ਅਫ਼ਗਾਨਿਸਤਾਨ: ਤਾਲਿਬਾਨ ਦਾ ਉਹ ਰਾਜ ਜਦੋਂ ਖੇਡ ਦੌਰਾਨ ਤਾੜੀ ਮਾਰਨ ਤੇ ਪੇਂਟਿੰਗ ਕਰਨ ’ਤੇ ਰੋਕ ਵਰਗੀਆਂ ਪਾਬੰਦੀਆਂ ਸਨ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
16 ਮਈ, 1996 ਨੂੰ ਨਰਸਿਮ੍ਹਾ ਰਾਓ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਚਾਰ ਮਹੀਨੇ ਅਤੇ 9 ਦਿਨਾਂ ਬਾਅਦ 25 ਸਤੰਬਰ, 1996 ਨੂੰ ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਸੀ।
ਸੱਤਾ 'ਚ ਆਉਣ ਤੋਂ ਦੋ ਦਿਨਾਂ ਦੇ ਅੰਦਰ ਹੀ ਤਾਲਿਬਾਨ ਨੇ ਭਾਰਤ ਦੇ ਕਰੀਬੀ ਨਜੀਬੁੱਲਾ ਦੇ ਸਿਰ 'ਚ ਗੋਲੀ ਮਾਰ ਕੇ ਉਸ ਦੀ ਲਾਸ਼ ਨੂੰ ਇੱਕ ਕਰੇਨ ਨਾਲ ਟੰਗ ਦਿੱਤਾ ਸੀ।
ਕਾਬੁਲ ਦੇ ਪਤਨ ਅਤੇ ਨਜੀਬੁੱਲ੍ਹਾ ਦੀ ਇਸ ਭਿਆਨਕ ਮੌਤ ਨਾਲ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਹੀ ਹਿੱਲ ਗਈ ਸੀ।
ਲੰਡਨ ਦੇ ਕਿੰਗਜ਼ ਕਾਲਜ 'ਚ ਰੱਖਿਆ ਅਧਿਐਨ ਦੇ ਪ੍ਰੋਫੈਸਰ ਅਵਿਨਾਸ਼ ਪਾਲੀਵਾਲ ਆਪਣੀ ਕਿਤਾਬ 'ਮਾਈ ਐਨੀਮੀਜ਼ ਐਨੀਮੀ' 'ਚ ਲਿਖਦੇ ਹਨ, "ਇਸ ਦਾ ਤੁਰੰਤ ਪ੍ਰਭਾਵ ਇਹ ਪਿਆ ਕਿ ਭਾਰਤ ਨੇ ਕਾਬੁਲ ਸਥਿਤ ਆਪਣਾ ਦੂਤਾਵਾਸ ਬੰਦ ਕਰ ਦਿੱਤਾ ਸੀ।"
"ਸਾਲ 2001 ਤੱਕ, ਜਦੋਂ ਤੱਕ ਤਾਲਿਬਾਨ ਸੱਤਾ 'ਚ ਰਹੇ, ਭਾਰਤ ਨੇ ਆਪਣਾ ਕੋਈ ਵੀ ਰਾਜਦੂਤ ਉੱਥੇ ਨਹੀਂ ਭੇਜਿਆ।"
"ਇੰਨਾ ਹੀ ਨਹੀਂ, ਉਸ ਨੇ ਸੁਰੱਖਿਆ ਪਰੀਸ਼ਦ ਦੇ ਮਤਾ ਨੰਬਰ 1076 ਦਾ ਸਮਰਥਨ ਵੀ ਕੀਤਾ, ਜਿਸ 'ਚ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਕਰਕੇ ਤਾਲਿਬਾਨ ਦੀ ਸਖ਼ਤ ਆਲੋਚਨਾ ਕੀਤੀ ਗਈ ਸੀ।"
"ਇਸ ਤੋਂ ਇਲਾਵਾ ਉਸ ਨੇ ਤਾਲਿਬਾਨ ਦੀ ਥਾਂ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਲ ਰੱਬਾਨੀ ਸਰਕਾਰ ਨੂੰ ਆਪਣੀ ਮਾਨਤਾ ਦਿੱਤੀ ਅਤੇ ਉਨ੍ਹਾਂ ਦੇ ਰਾਜਨੀਤਕ ਸਾਥੀ ਮਸੂਦ ਖ਼ਲੀਲੀ ਨੂੰ ਭਾਰਤ 'ਚ ਅਫ਼ਗਾਨਿਸਤਾਨ ਦੇ ਨੁਮਾਇੰਦੇ ਵੱਜੋਂ ਸਵੀਕਾਰ ਕੀਤਾ।"
"ਇਸ ਦੇ ਨਾਲ ਹੀ ਤਾਲਿਬਾਨ ਵਿਰੋਧੀ ਯੂਨਾਈਟਿਡ ਫਰੰਟ ਨੂੰ ਫੌਜੀ, ਵਿੱਤੀ ਅਤੇ ਮੈਡੀਕਲ ਸਹਾਇਤਾ ਵੀ ਪ੍ਰਦਾਨ ਕੀਤੀ।"
ਇਹ ਵੀ ਪੜ੍ਹੋ:
ਔਰਤਾਂ ਦੇ ਘਰੋਂ ਬਾਹਰ ਨਿਕਲਣ ਅਤੇ ਫੈਸ਼ਨ 'ਤੇ ਲਗਾਈ ਪਾਬੰਦੀ
ਔਰਤਾਂ ਪ੍ਰਤੀ ਤਾਲਿਬਾਨ ਦਾ ਸਖ਼ਤ ਰਵੱਈਆ ਸਭ ਤੋਂ ਪਹਿਲਾਂ ਨਵੰਬਰ 1996 'ਚ ਜਾਰੀ ਇੱਕ ਸਰਕਾਰੀ ਆਦੇਸ਼ 'ਚ ਵੇਖਣ ਨੂੰ ਮਿਲਿਆ, ਜਿਸ 'ਚ ਔਰਤਾਂ ਨੂੰ ਉੱਚੀ ਅੱਡੀ ਦੀਆਂ ਜੁੱਤੀਆਂ ਅਤੇ ਮਰਦਾਨਾ ਬੂਟ ਪਾਉਣ 'ਤੇ ਪਾਬੰਦੀ ਲਗਾਈ ਗਈ ਸੀ।

ਤਸਵੀਰ ਸਰੋਤ, Getty Images
ਇੰਨਾ ਹੀ ਨਹੀਂ , ਪੈਰੀਂ ਪਾਈਆਂ ਜੁੱਤੀਆਂ 'ਚੋਂ ਨਿਕਲਣ ਵਾਲੀ ਆਵਾਜ਼ 'ਤੇ ਵੀ ਉਨ੍ਹਾਂ ਨੂੰ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਔਰਤਾਂ ਦੇ ਮੇਕਅੱਪ ਕਰਨ ਅਤੇ ਫੈਸ਼ਨੇਬਲ ਕੱਪੜੇ ਪਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।
