ਤਾਲਿਬਾਨ ਦੇ ਖ਼ਿਲਾਫ਼ ਇਸਲਾਮਿਕ ਸਟੇਟ ਨੇ ਖੋਲ੍ਹਿਆ ਮੋਰਚਾ, ਕਿਹਾ ਤਾਲਿਬਾਨ ਹੈ 'ਅਮਰੀਕਾ ਦਾ ਪਿੱਠੂ'

    • ਲੇਖਕ, ਬੀਬੀਸੀ ਟੀਮ
    • ਰੋਲ, ਮੌਨਿਟਰਿੰਗ

ਅਫ਼ਗਾਨਿਸਤਾਨ 'ਤੇ ਤਾਲਿਬਾਨ ਵੱਲੋਂ ਆਪਣਾ ਕਬਜ਼ਾ ਸਥਾਪਤ ਕਰਨ ਤੋਂ ਬਾਅਦ ਇਸਲਾਮਿਕ ਸਟੇਟ (ਆਈਐੱਸ) ਦੇ ਸਮਰਥਨ ਵਾਲੇ ਮੀਡੀਆ ਸਮੂਹ ਹਰਕਤ 'ਚ ਆ ਗਏ ਹਨ।

ਇਨ੍ਹਾਂ ਮੀਡੀਆ ਚੈਨਲਾਂ ਨੇ ਇੰਟਰਨੈੱਟ 'ਤੇ ਤਾਲਿਬਾਨ ਦੇ ਵਿਰੁੱਧ ਪ੍ਰਚਾਰ ਕਰਨ ਲਈ ਆਨਲਾਈਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।

ਤਾਲਿਬਾਨ ਦੇ ਖ਼ਿਲਾਫ਼ ਆਈਐੱਸ ਦੀ ਇਹ ਮੁਹਿੰਮ 16 ਅਗਸਤ ਤੋਂ ਹੀ ਤੇਜ਼ ਹੋਣੀ ਸ਼ੁਰੂ ਹੋ ਗਈ ਸੀ, ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕਈ ਹਿੱਸਿਆਂ 'ਤੇ ਆਪਣਾ ਕੰਟਰੋਲ ਕਰਨ ਤੋਂ ਬਾਅਦ ਰਾਜਧਾਨੀ ਕਾਬੁਲ 'ਤੇ ਵੀ ਕਬਜ਼ਾ ਕਰ ਲਿਆ ਸੀ।

ਪਰ 19 ਅਗਸਤ ਤੋਂ ਇਸ ਮੁਹਿੰਮ ਨੇ ਪੂਰੀ ਗਤੀ ਫੜ੍ਹ ਲਈ ਹੈ। 19 ਅਗਸਤ ਨੂੰ ਹੀ ਇਸਲਾਮਿਕ ਸਟੇਟ ਨੇ ਤਾਲਿਬਾਨ 'ਤੇ ਆਪਣਾ ਅਧਿਕਾਰਤ ਬਿਆਨ ਜਾਰੀ ਕੀਤਾ ਅਤੇ ਨਾਲ ਹੀ ਉਸ ਨੂੰ 'ਅਮਰੀਕਾ ਦਾ ਪਿੱਠੂ' ਕਰਾਰ ਦਿੱਤਾ ਹੈ।

ਇਸਲਾਮਿਕ ਸਟੇਟ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਜੋ ਕੁਝ ਵੀ ਵਾਪਰਿਆ ਹੈ, ਉਹ ਤਾਲਿਬਾਨ ਨਹੀਂ ਬਲਕਿ ਅਮਰੀਕਾ ਦੀ ਜਿੱਤ ਨੂੰ ਦਰਸਾਉਂਦਾ ਹੈ, ਕਿਉਂਕਿ ਤਾਲਿਬਾਨ ਇਸ ਵਿਚਾਰ ਨੂੰ ਅੱਗੇ ਵਧਾਉਣ 'ਚ ਸਫਲ ਹੋ ਗਿਆ ਹੈ ਕਿ ਕੱਟੜਵਾਦੀ ਸਮੂਹਾਂ ਦੇ ਲਈ ਅੱਗੇ ਵੱਧਣ ਦਾ ਰਾਹ ਗੱਲਬਾਤ ਰਾਹੀਂ ਸੰਭਵ ਹੈ।

ਇਹ ਵੀ ਪੜ੍ਹੋ-

ਆਈਐੱਸ ਦੇ ਹਮਾਇਤੀ ਮੀ ਸਮੂਹਾਂ ਨੇ 16 ਅਗਸਤ ਤੋਂ ਲੈ ਕੇ ਹੁਣ ਤੱਕ 22 ਪ੍ਰੋਪੇਗੈਂਡਾ ਲੇਖ ਪ੍ਰਕਾਸ਼ਿਤ ਕੀਤੇ ਹਨ, ਜੋ ਕਿ ਜ਼ਿਆਦਾਤਰ ਪੋਸਟਰਾਂ ਦੇ ਰੂਪ 'ਚ ਹਨ।

ਇਸ ਦੇ ਨਾਲ ਹੀ ਫ੍ਰੈਂਚ ਭਾਸ਼ਾ 'ਚ ਅਨੁਡੀਆਵਾਦ ਕੀਤੇ ਗਏ ਤਿੰਨ ਪੋਸਟਰ ਵੀ ਹਨ। ਇੰਨ੍ਹਾਂ ਪੋਸਟਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਆਈਐੱਸ ਦੇ ਸਮਰਥਨ ਵਾਲੇ ਸਰਵਰ ਰਾਕੇਟਚੈਟ 'ਤੇ ਜਾਰੀ ਕੀਤਾ ਗਿਆ ਹੈ।

ਪ੍ਰਚਾਰ ਦੇ ਹਥਿਆਰ

ਹਾਲਾਂਕਿ, ਇਸ ਮੁਹਿੰਮ ਦਾ ਅਜੇ ਤੱਕ ਕੋਈ ਇੱਕ ਹੈਸ਼ਟੈਗ ਨਹੀਂ ਹੈ, ਜਿਵੇਂ ਕਿ ਹੁਣ ਤੱਕ ਵੇਖਣ 'ਚ ਆਇਆ ਹੈ।

ਅਜਿਹੀ ਸਥਿਤੀ 'ਚ ਆਉਣ ਵਾਲੇ ਦਿਨਾਂ 'ਚ ਇੰਨ੍ਹਾਂ ਯਤਨਾਂ ਨੂੰ ਵਧੇਰੇ ਸੰਗਠਿਤ ਕਰਨ ਲਈ ਇੱਕ ਹੈਸ਼ਟੈਗ ਜਾਰੀ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਹੀ ਇੱਕ ਆਈਐੱਸ ਸਮਰਥਨ ਵਾਲੇ ਮੀਡੀਆ ਸਮੂਹ ਤਲ-ਏ-ਅੰਸਰ ਨੇ ਆਪਣੇ ਪੋਸਟਰਾਂ 'ਤੇ ਅਪੋਸਟੇਟ ਤਾਲਿਬਾਨ (#ApostateTaliban) ਨਾਮ ਦੇ ਹੈਸ਼ਟੈਗ ਦੀ ਵਰਤੋਂ ਕੀਤੀ ਹੈ।

ਇਨ੍ਹਾਂ ਪੋਸਟਰਾਂ ਤੋਂ ਇਲਾਵਾ ਇੱਕ ਅਜਿਹਾ ਵੀਡੀਓ ਵੀ ਹੈ ਜੋ ਕਿ ਪੋਸਟਰਾਂ ਤੋਂ ਵੱਖਰਾ ਹੀ ਵਿਖਾਈ ਦਿੰਦਾ ਹੈ।

ਇਸ ਵੀਡੀਓ ਨੂੰ ਇੱਕ ਸੀਨੀਅਰ ਹਾਈ ਪ੍ਰੋਫਾਈਲ ਆਈਐੱਸ ਸਮਰਥਕ ਪ੍ਰੋਡਿਊਸਰ ਤੁਰਜੁਮਨ ਅਲ-ਅਸਵਿਰਤੀ ਨੇ ਪੋਸਟ ਕੀਤਾ ਹੈ।

ਇਸ ਵੀਡੀਓ 'ਚ ਅੰਗ੍ਰੇਜ਼ੀ ਬੋਲਣ ਵਾਲਾ ਇੱਕ ਵਿਅਕਤੀ ਵਿਖਾਈ ਦਿੰਦਾ ਹੈ, ਜੋ ਕਿ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤਾਲਿਬਾਨ ਦੀ ਅਮਰੀਕਾ ਨਾਲ ਆਪਸੀ ਮਿਲੀਭੁਗਤ ਹੈ।

ਆਪਣੀ ਇਸ ਗੱਲ ਨੂੰ ਸਾਬਤ ਕਰਨ ਲਈ ਉਹ ਸੀਆਈਏ ਦੇ ਇਸਲਾਮਾਬਾਦ ਸਟੇਸ਼ਨ ਦੇ ਸਾਬਕਾ ਮੁਖੀ ਰਾਬਰਟ ਐਲ ਗ੍ਰੇਨਿਅਰ ਦੀ "88 ਡੇਜ਼ ਟੂ ਕੰਧਾਰ" ਕਿਤਾਬ ਦਾ ਹਵਾਲਾ ਦਿੰਦਾ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਤਾਲਿਬਾਨ ਵੱਲੋਂ ਹੋਰ ਵਧੇਰੇ ਗਲਤ ਪ੍ਰਚਾਰ ਸ਼ੂਰੂ ਹੋ ਸਕਦਾ ਹੈ।

ਹਾਲਾਂਕਿ ਅਲ-ਕਾਇਦਾ ਦੇ ਸਮਰਥਕਾਂ ਅਤੇ ਇਸ ਸਮੂਹ ਦੀ ਯਮਨ ਸ਼ਾਖਾ ਨੇ ਤਾਲਿਬਾਨ ਨੂੰ ਉਸ ਦੀ ਇਤਿਹਾਸਿਕ ਜਿੱਤ 'ਤੇ ਵਧਾਈ ਦਿੱਤੀ ਹੈ।

ਇਸ ਦੇ ਨਾਲ ਹੀ ਕੁਝ ਹੋਰ ਉਦਾਰਵਾਦੀ ਜਿਹਾਦੀ ਅਤੇ ਇਸਲਾਮਿਕ ਸਮੂਹਾਂ ਨੇ ਵੀ ਤਾਲਿਬਾਨ ਦਾ ਸਮਰਥਨ ਕੀਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਮਲਾਵਰ ਆਈਐੱਸ ਦੇ ਸੋਸ਼ਲ ਮੀਡੀਆ ਸਮਰਥਕਾਂ ਨੇ ਤਾਲਿਬਾਨ ਨੂੰ ਘੇਰਿਆ

ਇਸ ਤਾਜ਼ਾ ਮੁਹਿੰਮ 'ਚ ਕਥਿਤ ਤੌਰ 'ਤੇ ਆਈਐੱਸ ਦਾ ਸਮਰਥਨ ਕਰਨ ਵਾਲੇ ਮੀਡੀਆ ਸਮੂਹਾਂ ਦੇ ਮਸ਼ਹੂਰ ਲੋਕਾਂ ਨੇ ਹਿੱਸਾ ਲਿਆ ਹੈ।

ਇਹ ਕਾਫ਼ੀ ਪੁਰਾਣੇ ਉਪਭੋਗਤਾ ਹਨ, ਜਿਵੇਂ ਕਿ ਅਲ-ਬਤਰ ਅਤੇ ਤਲਏ ਅਲ-ਅੰਸਾਰ, ਅਲ-ਮੁਰਫ਼ਤ, ਅਲ-ਤਕਵਾ, ਹਦਮ-ਅਲ ਅਸਵਾਰ, ਅਲ-ਅਦਿਆਤ ਅਤੇ ਅਲ-ਅਸਵਿਰਤੀ, ਜਿੰਨ੍ਹਾਂ ਨੇ ਹੁਣ ਤੱਕ ਸਭ ਤੋਂ ਵੱਧ ਪੋਸਟਰ ਜਾਰੀ ਕੀਤੇ ਹਨ।

ਅਲ-ਬਤਰ ਅਤੇ ਤਲਾਏ ਅਲ਼-ਅੰਸਾਰ ਵਰਗੇ ਪੁਰਾਣੇ ਧੜਿਆਂ ਨੇ ਹੁਣ ਤੱਕ ਸਭ ਤੋਂ ਵਧੇਰੇ ਪੋਸਟਰ ਜਾਰੀ ਕੀਤੇ ਹਨ।

19 ਅਗਸਤ ਨੂੰ ਪ੍ਰਕਾਸ਼ਿਤ ਹੋਏ ਇਸਲਾਮਿਕ ਸਟੇਟ ਦੇ ਤਾਲਿਬਾਨ ਵਿਰੋਧੀ ਸੰਪਾਦਕੀ ਲੇਖ ਤੋਂ ਪਹਿਲਾਂ ਦੇ ਪੋਸਟਰ ਤਾਲਿਬਾਨ ਵੱਲੋਂ ਕੀਤੀ ਗਈ ਕਥਿਤ ਧਾਰਮਿਕ ਉਲੰਘਣਾ 'ਤੇ ਕੇਂਦਰਤ ਸਨ।

ਮੀਡੀਆ ਸਮੂਹਾਂ ਨੇ ਅਫ਼ਗਾਨਿਸਤਾਨ 'ਚ ਹਜ਼ਾਰਾ ਸ਼ੀਆ ਵਰਗੇ ਧਾਰਮਿਕ ਘੱਟ ਗਿਣਤੀਆਂ ਲਈ ਤਾਲਿਬਾਨ ਦੇ ਸੁਲ੍ਹਾ ਸੁਨੇਹੇ ਵੱਲ ਵੀ ਇਸ਼ਾਰਾ ਕੀਤਾ ਹੈ। ਇਸਲਾਮਿਕ ਸਟੇਟ ਇਸ ਨੂੰ ਧਰਮ ਵਿਰੋਧੀ ਦੱਸਦਾ ਹੈ।

ਆਈਐੱਸ ਦੇ ਸੰਪਾਦਕੀ ਤੋਂ ਬਾਅਦ ਜਾਰੀ ਕੀਤੇ ਗਏ ਵਧੇਰੇਤਰ ਪੋਸਟਰ ਵੱਡੇ ਪੱਧਰ 'ਤੇ ਅਧਿਕਾਰਤ ਆਈਐੱਸ ਲਾਈਨ ਦੀ ਪਾਲਣਾ ਕਰਦੇ ਹੀ ਵਿਖਾਈ ਦੇ ਰਹੇ ਹਨ।

ਹਰ ਮੌਕੇ 'ਤੇ ਇੰਨ੍ਹਾਂ ਆਈਐੱਸ ਸਮਰਥਕਾਂ ਦਾ ਰਵੱਈਆ ਅਜਿਹਾ ਹੀ ਹੁੰਦਾ ਹੈ। ਕੁਝ ਪੋਸਟਰਾਂ 'ਚ ਤਾਲਿਬਾਨ ਦੀ ਦੋਹਾ 'ਚ ਹੋਈਆਂ ਬੈਠਕਾਂ ਜਾਂ ਸ਼ੀਆ ਤਿਉਹਾਰਾਂ 'ਚ ਤਾਲਿਬਾਨ ਦੀ ਮੌਜੂਦਗੀ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ।

ਇਸ ਦੇ ਮੁਕਾਬਲੇ 'ਚ ਆਈਐੱਸ ਵੱਲੋਂ ਸ਼ਰੀਆ ਲਾਗੂ ਕਰਨ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ-

ਕਈ ਪੋਸਟਰਾਂ 'ਚ ਆਈਐੱਸ ਦੇ ਇਸ ਸ਼ੱਕ ਨੂੰ ਵੀ ਜ਼ਾਹਰ ਕੀਤਾ ਹੈ ਕਿ ਤਾਲਿਬਾਨ ਕਦੇ ਵੀ ਅਫ਼ਗਾਨਿਸਤਾਨ 'ਚ ਸ਼ਰੀਆ ਨੂੰ ਮੁਕੰਮਲ ਤੌਰ 'ਤੇ ਲਾਗੂ ਨਹੀਂ ਕਰੇਗਾ।

ਕੁਲ ਮਿਲਾ ਕੇ, ਆਈਐੱਸ ਸਮਰਥਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹੁਣ ਤਾਲਿਬਾਨ ਉਹ ਪਹਿਲਾਂ ਵਾਲਾ ਸਮੂਹ ਨਹੀਂ ਰਿਹਾ ਹੈ, ਜੋ ਕਿ 20 ਸਾਲ ਪਹਿਲਾਂ ਮੁੱਲਾ ਉਮਰ ਦੀ ਅਗਵਾਈ 'ਚ ਹੋਇਆ ਕਰਦਾ ਸੀ।

ਹੁਣ ਇਹ ਬਦਲ ਗਿਆ ਹੈ ਅਤੇ ਇਸ ਖੇਤਰ 'ਚ ਜਿਹਾਦ ਨੂੰ ਕਮਜ਼ੋਰ ਕਰਨ ਲਈ ਅਮਰੀਕੀ ਯੋਜਨਾ ਨੂੰ ਗੁਪਤ ਰੂਪ 'ਚ ਲਾਗੂ ਕਰ ਰਿਹਾ ਹੈ।

ਵੀਡੀਓ ਰਾਹੀਂ ਪ੍ਰਚਾਰ

22 ਅਗਸਤ ਨੂੰ ਆਈਐੱਸ ਦੇ ਸਮਰਥਕਾਂ ਨੇ ਟੈਲੀਗ੍ਰਾਮ ਅਤੇ ਰਾਕੇਟਚੈਟ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਦਾ ਸਿਰਲੇਖ ਹੈ- ਅਫ਼ਗਾਨਿਸਤਾਨ, ਦੋ ਯੋਜਨਾਵਾਂ ਦੇ ਵਿਚਕਾਰ।

ਇਹ ਵੀਡੀਓ ਤੁਰਜੁਮਾਨ ਅਲ-ਅਸਵਿਰਤੀ ਵੱਲੋਂ ਪੋਸਟ ਕੀਤਾ ਗਿਆ ਹੈ ਅਤੇ ਇਸ ਨੂੰ ਵਿਆਪਕ ਪੱਧਰ 'ਤੇ ਸਾਂਝਾ ਵੀ ਕੀਤਾ ਗਿਆ ਹੈ।

ਆਈਐੱਸ ਸਮਰਥਕਾਂ ਨੇ 19 ਅਗਸਤ ਨੂੰ ਤਾਲਿਬਾਨ ਨੂੰ "ਬੇਨਕਾਬ" ਕਰਨ ਅਤੇ ਨਵੇਂ ਵੀਡੀਓ ਦਾ ਟੀਜ਼ਰ ਵੀ ਜਾਰੀ ਕੀਤਾ ਸੀ।

ਇਸ ਵੀਡੀਓ 'ਚ ਰਾਬਰਟ ਐਲ ਗ੍ਰੇਨਿਅਰ ਨੂੰ 2001 'ਚ ਦੇਸ਼ 'ਤੇ ਅਮਰੀਕੀ ਹਮਲੇ ਤੋਂ ਪਹਿਲਾਂ ਤਾਲਿਬਾਨ ਨਾਲ ਇੱਕ ਸਮਝੌਤੇ 'ਤੇ ਗੱਲਬਾਤ ਕਰਨ ਦੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਸੁਣਿਆ ਜਾ ਸਕਦਾ ਹੈ।

ਗ੍ਰੇਨਿਅਰ ਇਸ ਗੱਲਬਾਤ 'ਚ ਆਪਣੀ ਕਿਤਾਬ "88 ਡੇਜ਼ ਟੂ ਕੰਧਾਰ" ਦੇ ਵੀ ਕਈ ਕਿੱਸੇ ਸਾਂਝੇ ਕਰਦੇ ਹਨ।

ਗ੍ਰੇਨਿਅਰ ਦੇ ਸ਼ਬਦਾਂ ਦੀ ਵਰਤੋਂ ਕਰਦਿਆਂ, ਵੀਡੀਓ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ ਤਾਲਿਬਾਨ ਆਪਣੇ ਸੰਸਥਾਪਕ ਮੁੱਲਾ ਉਮਰ ਦੇ ਦਿਨਾਂ ਤੋਂ ਬਦਲ ਗਿਆ ਹੈ ਅਤੇ ਹੁਣ ਤਾਲਿਬਾਨ ਨੇ ਅਮਰੀਕਾ ਨਾਲ ਗੁਪਤ ਸਮਝੌਤਾ ਕਰ ਕੇ ਮੁਜਾਹਿਦੀਨ ਨੂੰ ਧੌਖਾ ਦਿੱਤਾ ਹੈ।

