You’re viewing a text-only version of this website that uses less data. View the main version of the website including all images and videos.
ਨਵਜੋਤ ਸਿੱਧੂ ਨੇ ਚਿੱਠੀ ਵਿਚ ਅਜਿਹਾ ਕੀ ਲਿਖਿਆ ਕਿ ਕੈਪਟਨ ‘ਤਾਜਪੋਸ਼ੀ’ ਸਮਾਗਮ ਵਿਚ ਜਾਣ ਲਈ ਰਾਜੀ ਹੋ ਗਏ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਿਆਸੀ ਖਹਿਬਾਜ਼ੀ ਹੁਣ ਥੰਮਦੀ ਨਜ਼ਰ ਆ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੀ ਨਵੀਂ ਟੀਮ ਦੇ ਅਹੁਦਾ ਸੰਭਾਲ ਸਮਾਗਮ ਵਿੱਚ ਸ਼ਾਮਲ ਹੋਣ ਦੀ ਰਸਮੀ ਸਹਿਮਤੀ ਦੇ ਦਿੱਤੀ ਹੈ।
ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਿਆ ਗਿਆ ਸੀ ਉਸ ਸਮੇ ਤੋਂ ਹੀ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੈਪਟਨ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ।
ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਸ਼ੁੱਕਰਵਾਰ ਸਵੇਰੇ ਆਪਣੇ ਘਰ ਚਾਹ ਤੇ ਬੁਲਾਇਆ ਹੈ ਜਿੱਥੋਂ ਉਹ ਸਾਰੇ ਕਾਂਗਰਸ ਭਵਨ ਸਮਾਗਮ ਵਿੱਚ ਸ਼ਾਮਲ ਹੋਣ ਜਾਣਗੇ।
ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਭਵਨ ਵਿੱਚ ਸ਼ੁੱਕਰਵਾਰ ਨੂੰ ਹੋਣ ਜਾ ਰਹੇ ਇਸ ਸਮਾਗਮ ਲਈ ਇੱਕ ਰਸਮੀ ਸੱਦਾ-ਪੱਤਰ ਭੇਜਿਆ ਸੀ। ਇਸ ਪੱਤਰ ਉੱਪਰ ਪੰਜਾਬ ਕਾਂਗਰਸ ਦੇ ਹੋਰ ਆਗੂਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਦਸਤਖ਼ਤ ਕੀਤੇ ਸਨ।
ਇਹ ਵੀ ਪੜ੍ਹੋ:
ਜਿੱਥੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ ਉੱਥੇ ਹੀ ਉਨ੍ਹਾਂ ਦੇ ਨਾਲ ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਜ਼ੀਰਾ ਵੀ ਵਰਕਿੰਗ ਪਧਾਨਾਂ ਵਜੋਂ ਅਹੁਦਾ ਸੰਭਾਲਣਗੇ।
ਕਾਂਗਰਸ ਦੀ ਅਗਲੀ ਰਣਨੀਤੀ
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਵਿਧਾਨਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਗੱਲਬਾਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਉਨ੍ਹਾਂ ਵੱਲੋਂ ਕੀਤੇ ਯਤਨਾਂ ਬਾਰੇ ਪੁੱਛਿਆ।
- ਨਾਗਰਾ ਨੇ ਦੱਸਿਆ ਕਿ ਕੋਈ ਖ਼ਾਸ ਯਤਨ ਇਸ ਲਈ ਨਹੀਂ ਕਰਨੇ ਪਏ ਕੱਲ੍ਹ ਅਸੀਂ ਦਰਬਾਰ ਸਾਹਿਬ ਗਏ ਹੋਏ ਸੀ ਇਸ ਲਈ ਮੁੱਖ ਮੰਤਰੀ ਤੋਂ ਸਮਾਂ ਲਿਆ ਗਿਆ ਸੀ।
- ਕਾਂਗਰਸ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਨਾਗਰਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸੰਗਠਨ ਨੂੰ ਹਰ ਪੱਧਰ 'ਤੇ ਮਜ਼ਬੂਤ ਕਰਨ ਦੀ ਲੋੜ ਹੈ।
