ਨਵਜੋਤ ਸਿੰਘ ਸਿੱਧੂ ਦੇ ਉਹ 5 ਬਿਆਨ ਜਦੋਂ ਉਨ੍ਹਾਂ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਦਿੱਤੀ ਸਲਾਹ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੰਨਾ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਕਰਦਿਆਂ ਟਵੀਟ ਕੀਤੇ ਹਨ ਅਤੇ ਨਾਲ ਹੀ ਆਪਣੀ ਹੀ ਸਰਕਾਰ ਨੂੰ ਕੁਝ ਸਲਾਹ ਵੀ ਦਿੱਤੀ ਹੈ।

ਨਵਜੋਤ ਸਿੰਘ ਸਿੱਧੂ ਨੇ ਲਿਖਿਆ, "ਗੰਨੇ ਦੇ ਕਿਸਾਨਾਂ ਦੀ ਐੱਸਏਪੀ 2018 ਤੋਂ ਨਹੀਂ ਵਧੀ ਹੈ, ਜਦੋਂ ਕਿ ਲਾਗਤ ਮੁੱਲ 30% ਤੋਂ ਜ਼ਿਆਦਾ ਵਧਿਆ ਹੈ। ਪੰਜਾਬ ਮਾਡਲ ਦਾ ਅਰਥ ਹੈ ਨੀਤੀਗਤ ਦਖ਼ਲਅੰਦਾਜ਼ੀ, ਵਾਜਬ ਕੀਮਤਾਂ, ਮੁਨਾਫ਼ੇ ਵਿੱਚ ਬਰਾਬਰ ਹਿੱਸਾ, ਉਤਪਾਦਨ ਅਤੇ ਪ੍ਰੋਸੈਸਿੰਗ 'ਚ ਵਿਭਿੰਨਤਾ ਤਾਂ ਕਿ ਕਿਸਾਨਾਂ ਅਤੇ ਖੰਡ ਮਿੱਲ ਦੋਵਾਂ ਨੂੰ ਵਧੇਰੇ ਲਾਭ ਮਿਲ ਸਕੇ।"

ਉਨ੍ਹਾਂ ਅੱਗੇ ਕਿਹਾ, "ਕਿਸਾਨਾਂ ਦੀਆਂ ਮੰਗਾਂ ਅਨੁਸਾਰ ਐੱਸਏਪੀ ਵਿੱਚ ਤੁਰੰਤ ਵਾਧਾ ਕਰ ਦੇਣਾ ਚਾਹੀਦਾ ਹੈ ਅਤੇ ਬਕਾਇਆ ਜਾਰੀ ਕੀਤਾ ਜਾਵੇ। ਉੱਚ ਉਤਪਾਦਕਤਾ ਅਤੇ ਉੱਚ ਮੁੱਲ ਦੇ ਉਪ ਉਤਪਾਦਾਂ (ਈਥਾਨੌਲ, ਬਾਇਓਫਿਊਲ ਅਤੇ ਬਿਜਲੀ) ਦੇ ਉਤਪਾਦਨ ਲਈ ਖੰਡ ਮਿੱਲਾਂ ਦਾ ਆਧੁਨਿਕੀਕਰਨ ਕੀਤਾ ਜਾਵੇ ਤਾਂ ਕਿ ਕਿਸਾਨਾਂ ਅਤੇ ਸ਼ੂਗਰ ਮਿੱਲਾਂ ਦੋਵਾਂ ਨੂੰ ਵਧੇਰੇ ਲਾਭ ਹੋਵੇ।"

ਇਹ ਵੀ ਪੜ੍ਹੋ:

"ਗੰਨਾ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਸੁਹਿਰਦਤਾ ਨਾਲ ਹੱਲ ਕਰਨ ਦੀ ਲੋੜ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਕਾਸ਼ਤ ਦੀ ਵਧੇਰੇ ਲਾਗਤ ਦੇ ਬਾਵਜੂਦ ਸੂਬੇ ਵੱਲੋਂ ਤੈਅ ਕੀਮਤ ਹਰਿਆਣਾ, ਯੂਪੀ ਜਾਂ ਉੱਤਰਾਖੰਡ ਦੇ ਮੁਕਾਬਲੇ ਬਹੁਤ ਘੱਟ ਹੈ। ਪੰਜਾਬ ਵਿੱਚ ਐੱਸਏਪੀ ਇਸ ਨਾਲੋਂ ਬਿਹਤਰ ਹੋਣੀ ਚਾਹੀਦੀ ਹੈ!"