ਔਰਤਾਂ ਨੂੰ ਦਿੱਤੇ ਗਏ ਹੁਕਮ 'ਚ ਕਿਹਾ ਗਿਆ ਸੀ, "ਤੁਸੀਂ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਆਓਗੇ। ਜੇ ਤੁਹਾਡਾ ਘਰ ਤੋਂ ਬਾਹਰ ਨਿਕਲਣਾ ਬਹੁਤ ਹੀ ਜ਼ਰੂਰੀ ਹੈ ਤਾਂ ਤੁਹਾਨੂੰ ਇਸਲਾਮੀ ਸ਼ਰੀਆ ਕਾਨੂੰਨ ਮੁਤਾਬਕ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਢੱਕਣਾ ਪਵੇਗਾ।"
"ਔਰਤ ਮਰੀਜ਼ ਸਿਰਫ਼ ਔਰਤ ਡਾਕਟਰ ਕੋਲ ਹੀ ਜਾਣਗੇ। ਕੋਈ ਵੀ ਡਰਾਈਵਰ ਉਨ੍ਹਾਂ ਔਰਤਾਂ ਨੂੰ ਆਪਣੀ ਕਾਰ 'ਚ ਬੈਠਣ ਨਹੀਂ ਦੇਵੇਗਾ, ਜਿੰਨ੍ਹਾਂ ਨੇ ਬੁਰਕਾ ਨਹੀਂ ਪਾਇਆ ਹੋਵੇਗਾ।
"ਜੇ ਉਸ ਨੇ ਅਜਿਹਾ ਕੀਤਾ ਤਾਂ ਡਰਾਈਵਰ ਦੇ ਨਾਲ-ਨਾਲ ਉਸ ਔਰਤ ਦੇ ਪਤੀ ਨੂੰ ਵੀ ਸਜ਼ਾ ਦਾ ਹੱਕਦਾਰ ਸਮਝਿਆ ਜਾਵੇਗਾ।"
ਲੰਬੀ ਦਾੜੀ ਨਾ ਰੱਖਣ 'ਤੇ ਸਜ਼ਾ
ਮੈਡੀਕਲ ਖੇਤਰ ਨੂੰ ਛੱਡ ਕੇ ਔਰਤਾਂ ਪੱਛਮੀ ਮਨਾਵਤਾਵਾਦੀ ਸਹਾਇਤਾ ਏਜੰਸੀਆਂ ਲਈ ਕੰਮ ਨਹੀਂ ਕਰ ਸਕਦੀਆਂ ਸਨ।
ਮਸ਼ਹੂਰ ਲੇਖਕ ਅਹਿਮਦ ਰਾਸ਼ਿਦ ਆਪਣੀ ਕਿਤਾਬ 'ਤਾਲਿਬਾਨ ਦਿ ਸਟੋਰੀ ਆਫ਼ ਦਿ ਅਫ਼ਗਾਨ ਵਾਰਲੋਰਡਜ਼' 'ਚ ਲਿਖਦੇ ਹਨ, "ਮੈਡੀਕਲ ਖੇਤਰ 'ਚ ਕੰਮ ਕਰਨ ਵਾਲੀਆਂ ਔਰਤਾਂ ਦੇ ਡਰਾਈਵਰ ਦੇ ਨਾਲ ਦੀ ਸੀਟ 'ਤੇ ਬੈਠਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।"
"ਹੁਕਮ 'ਚ ਕਿਹਾ ਗਿਆ ਸੀ ਕਿ ਕਿਸੇ ਵੀ ਅਫ਼ਗਾਨ ਔਰਤ ਨੂੰ ਉਸ ਕਾਰ 'ਚ ਸਫ਼ਰ ਕਰਨ ਦਾ ਅਧਿਕਾਰ ਨਹੀਂ ਹੈ, ਜਿਸ 'ਚ ਵਿਦੇਸ਼ੀ ਬੈਠੇ ਹੋਣ। ਅਫ਼ਗਾਨ ਬੱਚਿਆਂ ਦੀ ਇੱਕ ਪੂਰੀ ਪੀੜ੍ਹੀ ਬਿਨਾਂ ਸਿੱਖਿਆ ਦੇ ਹੀ ਵੱਡੀ ਹੋਈ ਹੈ।"

ਤਸਵੀਰ ਸਰੋਤ, PAN BOOKS
ਜਦੋਂ ਪਹਿਲੀ ਵਾਰ ਤਾਲਿਬਾਨ ਕਾਬੁਲ 'ਚ ਦਾਖ਼ਲ ਹੋਏ ਤਾਂ ਧਾਰਮਿਕ ਪੁਲਿਸ ਨੇ ਲੋਕਾਂ ਨੂੰ ਸਿਰਫ਼ ਇਸ ਗੱਲ 'ਤੇ ਕੁੱਟਣਾ ਸ਼ੁਰੂ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਦਾੜੀ ਲੰਮੀ ਨਹੀਂ ਸੀ ਅਤੇ ਔਰਤਾਂ ਨੇ ਬੁਰਕਾ ਨਹੀਂ ਪਾਇਆ ਹੋਇਆ ਸੀ।
ਇਸ ਧਾਰਮਿਕ ਪੁਲਿਸ ਦਾ ਕੰਮ ਕਰਨ ਦਾ ਢੰਗ ਸਾਊਦੀ ਅਰਬ ਦੀ ਧਾਰਮਿਕ ਪੁਲਿਸ ਵਾਂਗ ਹੀ ਸੀ।
ਬੌਰਨੇਟ ਰਿਊਬਿਨ ਨੇ ਆਪਣੀ ਕਿਤਾਬ 'ਦਿ ਫਰੈਗਮੈਂਟੇਸ਼ਨ ਆਫ਼ ਅਫ਼ਗਾਨਿਸਤਾਨ' 'ਚ ਲਿਖਿਆ ਹੈ, "ਅਫ਼ਗਾਨਿਸਤਾਨ ਦੀ ਖੂਫੀਆ ਏਜੰਸੀ ਖਾਡ 'ਚ, ਜਿਸ ਦਾ ਕਿ ਤਾਲਿਬਾਨ ਦੇ ਸ਼ਾਸਨ ਦੌਰਾਨ ਨਾਮ ਬਦਲ ਕੇ 'ਵਾਡ' ਕਰ ਦਿੱਤਾ ਗਿਆ ਸੀ, 15,000 ਤੋਂ 30,000 ਪੇਸ਼ੇਵਰ ਜਾਸੂਸ ਕੰਮ ਕਰਦੇ ਸਨ।।"
"ਇਸ ਤੋਂ ਇਲਾਵਾ ਤਕਰੀਬਨ ਇੱਕ ਲੱਖ ਹੋਰ ਲੋਕ ਵੀ ਉਸ ਨਾਲ ਜੁੜੇ ਹੋਏ ਸਨ, ਜੋ ਪੈਸੇ ਲੈ ਕੇ ਪ੍ਰਸ਼ਾਸਨ ਤੱਕ ਜਾਣਕਾਰੀ, ਸੂਚਨਾਵਾਂ ਪਹੁੰਚਾਉਂਦੇ ਸਨ।"
ਖੇਡਾਂ 'ਤੇ ਪਾਬੰਦੀ
ਤਾਲਿਬਾਨ ਦੇ ਧਾਰਮਿਕ ਆਦੇਸ਼ 'ਰੇਡੀਓ ਕਾਬੁਲ' 'ਤੇ ਪ੍ਰਸਾਰਿਤ ਹੁੰਦੇ ਸਨ। ਦੱਸਣਯੋਗ ਹੈ ਕਿ ਬਾਅਦ 'ਚ ਇਸ ਦਾ ਨਾਮ ਬਦਲ ਕੇ 'ਰੇਡੀਓ ਸ਼ਰੀਅਤ' ਕਰ ਦਿੱਤਾ ਗਿਆ ਸੀ।
ਤਾਲਿਬਾਨ ਨੇ ਲੋਕਾਂ ਦੇ ਹਰ ਸਮਾਜਿਕ ਵਿਵਹਾਰ ਨੂੰ ਆਪਣੇ ਕੰਟਰੋਲ ਹੇਠ ਲੈਣ ਦਾ ਯਤਨ ਕੀਤਾ ਸੀ।