- ਉਸ ਤੋਂ ਬਾਅਦ ਲੋਕਾਂ ਦੇ ਮਸਲਿਆਂ ਲਈ ਕੰਮ ਕਰਨ ਦੀ ਲੋੜ ਹੈ। ਸਾਡੇ ਸੰਵਿਧਾਨ ਮੁਤਾਬਕ ਵੀ ਚੋਣਾਂ ਲੜਨ ਵਾਲੀਆਂ ਪਾਰਟੀਆਂ ਦਾ ਕੰਮ ਲੋਕਾਂ ਲਈ ਕੰਮ ਕਰਨਾ ਹੀ ਹੁੰਦਾ ਹੈ।
- ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਠੀਕ ਹੋ ਜਾਵੇਗਾ। ਲੋਕਾਂ ਲਈ ਸਮਾਂ ਥੋੜ੍ਹਾ ਹੋ ਸਕਦਾ ਹੈ ਸਾਡੇ ਲਈ ਸਮਾਂ ਥੋੜ੍ਹਾ ਨਹੀਂ ਹੈ।
- 2022 ਦੀਆਂ ਵਿਧਾਨ ਸਭਾ ਚੋਂਣਾਂ ਵਿੱਚ ਭਾਰੂ ਰਹਿਣ ਵਾਲੇ ਮੁੱਦਿਆਂ ਬਾਰੇ, ਉਨ੍ਹਾਂ ਨੇ ਸਵਾਲ ਨੂੰ ਗੋਲ ਕਰਦਿਆਂ ਕਿਹਾ ਕਿ ਸਮਾਂ ਆਉਣ ਦਿਓ, ਸਭ ਕੁਝ ਹੁੰਦਾ ਜਾਵੇਗਾ।
ਸਿੱਧੂ ਨੇ ਕੈਪਟਨ ਨੂੰ ਚਿੱਠੀ ਵਿਚ ਕੀ ਲਿਖਿਆ
ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਨਿੱਜੀ ਚਿੱਠੀ ਵਿਚ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਉਨ੍ਹਾਂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਲਾਇਆ ਹੈ।
ਚਿੱਠੀ ਵਿੱਚ ਕੈਪਟਨ ਨੂੰ ਪੰਜਾਬ ਕਾਂਗਰਸ ਦਾ ਸਭ ਤੋਂ ਸੀਨੀਅਰ ਮੈਂਬਰ ਹੋਣ ਦੇ ਨਾਤੇ ਨਵੀਂ ਟੀਮ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਸਿੱਧੂ ਨੇ ਆਪਣੇ ਵੱਲੋ ਕੈਪਟਨ ਨੂੰ ਲਿਖਿਆ," ਪੰਜਾਬ ਦੇ ਮੁੱਦਿਆਂ ਅਤੇ ਹਰੇਕ ਪੰਜਾਬੀ ਦੀ ਭਲਾਈ ਲਈ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਬਾਰੇ ਮੇਰੀ ਵਚਨਬੱਧਤਾ ਤੋਂ ਤੁਸੀਂ ਅਤੇ ਸਾਰੇ ਜਣੇ ਭਲੀ-ਭਾਂਤ ਜਾਣੂ ਹੋ।"
"ਮੈਂ ਕਾਂਗਰਸ ਵਰਕਰਾਂ ਦੀਆਂ ਦੁਆਵਾਂ ਨਾਲ ਇਸ ਉੱਤੇ ਅਡਿੱਗ ਹਾਂ ਅਤੇ ਰਹਾਂਗਾ। ਮੇਰਾ ਕੋਈ ਨਿੱਜੀ ਏਜੰਡਾ ਨਹੀਂ ਹੈ ਅਤੇ ਸਿਰਫ਼ ਲੋਕ ਪੱਖੀ ਏਜੰਡਾ ਹੈ।"
ਪੰਜਾਬ ਦੇ ਵਿਧਾਇਕਾਂ ਤੇ ਕੁਝ ਸੰਸਦ ਮੈਂਬਰਾਂ ਨੇ ਵੀ ਅਲੱਗ ਤੋਂ ਚਿੱਠੀ ਲਿਖਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਅਤੇ ਚਾਰ ਦੂਜੇ ਕਾਰਜਕਾਰੀ ਪ੍ਰਧਾਨਾਂ ਨੂੰ ਅਸ਼ੀਰਵਾਦ ਦੇਣ ਲਈ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੰਦਿਆਂ ਕਿਹਾ ਸੀ ਕਿ ਜੇ ਉਹ ਪ੍ਰਤਾਪ ਸਿੰਘ ਬਾਜਵਾ ਨਾਲ ਗਿਲੇਸ਼ਿਕਵੇ ਭੁਲਾ ਕੇ ਮੁਲਾਕਾਤ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਟਵੀਟ ਵੀ ਭੁਲਾ ਦੇਣੇ ਚਾਹੀਦੇ ਹਨ।
ਕੈਪਟਨ ਇਸ ਤੋਂ ਪਹਿਲਾਂ ਕਹਿ ਰਹੇ ਸਨ ਕਿ ਸਿੱਧੂ ਉਨ੍ਹਾਂ ਬਾਰੇ ਕੀਤੀਆਂ ਟਿੱਪਣੀਆਂ ਲਈ ਮਾਫ਼ੀ ਮੰਗਣ।
ਹਾਲਾਂਕਿ ਸਾਬਕਾ ਹਾਕੀ ਖਿਡਾਰੀ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਸੀ ਕਿ ਸਿੱਧੂ ਕਿਸ ਗੱਲ ਲਈ ਮਾਫ਼ੀ ਮੰਗਣ। ਸਗੋਂ ਕੈਪਟਨ ਨੇ ਵੀ ਲੋਕਾਂ ਦੇ ਕਈ ਮਸਲਿਆਂ ਦਾ ਹੱਲ ਨਹੀਂ ਕੀਤਾ ਹੈ, ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ :