ ਪਤਾ ਲੱਗ ਗਿਆ ਕਿ ਉਹੀ ਉਨ੍ਹਾਂ ਦੀਆਂ ਗੱਲਾਂ ਦੱਸਣ ਵਾਲਾ ਸਰੋਤ ਹੈ ਅਤੇ ਤਾਲਿਬਾਨ ਨੇ ਉਨ੍ਹਾਂ ਦੇ ਭਰਾ ਦੇ ਜ਼ਰੀਏ ਨਜ਼ੀਫ ਨੂੰ "ਚੇਤਾਵਨੀ" ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜਿਹੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਸਪਸ਼ਟ ਰੂਪ ਨਾਲ ਅੱਤਵਾਦੀਆਂ ਦਾ ਵਿਰੋਧ ਕਰਨਾ ਜਾਰੀ ਰੱਖਿਆ, ਜਿਸ ਵਿੱਚ ਸੋਸ਼ਲ ਮੀਡੀਆ 'ਤੇ 'ਤਾਲਿਬਾਨ ਦੀ ਸਪਸ਼ਟ ਅਤੇ ਸਖ਼ਤ ਆਲੋਚਨਾ' ਵੀ ਸ਼ਾਮਲ ਸੀ।
ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਵਿੱਚ ਨਿਭਾਈ ਉਨ੍ਹਾਂ ਦੀ ਆਖਰੀ ਭੂਮਿਕਾ ਨੇ ਉਨ੍ਹਾਂ ਨੂੰ ਮੁੱਖ ਨਿਸ਼ਾਨਾ ਬਣਾ ਦਿੱਤਾ।
"ਮੈਂ, ਲੋਕਾਂ ਦੇ ਸਰਵਿਸ ਰਿਕਾਰਡਾਂ ਦਾ ਪ੍ਰਬੰਧਨ ਕਰਨ ਵਾਲੇ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਭਾਗ ਵਿੱਚ ਸੀ। ਤਾਲਿਬਾਨ ਜਾਣਦੇ ਹਨ ਕਿ ਜੇ ਉਹ ਮੈਨੂੰ ਫੜ ਲੈਂਦੇ ਹਨ, ਤਾਂ ਉਨ੍ਹਾਂ ਨੂੰ ਅਜਿਹੇ ਬਹੁਤ ਸਾਰੇ ਲੋਕਾਂ ਦੇ ਨਾਮ ਅਤੇ ਪਤੇ ਮਿਲ ਸਕਦੇ ਹਨ ਜਿਨ੍ਹਾਂ ਨੂੰ ਉਹ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ।"
ਉਨ੍ਹਾਂ ਨੂੰ ਆਪਣੇ ਗੁਆਂਢੀਆਂ ਤੋਂ ਪਤਾ ਚੱਲਿਆ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਤਾਲਿਬਾਨ ਘੱਟੋ-ਘੱਟ ਤਿੰਨ ਵਾਰ ਉਨ੍ਹਾਂ ਦੇ ਘਰ ਆਏ ਸਨ।

ਤਸਵੀਰ ਸਰੋਤ, Getty Images
"ਮੇਰੇ ਕੋਲ ਜਾਣਕਾਰੀ ਸੀ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਕਾਬੁਲ ਵਿੱਚ ਪਿਛਲੀ ਸਰਕਾਰ ਨਾਲ ਕੰਮ ਕਰਨ ਵਾਲੇ ਸੱਤ ਲੋਕਾਂ ਨੂੰ ਮਾਰ ਦਿੱਤਾ ਸੀ।"
ਕਿਉਂਕਿ ਉਨ੍ਹਾਂ ਨੇ ਕਿਸੇ ਵਿਦੇਸ਼ੀ ਵਿਭਾਗ ਲਈ ਕੰਮ ਨਹੀਂ ਕੀਤਾ, ਇਸ ਲਈ ਉਨ੍ਹਾਂ ਨੂੰ ਕਿਸੇ ਵੀ ਵਿਦੇਸ਼ੀ ਪੱਛਮੀ ਸਰਕਾਰ ਵੱਲੋਂ ਹਵਾਈ ਅੱਡੇ 'ਤੇ ਪਹੁੰਚਣ ਲਈ ਸੱਦਾ ਨਹੀਂ ਆਇਆ।
ਪਰ ਫਿਰ ਵੀ ਨਜ਼ੀਫ ਨੇ ਇੱਕ ਕੋਸ਼ਿਸ਼ ਕੀਤੀ ਅਤੇ ਆਪਣੀ ਪਤਨੀ ਤੇ ਬੱਚੇ ਦੇ ਨਾਲ ਕਿਸੇ ਵੀ ਤਰ੍ਹਾਂ ਹਵਾਈ ਅੱਡੇ ਪਹੁੰਚ ਗਏ।
"ਮੈਂ ਚਾਰ ਵਾਰ ਕੋਸ਼ਿਸ਼ ਕੀਤੀ ਪਰ ਨਹੀਂ ਨਿੱਕਲ ਸਕਿਆ। ਮੇਰੇ ਕੋਲ ਇਹ ਦਿਖਾਉਣ ਲਈ ਦਸਤਾਵੇਜ਼ ਸਨ ਕਿ ਮੈਂ ਇੱਕ ਸੰਵੇਦਨਸ਼ੀਲ ਖ਼ੇਤਰ ਵਿੱਚ ਕੰਮ ਕੀਤਾ ਹੈ ਅਤੇ ਮੇਰੀ ਜਾਨ ਨੂੰ ਖ਼ਤਰਾ ਹੈ ਪਰ ਇਸ ਦੇ ਬਾਵਜੂਦ ਮੈਂ ਕਿਸੇ ਵੀ ਦੂਤਾਵਾਸ ਦੇ ਕਿਸੇ ਅਧਿਕਾਰੀ ਤੱਕ ਨਹੀਂ ਪਹੁੰਚ ਸਕਿਆ। ਮੈਂ ਤਾਂ ਹਵਾਈ ਅੱਡੇ ਦੇ ਦਰਵਾਜ਼ੇ ਦੇ ਨੇੜੇ ਵੀ ਨਹੀਂ ਜਾ ਸਕਿਆ।"
ਨਜ਼ੀਫ ਨੂੰ ਡਰ ਹੈ ਕਿ ਇੱਕ ਵਾਰ ਜਦੋਂ ਤਾਲਿਬਾਨ ਨੇ ਕਾਬੁਲ ਵਿੱਚ ਆਪਣੀ ਮੌਜੂਦਗੀ ਵਧਾ ਦਿੱਤੀ ਤਾਂ ਉਹ ਜ਼ਿਆਦਾ ਇੱਧਰ-ਉੱਧਰ ਨਹੀਂ ਜਾ ਸਕਣਗੇ। ਇਸ ਲਈ ਉਹ ਮਨੁੱਖੀ ਤਸਕਰਾਂ ਨੂੰ ਪੈਸੇ ਦੇ ਕੇ ਪਤਨੀ ਅਤੇ ਬੱਚੇ ਨਾਲ ਇੱਕ ਖ਼ਤਰੇ ਭਰੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ।

ਤਸਵੀਰ ਸਰੋਤ, Getty Images
ਉਹ ਜਾਣਦੇ ਹਨ ਕਿ ਇਹ ਇੱਕ ਬਹੁਤ ਮੁਸ਼ਕਿਲ ਯਾਤਰਾ ਹੈ, ਜਿਸ ਵਿੱਚ ਬਹੁਤ ਸਾਰੇ ਪ੍ਰਵਾਸੀ ਮਾਰੇ ਗਏ ਹਨ ਅਤੇ ਜਿੱਥੇ ਖਾਸ ਤੌਰ 'ਤੇ ਔਰਤਾਂ ਨੂੰ ਜਿਣਸੀ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਨਜ਼ੀਫ਼ ਕਹਿੰਦੇ ਹਨ, "ਇਹ ਵੀ ਸੌਖਾ ਨਹੀਂ ਹੋਵੇਗਾ ਕਿਉਂਕਿ ਤਾਲਿਬਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਗੁਆਂਢੀ ਦੇਸਾਂ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ।"
ਫਿਰ ਵੀ ਨਜ਼ੀਫ ਇਹ ਖ਼ਤਰਾ ਲੈਣ ਲਈ ਤਿਆਰ ਹਨ।
"ਉਹ ਮੈਨੂੰ ਕਦੇ ਮੁਆਫ਼ ਨਹੀਂ ਕਰਨਗੇ। ਜੇ ਮੈਂ ਕਾਬੁਲ ਵਿੱਚ ਹੀ ਰਿਹਾ ਅਤੇ ਜੇ ਤਾਲਿਬਾਨ ਨੇ ਮੈਨੂੰ ਲੱਭ ਲਿਆ ਤਾਂ ਉਹ ਮੈਨੂੰ ਮਾਰ ਦੇਣਗੇ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਵਾਈ ਅੱਡੇ ਪਹੁੰਚਣ ਲਈ ਨਾਲੇ 'ਚ ਛਾਲ ਮਾਰੀ
ਅਹਿਮਦ ਦਾ ਕਹਿਣਾ ਹੈ, "ਮੈਂ ਇੱਥੋਂ ਚਲੇ ਜਾਣਾ ਚਾਹੁੰਦਾ ਹਾਂ ਕਿਉਂਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਮੇਰੀ ਜ਼ਿੰਦਗੀ ਸੁਰੱਖਿਅਤ ਹੈ।"
ਅਹਿਮਦ ਨੇ ਕਈ ਸਾਲਾਂ ਤੱਕ ਇੱਕ ਪੱਤਰਕਾਰ ਵਜੋਂ ਕੰਮ ਕੀਤਾ ਅਤੇ ਫਿਰ ਉਹ ਅਫ਼ਗਾਨ ਸਰਕਾਰ ਦੇ ਇੱਕ ਵਿਭਾਗ ਵਿੱਚ ਮੀਡੀਆ ਸਲਾਹਕਾਰ ਵਜੋਂ ਕੰਮ ਕਰਨ ਲੱਗੇ।
ਉਨ੍ਹਾਂ ਨੂੰ ਸਿੱਧੇ ਤੌਰ 'ਤੇ ਮੌਤ ਦੀ ਕੋਈ ਧਮਕੀ ਨਹੀਂ ਮਿਲੀ ਹੈ ਪਰ ਉਹ ਡਰੇ ਹੋਏ ਹਨ ਕਿਉਂਕਿ ਤਾਲਿਬਾਨ ਉਨ੍ਹਾਂ ਦੇ ਦਫ਼ਤਰ ਤੋਂ ਸਾਰੇ ਦਸਤਾਵੇਜ਼ਾਂ ਦੇ ਨਾਲ-ਨਾਲ ਸਟਾਫ਼ ਦੀ ਸੂਚੀ ਵੀ ਚੁੱਕ ਕੇ ਲੈ ਗਏ ਹਨ ਜਿਸ ਵਿੱਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਸੀ।

ਤਸਵੀਰ ਸਰੋਤ, Getty Images
"ਤਾਲਿਬਾਨ ਫਿਲਹਾਲ ਅਸਾਧਾਰਨ ਢੰਗ ਨਾਲ ਵਿਵਹਾਰ ਨਹੀਂ ਕਰ ਰਹੇ ਹਨ। ਪਰ ਸਵਾਲ ਇਹ ਹੈ ਕਿ ਉਹ ਉਸ ਵੇਲੇ ਕਿਵੇਂ ਵਿਵਹਾਰ ਕਰਨਗੇ ਜਦੋਂ ਉਹ ਸਰਕਾਰ ਸਥਾਪਤ ਕਰ ਲੈਣਗੇ।"
ਉਨ੍ਹਾਂ ਨੂੰ ਸ਼ੱਕ ਹੈ ਕਿ ਤਾਲਿਬਾਨ ਅਜੇ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ ਅਤੇ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ ਤਾਂ ਜੋ "ਜਿਨ੍ਹਾਂ ਨੂੰ ਉਹ ਦੁਸ਼ਮਣ ਸਮਝਦੇ ਹਨ ਉਨ੍ਹਾਂ ਨੂੰ ਦਬੋਚਿਆ ਜਾ ਸਕੇ।"
ਅਹਿਮਦ, ਤਾਲਿਬਾਨ ਦੁਆਰਾ ਦਿੱਤੀ ਗਈ ਆਮ ਮਾਫ਼ੀ 'ਤੇ ਵੀ ਭਰੋਸਾ ਨਹੀਂ ਕਰਦੇ ਹਨ।
ਉਨ੍ਹਾਂ ਦੀ ਪਤਨੀ ਅਤੇ ਭਰਾ ਨੇ ਉਨ੍ਹਾਂ ਨੂੰ ਇੱਥੋਂ ਚਲੇ ਜਾਣ ਲਈ ਕਿਹਾ। ਕਿਉਂਕਿ ਉਨ੍ਹਾਂ ਕੋਲ ਯੂਕੇ ਦਾ ਕਾਨੂੰਨੀ ਵੀਜ਼ਾ ਸੀ, ਸੋ ਵੀਰਵਾਰ ਨੂੰ ਉਨ੍ਹਾਂ ਨੇ ਕਾਬੁਲ ਹਵਾਈ ਅੱਡੇ 'ਤੇ ਜਾਣ ਦਾ ਫੈਸਲਾ ਕੀਤਾ ਪਰ ਜਦੋਂ ਉਹ ਉੱਥੇ ਪਹੁੰਚੇ ਤਾਂ ਹਵਾਈ ਅੱਡੇ ਦੇ ਮੁੱਖ ਦਰਵਾਜ਼ੇ ਦੀ ਬਾਹਰੀ ਸੜਕ ਲੋਕਾਂ ਨਾਲ ਭਰੀ ਹੋਈ ਸੀ।
ਉਹ ਹਰ ਹਾਲ ਵਿੱਚ ਅੱਗੇ ਵਧਣਾ ਚਾਹੁੰਦੇ ਸਨ ਸੋ ਉਨ੍ਹਾਂ ਨੇ ਸੜਕ ਦੇ ਸਮਾਨਾਂਤਰ ਚੱਲ ਰਹੇ ਇੱਕ ਖੁੱਲ੍ਹੇ ਨਾਲੇ ਵਿੱਚ ਛਾਲ ਮਾਰ ਦਿੱਤੀ।
ਨਾਲੇ ਵਿੱਚੋਂ ਗੋਡਿਆਂ ਤੱਕ ਡੂੰਘੇ ਪਾਣੀ ਰਾਹੀਂ ਲੰਘਦੇ ਹੋਏ, ਉਨ੍ਹਾਂ ਨੇ ਇੱਕ ਵੱਡੇ ਧਮਾਕੇ ਦੀ ਆਵਾਜ਼ ਸੁਣੀ।
"ਇਹ ਬਹੁਤ ਜ਼ਬਰਦਸਤ ਸੀ, ਇਸਦੇ ਝਟਕੇ ਨੇ ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ। ਮੇਰੇ ਹੱਥਾਂ ਅਤੇ ਚਿਹਰੇ 'ਤੇ ਇਸਦੀਆਂ ਸੱਟਾਂ ਦੇ ਨਿਸ਼ਾਨ ਹਨ। ਉਹ ਬੰਬ ਧਮਾਕਾ ਮੇਰੇ ਤੋਂ ਸਿਰਫ਼ 150 ਮੀਟਰ ਦੂਰੀ 'ਤੇ ਹੋਇਆ ਸੀ।"
ਇਸ ਬੰਬ ਹਮਲੇ ਵਿੱਚ 13 ਅਮਰੀਕੀ ਫੌਜੀਆਂ ਸਣੇ 170 ਲੋਕ ਮਾਰੇ ਗਏ ਸਨ ਜਿਸ ਨਾਲ ਅਸਥਾਈ ਤੌਰ 'ਤੇ ਨਿਕਾਸੀ ਕਾਰਜ ਰੁਕ ਗਏ ਸਨ।
ਅਹਿਮਦ ਨੇ ਆਪਣੇ ਫ਼ੋਨ ਨਾਲ ਜੋ ਵੀਡਿਓ ਲਿਆ ਸੀ, ਉਸ ਵਿੱਚ ਇਸ ਕਤਲੇਆਮ ਦਾ ਭਿਆਨਕ ਮੰਜ਼ਰ ਦਿਖਾਈ ਦਿੰਦਾ ਹੈ, ਜਿੱਥੇ ਲਾਵਾਰਿਸ ਬੈਗਾਂ ਅਤੇ ਜੁੱਤੀਆਂ ਉੱਤੇ ਲਾਸ਼ਾਂ ਦੇ ਢੇਰ ਪਏ ਹਨ।
ਅਹਿਮਦ ਦੇ ਭਰਾ ਨੇ ਉਨ੍ਹਾਂ ਨੂੰ ਉੱਥੋਂ ਕੱਢਿਆ ਅਤੇ ਕੁਝ ਘੰਟਿਆਂ ਬਾਅਦ ਉਹ ਆਪਣੇ ਘਰ ਪਹੁੰਚ ਗਏ। ਉਹ ਦੱਸਦੇ ਹਨ ਕਿ ਸਰਕਾਰ ਦੇ ਵੱਖ-ਵੱਖ ਮੀਡੀਆ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਲਗਭਗ ਇੱਕ ਦਰਜਨ ਲੋਕ ਹੁਣ ਨਿਕਾਸੀ ਉਡਾਣਾਂ ਰਾਹੀਂ ਵੱਖ-ਵੱਖ ਦੇਸਾਂ ਵਿੱਚ ਚਲੇ ਗਏ ਹਨ।
ਇਹ ਵੀ ਪੜ੍ਹੋ:
ਜਿੰਨੀ ਜਲਦੀ ਹੋ ਸਕੇ ਅਹਿਮਦ ਵੀ ਇੱਥੋਂ ਬਾਹਰ ਨਿੱਕਲ ਜਾਣਾ ਚਾਹੁੰਦੇ ਹਨ।
ਉਹ ਕਹਿੰਦੇ ਹਨ ਕਿ ਇਸਦਾ ਕੋਈ ਪਤਾ ਨਹੀਂ ਕਿ ਕਾਬੁਲ ਹਵਾਈ ਅੱਡੇ ਤੋਂ ਨਾਗਰਿਕਾਂ ਲਈ ਉਡਾਣਾਂ ਦੁਬਾਰਾ ਕਦੋਂ ਸ਼ੁਰੂ ਹੋਣਗੀਆਂ, ਇਸ ਲਈ ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਅੱਗੇ ਨਿੱਕਲਣ ਲਈ ਆਪਣੀ ਕਿਸਮਤ ਅਜ਼ਮਾਉਣਗੇ।
ਉਹ ਕਹਿੰਦੇ ਹਨ, "ਇਹ ਭਿਆਨਕ ਹੈ।"
"ਤਾਲਿਬਾਨ ਕਾਰਾਂ ਰੋਕ ਰਹੇ ਹਨ, ਹਰ ਇੱਕ ਦੀ ਜਾਂਚ ਕਰ ਰਹੇ ਹਨ ਅਤੇ ਕੌਮੀ ਪਛਾਣ ਪੱਤਰ ਦੇਖ ਰਹੇ ਹਨ।"

ਯੂਕੇ 'ਚ ਪਤੀ ਤੇ ਅਫ਼ਗਾਨਿਸਤਾਨ 'ਚ ਪਤਨੀ
ਯੂਕੇ ਸਰਕਾਰ ਵੱਲੋਂ ਆਏ ਫੋਨ ਤੋਂ ਬਾਅਦ, ਪਰਵਾਨਾ ਇੱਥੋਂ ਭੱਜਣ ਦੀ ਉਮੀਦ ਵਿੱਚ ਕਾਬੁਲ ਹਵਾਈ ਅੱਡੇ 'ਤੇ ਪਹੁੰਚੇ।
"ਜਿਸ ਵਿਅਕਤੀ ਨਾਲ ਮੇਰਾ ਵਿਆਹ ਹੋਇਆ ਹੈ ਉਹ ਇੱਕ ਵਿਦੇਸ਼ੀ ਫੌਜ ਵਿੱਚ ਕੰਮ ਕਰਦੇ ਸਨ। ਇਸ ਲਈ ਮੈਨੂੰ ਬਹੁਤ ਜ਼ਿਆਦਾ ਖ਼ਤਰਾ ਹੈ।"
ਪਰ ਉਹ ਅਫ਼ਗਾਨਿਸਤਾਨ ਵਿੱਚ ਫ਼ਸੇ ਹੋਏ ਹਨ ਅਤੇ ਬਾਹਰ ਨਹੀਂ ਨਿੱਕਲ ਸਕਦੇ।
ਪਰਵਾਨਾ ਦਾ ਵਿਆਹ ਇੱਕ ਦੁਭਾਸ਼ੀਏ ਨਾਲ ਹੋਇਆ ਹੈ ਜੋ ਕਿ ਅਫ਼ਗਾਨਿਸਤਾਨ ਵਿੱਚ ਬਰਤਾਨਵੀ ਫ਼ੌਜ ਲਈ ਕੰਮ ਕਰਦੇ ਸਨ।
ਉਨ੍ਹਾਂ ਦੇ ਪਤੀ ਕਈ ਸਾਲ ਪਹਿਲਾਂ ਯੂਕੇ ਚਲੇ ਗਏ ਸਨ ਅਤੇ ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਆਖਰਕਾਰ ਪਤਨੀ ਪਰਵਾਨਾ ਨੂੰ ਵੀ ਉਨ੍ਹਾਂ ਨਾਲ ਯੂਕੇ ਵਿੱਚ ਰਹਿਣ ਦੀ ਮਨਜ਼ੂਰੀ ਮਿਲ ਗਈ ਹੈ।
ਪਰ ਉਹ ਆਪਣੇ ਪਾਸਪੋਰਟ 'ਤੇ ਵੀਜ਼ਾ ਦੀ ਮੋਹਰ ਨਹੀਂ ਲਗਵਾ ਸਕੇ ਅਤੇ ਹੁਣ ਉਨ੍ਹਾਂ ਨੂੰ ਆਪਣੀ ਜਾਨ ਦਾ ਡਰ ਬਣਿਆ ਹੋਇਆ ਹੈ।

ਤਸਵੀਰ ਸਰੋਤ, Getty Images
ਪਰਵਾਨਾ ਕਹਿੰਦੇ ਹਨ, "ਇੱਥੇ ਦੂਤਾਵਾਸ ਬੰਦ ਹਨ। ਯੂਕੇ ਦੀ ਸਰਕਾਰ ਹੁਣ ਸਾਨੂੰ ਇੱਥੋਂ ਕੱਢਣ ਦੀ ਯੋਜਨਾ ਦਾ ਪ੍ਰਬੰਧ ਕਿਵੇਂ ਕਰੇਗੀ? ਮੈਨੂੰ ਨਹੀਂ ਪਤਾ ਕਿ ਕਿਸੇ ਤੀਜੇ ਦੇਸ ਤੋਂ ਥਾਂ ਬਦਲਣ ਦੀ ਯੋਜਨਾ ਕਿਵੇਂ ਕੰਮ ਕਰੇਗੀ। ਸਥਿਤੀ ਬਹੁਤ ਖ਼ਰਾਬ ਹੈ ਅਤੇ ਮੈਂ ਹੁਣ ਨਿਰਾਸ਼ ਮਹਿਸੂਸ ਕਰ ਰਹੀ ਹਾਂ। ਮੈਂ ਯੂਕੇ ਨਹੀਂ ਜਾ ਸਕਦੀ।"
14 ਅਗਸਤ ਤੋਂ ਹੁਣ ਤੱਕ, ਯੂਕੇ ਦੀ ਸਰਕਾਰ ਨੇ 15,000 ਤੋਂ ਵੱਧ ਲੋਕਾਂ ਨੂੰ ਇੱਥੋਂ ਕੱਢਿਆ ਹੈ। ਪਰ ਪਰਵਾਨਾ ਉਨ੍ਹਾਂ ਸੁਰੱਖਿਅਤ ਹੋਏ ਲੋਕਾਂ ਵਿੱਚੋਂ ਨਹੀਂ ਹਨ।
"ਮੈਂ ਛੇ ਦਿਨ ਅਤੇ ਛੇ ਰਾਤਾਂ ਲਈ ਉੱਥੇ ਸੀ ਪਰ ਮੈਂ ਫਿਰ ਵੀ ਇੱਥੋਂ ਨਹੀਂ ਨਿਕਲ ਸਕੀ। ਭੀੜ ਬਹੁਤ ਜ਼ਿਆਦਾ ਸੀ। ਮੈਂ ਜ਼ਮੀਨ 'ਤੇ ਬੈਠੀ ਸੀ। ਇਹ ਬਿਲਕੁਲ ਵੀ ਸੁਰੱਖਿਅਤ ਨਹੀਂ ਸੀ। ਮੈਂ ਅੰਦਰ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਇੰਚ ਵੀ ਨਹੀਂ ਹਿੱਲ ਸਕੀ।"
