ਦਿਲੀ ਅੰਦੋਲਨ ਤੋਂ ਪਰਤੇ ਜਿੰਨਾ ਕਿਸਾਨਾਂ ਦੀਆਂ ਮੌਤਾਂ ਹੋਈਆਂ ਹਨ, ਸਾਡੇ ਕੋਲ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ: ਸਿਹਤ ਮੰਤਰੀ ਬਲਬੀਰ ਸਿੱਧੂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਸਰਕਾਰੀ ਡਾਕਟਰ ਇਸ ਸਮੇਂ ਹੜਤਾਲ ਉੱਤੇ ਹਨ। ਕਾਰਨ ਡਾਕਟਰਾਂ ਵੱਲੋਂ 6ਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੀ ਮੁਖ਼ਾਲਫ਼ਤ ਜਿਸ ਵਿੱਚ ਨਾਨ ਪ੍ਰੈਕਟਿਸ ਭੱਤੇ (NPA) ਨੂੰ ਘਟਾਉਣ ਦੀ ਗੱਲ਼ ਆਖੀ ਗਈ ਹੈ।

ਹੜਤਾਲੀਆ ਡਾਕਟਰਾਂ ਮੁਤਾਬਕ ਐੱਨ ਪੀ ਏ ਨੂੰ 25 ਤੋਂ ਘਟਾ ਕੇ 20 ਫ਼ੀਸਦੀ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਮੂਲ ਤਨਖ਼ਾਹ ਤੋਂ ਵੀ ਵੱਖਰਾ ਕਰ ਦਿੱਤਾ ਗਿਆ ਹੈ।

ਪੰਜਾਬ ਵਿੱਚ ਡਾਕਟਰੀ ਸੇਵਾਵਾਂ ਦੀ ਕੀ ਹੈ ਸਥਿਤੀ, ਕਿੰਨੀ ਹੈ ਸਟਾਫ਼ ਦੀ ਘਾਟ ਅਤੇ ਡਾਕਟਰਾਂ ਦੇ 6ਵੇਂ ਪੇਅ ਕਮਿਸ਼ਨ ਦੇ ਮੁੱਦੇ ਉੱਤੇ ਬੀਬੀਸੀ ਪੰਜਾਬੀ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਸਵਾਲ (ਬਲਬੀਰ ਸਿੰਘ ਸਿੱਧੂ) - ਡਾਕਟਰਾਂ ਦੀ ਹੜਤਾਲ ਉੱਤੇ ਪੰਜਾਬ ਸਰਕਾਰ ਦਾ ਕੀ ਜਵਾਬ ਹੈ?

ਜਵਾਬ - 6ਵੇਂ ਪੇਅ ਕਮਿਸ਼ਨ ਦੀਆਂ ਕੁਝ ਸਿਫ਼ਾਰਸ਼ਾਂ ਉੱਤੇ ਡਾਕਟਰਾਂ ਨੂੰ ਇਤਰਾਜ਼ ਹੈ ਜਿਹੜੀਆਂ ਕੀ ਮੇਰੇ ਖ਼ਿਆਲ ਨਾਲ ਜਾਇਜ਼ ਵੀ ਹਨ।

ਅਸੀਂ ਵੀਰਵਾਰ ਨੂੰ ਪੇਅ ਕਮਿਸ਼ਨ ਦੀ ਮੀਟਿੰਗ ਰੱਖੀ ਅਤੇ ਮੈ ਉਸ ਕਮੇਟੀ ਦਾ ਮੈਂਬਰ ਵੀ ਹਾਂ। ਡਾਕਟਰਾਂ ਨਾਲ ਕੋਈ ਧੱਕਾ ਨਹੀਂ ਹੋਵੇਗਾ ਜੋ ਉਨ੍ਹਾਂ ਦੇ ਜਾਇਜ਼ ਹੱਕ ਹਨ ਉਹ ਉਨ੍ਹਾਂ ਨੂੰ ਮਿਲਣਗੇ।

ਸਵਾਲ - ਕੋਵਿਡ ਖ਼ਿਲਾਫ਼ ਮੈਡੀਕਲ ਸਟਾਫ਼ ਨੇ ਜੰਗ ਲੜੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦੇ ਇਸ ਕਦਮ ਨੇ ਡਾਕਟਰਾਂ ਦੇ ਮਨੋਬਲ ਨੂੰ ਡੇਗਣ ਦਾ ਕੰਮ ਕੀਤਾ ਹੈ?