ਇਨ੍ਹਾਂ ਟਵੀਟਸ ਰਾਹੀਂ ਉਹ ਸਿੱਧਾ ਪੰਜਾਬ ਵਿੱਚ ਆਪਣੀ ਹੀ ਸਰਕਾਰ ਨੂੰ ਸਲਾਹ ਦੇ ਰਹੇ ਹਨ।

ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵਿਵਾਦ ਨੂੰ ਲੈ ਕੇ ਦੋਵੇਂ ਆਗੂ ਕਈ ਵਾਰ ਦਿੱਲੀ ਹਾਈ ਕਮਾਂਡ ਕੋਲ ਚੱਕਰ ਲਾ ਚੁੱਕੇ ਹਨ।

ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਕਈ ਮੁੱਦਿਆਂ 'ਤੇ ਸੂਬੇ ਵਿੱਚ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰ ਚੁੱਕੇ ਹਨ।

ਚਾਹੇ ਉਹ ਡਰੱਗਸ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ਼ ਕਾਰਵਾਈ ਦਾ ਮਾਮਲਾ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ।

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਪੰਜ ਮੁੱਦਿਆਂ 'ਤੇ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਮੰਗ ਵੀ ਕਰ ਚੁੱਕੇ ਹਨ।

ਡਰੱਗਸ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਵੱਲੋਂ ਕਾਰਵਾਈ ਦੀ ਮੰਗ

ਡਰੱਗਸ ਮਾਮਲੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ, "ਨਸ਼ਿਆਂ ਦੇ ਵਪਾਰ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ ਕਾਂਗਰਸ ਦੇ 18 ਸੂਤਰੀ ਏਜੰਡੇ ਦੇ ਤਹਿਤ ਤਰਜੀਹ ਵਿੱਚ ਹੈ। ਮਜੀਠੀਆ 'ਤੇ ਕੀ ਕਾਰਵਾਈ ਹੋਈ? ਜਦੋਂਕਿ ਸਰਕਾਰ ਇਸੇ ਮਾਮਲੇ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦੀ ਹਵਾਲਗੀ ਦੀ ਮੰਗ ਕਰਦੀ ਹੈ। ਜੇ ਹੋਰ ਦੇਰ ਹੋਈ ਤਾਂ ਰਿਪੋਰਟਾਂ ਨੂੰ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ।"

"ਮਾਨਯੋਗ ਅਦਾਲਤ ਵੱਲੋਂ ਢਾਈ ਸਾਲਾਂ ਵਿੱਚ ਇਸ ਮਾਮਲੇ ਬਾਰੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਜਿਸ ਕਾਰਨ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਸਰਕਾਰ ਨੂੰ ਮਜੀਠੀਆ ਵਿਰੁੱਧ ਤਰਕਸੰਗਤ ਸਿੱਟੇ 'ਤੇ ਪਹੁੰਚਾਉਣ ਲਈ, ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਜਲਦੀ ਤੋਂ ਜਲਦੀ ਸੀਲਬੰਦ ਰਿਪੋਰਟਾਂ ਨੂੰ ਖੁਲ੍ਹਵਾਉਣ ਲਈ ਅਰਜ਼ੀ ਦਾਇਰ ਕਰਨੀ ਚਾਹੀਦੀ ਹੈ।"

ਸਿੱਧੂ ਨੇ ਬਿਜਲੀ ਦੇ ਮੁੱਦੇ 'ਤੇ ਕੀ ਕਿਹਾ

ਪੰਜਾਬ ਵਿੱਚ ਬਿਜਲੀ ਦੇ ਮੁੱਦੇ 'ਤੇ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਸਰਕਾਰ 'ਤੇ ਸਵਾਲ ਚੁੱਕੇ ਤਾਂ ਆਪਣੀ ਸਰਕਾਰ ਨੂੰ ਕੁਝ ਕਦਮ ਚੁੱਕਣ ਦੀ ਸਲਾਹ ਦਿੱਤੀ।

ਨਵਜੋਤ ਸਿੱਧੂ ਨੇ ਕਿਹਾ, "ਇਨ੍ਹਾਂ ਭ੍ਰਿਸ਼ਟ ਸਮਝੌਤਿਆਂ ਲਈ ਬਾਦਲਾਂ ਅਤੇ ਹੋਰ ਲੋਕਾਂ ਖਿਲਾਫ਼ ਪੀਪੀਏ 'ਤੇ ਵਾਈਟ ਪੇਪਰ ਲਿਆਉਣਾ ਚਾਹੀਦਾ ਹੈ ... ਮੈਂ 2017 ਤੋਂ ਇਸ ਦੀ ਮੰਗ ਕਰਦਾ ਆ ਰਿਹਾ ਹਾਂ ਪਰ ਵਿਭਾਗ ਵਿੱਚ ਅਫ਼ਸਰਸ਼ਾਹੀ ਤੇ ਨਿਯੰਤਰਣ ਲੋਕਾਂ ਦੁਆਰਾ ਚੁਣੇ ਗਏ ਮੰਤਰੀ ਸਿਰਫ਼ ਦਿਖਾਵੇ ਲਈ ਹਨ।"

ਇਹ ਵੀ ਪੜ੍ਹੋ:

"ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਕੁਝ ਕਰ ਸਕਦੇ ਹਨ? ਇੱਕ ਫੀਸਦ ਵੀ ਨਹੀਂ। ਫ਼ੈਸਲੇ ਲੈਣ ਦੀਆਂ ਸਾਰੀਆਂ ਸ਼ਕਤੀਆਂ ਪੀਐੱਸਈਆਰਸੀ ਦੇ ਕੋਲ ਹਨ ਜੋ ਸਿੱਧੇ ਤੌਰ 'ਤੇ ਮੁੱਖ ਮੰਤਰੀ ਨੂੰ ਰਿਪੋਰਟ ਕਰਦੇ ਹਨ। ਇਸ ਤਰ੍ਹਾਂ, ਮੈਂ ਆਪਣਾ ਸਮਾਂ ਪੰਜਾਬ ਮਾਡਲ ਵਿੱਚ ਲੋਕਾਂ ਦੀ ਤਾਕਤ ਨੂੰ ਲੋਕਾਂ ਨੂੰ ਵਾਪਸ ਕਰਨ ਵਿੱਚ ਲਗਾ ਰਿਹਾ ਹਾਂ।"

ਬੀਬੀਸੀ ਪੰਜਾਬੀ ਨੂੰ ਇੰਝ ਲੈ ਕੇ ਆਓ ਆਪਣੇ ਮੋਬਾਈਲ ’ਤੇ

ਕਿਸਾਨਾਂ ਦੀ ਹਿਮਾਇਤ, ਪੰਜਾਬ ਸਰਕਾਰ ਨੂੰ ਸਲਾਹ

ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਸਾਨਾਂ ਦੀ ਹਿਮਾਇਤ ਦਾ ਦਾਅਵਾ ਕੀਤਾ ਹੈ।

ਉਨ੍ਹਾਂ ਕਿਹਾ, "ਮੈਂ ਵਾਰ -ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਇਕੱਠੇ ਹੋ ਕੇ ਸਾਰੇ ਖ਼ੇਤੀ ਉਤਪਾਦਾਂ ਦਾ ਉਤਪਾਦਨ, ਭੰਡਾਰਨ ਅਤੇ ਵਪਾਰ ਕਿਸਾਨਾਂ ਦੇ ਹੱਥਾਂ ਵਿੱਚ ਦੇ ਸਕਦੀਆਂ ਹਨ। ਕਿਸਾਨ ਏਕਤਾ ਨੂੰ ਇੱਕ ਸਮਾਜਿਕ ਲਹਿਰ ਤੋਂ ਇੱਕ ਬੇਮਿਸਾਲ ਆਰਥਿਕ ਸ਼ਕਤੀ ਵਿੱਚ ਬਦਲਿਆ ਜਾ ਸਕਦਾ ਹੈ !!"

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ਲਈ ਐੱਮਐੱਸਪੀ ਯਕੀਨੀ ਕਰਨ ਦੀ ਸਲਾਹ ਦਿੱਤੀ।

"ਖੇਤੀ ਕਾਨੂੰਨ ਪੰਜਾਬ ਦੀ ਖੇਤੀ ਨੂੰ ਤਬਾਹ ਕਰਨ ਅਤੇ ਭਾਰਤ ਦੀ ਖੁਰਾਕ ਸੁਰੱਖਿਆ ਨੂੰ ਕੁਝ ਚੁਣੇ ਹੋਏ ਪੂੰਜੀਪਤੀਆਂ ਦੇ ਹਵਾਲੇ ਕਰਨ ਦੀ ਵੱਡੀ ਰਣਨੀਤੀ ਦਾ ਹਿੱਸਾ ਹਨ। ਭਾਵੇਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇ ਪਰ ਉਨ੍ਹਾਂ ਦੀ ਯੋਜਨਾ ਸਫ਼ਲ ਹੋ ਸਕਦੀ ਹੈ। ਜਦੋਂ ਤੱਕ ਪੰਜਾਬ ਕਿਸਾਨਾਂ ਦੇ ਹੱਥਾਂ ਵਿੱਚ ਯਕੀਨੀ ਤੌਰ 'ਤੇ ਐੱਮਐੱਸਪੀ ਅਤੇ ਭੰਡਾਰਨ ਸਮਰੱਥਾ ਨਹੀਂ ਦਿੰਦਾ !!"

