ਅਫ਼ਗਾਨਿਸਤਾਨ ਤੋਂ ਯੂਕੇ ਪਹੁੰਚੀ ਕੁੜੀ ਦੀ ਹੱਡਬੀਤੀ: 'ਸਭ ਕਹਿ ਰਹੇ ਸਨ ਹੋਰ ਤੇਜ਼ ਦੌੜੋ ਨਹੀਂ ਤਾਂ ਉਹ ਮਾਰ ਦੇਣਗੇ'

ਤਸਵੀਰ ਸਰੋਤ, PEYMANA ASSAD
"ਮੈਂ ਹਜ਼ਾਰਾਂ ਲੋਕਾਂ ਨੂੰ ਹਵਾਈ ਅੱਡੇ ਵੱਲ ਦੌੜਦੇ ਵੇਖਿਆ। ਲੋਕ ਆਪਣੀਆਂ ਕਾਰਾਂ ਛੱਡ ਕੇ ਪੈਦਲ ਦੌੜ ਰਹੇ ਸਨ। ਇਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਮੈਂ ਵੀ ਇਨ੍ਹਾਂ ਦੇ ਨਾਲ ਹੀ ਦੌੜ ਰਹੀ ਸੀ।"
"ਫੇਰ ਕਿਸੇ ਨੇ ਮੈਨੂੰ ਕਿਹਾ ਕਿ ਜੇਕਰ ਤਾਲਿਬਾਨ ਨੇ ਤੁਹਾਨੂੰ ਫੜ ਲਿਆ ਤਾਂ ਉਹ ਤੁਹਾਨੂੰ ਮਾਰ ਦੇਣਗੇ। ਤੁਹਾਨੂੰ ਹੋਰ ਤੇਜ਼ੀ ਨਾਲ ਦੌੜਨਾ ਚਾਹੀਦਾ ਹੈ।"
ਇਹ ਗੱਲਾਂ ਬ੍ਰਿਟੇਨ ਦੀ ਕਾਉਂਸਲਰ ਪੈਮਾਨਾ ਅਸਦ ਨੇ ਪਿਛਲੇ ਹਫ਼ਤੇ ਆਪਣੀ ਹੱਡਬੀਤੀ ਬਿਆਨ ਕਰਦੇ ਹੋਏ ਦੱਸੀਆਂ ਹਨ। ਤਾਲਿਬਾਨ ਤੋਂ ਬਚ ਕੇ ਦੇਸ਼ ਛੱਡਣ ਵਿੱਚ ਸਫਲ ਰਹੇ ਹਨ।
ਪੈਮਾਨਾ ਅਸਦ ਸਿਰਫ਼ ਤਿੰਨ ਸਾਲ ਦੀ ਉਮਰ ਵਿੱਚ ਇੱਕ ਸ਼ਰਨਾਰਥੀ ਦੇ ਤੌਰ 'ਤੇ ਬ੍ਰਿਟੇਨ ਪਹੁੰਚੇ ਸਨ। ਉਸ ਸਮੇਂ ਵੀ ਇੱਕ ਲੰਬਾ ਸਫ਼ਰ ਤੈਅ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਅਸਦ ਬ੍ਰਿਟੇਨ ਵਿੱਚ ਕੌਂਸਲਰ ਅਹੁਦੇ ਲਈ ਚੁਣੀ ਜਾਣ ਵਾਲੀ ਅਫ਼ਗਾਨ ਮੂਲ ਦੀ ਪਹਿਲੀ ਸ਼ਖ਼ਸ ਹਨ। ਉਹ ਲੰਦਨ ਦੇ ਹੈਰੋ ਖੇਤਰ ਤੋਂ ਕੌਂਸਲਰ ਹਨ ਅਤੇ 30 ਜੁਲਾਈ ਨੂੰ ਆਪਣੇ ਰਿਸ਼ਤੇਦਾਰ ਨੂੰ ਮਿਲਣ ਕਾਬੁਲ ਪੁੱਜੇ ਸਨ।
ਬੀਬੀਸੀ ਰੇਡੀਓ ਫਾਈਵ ਲਾਈਵ ਨੂੰ ਉਨ੍ਹਾਂ ਨੇ ਦੱਸਿਆ ਕਿ ਸਥਾਨਕ ਅਫ਼ਗਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਤਾਲਿਬਾਨ ਨੇ ਤੁਹਾਨੂੰ ਫੜ ਲਿਆ ਤਾਂ ਉਹ ਤੁਹਾਨੂੰ ਮਾਰ ਦੇਣਗੇ।
ਰਿਸ਼ਤੇਦਾਰਾਂ ਦੀ ਹੋ ਰਹੀ ਹੈ ਚਿੰਤਾ
ਪੈਮਾਨਾ ਨੇ ਦੱਸਿਆ ਕਿ ਮੰਗਲਵਾਰ ਨੂੰ ਬ੍ਰਿਟੇਨ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਕਾਬੁਲ ਹਵਾਈ ਅੱਡੇ ਦੇ ਕੋਲ ਹਫੜਾ ਦਫੜੀ ਦੇ ਹਾਲਾਤ ਵੇਖੇ।
ਉਨ੍ਹਾਂ ਨੇ ਕਿਹਾ,"ਇਹ ਮੇਰੇ ਲਈ ਔਖਾ ਅਤੇ ਦਰਦਨਾਕ ਸੀ। ਮੈਨੂੰ ਲੱਗਦਾ ਹੈ ਕਿ ਮੇਰੇ ਇਸ ਤਜਰਬੇ ਨੇ ਜ਼ਿੰਦਗੀ ਪ੍ਰਤੀ ਮੇਰੇ ਨਜ਼ਰੀਏ ਨੂੰ ਅਤੇ ਇੱਕ ਇਨਸਾਨ ਦੇ ਤੌਰ 'ਤੇ ਮੈਨੂੰ ਬਦਲ ਦਿੱਤਾ ਹੈ।"
30 ਸਾਲਾ ਅਸਦ ਨੇ ਦੱਸਿਆ ਕਿ ਅਗਸਤ ਦੀ ਸ਼ੁਰੂਆਤ ਵਿੱਚ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਅੱਗੇ ਵਧਣ ਲੱਗੇ ਤਾਂ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੀ ਚਿੰਤਾ ਹੋਣ ਲੱਗੀ।
ਅਸਦ ਨੇ ਦੱਸਿਆ,"ਮੇਰੇ ਪਰਿਵਾਰ ਨੇ ਮੇਰੇ ਉੱਪਰ ਬਹੁਤ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਕਿਹਾ ਕਿ ਟਿਕਟ ਬੁੱਕ ਕਰਵਾ ਕੇ ਇੱਥੋਂ ਵਾਪਿਸ ਚਲੇ ਜਾਓ।"
ਲੱਗਿਆ ਕਿ ਪਰਿਵਾਰ ਸਨਸਨੀ ਫੈਲਾ ਰਿਹਾ ਹੈ
ਉਨ੍ਹਾਂ ਨੇ ਕਿਹਾ,"ਮੈਨੂੰ ਭਰੋਸਾ ਸੀ ਕਿ ਤਾਲਿਬਾਨ ਕਾਬੁਲ ਉੱਪਰ ਕਬਜ਼ਾ ਨਹੀਂ ਕਰ ਸਕਣਗੇ ਅਤੇ ਸਰਕਾਰ ਨਹੀਂ ਡਿੱਗੇਗੀ।"

ਤਸਵੀਰ ਸਰੋਤ, Getty Images
"ਪਰ ਸਭ ਕੁਝ ਪੂਰੀ ਤਰ੍ਹਾਂ ਬਦਲ ਗਿਆ ਅਤੇ 14 ਅਗਸਤ ਨੂੰ ਤਾਲਿਬਾਨ ਲੜਾਕੇ ਅਫ਼ਗਾਨਿਸਤਾਨ ਦੀ ਰਾਜਧਾਨੀ ਦੇ ਬਾਹਰੀ ਇਲਾਕਿਆਂ ਵਿੱਚ ਇਕੱਠੇ ਹੋਏ।"
"ਕਾਬੁਲ ਦੀ ਘੇਰਾਬੰਦੀ ਹੋ ਚੁੱਕੀ ਸੀ ਅਤੇ ਮੇਰੇ ਪਰਿਵਾਰ ਨੂੰ ਲੱਗਿਆ ਕਿ ਮੈਨੂੰ ਆਪਣਾ ਜੱਦੀ ਘਰ ਛੱਡਣਾ ਪਵੇਗਾ।"
ਜਦੋਂ ਦੂਤਾਵਾਸ ਤੋਂ ਫੋਨ ਆਇਆ