ਜਵਾਬ - ਪੇ ਕਮਿਸ਼ਨ ਦਾ ਆਪਣਾ ਰੋਲ ਹੁੰਦਾ ਹੈ ਜੇਕਰ ਉਸ ਦੀਆਂ ਸਿਫ਼ਾਰਿਸ਼ਾਂ ਵਿੱਚ ਕੋਈ ਤਰੁੱਟੀਆਂ ਹਨ ਤਾਂ ਇਸ ਨੂੰ ਦੂਰ ਕਰਨ ਦੇ ਲਈ ਕਮੇਟੀ ਬਣੀ ਹੋਈ ਹੈ।

ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਫ਼ਿਲਹਾਲ ਲਾਗੂ ਨਹੀਂ ਹੋਈਆਂ ਹਨ ਜਦੋਂ ਡਾਕਟਰ ਸਿਫ਼ਾਰਿਸ਼ਾਂ ਤੋਂ ਸੁਤੰਸਟ ਹੋਣਗੇ ਉਦੋਂ ਹੀ ਇਹ ਲਾਗੂ ਹੋਣਗੀਆਂ।

ਇੱਕ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਡਾਕਟਰਾਂ ਨੂੰ ਸੁੰਤਸ਼ਟ ਕਰਨਾ ਮੇਰੀ ਪਹਿਲੀ ਜ਼ਿੰਮੇਵਾਰੀ ਹੋਵੇਗੀ।

ਡਾਕਟਰਾਂ ਦੀਆਂ ਮੰਗਾਂ ਬਾਰੇ ਕੀ ਕਿਹਾ?

ਸਵਾਲ- ਤੁਹਾਨੂੰ ਇਸ ਗੱਲ ਦਾ ਕਿਵੇਂ ਯਕੀਨ ਹੈ ਕਿ ਡਾਕਟਰ ਤੁਹਾਡੀ ਗੱਲ ਮੰਨ ਜਾਣਗੇ?

ਜਵਾਬ - ਡਾਕਟਰਾਂ ਦੀ ਥਾਂ ਮੈਂ ਪੇ ਕਮਿਸ਼ਨ ਦੀ ਕਮੇਟੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗਾ।

ਕਮੇਟੀ ਦੀ ਮੀਟਿੰਗ ਦੌਰਾਨ ਮੈਂ ਡਾਕਟਰਾਂ ਦਾ ਪੂਰਾ ਪੱਖ ਰੱਖਾਂਗਾ। ਡਾਕਟਰ ਚਾਹੇ ਮਨੁੱਖੀ ਹੋਣ ਜਾਂ ਫਿਰ ਵੈਟਰਨਰੀ ਸਭ ਦੇ ਮਸਲੇ ਹੱਲ ਕੀਤੇ ਜਾਣਗੇ।

ਐੱਨਪੀਏ ਨੂੰ ਲੈ ਕੇ ਡਾਕਟਰਾਂ ਨੂੰ ਜ਼ਿਆਦਾਤਰ ਇਤਰਾਜ਼ ਹਨ ਮੈਂ ਖ਼ੁਦ ਇਸ ਨੂੰ ਘਟਾਉਣ ਦੇ ਹੱਕ ਵਿੱਚ ਨਹੀਂ ਹਾਂ। ਸ਼ਾਇਦ ਕਮੇਟੀ ਮੈਂਬਰ ਵੀ ਉਨ੍ਹਾਂ ਨਾਲ ਸਹਿਮਤ ਹੋਣ।

ਇਹ ਵੀ ਪੜ੍ਹੋ:

ਸਵਾਲ-ਕੀ ਡਾਕਟਰਾਂ ਦੀਆਂ ਮੰਗਾਂ ਜਾਇਜ਼ ਹਨ?

ਜਵਾਬ - ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ।

ਸਵਾਲ - ਪੰਜਾਬ ਦੇ ਹੈਲਥ ਢਾਂਚੇ ਦੀਆਂ ਕਮੀਆਂ ਬਾਰੇ ਕੀ ਆਖੋਗੇ?

ਜਵਾਬ -ਸੂਬੇ ਨੂੰ ਇਸ ਵਕਤ ਡਾਕਟਰਾਂ ਦੀ ਬਹੁਤ ਲੋੜ ਹੈ ਪਰ ਡਾਕਟਰਾਂ ਵਿੱਚ ਵਿਦੇਸ਼ ਜਾਣ ਦਾ ਜ਼ਿਆਦਾ ਰੁਝਾਨ ਹੈ।

ਸਾਨੂੰ ਇਸ ਰੁਝਾਨ ਨੂੰ ਖ਼ਤਮ ਕਰਨਾ ਪੈਣਾ। ਸਾਨੂੰ ਇਸ ਤਰਾਂ ਦੀਆਂ ਸਹੂਲਤਾਂ ਪੰਜਾਬ ਵਿੱਚ ਹੀ ਪੈਦਾ ਕਰਨੀਆਂ ਪੈਣੀਆਂ ਜਿਸ ਤਰੀਕੇ ਦੀਆਂ ਵਿਦੇਸ਼ਾਂ 'ਚ ਡਾਕਟਰਾਂ ਨੂੰ ਮਿਲਦੀਆਂ ਹਨ ਤਾਂ ਹੀ ਅਸੀਂ ਇਹਨਾਂ ਨੂੰ ਦੇਸ਼ ਵਿੱਚ ਰੋਕ ਸਕਦੇ ਹਾਂ।

ਸਵਾਲ - ਤੁਸੀਂ ਆਪ ਵੀ ਆਖ ਰਹੇ ਅਤੇ ਡਾਕਟਰਾਂ ਦੀ ਵੀ ਦਲੀਲ ਹੈ ਕਿ ਸੂਬੇ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੈ?

ਜਵਾਬ - ਅਜਿਹੀ ਕੋਈ ਗਲ ਨਹੀਂ। ਅਸੀਂ ਸੂਬੇ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਕਰ ਰਹੇ ਹਾਂ।

ਟੈਸਟਿੰਗ ਪ੍ਰਣਾਲੀ ਖ਼ਾਸ ਤੌਰ ਉੱਤੇ ਸੀਟੀ ਸਕੈਨ, ਐੱਮਆਰਆਈ ਹੈ ਇਸ ਨੂੰ ਅਸੀਂ ਸੂਬੇ ਦੇ 22 ਸਰਕਾਰੀ ਹਸਪਤਾਲਾਂ ਵਿਚ ਪੀਪੀ ਮਾਡਲ ਉੱਤੇ ਲਾਗੂ ਕਰਨ ਜਾ ਰਹੇ ਹਾਂ ਉਹ ਵੀ ਸਸਤੇ ਰੇਟ ਉੱਤੇ।

ਡਾਕਟਰਾਂ ਦੀ ਭਰਤੀ ਬਾਰੇ ਕੀ ਸਥਿਤੀ

ਸਵਾਲ- ਤੁਹਾਡਾ ਕਹਿਣਾ ਦਾ ਮਤਲਬ ਹੈ ਕਿ ਸੂਬੇ ਵਿੱਚ ਮੈਡੀਕਲ ਸਟਾਫ਼ ਜਾਂ ਡਾਕਟਰਾਂ ਦੀ ਕੋਈ ਘਾਟ ਨਹੀਂ?

ਜਵਾਬ - ਘਾਟ ਹੈ ਜੋ ਕਿ ਅਸੀਂ ਨਵੀਂ ਭਰਤੀਆਂ ਰਾਹੀਂ ਪੂਰੀ ਕਰ ਰਹੇ ਹਾਂ। ਡਾਕਟਰਾਂ ਦੀ ਨਵੀਂ ਭਰਤੀ ਕਰਨ ਜਾ ਰਹੇ ਹਾਂ, 2000 ਨਰਸਾਂ ਦੀ ਨਵੀਂ ਭਰਤੀ ਕੀਤੀ ਜਾ ਰਹੀ ਹੈ।

ਡਾਕਟਰਾਂ ਦੀ ਲਗਾਤਾਰ ਭਰਤੀ ਚੱਲ ਰਹੀ ਹੈ। ਭਰਤੀ ਦਾ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਕਿ ਮੈਡੀਕਲ ਅਮਲੇ ਦੀ ਮੰਗ ਪੂਰੀ ਨਹੀਂ ਹੋ ਜਾਂਦੀ।

ਬੈੱਡ ਕੈਪਸਿਟੀ ਵਧਾਉਣ ਵਿੱਚ ਅਸੀਂ ਕੰਮ ਕਰ ਰਹੇ ਹਾਂ। ਹਸਪਤਾਲਾਂ ਵਿੱਚ ਮਸ਼ੀਨਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਖ਼ਾਸ ਤੌਰ ਉੱਤੇ ਛੋਟੇ ਬੱਚਿਆਂ ਦੇ ਲਈ ਵੈਂਟੀਲੇਟਰ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਮੈਂ ਦਾਅਵਾ ਕਰਦਾ ਹੈ ਕਿ ਕੋਵਿਡ ਦੇ ਲਈ ਅਸੀਂ ਪਹਿਲਾਂ ਦੇ ਮੁਕਾਬਲੇ ਇਸ ਵਕਤ ਵੱਧ ਮਰੀਜ਼ ਸੰਭਾਲਣ ਦੀ ਸਮਰੱਥਾ ਵਿੱਚ ਹਾਂ।

ਸਵਾਲ- ਤੁਸੀਂ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਦਾਅਵਾ ਕਰ ਰਹੇ ਹੋ ਫਿਰ ਸਿਆਸੀ ਆਗੂ ਆਪਣਾ ਇਲਾਜ ਨਿੱਜੀ ਹਸਪਤਾਲਾਂ ਵਿੱਚ ਕਿਉਂ ਕਰਵਾਉਂਦੇ ਹਨ?

ਜਵਾਬ - ਕੁਝ ਲੋਕਾਂ ਵਿੱਚ ਧਾਰਨਾ ਹੈ ਕਿ ਸਰਕਾਰੀ ਦੀ ਥਾਂ ਨਿੱਜੀ ਹਸਪਤਾਲਾਂ ਵਿੱਚ ਬੇਹਤਰ ਇਲਾਜ ਹੁੰਦਾ ਹੈ।

ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ ਸਮਰੱਥ ਹਨ ਉਹੀ ਨਿੱਜੀ ਹਸਪਤਾਲਾਂ ਵਿੱਚ ਗਏ ਬਾਕੀ ਸਾਰਿਆਂ ਨੇ ਆਪਣਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕਰਵਾਇਆ ਹੈ।

ਇੱਥੋਂ ਤੱਕ ਕੀ ਦੂਜੇ ਸੂਬਿਆਂ ਖ਼ਾਸ ਤੌਰ 'ਤੇ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਹੋਇਆ ਅਸੀਂ ਕਿਸੇ ਲਈ ਵੀ ਦਰਵਾਜ਼ੇ ਬੰਦ ਨਹੀਂ ਕੀਤੇ।

ਆਕਸੀਜ਼ਨ ਦੀ ਕਮੀ ਕਾਰਨ ਕਿੰਨੀਆਂ ਮੌਤਾਂ?

ਸਵਾਲ- ਪੰਜਾਬ ਵਿੱਚ ਆਕਸੀਜਨ ਦੀ ਕਮੀ ਕਾਰਨ ਕਿੰਨੀਆਂ ਮੌਤਾਂ ਹੋਈਆਂ ਹਨ?

ਜਵਾਬ - ਪੰਜਾਬ ਵਿੱਚ ਇੱਕ ਵੀ ਮੌਤ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ। ਇੱਕ ਘਟਨਾ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਹੋਈ ਸੀ ਉਹ ਵੀ ਆਕਸੀਜਨ ਲੀਕ ਹੋਣ ਕਾਰਨ ਘਟੀ ਸੀ ਨਾ ਕੀ ਘਾਟ ਕਾਰਨ।

ਅਸੀਂ ਆਕਸੀਜਨ ਦੀ ਪੂਰਤੀ ਲਈ ਇੰਡਸਟਰੀ ਵਿੱਚ ਇਸ ਦੇ ਇਸਤੇਮਾਲ ਉੱਤੇ ਰੋਕ ਲੱਗਾ ਦਿੱਤੀ ਸੀ ਪਰ ਮਰੀਜ਼ਾ ਨੂੰ ਕਿੱਲਤ ਨਹੀਂ ਆਉਣ ਦਿੱਤੀ।

ਸਵਾਲ- ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਵਿੱਚ ਆਕਸੀਜਨ ਕੀ ਵਿਵਸਥਾ ਕੀਤੀ ਗਈ ਹੈ ਕਿੰਨੇ ਨਵੇਂ ਪਲਾਂਟ ਦੀ ਵਿਵਸਥਾ ਕੀਤੀ ਗਈ ਹੈ?

ਜਵਾਬ - ਅਸੀਂ ਸੂਬੇ ਵਿੱਚ ਆਕਸੀਜਨ ਦੇ ਲਈ 78 ਪੀਐੱਸਏ (ਪ੍ਰੈਸ਼ਰ ਸਵਿੰਗ ਐਡਰਸੋਪਸ਼ਨ) ਪਲਾਂਟ ਲਗਾਉਣ ਜਾ ਰਹੇ ਹਾਂ ਤਾਂ ਜੋ ਤੀਜੀ ਲਹਿਰ ਦੇ ਮਦੇਨਜ਼ਰ ਸਾਨੂੰ ਕੇਂਦਰ ਉੱਤੇ ਨਿਰਭਰ ਨਾ ਹੋਣਾ ਪਵੇ ਅਤੇ ਅਸੀਂ ਆਕਸੀਜਨ ਵਿੱਚ ਆਤਮ ਨਿਰਭਰ ਬਣ ਜਾਈਏ।

ਸਵਾਲ- ਦਿਲੀ ਕਿਸਾਨ ਅੰਦੋਲਨ ਤੋਂ ਪਰਤੇ ਕਿੰਨੇ ਪੰਜਾਬ ਦੇ ਕਿਸਾਨਾਂ ਦੀ ਮੌਤ ਹੋਈ ਹੈ ਇਸ ਦਾ ਕੋਈ ਅੰਕੜਾ ਸੂਬਾ ਸਰਕਾਰ ਕੋਲ ਹੈ?

ਜਵਾਬ - ਦਿਲੀ ਅੰਦੋਲਨ ਤੋਂ ਪਰਤੇ ਜਿੰਨਾ ਕਿਸਾਨਾਂ ਦੀਆਂ ਮੌਤਾਂ ਹੋਈਆਂ ਹਨ ਸਾਡੇ ਕੋਲ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਸੂਬੇ ਵਿੱਚ ਕੋਵਿਡ ਨਾਲ ਜੋ ਵੀ ਮੌਤਾਂ ਹੋਈਆਂ ਹਨ ਉਨ੍ਹਾਂ ਦੇ ਪੂਰੇ ਵੇਰਵੇ ਸਰਕਾਰ ਕੋਲ ਹਨ ਚਾਹੇ ਉਹ ਕਿਸਾਨ ਹੋਣ ਜਾਂ ਫਿਰ ਆਮ ਲੋਕ ਪਰ ਵੱਖਰੇ ਤੌਰ ਉੱਤੇ ਕੁਝ ਨਹੀਂ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)