ਇਸ ਵੀਡੀਓ ਦੇ ਇੱਕ ਕਲਿੱਪ 'ਚ ਗ੍ਰੇਨਿਅਰ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਅਮਰੀਕਾ ਇੱਕ ਸਥਾਨਕ ਅਫ਼ਗਾਨ ਫੌਜ ਦੀ ਭਾਲ 'ਚ ਹੈ, ਜੋ ਕਿ ਜੇਹਾਦੀਆਂ ਨੂੰ ਟੱਕਰ ਦੇ ਸਕੇ ਅਤੇ ਉਸ ਨੂੰ ਉਮੀਦ ਹੈ ਕਿ ਤਾਲਿਬਾਨ ਉਸ ਭੂਮਿਕਾ 'ਤੇ ਪੂਰਾ ਖਰਾ ਉਤਰੇਗਾ।

'ਅਮਰੀਕਾ ਦੇ ਜਾਲ 'ਚ ਤਾਲਿਬਾਨ'

ਵੀਡੀਓ 'ਚ ਅਮਰੀਕੀ ਲਹਿਜੇ 'ਚ ਬੋਲਦਿਆਂ ਇੱਕ ਜੇਹਾਦੀ ਕਹਿੰਦਾ ਹੈ, "ਅਮਰੀਕਾ ਇੱਕ ਨਵੀਂ ਤਾਲਿਬਾਨ ਲੀਡਰਸ਼ਿਪ ਰਾਹੀਂ ਆਪਣੀ ਯੋਜਨਾ ਨੂੰ ਲਾਗੂ ਕਰਨ 'ਚ ਸਫਰ ਰਿਹਾ ਸੀ। ਤਾਲਿਬਾਨ ਦੀ ਇਹ ਲੀਡਰਸ਼ਿਪ ਮੁੱਲਾ ਉਮਰ ਦੇ ਸਿਧਾਂਤਾ ਦੇ ਵਿਰੁੱਧ ਕੰਮ ਕਰ ਰਹੀ ਹੈ।"

"ਇਸ ਯੋਜਨਾ ਦੇ ਤਹਿਤ ਉਹ ਇਸਲਾਮਿਕ ਖ਼ਿਲਾਫ਼ਤ ਦੀ ਸਥਾਪਨਾ ਨੂੰ ਰੋਕਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਅਮਰੀਕਾ ਨੂੰ ਅਫ਼ਰੀਕਾ, ਇਰਾਕ, ਸੀਰੀਆ ਅਤੇ ਪੂਰਬੀ ਏਸ਼ੀਆ 'ਚ ਇਸਲਾਮਿਕ ਸਟੇਟ ਨਾਲ ਲੜਨ 'ਚ ਆਸਾਨੀ ਹੋਵੇਗੀ।"

ਇਸ ਵੀਡੀਓ 'ਚ ਇਹ ਜਿਹਾਦੀ ਆਪਣੀ ਗੱਲ ਕੁਝ ਇਸ ਤਰ੍ਹਾਂ ਖ਼ਤਮ ਕਰਦਾ ਹੈ।

"ਅਮਰੀਕਾ ਆਈਐੱਸ ਦੀ ਯੋਜਨਾ ਦੇ ਜਾਲ 'ਚ ਫਸ ਗਿਆ ਹੈ। ਹੁਣ ਅਮਰੀਕਾ ਥੱਕ ਚੁੱਕਾ ਹੈ ਅਤੇ ਜੰਗ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਸ ਕੋਲ ਕੋਈ ਵੀ ਰਾਹ ਮੌਜੂਦ ਨਹੀਂ ਹੈ। ਅਸੀਂ ਅਮਰੀਕਾ ਜਾ ਕੇ ਇਸ 'ਤੇ ਹਮਲਾ ਕਰਾਂਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)