ਅਸਦ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਚਿੰਤਤ ਸੀ ਕਿਉਂਕਿ ਤਾਲਿਬਾਨ ਘਰਾਂ ਅਤੇ ਗੱਡੀਆਂ ਦੀ ਤਲਾਸ਼ੀ ਲੈਣਗੇ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾਵੇਗਾ।
ਇਸ ਲਈ ਸ਼ਨੀਵਾਰ ਦੀ ਸ਼ਾਮ ਉਨ੍ਹਾਂ ਨੇ ਆਪਣਾ ਸਾਮਾਨ ਇਕੱਠਾ ਕੀਤਾ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਪਹੁੰਚ ਗਏ।
ਉਸ ਸਮੇਂ ਤੱਕ ਬ੍ਰਿਟਿਸ਼ ਸਰਕਾਰ ਨੇ ਬ੍ਰਿਟਿਸ਼ ਅਤੇ ਅਫਗਾਨੀ ਨਾਗਰਿਕ ਜੋ ਬ੍ਰਿਟਿਸ਼ ਸੈਨਾ ਦੇ ਲਈ ਕੰਮ ਕਰ ਚੁੱਕੇ ਹਨ, ਹਰ ਪਾਸੇ ਬਚਾਓ ਅਭਿਆਨ ਸ਼ੁਰੂ ਕਰ ਦਿੱਤਾ ਸੀ।
"ਜਦੋਂ ਮੈਂ ਸਵੇਰੇ 10 ਵਜੇ ਉੱਠੀ ਤਾਂ ਮੈਨੂੰ ਦੂਤਾਵਾਸ ਤੋਂ ਫੋਨ ਆਇਆ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਕਾਬੁਲ ਤੋਂ ਕੱਢ ਰਹੇ ਹਾਂ।"
ਉਸ ਸਮੇਂ ਪੈਮਾਨਾ ਨੂੰ ਮਹਿਸੂਸ ਹੋਇਆ ਕਿ ਇਸ ਹਾਲਾਤ ਦਾ ਅੰਦਾਜ਼ਾ ਲਗਾਉਣ ਲਈ ਉਨ੍ਹਾਂ ਕੋਲ ਬਹੁਤ ਘੱਟ ਸਮਾਂ ਹੈ।
"ਮੈਂ ਬੈਠ ਕੇ ਚਾਹ ਪੀ ਰਹੀ ਸੀ ਅਤੇ ਗੁਆਂਢੀਆਂ ਨੇ ਸਾਡਾ ਦਰਵਾਜ਼ਾ ਖੜਕਾਇਆ"
"ਉਹ ਬਹੁਤ ਘਬਰਾਏ ਹੋਏ ਸਨ ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਕਾਬੁਲ ਵਿੱਚ ਦਾਖ਼ਲ ਹੋ ਚੁੱਕੇ ਹਨ ਅਤੇ ਕੁਝ ਜ਼ਿਲ੍ਹਿਆਂ ਉੱਪਰ ਕਬਜ਼ਾ ਵੀ ਕਰ ਲਿਆ ਹੈ। ਹੁਣ ਉਹ ਸਾਡੇ ਜ਼ਿਲ੍ਹੇ ਵੱਲ ਵਧ ਰਹੇ ਹਨ। ਤੁਹਾਨੂੰ ਇੱਥੋਂ ਨਿਕਲਣਾ ਹੋਵੇਗਾ।"
"ਜਦੋਂ ਹਵਾਈ ਅੱਡੇ ਵੱਲ ਦੌੜਨਾ ਸ਼ੁਰੂ ਕੀਤਾ"
ਅਸਦ ਨੇ ਦੱਸਿਆ ਕਿ ਇਲਾਕੇ ਦੀਆਂ ਸੜਕਾਂ ਬੰਦ ਸਨ ਅਤੇ ਉਨ੍ਹਾਂ ਨੇ ਆਪਣੇ ਗੁਆਂਢੀਆਂ ਨਾਲ ਹਵਾਈ ਅੱਡੇ ਵੱਲ ਪੈਦਲ ਚੱਲਣਾ ਸ਼ੁਰੂ ਕੀਤਾ।