ਤਸਵੀਰ ਸਰੋਤ, Getty Images
ਅਹਿਮਦ ਰਸ਼ੀਦ ਲਿਖਦੇ ਹਨ, "ਸ਼ੁਰੂ-ਸ਼ੁਰੂ 'ਚ ਸਾਰੀਆਂ ਹੀ ਖੇਡਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਬਾਅਦ 'ਚ ਇਸ ਦੀ ਇਜਾਜ਼ਤ ਤਾਂ ਦੇ ਦਿੱਤੀ ਗਈ, ਦਰਸ਼ਕਾਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਤਾੜੀਆਂ ਵਜਾਉਣ ਦੀ ਬਜਾਇ 'ਅੱਲਾ ਹੂ ਅਕਬਰ' ਦੇ ਨਾਅਰੇ ਲਗਾਉਣ।
"ਜੇ ਖੇਡ ਦੌਰਾਨ ਨਮਾਜ਼ ਦਾ ਵਕਤ ਹੋ ਜਾਂਦਾ ਤਾਂ ਖੇਡ ਨੂੰ ਵਿਚਾਲੇ ਹੀ ਰੋਕ ਦਿੰਦਾ ਜਾਂਦਾ ਸੀ ਅਤੇ ਖਿਡਾਰੀ ਤੇ ਦਰਸ਼ਕ ਦੋਵੇਂ ਹੀ ਸਮੂਹ ਬਣਾ ਕੇ ਨਮਾਜ਼ ਅਦਾ ਕਰਦੇ ਸਨ।"
"ਇਸ ਤੋਂ ਇਲਾਵਾ ਅਫ਼ਗਾਨਿਸਤਾਨ 'ਚ ਪ੍ਰਸਿੱਧ ਪਤੰਗ ਉਡਾਉਣ ਦੀ ਖੇਡ ਅਤੇ ਔਰਤਾਂ ਦੇ ਖੇਡਾਂ 'ਚ ਸ਼ਾਮਲ ਹੋਣ 'ਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਸੀ।"
ਤਾਲਿਬਾਨ ਦੇ ਇੰਨਾਂ ਆਦੇਸ਼ਾਂ 'ਤੇ ਸਵਾਲੀਆ ਨਿਸ਼ਾਨ ਲਗਾਉਣਾ ਇਸਲਾਮ 'ਤੇ ਸਵਾਲ ਚੁੱਕਣ ਦੇ ਬਰਾਬਰ ਹੋ ਗਿਆ ਸੀ।
ਸਕੂਲ ਤੱਕ ਬੰਦ ਕਰ ਦਿੱਤੇ ਗਏ
ਮਨੁੱਖੀ ਸਹਾਇਤਾ ਲਈ ਸੰਯੁਕਤ ਰਾਸ਼ਟਰ ਦੇ ਦਫ਼ਤਰ ਨੇ ਅਕਤੂਬਰ, 1996 'ਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ "ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਹੀ ਕਾਬੁਲ 'ਚ 63 ਸਕੂਲ ਬੰਦ ਕਰ ਦਿੱਤੇ ਗਏ ਸਨ।
"ਜਿਸ ਦੇ ਕਾਰਨ 11,200 ਅਧਿਆਪਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ, ਜਿੰਨ੍ਹਾਂ 'ਚ 7800 ਔਰਤਾਂ ਸਨ।"

ਤਸਵੀਰ ਸਰੋਤ, Getty Images
ਦਸੰਬਰ 1998 'ਚ ਯੂਨੈਸਕੋ ਦੀ ਇੱਕ ਰਿਪੋਰਟ 'ਚ ਵੀ ਕਿਹਾ ਗਿਆ ਸੀ, "ਤਾਲਿਬਾਨ ਦੇ ਆਉਣ ਤੋਂ ਕੁਝ ਮਹੀਨੇ ਬਾਅਦ ਹੀ ਅਫ਼ਗਾਨਿਸਤਾਨ ਦੀ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈ ਹੈ ਅਤੇ 10 'ਚੋਂ 9 ਕੁੜੀਆਂ ਅਤੇ 3 'ਚੋਂ 2 ਮੁੰਡਿਆਂ ਨੂੰ ਸਕੂਲ 'ਚ ਦਾਖ਼ਲ ਹੀ ਨਹੀਂ ਕਰਵਾਇਆ ਗਿਆ।"
80 ਦੇ ਦਹਾਕੇ ਤੱਕ, ਜਦੋਂ ਤੱਕ ਸੋਵੀਅਤ ਫੌਜਾਂ ਅਫ਼ਗਾਨਿਸਤਾਨ 'ਚ ਰਹੀਆਂ, ਅਫ਼ਗਾਨ ਲੋਕਾਂ ਨੂੰ ਪੂਰੀ ਦੁਨੀਆ ਵੱਲੋਂ ਮਦਦ ਹਾਸਲ ਹੋ ਰਹੀ ਸੀ।
ਪਰ ਜਿਵੇਂ ਹੀ ਤਾਲਿਬਾਨ ਨੇ ਅਫ਼ਗਾਨਿਸਤਾਨ 'ਤੇ ਆਪਣਾ ਕਬਜ਼ਾ ਸਥਾਪਤ ਕੀਤਾ ਤਾਂ ਵਿਦੇਸ਼ੀ ਮਦਦ ਆਉਣੀ ਵੀ ਬੰਦ ਹੋ ਗਈ ਸੀ।
ਬੱਚਿਆਂ ਨੂੰ ਸੈਨਿਕਾਂ ਵੱਜੋਂ ਵਰਤਿਆ ਜਾਂਦਾ ਸੀ
ਯੂਨੀਸੇਫ ਦੀ ਡਾਕਟਰ ਲੈਲਾ ਗੁਪਤਾ ਵੱਲੋਂ ਉਨ੍ਹਾਂ ਦਿਨਾਂ 'ਚ ਕਾਬੁਲ ਦੇ ਬੱਚਿਆਂ ਉੱਤੇ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਉੱਥੋਂ ਦੇ 2/3 ਬੱਚਿਆਂ ਨੇ ਆਪਣੀਆਂ ਅੱਖਾਂ ਸਾਹਮਣੇ ਕਿਸੇ ਨਾ ਕਿਸੇ ਨੂੰ ਮਰਦਾ ਵੇਖਿਆ ਸੀ।
ਲਗਭਗ 70% ਬੱਚਿਆਂ ਨੇ ਆਪਣੇ ਪਰਿਵਾਰ ਦੇ ਕਿਸੇ ਨਾ ਕਿਸੇ ਮੈਂਬਰ ਦੀ ਮੌਤ ਵੇਖੀ ਸੀ। ਜਿਸ ਕਰਕੇ ਉਨ੍ਹਾਂ 'ਚੋਂ ਜ਼ਿਆਦਾਤਰ ਬੱਚੇ ਫਲੈਸ਼ਬੈਕ, ਡਰਾਉਣੇ ਸੁਪਨਿਆਂ ਅਤੇ ਇਕੱਲਤਾ ਦਾ ਸ਼ਿਕਾਰ ਹੋ ਗਏ ਸਨ।

ਤਸਵੀਰ ਸਰੋਤ, Getty Images
ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ 'ਇਨ ਦਿ ਫਾਇਰਿੰਗ ਲਾਈਨ ਵਾਰ ਐਂਡ ਚਿਲਡਰਨਜ਼ ਰਾਈਟਸ' 'ਚ ਕਿਹਾ ਗਿਆ ਹੈ ਕਿ "ਤਾਲਿਬਾਨ ਦੇ ਸਾਰੇ ਜੰਗੀ ਸਰਦਾਰਾਂ ਨੇ ਬੱਚਿਆਂ ਦੀ ਸੈਨਿਕਾਂ ਵੱਜੋਂ ਵਰਤੋਂ ਕੀਤੀ ਸੀ।"
"ਉਨ੍ਹਾਂ 'ਚੋਂ ਕੁਝ ਦੀ ਉਮਰ ਤਾਂ 12 ਸਾਲ ਤੋਂ ਵੀ ਘੱਟ ਸੀ। ਉਨ੍ਹਾਂ 'ਚੋਂ ਜ਼ਿਆਦਾਤਰ ਬੱਚੇ ਅਨਾਥ ਅਤੇ ਅਨਪੜ੍ਹ ਸਨ ਅਤੇ ਉਨ੍ਹਾਂ ਕੋਲ ਲੜਨ ਤੋਂ ਇਲਾਵਾ ਹੋਰ ਕੋਈ ਬਦਲ ਜਾਂ ਨੌਕਰੀ ਮੌਜੂਦ ਹੀ ਨਹੀਂ ਸੀ।"
"ਇੰਨ੍ਹਾਂ ਬੱਚਿਆਂ ਦੀ ਵਰਤੋਂ ਤੋਪਖਾਨੇ ਦੀਆਂ ਬੈਟਰੀਆਂ ਅਤੇ ਹਥਿਆਰ ਚੁੱਕਣ ਅਤੇ ਫੌਜੀ ਟਿਕਾਣਿਆਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਸੀ।
ਜਦੋਂ ਸਾਲ 1998 'ਚ ਸੈਨਿਕਾਂ ਦੀ ਘੱਟੋ-ਘੱਟ ਉਮਰ 15 ਤੋਂ 18 ਕੀਤੇ ਜਾਣ ਲਈ ਦੁਨੀਆ ਭਰ 'ਚ ਇਸ ਸਬੰਧੀ ਮੁਹਿੰਮ ਵਿੱਢੀ ਗਈ ਤਾਂ ਤਾਲਿਬਾਨ ਨੇ ਉਸ ਦਾ ਸਖ਼ਤ ਵਿਰੋਧ ਕੀਤਾ ਸੀ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਿਨੇਮਾ ਵੇਖਣ ਅਤੇ ਗਾਣਿਆਂ 'ਤੇ ਵੀ ਲਗਾਈ ਪਾਬੰਦੀ
ਹੇਰਾਤ ਨੂੰ ਅਫ਼ਗਾਨਿਸਤਾਨ ਦੇ ਸਭ ਤੋਂ ਆਧੁਨਿਕ ਸ਼ਹਿਰਾਂ 'ਚੋਂ ਇੱਕ ਮੰਨਿਆ ਜਾਂਦਾ ਸੀ। ਉੱਥੋਂ ਦੀਆਂ ਉੱਚ ਵਰਗ ਦੀਆਂ ਔਰਤਾਂ ਇੱਕ ਜ਼ਮਾਨੇ 'ਚ ਦੂਜੀ ਭਾਸ਼ਾ ਵਜੋਂ ਫ੍ਰੈਂਚ ਬੋਲਿਆ ਕਰਦੀਆਂ ਸਨ।
1992 'ਚ ਮੁਜਾਹਿਦੀਨ ਦੇ ਸ਼ਾਸਨ ਕਾਲ ਦੌਰਾਨ ਕਾਬੁਲ ਦੀਆਂ 40% ਔਰਤਾਂ ਨੌਕਰੀ ਕਰਦੀਆਂ ਸਨ।
ਉਨ੍ਹਾਂ ਦੇ ਸਿਨੇਮਾ ਵੇਖਣ, ਖੇਡਣ ਅਤੇ ਵਿਆਹਾਂ 'ਚ ਗਾਣਾ ਗਾਉਣ 'ਤੇ ਕੋਈ ਰੋਕ-ਟੋਕ ਨਹੀਂ ਸੀ। ਪਰ ਤਾਲਿਬਾਨ ਦੇ ਸੱਤਾ 'ਚ ਆਉਂਦਿਆਂ ਹੀ ਇੰਨ੍ਹਾਂ ਸਾਰੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ।

ਤਸਵੀਰ ਸਰੋਤ, Getty Images
ਅਹਿਮਦ ਰਸ਼ੀਦ ਲਿਖਦੇ ਹਨ, "ਇਸ ਪਿੱਛੇ ਦਾ ਕਾਰਨ ਸੀ, ਤਾਲਿਬਾਨ ਲਈ ਲੜਨ ਵਾਲੇ ਲੋਕਾਂ ਦਾ ਪਿਛੋਕੜ। ਉਹ ਲੋਕ ਅਨਾਥ ਸਨ, ਜਿੰਨ੍ਹਾਂ ਦੀ ਹੋਂਦ ਦਾ ਕੋਈ ਅਤਾ-ਪਤਾ ਹੀ ਨਹੀਂ ਸੀ। ਉਨ੍ਹਾਂ ਨੂੰ ਸ਼ਰਨਾਰਥੀ ਕੈਂਪਾਂ ਤੋਂ ਭਰਤੀ ਕੀਤਾ ਗਿਆ ਸੀ।
ਇੰਨ੍ਹਾਂ ਦਾ ਪਾਲਣ ਪੋਸ਼ਣ ਇੱਕ ਮਰਦ ਪ੍ਰਧਾਨ ਸਮਾਜ 'ਚ ਹੋਇਆ ਸੀ, ਜਿੱਥੇ ਔਰਤਾਂ ਨੂੰ ਕੰਟਰੋਲ 'ਚ ਰੱਖਣਾ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਰੱਖਣਾ ਮਰਦਾਨਗੀ ਦੀ ਨਿਸ਼ਾਨੀ ਅਤੇ ਜਿਹਾਦ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਵਜੋਂ ਮੰਨਿਆ ਜਾਂਦਾ ਸੀ।"
ਸਮਲਿੰਗਤਾ ਦੇ ਖ਼ਿਲਾਫ਼
ਅਫ਼ਗਾਨੀ ਔਰਤਾਂ ਦੇ ਨਿੱਜੀ ਜੀਵਨ 'ਤੇ ਤਾਲਿਬਾਨ ਦੀ ਤਿੱਖੀ ਨਜ਼ਰ ਦਾ ਵਰਣਨ ਕਾਰਲਾ ਪਾਵਰ ਨੇ ਨਿਉਜ਼ਵੀਕ ਦੇ 13 ਜੁਲਾਈ, 1998 'ਚ 'ਸਿਟੀ ਆਫ ਸੀਕ੍ਰਟਸ' ਸਿਰਲੇਖ ਹੇਠ ਪ੍ਰਕਾਸ਼ਿਤ ਹੋਏ ਇੱਕ ਲੇਖ 'ਚ ਕੀਤਾ ਸੀ।
ਉਨ੍ਹਾਂ ਨੇ ਲਿਖਿਆ ਸੀ, "ਦਰਜ਼ੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਔਰਤਾਂ ਦੇ ਕੱਪੜੇ ਸਿਲਾਈ ਕਰਨ ਲਈ ਉਨ੍ਹਾਂ ਦਾ ਮਾਪ ਨਹੀਂ ਲੈਣਗੇ, ਬਲਕਿ ਆਪਣੇ ਔਰਤ ਗਾਹਕਾਂ ਦਾ ਮਾਪ ਉਹ ਆਪਣੇ ਦਿਮਾਗ਼ 'ਚ ਯਾਦ ਕਰ ਲੈਣ।
ਸਾਰੇ ਫੈਸ਼ਨ ਮੈਗਜ਼ੀਨ ਤਬਾਹ ਕਰ ਦਿੱਤੇ ਗਏ ਸਨ। ਔਰਤਾਂ ਨੂੰ ਨਹੁੰ ਪਾਲਿਸ਼ (ਨੇਲਪੇਂਟ) ਲਗਾਉਣ, ਦੋਸਤਾਂ ਦੀ ਤਸਵੀਰ ਖਿੱਚਣ, ਤਾੜੀਆਂ ਵਜਾਉਣ, ਕਿਸੇ ਵਿਦੇਸ਼ੀ ਨੂੰ ਚਾਹ 'ਤੇ ਬਲਾਉਣ ਲਈ ਸਜ਼ਾ ਦਾ ਹੱਕਦਾਰ ਕਰਾਰ ਦਿੱਤਾ ਜਾਂਦਾ ਸੀ।"

ਤਸਵੀਰ ਸਰੋਤ, Getty Images
ਕਾਬੁਲ ਦੇ ਲੋਕਾਂ ਨੂੰ ਆਪਣੀ ਪੂਰੀ ਦਾੜੀ ਵਧਾਉਣ ਲਈ ਸਿਰਫ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ।
ਕੁਝ ਨਸਲੀ ਸਮੂਹਾਂ ਜਿਵੇਂ ਕਿ ਹਜ਼ਾਰਾ ਲੋਕਾਂ ਨੂੰ ਇਸ ਨਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਉਨ੍ਹਾਂ ਦੀ ਦਾੜੀ ਵਧਣ ਦਾ ਨਾਮ ਹੀ ਨਹੀਂ ਲੈਂਦੀ ਸੀ।
ਤਾਲਿਬਾਨ ਦਾ ਕਾਨੂੰਨ ਸੀ ਕਿ ਦਾੜੀ ਇੱਕ ਮੁੱਠੀ ਤੋਂ ਛੋਟੀ ਨਹੀਂ ਹੋ ਸਕਦੀ ਸੀ। ਉਸ ਸਮੇਂ ਇਕ ਮਜ਼ਾਕ ਬਹੁਤ ਹੀ ਚਰਚਾ 'ਚ ਸੀ ਕਿ ਅਫ਼ਗਾਨਿਸਤਾਨ ਜਾਣ ਲਈ ਵੀਜ਼ਾ ਦੀ ਨਹੀਂ ਬਲਕਿ ਲੰਮੀ ਦਾੜੀ ਦੀ ਜ਼ਰੂਰਤ ਹੈ।
ਟੌਮਸ ਬਾਰਫ਼ੀਲਡ ਨੇ ਆਪਣੀ ਕਿਤਾਬ 'ਅਫ਼ਗਾਨਿਸਤਾਨ: ਏ ਕਲਚਰ ਐਂਡ ਪੋਲੀਟੀਕਲ ਹਿਸਟਰੀ' 'ਚ ਲਿਖਿਆ ਹੈ, "ਤਾਲਿਬਾਨ ਦੀ ਧਾਰਮਿਕ ਪੁਲਿਸ ਹਰ ਗਲੀ ਨੁੱਕੜ 'ਚ ਖੜ੍ਹੀ ਰਹਿੰਦੀ ਸੀ। ਉਨ੍ਹਾਂ ਦੇ ਹੱਥ 'ਚ ਕੈਂਚੀ ਹੁੰਦੀ ਸੀ। ਜਿਵੇਂ ਹੀ ਉਹ ਲੰਮੇ ਵਾਲਾਂ ਵਾਲੇ ਕਿਸੇ ਵਿਅਕਤੀ ਨੂੰ ਵੇਖਦੇ ਤਾਂ ਉਹ ਮੌਕੇ 'ਤੇ ਹੀ ਉਸ ਦੇ ਲੰਮੇ ਵਾਲ ਕੱਟ ਦਿੰਦੇ ਸਨ।
ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਸੀ ਕਿ ਲੋਕ ਅਜਿਹੀ ਸਲਵਾਰ ਜਾਂ ਫਿਰ ਪਜਾਮਾ ਪਾਉਣ ਜੋ ਕਿ ਅੱਡੀਆਂ ਤੋਂ ਉੱਪਰ ਹੋਵੇ ਅਤੇ ਸਾਰੇ ਹੀ ਲੋਕ ਪੰਜ ਵਕਤ ਦੀ ਨਮਾਜ਼ ਵੀ ਜ਼ਰੂਰ ਅਦਾ ਕਰਨ।
ਤਾਲਿਬਾਨ ਸਮਲਿੰਗਤਾ ਦੇ ਵੀ ਬਹੁਤ ਖ਼ਿਲਾਫ਼ ਸਨ। ਅਪ੍ਰੈਲ 1998 'ਚ ਦੋ ਸੈਨਿਕ ਸਮਲਿੰਗੀ ਸੰਬੰਧ ਬਣਾਉਂਦੇ ਫੜ੍ਹੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਕਾਬੁਲ ਦੀਆਂ ਸੜਕਾਂ 'ਤੇ ਘੁੰਮਾਇਆ ਗਿਆ ਸੀ।
ਪੇਂਟਿੰਗ 'ਤੇ ਕੀਤਾ ਗਿਆ ਚਿੱਟਾ ਰੰਗ
ਪੇਂਟਿੰਗ 'ਤੇ ਚਿੱਟਾ ਰੰਗ ਕਰ ਦਿੱਤਾ ਗਿਆ ਸੀ।
ਤਾਲਿਬਾਨ ਦੇ ਆਉਣ ਤੋਂ ਪਹਿਲਾਂ ਅਫ਼ਗਾਨ ਲੋਕ ਸਿਨੇਮਾ ਅਤੇ ਟੀਵੀ ਵੇਖਣ ਅਤੇ ਸੰਗੀਤ ਸੁਣਨ ਦੇ ਬਹੁਤ ਸ਼ੌਕੀਨ ਸਨ। ਪਰ ਤਾਲਿਬਾਨ ਨੇ ਇੰਨ੍ਹਾਂ ਸਾਰੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਤਾਲਿਬਾਨ ਦੇ ਸਿੱਖਿਆ ਮੰਤਰੀ ਮੁੱਲ੍ਹਾ ਮੁਹੰਮਦ ਹਨੀਫ਼ੀ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਕੁਝ ਮਨੋਰੰਜਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਹ ਪਾਰਕਾਂ 'ਚ ਜਾ ਕੇ ਫੁੱਲਾਂ ਨੂੰ ਨਿਹਾਰ ਸਕਦੇ ਹਨ।
ਤਾਲਿਬਾਨ ਸੰਗੀਤ ਦੇ ਖ਼ਿਲਾਫ਼ ਇਸ ਲਈ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੰਗੀਤ ਨਾਲ ਦਿਮਾਗ 'ਚ ਤਣਾਅ ਪੈਦਾ ਹੁੰਦਾ ਹੈ ਅਤੇ ਇਸਲਾਮ ਦੀ ਸਿੱਖਿਆ ਅਤੇ ਉਪਦੇਸ਼ਾਂ ਨੂੰ ਧਾਰਨ ਕਰਨ 'ਚ ਅੜਿੱਕਾ ਪੈਦਾ ਕਰਦਾ ਹੈ।"

ਤਸਵੀਰ ਸਰੋਤ, Getty Images
ਸਦੀਆਂ ਤੋਂ ਹੀ ਅਫ਼ਗਾਨਿਸਤਾਨ 'ਚ ਵਿਆਹ ਸ਼ਾਦੀ ਦੇ ਮੌਕੇ ਗਾਉਣ ਵਜਾਉਣ ਦੀ ਰਵਾਇਤ ਰਹੀ ਹੈ, ਜਿਸ ਨਾਲ ਹਜ਼ਾਰਾਂ ਹੀ ਲੋਕ ਆਪਣਾ ਗੁਜ਼ਾਰਾ ਕਰਦੇ ਸਨ।
ਸੰਗੀਤ 'ਤੇ ਪਾਬੰਦੀ ਲੱਗਣ ਤੋਂ ਬਾਅਦ ਇੰਨਾਂ 'ਚੋਂ ਜ਼ਿਆਦਾਤਰ ਲੋਕ ਪਾਕਿਸਤਾਨ ਭੱਜ ਗਏ। ਕਿਸੇ ਨੂੰ ਵੀ ਆਪਣੇ ਘਰਾਂ 'ਚ ਫੋਟੋਆਂ ਅਤੇ ਪੇਟਿੰਗ ਲਗਾਉਣ ਦੀ ਇਜਾਜ਼ਤ ਨਹੀਂ ਸੀ।
ਅਫ਼ਗਾਨਿਸਤਾਨ ਦੇ ਇੱਕ ਮਸ਼ਹੂਰ ਚਿੱਤਰਕਾਰ, ਮੁਹੰਮਦ ਮਸ਼ਾਲ ਹੇਰਾਤ ਦੇ 500 ਸਾਲਾਂ ਦੇ ਇਤਿਹਾਸ 'ਤੇ ਇੱਕ ਵਿਸ਼ਾਲ ਚਿੱਤਰ ਬਣਾ ਰਹੇ ਸਨ।
ਤਾਲਿਬਾਨ ਦੇ ਲੋਕਾਂ ਨੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਉਸ ਚਿੱਤਰ 'ਤੇ ਚਿੱਟਾ ਰੰਗ ਫੇਰ ਦਿੱਤਾ ਸੀ।
ਰਾਬੀਆ ਬਲਖ਼ੀ ਦੀ ਕਬਰ 'ਤੇ ਜਾਣ 'ਤੇ ਰੋਕ
ਮਜ਼ਾਰ-ਏ-ਸ਼ਰੀਫ 'ਚ ਇੱਕ 10ਵੀਂ ਸਦੀ ਦੀ ਕਵਿੱਤਰੀ ਰਾਬੀਆ ਬਲਖ਼ੀ ਦੀ ਕਬਰ ਹੁੰਦੀ ਸੀ।
ਅਹਿਮਦ ਰਸ਼ੀਦ ਲਿਖਦੇ ਹਨ, "ਉਹ ਆਪਣੇ ਸਮੇਂ ਦੀ ਪਹਿਲੀ ਕਵਿੱਤਰੀ ਸੀ, ਜਿਸ ਨੇ ਫਾਰਸੀ ਭਾਸ਼ਾ 'ਚ ਪ੍ਰੇਮ ਕਵਿਤਾਵਾਂ ਨੂੰ ਨਵਾਂ ਰੂਪ ਦਿੱਤਾ ਸੀ।"
"ਉਨ੍ਹਾਂ ਦੇ ਬਾਰੇ 'ਚ ਮਸ਼ਹੂਰ ਸੀ ਕਿ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਆਪਣੇ ਪ੍ਰੇਮੀ ਨਾਲ ਫੜ੍ਹ ਲਿਆ ਸੀ ਅਤੇ ਰਾਬੀਆ ਨੇ ਆਪਣੀ ਕਲਾਈ ਕੱਟ ਲਈ ਸੀ।"
"ਰਾਬੀਆ ਨੇ ਆਪਣੀ ਆਖ਼ਰੀ ਕਵਿਤਾ ਆਪਣੇ ਖੂਨ ਨਾਲ ਲਿਖੀ ਸੀ ਅਤੇ ਉਸੇ ਸਥਿਤੀ 'ਚ ਉਸ ਦੀ ਮੌਤ ਹੋ ਗਈ ਸੀ।
ਸਦੀਆਂ ਤੋਂ ਨੌਜਵਾਨ ਅਫ਼ਗਾਨ ਮੁੰਡੇ-ਕੁੜੀਆਂ ਆਪਣੇ ਪਿਆਰ ਦੀ ਸਫ਼ਲਤਾ ਲਈ ਅਰਦਾਸ ਕਰਨ ਲਈ ਰਾਬੀਆ ਦੀ ਕਬਰ 'ਤੇ ਦੁਆ ਮੰਗਣ ਜਾਂਦੇ ਸਨ।
ਜਦੋਂ ਮਜ਼ਾਰ-ਏ-ਸ਼ਰੀਫ 'ਤੇ ਤਾਲਿਬਾਨ ਨੇ ਕਬਜ਼ਾ ਕੀਤਾ ਤਾਂ ਉਨ੍ਹਾਂ ਲੋਕਾਂ ਨੂੰ ਰਾਬੀਆ ਦੀ ਕਬਰ 'ਤੇ ਜਾਣ ਤੋਂ ਰੋਕ ਦਿੱਤਾ ਗਿਆ।"
ਬਾਮੀਆਨ 'ਚ ਬੁੱਧ ਦੀਆਂ ਮੂਰਤੀਆਂ ਨੂੰ ਕੀਤਾ ਗਿਆ ਢਹਿ-ਢੇਰੀ
ਤਾਲਿਬਾਨ ਦੀ ਕੱਟੜਤਾ ਦੀ ਸਭ ਤੋਂ ਵੱਡੀ ਮਿਸਾਲ ਉਸ ਸਮੇਂ ਮਿਲੀ ਜਦੋਂ ਉਨ੍ਹਾਂ ਨੇ ਮਾਰਚ 2001 'ਚ ਬਾਮੀਆਨ 'ਚ ਬੁੱਧ ਦੀਆਂ ਦੋ ਵਿਸ਼ਾਲ ਮੂਰਤੀਆਂ ਨੂੰ ਢਹਿ ਢੇਰੀ ਕਰ ਦਿੱਤਾ ਸੀ।
ਕਾਬੁਲ 'ਚ ਤਾਇਨਾਤ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਫਿਲਿਪ ਕੋਰਵਿਨ ਨੇ ਆਪਣੀ ਸਵੈ-ਜੀਵਨੀ- 'ਡੂਮਡ ਇਨ ਅਫ਼ਗਾਨਿਸਤਾਨ: ਏ ਯੂ ਐਨ ਅਫਸਰਜ਼ ਮੈਮੋਰਜ਼ ਆਫ਼ ਦਿ ਫਾਲ ਆਫ਼ ਕਾਬੁਲ' 'ਚ ਲਿਖਿਆ ਹੈ, "ਜਦੋਂ ਤਾਲਿਬਾਨ ਦੇ ਟੈਂਕ, ਜਹਾਜ਼ ਉਡਾਉਣ ਵਾਲੀਆਂ ਤੋਪਾਂ ਅਤੇ ਤੋਪਾਂ ਦੇ ਗੋਲੇ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਬੁੱਧ ਦੀਆਂ ਮੂਰਤੀਆਂ ਨੂੰ ਤਬਾਹ ਕਰਨ 'ਚ ਅਸਫ਼ਲ ਰਹੇ ਤਾਂ ਉਨ੍ਹਾਂ ਨੇ ਕਈ ਟਰੱਕਾਂ 'ਚ ਡਾਇਨਾਮਾਈਟ ਭਰ ਕੇ ਲਿਆਂਦੀ ਅਤੇ ਤਾਲਿਬਾਨ ਨੇ ਉਨ੍ਹਾਂ ਮੂਰਤੀਆਂ 'ਚ ਡਾਇਨਾਮਈਟ ਡਰਿੱਲ ਕਰ ਦਿੱਤਾ ਸੀ।"