ਬੇਅਦਬੀ ਮਾਮਲੇ ਵਿੱਚ ਕਾਰਵਾਈ ਨਾ ਕਰਨ 'ਤੇ ਸਵਾਲ

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਸੀ ਕਿ ਬੇਅਦਬੀ ਅਤੇ ਡਰੱਗਸ ਮਾਮਲੇ ਵਿੱਚ ਸੂਬਾ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

ਨਵਜੋਤ ਸਿੰਘ ਸਿੱਧੂ ਨੇ ਕਿਹਾ, "ਡਰੱਗਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ, ਬੇਅਦਬੀ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ, ਬਿਜਲੀ ਖਰੀਦ ਸਮਝੌਤਿਆਂ 'ਤੇ ਕੋਈ ਵ੍ਹਾਈਟ ਪੇਪਰ ਨਹੀਂ, ਮਾਫ਼ੀਆ ਰਾਜ 'ਤੇ ਕੋਈ ਕਾਰਵਾਈ ਨਹੀਂ, ਸਿਰਫ਼ ਬਾਦਲਾਂ ਅਤੇ ਮਜੀਠੀਆ ਦੀ ਰੱਖਿਆ ਲਈ ਆਪਣੀ ਹੀ ਪਾਰਟੀ ਦੇ ਸਾਥੀਆਂ ਵਿਰੁੱਧ ਕਾਰਵਾਈ ਹੋਈ!! #75-25"

ਬੇਅਦਬੀ ਮਾਮਲੇ ਬਾਰੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, "ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਹਜ਼ਾਰਾਂ ਕੇਸ ਹੱਲ ਕੀਤੇ ਜਾਂਦੇ ਹਨ, ਕਿਸੇ ਨੂੰ ਵੀ ਐੱਸਆਈਟੀ ਜਾਂ ਜਾਂਚ ਕਮਿਸ਼ਨ ਦੀ ਲੋੜ ਨਹੀਂ ਹੁੰਦੀ। ਮੈਂ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਬਾਦਲਾਂ ਦੀ ਭੂਮੀਕਾ ਬਾਰੇ ਵਿਸਤਾਰ ਨਾਲ ਨਾਲ ਕਈ ਵਾਰ ਦੱਸਿਆ ਹੈ। ਸਾਲ 2018/19 ਦੀ ਨਿਆਂ ਦੀ ਮੇਰੀ ਮੰਗ ਨੂੰ ਸੁੱਖੀ ਰੰਧਾਵਾ ਜੀ ਕੋਲ ਮੁੜ ਦੁਹਰਾਉਂਦਾ ਹਾਂ।"

ਪਰਗਟ ਸਿੰਘ ਦੇ ਹੱਕ ਵਿੱਚ ਨਿੱਤਰੇ ਸਿੱਧੂ

ਨਵਜੋਤ ਸਿੰਘ ਸਿੱਧੂ ਧੜੇ ਦੇ ਕਾਂਗਰਸ ਆਗੂ ਪਰਗਟ ਸਿੰਘ ਵੀ ਕੈਪਟਨ ਅਮਰਿੰਦਰ ਖਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ।

ਪਰਗਟ ਸਿੰਘ ਦਾ ਇੱਕ ਵੀਡੀਓ ਸ਼ੇਅਰ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਲੋਕਾਂ ਦੇ ਮੁੱਦੇ ਚੁੱਕਣ ਵਾਲੇ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ, ਆਪਣੀ ਜਮਹੂਰੀ ਜ਼ਿੰਮੇਵਾਰੀ ਨਿਭਾ ਰਹੇ ਹਨ ਅਤੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰ ਰਹੇ ਹਨ... ਪਰ ਹਰ ਕੋਈ ਜੋ ਸੱਚ ਬੋਲਦਾ ਹੈ ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਇਸ ਤਰ੍ਹਾਂ, ਤੁਸੀਂ ਆਪਣੇ ਡਰ ਅਤੇ ਅਸੁਰੱਖਿਆ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਪਾਰਟੀ ਦੇ ਸਾਥੀਆਂ ਨੂੰ ਧਮਕੀ ਦਿੰਦੇ ਹੋ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)