ਉਨ੍ਹਾਂ ਨੇ ਅੱਗੇ ਦੱਸਿਆ,"ਮੈਂ ਇੱਕ ਗਲੀ ਵਿੱਚ ਹਜ਼ਾਰਾਂ ਲੋਕਾਂ ਨੂੰ ਹਵਾਈ ਅੱਡੇ ਵੱਲ ਚਲਦੇ ਅਤੇ ਦੌੜਦੇ ਵੇਖਿਆ। ਲੋਕ ਆਪਣੀਆਂ ਗੱਡੀਆਂ ਵਿੱਚੋਂ ਨਿਕਲ ਕੇ ਹਵਾਈ ਅੱਡੇ ਵੱਲ ਭੱਜ ਰਹੇ ਸਨ।"

ਤਸਵੀਰ ਸਰੋਤ, Reuters
ਦਹਿਸ਼ਤ ਅਤੇ ਹਫੜਾ-ਦਫੜੀ ਵਿੱਚ ਲੋਕਾਂ ਨੂੰ ਹਵਾਈ ਅੱਡੇ ਵੱਲ ਭੱਜਦਾ ਵੇਖ ਕੇ ਦੁਕਾਨਦਾਰ ਵੀ ਬਾਹਰ ਨਿਕਲ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ,"ਜੇਕਰ ਤਾਲਿਬਾਨ ਨੇ ਤੁਹਾਨੂੰ ਫੜ ਲਿਆ ਤਾਂ ਉਹ ਤੁਹਾਨੂੰ ਮਾਰ ਦੇਣਗੇ। ਤੇਜ਼ ਭੱਜੋ।"
ਇਸ ਨਾਲ ਮੇਰੇ ਦਿਲ ਵਿੱਚ ਬਹੁਤ ਡਰ ਪੈਦਾ ਹੋਇਆ ਕਿਉਂਕਿ ਜਿਨ੍ਹਾਂ ਨੇ ਮੈਨੂੰ ਫੜ ਲਿਆ ਤਾਂ ਉਹ ਸੱਚ ਵਿੱਚ ਅਜਿਹਾ ਕਰ ਸਕਦੇ ਸਨ। ਮੈਂ ਹੋਰ ਤੇਜ਼ੀ ਨਾਲ ਹਵਾਈ ਅੱਡੇ ਵੱਲ ਦੌੜਨਾ ਸ਼ੁਰੂ ਕੀਤਾ।
ਜਦੋਂ ਫੋਨ ਦੀ ਬੈਟਰੀ ਲਗਭਗ ਖ਼ਤਮ ਸੀ
ਅਸਦ ਉਸ ਜਗ੍ਹਾ ਪੁੱਜੀ ਜਿੱਥੇ ਸਭ ਬ੍ਰਿਟਿਸ਼ ਨਾਗਰਿਕਾਂ ਨੇ ਇਕੱਠੇ ਹੋਣਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਹੁਣ ਦੇਰ ਹੋ ਚੁੱਕੀ ਹੈ ਅਤੇ ਅਧਿਕਾਰੀ ਆ ਕੇ ਜਾ ਚੁੱਕੇ ਹਨ।
"ਮੈਂ ਉੱਥੇ ਸੜਕ 'ਤੇ ਖੜ੍ਹੀ ਸੀ ਅਤੇ ਮੇਰੇ ਫੋਨ ਦੀ ਬੈਟਰੀ ਸਿਰਫ਼ ਤਿੰਨ ਫ਼ੀਸਦ ਸੀ। ਮੈਂ ਸੋਚਿਆ ਕਿ ਜੇ ਮੇਰਾ ਫੋਨ ਬੰਦ ਹੋ ਗਿਆ ਤਾਂ ਕੀ ਹੋਵੇਗਾ। ਦੂਤਾਵਾਸ ਇੱਥੇ ਹੈ ਨਹੀਂ। ਤਾਲਿਬਾਨ ਇਲਾਕੇ ਵੱਲ ਵਧ ਰਹੇ ਹਨ ਅਤੇ ਮੈਨੂੰ ਕਿਸੇ ਸੁਰੱਖਿਅਤ ਸਥਾਨ ਵੱਲ ਜਾਣ ਦੀ ਕੋਸ਼ਿਸ਼ ਕਰਨੀ ਪਵੇਗੀ।"

ਤਸਵੀਰ ਸਰੋਤ, EPA
"ਇਹ ਸਾਰੇ ਹੰਗਾਮੇ ਦੌਰਾਨ ਮੈਂ ਇੱਕ ਅਫ਼ਗਾਨ ਪਰਿਵਾਰ ਨੂੰ ਮਿਲੀ। ਉਨ੍ਹਾਂ ਨੇ ਮੈਨੂੰ ਆਪਣੇ ਘਰ ਲੈ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਮੈਨੂੰ ਖਾਣਾ ਦਿੱਤਾ ਅਤੇ ਫੋਨ ਵੀ ਚਾਰਜ ਕੀਤਾ।"