ਇੱਕ ਪਾਸੇ ਲੋਕ ਏਅਰਪੋਰਟ ਅੰਦਰ ਦਾਖ਼ਲ ਹੁੰਦੇ ਜਾ ਰਹੇ ਸਨ ਅਤੇ ਦੂਜੇ ਪਾਸੇ ਪਰਵਾਨਾ ਕੋਲ ਭੋਜਨ ਤੇ ਪਾਣੀ ਖ਼ਤਮ ਹੋ ਗਿਆ ਸੀ।
"ਮੈਂ ਕੋਸ਼ਿਸ਼ ਕੀਤੀ ਕਿ ਕੁਝ ਵੀ ਨਾ ਖਾਵਾਂ-ਪੀਵਾਂ ਕਿਉਂਕਿ ਉੱਥੇ ਪਖਾਨੇ ਨਹੀਂ ਸਨ। ਦਿਨ ਵੇਲੇ ਉੱਥੇ ਬਹੁਤ ਗਰਮੀ ਸੀ ਅਤੇ ਮੈਂ ਬੁਰੀ ਤਰ੍ਹਾਂ ਨਾਲ ਥੱਕ ਚੁੱਕੀ ਸੀ।"
ਇੱਕ ਮੌਕਾ ਅਜਿਹਾ ਆਇਆ ਜਦੋਂ ਉਨ੍ਹਾਂ ਨੂੰ ਪਖਾਨੇ ਜਾਣ ਲਈ ਹਵਾਈ ਅੱਡੇ ਤੋਂ ਨਿੱਕਲ ਕੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਜਾਣਾ ਪਿਆ।
"ਜਦੋਂ ਮੈਂ ਵਾਪਸ ਮੁੜੀ ਤਾਂ ਭੀੜ ਹੋਰ ਵਧ ਗਈ ਸੀ ਅਤੇ ਮੈਂ ਆਪਣੀ ਪਹਿਲਾਂ ਵਾਲੀ ਥਾਂ ਤੋਂ ਵੀ ਪਿੱਛੇ ਖੜ੍ਹੀ ਸੀ ਜੋ ਕਿ ਦਰਵਾਜ਼ੇ ਤੋਂ ਬਹੁਤ ਦੂਰ ਸੀ।"
ਆਖਰਕਾਰ ਪਰਵਾਨਾ ਨੇ ਹਾਰ ਮੰਨ ਲਈ ਅਤੇ ਉਹ ਘਰ ਵਾਪਸ ਆ ਗਏ। ਹਾਲਾਂਕਿ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਆਉਂਦੇ ਸਮੇਂ ਵਿੱਚ ਜਦੋਂ ਵੀ ਬਾਹਰ ਕੱਢਣ ਲਈ ਉਡਾਣਾਂ ਮੁੜ ਤੋਂ ਸ਼ੁਰੂ ਹੋਣਗੀਆਂ, ਹਵਾਈ ਅੱਡੇ 'ਤੇ ਲੋਕਾਂ ਦੀ ਇਹ ਭੀੜ ਹੋਰ ਵੀ ਵਿਸ਼ਾਲ ਰੂਪ ਵਿੱਚ ਹੋਵੇਗੀ।
ਫਿਲਹਾਲ, ਸੜਕਾਂ 'ਤੇ ਤਾਲਿਬਾਨ ਲੜਾਕਿਆਂ ਦੀ ਮੌਜੂਦਗੀ ਪਰਵਾਨਾ ਲਈ ਖ਼ਤਰਨਾਕ ਹੈ ਅਤੇ ਹੁਣ ਉਨ੍ਹਾਂ ਨੂੰ ਇੱਧਰ-ਉੱਧਰ ਜਾਣ ਵਿੱਚ ਵੀ ਪ੍ਰੇਸ਼ਾਨੀ ਹੈ।
ਉਹ ਦੱਸਦੇ ਹਨ, "ਗਲੀਆਂ ਲਗਭਗ ਖਾਲੀ ਹਨ।"
"ਹਰ ਕੋਈ ਘਰ ਵਿੱਚ ਹੀ ਰਹਿ ਰਿਹਾ ਹੈ। ਮਸ਼ੀਨਗਨਸ ਅਤੇ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ (ਆਰਪੀਜੀ) ਨਾਲ ਲੈਸ ਤਾਲਿਬਾਨ ਲੜਾਕੇ ਸੜਕਾਂ 'ਤੇ ਗਸ਼ਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਦੇ ਹਨ ਜੋ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ।"

ਤਸਵੀਰ ਸਰੋਤ, Getty Images
ਪਰਵਾਨਾ ਇੱਕ ਬਹੁਤ ਹੀ ਰੂੜੀਵਾਦੀ ਪਰਿਵਾਰ ਤੋਂ ਹਨ ਅਤੇ ਚਿਹਰੇ ਨੂੰ ਢਕਣ ਦੇ ਨਾਲ-ਨਾਲ ਬੁਰਕਾ ਵੀ ਪਾਉਂਦੇ ਹਨ। ਉਹ ਕੰਮ ਨਹੀਂ ਕਰ ਰਹੇ ਹਨ ਅਤੇ ਜਾਣਕਾਰੀ ਲੈਣ ਲਈ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਰਹੇ ਹਨ।
"ਤਾਲਿਬਾਨ ਕਹਿ ਰਹੇ ਹਨ ਕਿ ਕੋਈ ਬਦਲਾ ਨਹੀਂ ਲਿਆ ਜਾਵੇਗਾ। ਪਰ ਮੈਂ ਉਨ੍ਹਾਂ ਦਾ ਇੱਕ ਵੀਡੀਓ ਦੇਖਿਆ ਹੈ ਜਿਸ ਵਿੱਚ ਉਹ ਕਾਬੁਲ ਵਿੱਚ ਕੁਝ ਫੌਜੀ ਅਧਿਕਾਰੀਆਂ ਦਾ ਕਤਲ ਕਰ ਰਹੇ ਹਨ। ਮੈਂ ਉਨ੍ਹਾਂ 'ਤੇ ਭਰੋਸਾ ਨਹੀਂ ਕਰ ਸਕਦੀ। ਇੱਕ ਵਾਰ ਜਦੋਂ ਅਮਰੀਕੀ ਚਲੇ ਗਏ ਤਾਂ ਉਹ ਹੋਰ ਲੋਕਾਂ ਨੂੰ ਵੀ ਲੱਭਣਗੇ ਅਤੇ ਮਾਰ ਦੇਣਗੇ।"
ਉਹ ਕਹਿੰਦੇ ਹਨ ਕਿ ਬਾਹਰ ਕੱਢਣ ਲਈ ਆਖਰੀ ਉਡਾਣ ਰਵਾਨਾ ਹੋਣ ਦੇ ਨਾਲ ਹੀ ਉਨ੍ਹਾਂ ਦੀਆਂ ਉਮੀਦਾਂ ਵੀ ਧੁੰਦਲੀਆਂ ਹੋ ਗਈਆਂ ਹਨ। ਅਤੇ ਉਹ ਚਾਹੁੰਦੇ ਹਨ ਕਿ ਪੱਛਮੀ ਦੇਸ ਤਾਲਿਬਾਨ 'ਤੇ ਦਬਾਅ ਪਾਉਣ ਤਾਂ ਜੋ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਦੇ ਚਾਹਵਾਨ ਲੋਕਾਂ ਨੂੰ ਸੁਰੱਖਿਅਤ ਰਸਤਾ ਦਿੱਤਾ ਜਾ ਸਕੇ।
"ਕੌਮਾਂਤਰੀ ਭਾਈਚਾਰੇ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਤੁਰੰਤ ਸਾਡੀ ਮਦਦ ਲਈ ਜੋ ਵੀ ਹੋ ਸਕੇ ਕਰਨਾ ਚਾਹੀਦਾ ਹੈ। ਜੇ ਉਹ ਸਮਾਂ ਬਰਬਾਦ ਕਰਦੇ ਰਹੇ ਤਾਂ ਮੇਰੇ ਵਰਗੇ ਲੋਕ ਜ਼ਿੰਦਾ ਨਹੀਂ ਬਚ ਸਕਣਗੇ।"

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