"ਤਾਲਿਬਾਨ ਇੰਨ੍ਹਾਂ ਮੂਰਤੀਆਂ ਨੂੰ ਤਬਾਹ ਕਰਨ ਲਈ ਬਹੁਤ ਉਤਸੁਕ ਸਨ ਅਤੇ ਇਸ ਲਈ ਉਨ੍ਹਾਂ ਨੇ ਲਗਭਗ ਇੱਕ ਮਹੀਨੇ ਤੱਕ ਇਸ ਕੰਮ ਨੂੰ ਜਾਰੀ ਰੱਖਿਆ।"
"ਤਾਲਿਬਾਨ ਦੇ ਆਗੂ ਮੁੱਲ੍ਹਾ ਉਮਰ ਨੇ 26 ਫਰਵਰੀ 2001 ਨੂੰ ਅਫ਼ਗਾਨਿਸਤਾਨ 'ਚ ਸਾਰੀਆਂ ਗ਼ੈਰ-ਮੁਸਲਿਮ ਮੂਰਤੀਆਂ ਨੂੰ ਤੋੜਣ ਦਾ ਹੁਕਮ ਦਿੱਤਾ ਸੀ।"
"ਕਾਬੁਲ ਦੇ ਕੌਮੀ ਅਜਾਇਬ ਘਰ 'ਚ ਰੱਖੀਆਂ ਗਈਆਂ ਮੂਰਤੀਆਂ ਦਾ ਵੀ ਕੁਝ ਅਜਿਹਾ ਹੀ ਹਾਲ ਕੀਤਾ ਗਿਆ ਸੀ।"

ਤਸਵੀਰ ਸਰੋਤ, Getty Images
ਸ਼੍ਰੀਲੰਕਾ, ਭੂਟਾਨ, ਚੀਨ, ਜਾਪਾਨ, ਲਾਓਸ, ਮਿਆਂਮਾਰ ਅਤੇ ਥਾਈਲੈਂਡ ਵਰਗੇ ਬੋਧੀ ਵੱਡੀ ਗਿਣਤੀ ਵਾਲੇ ਦੇਸ਼ਾਂ ਨੇ ਤਾਲਿਬਾਨ ਦੇ ਇਸ ਕਦਮ ਦਾ ਵਿਰੋਧ ਕੀਤਾ ਸੀ।
ਇੱਥੋਂ ਤੱਕ ਕਿ ਤਾਲਿਬਾਨ ਦੇ ਕੱਟੜ ਸਮਰਥਕ ਪਾਕਿਸਤਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਉਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ, ਪਰ ਤਾਲਿਬਾਨ ਨੇ ਕਿਸੇ ਦੀ ਨਾ ਸੁਣੀ।
ਪਰ ਅਮਰੀਕਾ 'ਚ ਤਾਲਿਬਾਨ ਦੇ ਸਫ਼ੀਰ ਸਈਅਦ ਰਹਿਮਤਉੱਲ੍ਹਾ ਹਾਸ਼ਮੀ ਅਤੇ ਪਾਕਿਸਤਾਨ 'ਚ ਤਾਲਿਬਾਨ ਦੇ ਰਾਜਦੂਤ ਮੁੱਲਾ ਅਬਦੁੱਲ ਸਲੀਮ ਜ਼ੈਫ਼ ਨੇ ਯੂਰਪੀਅਨ ਡਿਪਲੋਮੈਟਾਂ ਦੀ ਕਾਬੁਲ ਫੇਰੀ ਨੂੰ ਇਸ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਬੋਰਬਾਰਾ ਕਰੌਸੇਟ ਨੇ ਨਿਊਯਾਰਕ ਟਾਈਮਜ਼ ਦੇ 19 ਮਾਰਚ, 2001 ਦੇ ਅੰਕ 'ਚ 'ਤਾਲਿਬਾਨ ਐਕਸਪਲੇਂਸ ਬੁੱਧਾ ਡਿਮੋਲਿਸ਼ਨ' ਸਿਰਲੇਖ ਹੇਠ ਲਿਖੇ ਇੱਕ ਲੇਖ 'ਚ ਕਿਹਾ, "ਤਾਲਿਬਾਨ ਨੇ ਕਿਹਾ ਕਿ ਜਦੋਂ ਅਫ਼ਗਾਨਿਸਤਾਨ 'ਚ ਸੋਕੇ ਵਰਗੀ ਸਥਿਤੀ ਪੈਦਾ ਹੋ ਰਹੀ ਹੋਵੇ ਅਤੇ ਲੱਖਾਂ ਅਫ਼ਗਾਨੀ ਭੁੱਖੇ ਮਰ ਰਹੇ ਹੋਣ, ਉਸ ਸਮੇਂ ਯੂਰਪੀ ਵਫ਼ਦ ਨੇ ਬੁੱਧ ਦੀਆਂ ਮੂਰਤੀਆਂ ਦੀ ਬਹਾਲੀ ਲਈ ਫੰਡ ਦੇਣ ਦੀ ਪੇਸ਼ਕਸ਼ ਕੀਤੀ, ਪਰ ਅਫ਼ਗਾਨ ਬੱਚਿਆਂ ਨੂੰ ਅਨਾਜ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।"
"ਜੇ ਤੁਹਾਡੇ ਬੱਚੇ ਤੁਹਾਡੀਆਂ ਹੀ ਅੱਖਾਂ ਅੱਗੇ ਦਮ ਤੋੜ ਰਹੇ ਹੋਣ, ਤਾਂ ਉਸ ਸਮੇਂ ਤੁਹਾਨੂੰ ਕਲਾ ਦੇ ਇੱਕ ਟੁੱਕੜੇ ਦੇ ਬਾਰੇ 'ਚ ਚਿੰਤਾ ਨਹੀਂ ਹੋ ਸਕਦੀ ਹੈ।"
ਜਪਾਨ ਨੇ ਤਾਂ ਇੰਨਾਂ ਮੂਰਤੀਆਂ ਨੂੰ ਖਰੀਦਣ ਦੀ ਪੇਸ਼ਕਸ਼ ਵੀ ਕੀਤੀ ਸੀ, ਤਾਂ ਜੋ ਇਸ ਤੋਂ ਹਾਸਲ ਹੋਣ ਵਾਲੀ ਰਕਮ ਨੂੰ ਭੁੱਖ ਨਾਲ ਮਰ ਰਹੇ ਅਫ਼ਗਾਨੀ ਬੱਚਿਆਂ ਲਈ ਅਨਾਜ ਦਾ ਬੰਦੋਬਸਤ ਕਰਨ ਲਈ ਵਰਤਿਆ ਜਾ ਸਕੇ। ਪਰ ਤਾਲਿਬਾਨ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਹਿੰਦੂਆਂ ਅਤੇ ਸਿੱਖਾਂ ਨਾਲ ਵਿਤਕਰਾ
ਮਈ 2001 'ਚ ਤਾਲਿਬਾਨ ਨੇ ਇੱਕ ਹੋਰ ਵਿਵਾਦਪੂਰਨ ਆਦੇਸ਼ ਜਾਰੀ ਕੀਤਾ, ਜਿਸ 'ਚ ਉੱਥੇ ਰਹਿ ਰਹੇ ਹਿੰਦੂ ਅਤੇ ਸਿੱਖਾਂ ਦੇ ਸਲਵਾਰ ਕਮੀਜ਼ ਅਤੇ ਚਿੱਟੀ ਪੱਗ ਬੰਨ੍ਹਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਅਵਿਨਾਸ਼ ਪਾਲੀਵਾਲ ਆਪਣੀ ਕਿਤਾਬ 'ਚ ਲਿਖਦੇ ਹਨ, "ਉਨ੍ਹਾਂ ਨੂੰ ਆਪਣੀ ਪਛਾਣ ਦੱਸਣ ਲਈ ਕਾਲੀ ਟੋਪੀ ਅਤੇ ਮੱਥੇ 'ਤੇ ਲਾਲ ਤਿਲਕ ਲਗਾਉਣ ਲਈ ਕਿਹਾ ਗਿਆ ਸੀ।"
"ਹਿੰਦੂ ਔਰਤਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਪੀਲੇ ਕੱਪੜੇ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਢਕਣ ਅਤੇ ਜਨਤਕ ਥਾਵਾਂ 'ਤੇ ਆਪਣੇ ਗਲੇ 'ਚ ਲੋਹੇ ਦਾ ਹਾਰ ਪਾਉਣ। ਹਿੰਦੂਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਆਪਣੇ ਘਰਾਂ 'ਤੇ ਪੀਲੇ ਰੰਗ ਦਾ ਝੰਡਾ ਲਗਾਉਣ ਤਾਂ ਜੋ ਉਨ੍ਹਾਂ ਦੇ ਘਰਾਂ ਦੀ ਪਛਾਣ ਦੂਰ ਤੋਂ ਹੀ ਹੋ ਸਕੇ।"
ਤਤਕਾਲੀ ਭਾਰਤ ਸਰਕਾਰ ਨੇ ਨਾ ਸਿਰਫ਼ ਇਸ ਦੀ ਨਿਖੇਧੀ ਕੀਤੀ, ਬਲਕਿ ਸੰਯੁਕਤ ਰਾਸ਼ਟਰ ਸੰਘ ਦੇ ਕੋਲ ਇਹ ਮੁੱਦਾ ਵੀ ਚੁੱਕਿਆ।
ਦਿੱਲੀ 'ਚ ਸੰਯੁਕਤ ਮੋਰਚੇ / ਯੂਨਾਈਟਿਡ ਫਰੰਟ ਦੇ ਨੁਮਾਇੰਦੇ ਮਸੂਦ ਖ਼ਲੀਲ ਨੇ ਵੀ ਇਸ ਆਦੇਸ਼ ਦੀ ਨਿੰਦਾ ਕਰਦਿਆਂ ਕਿਹਾ, "ਹਿੰਦੂ ਅਫ਼ਗਾਨ ਸ਼ੁਰੂ ਤੋਂ ਹੀ ਅਫ਼ਗਾਨ ਸੱਭਿਆਚਾਰ ਦਾ ਹਿੱਸਾ ਰਹੇ ਹਨ।"

ਤਸਵੀਰ ਸਰੋਤ, Getty Images
ਉਨ੍ਹਾਂ ਨੂੰ ਹਮੇਸ਼ਾ ਹੀ ਆਪਣੇ ਧਰਮ ਦੇ ਅਨੁਸਾਰ ਪਾਠ-ਪੂਜਾ ਕਰਨ ਅਤੇ ਆਪਣੀ ਪਸੰਦ ਦੇ ਕੱਪੜੇ ਪਹਿਣਨ ਦੀ ਆਜ਼ਾਦੀ ਰਹੀ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਨਿਰਮਾਣ 'ਚ ਵਧੀਆ ਯੋਗਦਾਨ ਪਾਇਆ ਹੈ।"
ਇਸਲਾਮਿਕ ਦੇਸ਼ਾਂ ਨੇ ਮੋੜਿਆ ਮੂੰਹ
ਅਫ਼ਗਾਨ ਲੋਕਾਂ ਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਲੱਗਿਆ ਕਿ ਜ਼ਿਆਦਾਤਰ ਇਸਲਾਮਿਕ ਦੇਸ਼ਾਂ ਨੇ ਤਾਲਿਬਾਨ ਦੇ ਇੰਨਾਂ ਫ਼ੈਸਲਿਆਂ ਪ੍ਰਤੀ ਆਪਣੀ ਕੋਈ ਠੋਸ ਰਾਏ, ਦ੍ਰਿਸ਼ਟੀਕੋਣ ਨਹੀਂ ਰੱਖਿਆ।
ਪਾਕਿਸਤਾਨ, ਸਾਊਦੀ ਅਰਬ ਅਤੇ ਕਿਸੇ ਵੀ ਖਾੜੀ ਦੇਸ਼ ਨੇ ਅਫ਼ਗਾਨਿਸਤਾਨ 'ਚ ਔਰਤਾਂ ਦੀ ਸਿੱਖਿਆ ਜਾਂ ਮਨੁੱਖੀ ਅਧਿਕਾਰਾਂ ਦੀ ਜ਼ਰੂਰਤ ਦੇ ਸਮਰਥਨ 'ਚ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਤਾਲਿਬਾਨ ਦੀ ਸ਼ਰੀਆ ਦੀ ਵਿਆਖਿਆ 'ਤੇ ਕੋਈ ਸਵਾਲ ਚੁੱਕਿਆ।
ਏਸ਼ੀਆਈ ਮੁਸਲਿਮ ਦੇਸ਼ ਵੀ ਇਸ ਮਾਮਲੇ 'ਚ ਚੁੱਪ ਧਾਰੀ ਬੈਠੇ ਰਹੇ। ਸੱਤਾ 'ਚ ਪੰਜ ਸਾਲ ਕਾਬਜ਼ ਰਹਿਣ ਤੋਂ ਬਾਅਦ ਜਦੋਂ 9/11 ਤੋਂ ਬਾਅਦ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਦੀ ਭਾਲ 'ਚ ਅਫ਼ਗਾਨਿਸਤਾਨ 'ਚ ਦਖ਼ਲ ਦਿੱਤਾ ਤਾਂ ਉਸ ਸਮੇਂ ਤਾਲਿਬਾਨ ਦੇ ਹੱਥੋਂ ਸੱਤਾ ਖੁੱਸ ਗਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