ਜਦੋਂ ਬ੍ਰਿਟਿਸ਼ ਫ਼ੌਜੀਆਂ ਨੂੰ ਵੇਖ ਕੇ ਮਿਲਿਆ ਸਕੂਨ
ਅਸਦ ਨੇ ਦੱਸਿਆ ਕਿ ਉਹ ਵਿਦੇਸ਼ ਮੰਤਰਾਲੇ ਅਤੇ ਲੰਡਨ ਦੇ ਸਾਂਸਦ ਗੈਰਥ ਥੌਮਸ ਨੂੰ ਫੋਨ ਕਰਨ ਵਿੱਚ ਕਾਮਯਾਬ ਰਹੀ। ਸਾਂਸਦ ਨੇ ਉਨ੍ਹਾਂ ਨੂੰ ਉਸ ਜਗ੍ਹਾ ਜਾਣ ਦੀ ਸਲਾਹ ਦਿੱਤੀ ਜਿੱਥੇ ਸਭ ਨੂੰ ਇਕੱਠੇ ਹੋਣਾ ਸੀ।
"ਉਹ ਅਫ਼ਗਾਨ ਪਰਿਵਾਰ ਕਾਫ਼ੀ ਦਿਆਲੂ ਸੀ। ਉਨ੍ਹਾਂ ਨੇ ਮੈਨੂੰ ਕਾਰ ਵਿੱਚ ਬਿਠਾਇਆ ਅਤੇ ਵਾਪਿਸ ਸੁਰੱਖਿਅਤ ਮੀਟਿੰਗ ਪੁਆਇੰਟ ਉੱਪਰ ਲੈ ਗਏ। ਉੱਥੇ ਜਾ ਕੇ ਮੈਂ ਦੇਖਿਆ ਕਿ ਬ੍ਰਿਟਿਸ਼ ਸੈਨਿਕ ਮੌਜੂਦ ਸਨ।"

ਤਸਵੀਰ ਸਰੋਤ, EPA
"ਜਿਵੇਂ ਹੀ ਮੈਂ ਉਨ੍ਹਾਂ ਨੂੰ ਦੇਖਿਆ ,ਮੈਨੂੰ ਲੱਗਿਆ ਕਿ ਹੁਣ ਮੈਂ ਸੁਰੱਖਿਅਤ ਹਾਂ ਅਤੇ ਇੱਕ ਤਰ੍ਹਾਂ ਦਾ ਸਕੂਨ ਮਿਲਿਆ।"
ਅਫ਼ਗਾਨਿਸਤਾਨ ਵਿੱਚ ਮੌਜੂਦਾ ਸਥਿਤੀ ਉੱਪਰ ਬ੍ਰਿਟਿਸ਼ ਸਰਕਾਰ ਦਾ ਹਵਾਲਾ ਦਿੰਦੇ ਹੋਏ ਅਸਦ ਨੇ ਕਿਹਾ,"ਸਾਡੇ ਕੋਲ ਸਮਾਂ ਨਹੀਂ ਹੈ। ਹੁਣ ਸਾਨੂੰ ਅਫ਼ਗਾਨ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਲੋੜ ਹੈ।"
"ਅਸੀਂ ਨੌਕਰਸ਼ਾਹੀ ਨਾਲ ਬਾਅਦ ਵਿੱਚ ਨਜਿੱਠ ਲਵਾਂਗੇ। ਤਾਲਿਬਾਨ ਘਰ -ਘਰ ਜਾ ਕੇ ਤਲਾਸ਼ੀ ਲੈ ਰਹੇ ਹਨ ਅਤੇ ਉਨ੍ਹਾਂ ਲੋਕਾਂ ਦੀ ਤਲਾਸ਼ੀ ਲੈਂਦੇ ਹਨ ਜਿਨ੍ਹਾਂ ਦਾ ਅਫਗਾਨ ਸਰਕਾਰ ਨਾਲ ਸਬੰਧ ਰਿਹਾ ਹੋਵੇ ਜਾਂ ਜਿਨ੍ਹਾਂ ਨੇ ਵਿਦੇਸ਼ੀ ਫੌਜ ਨਾਲ ਕੰਮ ਕੀਤਾ ਹੋਵੇ।''
''ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ, ਉਨ੍ਹਾਂ ਦੀ ਸਹਾਇਤਾ ਕਰਨਾ ਸਾਡੀ ਜ਼ਿੰਮੇਵਾਰੀ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














