ਅਫ਼ਗਾਨਿਸਤਾਨ: ਤਾਲਿਬਾਨ ਨੂੰ ਭਾਰਤ ਜੇਕਰ ਮਾਨਤਾ ਦੇ ਦਿੰਦਾ ਹੈ, ਤਾਂ ਇਸਦਾ ਕੀ ਅਸਰ ਪੈ ਸਕਦਾ ਹੈ

ਤਸਵੀਰ ਸਰੋਤ, EPA/AFP via Getty
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸ ਪੱਤਰਕਾਰ
ਅਫ਼ਗਾਨਿਸਤਾਨ ਵਿੱਚ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਅਤੇ ਮੌਜੂਦਾ ਹਾਲਾਤ ਤੋਂ ਇੰਨਾ ਤਾਂ ਤੈਅ ਹੈ ਕਿ ਤਾਲਿਬਾਨ ਲੰਬੇ ਅਰਸੇ ਬਾਅਦ ਉੱਥੋਂ ਦੀ ਸੱਤਾ ਵਿੱਚ ਵਾਪਸ ਆਇਆ ਹੈ। ਅਜਿਹੇ ਵਿੱਚ ਸੁਰੱਖਿਆ ਬਾਰੇ ਪੱਛਮੀ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਮੱਥੇ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਹੋ ਗਈਆਂ ਹਨ।
ਭਾਰਤ ਲਈ ਵੀ ਇਹ ਸਭ ਕੁਝ ਚੁਣੌਤੀਪੂਰਨ ਹੈ।
ਰਣਨੀਤਿਕ ਮਾਮਲਿਆਂ ਦੇ ਜਾਣਕਾਰਾਂ ਨੂੰ ਲਗਦਾ ਹੈ ਕਿ ਭਾਰਤ ਦੇ ਸਾਹਮਣੇ ਵੱਡੀ ਚੁਣੌਤੀ ਤਾਂ ਇਹੀ ਹੈ ਕਿ ਉਹ ਤਾਲਿਬਾਨ ਦੀ ਹਕੂਮਤ ਨੂੰ ਮਾਨਤਾ ਦੇਵੇ ਜਾਂ ਨਾ। ਉਂਝ ਇਸ ਬਾਰੇ ਰਾਇ ਵੰਡੀ ਹੋਈ ਹੈ।
ਕੁਝ ਮਾਹਰ ਮੰਨਦੇ ਹਨ ਕਿ ਭਾਰਤ ਨੂੰ ਫ਼ਿਲਹਾਲ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਤਾਲਿਬਾਨ ਦੀ ਵਿਚਾਰਧਾਰਾ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਆਇਆ ਹੈ। ਉਹ ਪਹਿਲਾਂ ਵੀ ਲੋਕਤੰਤਰ ਲਾਗੂ ਕਰਨ ਦੇ ਖ਼ਿਲਾਫ਼ ਸਨ ਅਤੇ ਹੁਣ ਵੀ ਹਨ।
ਤਾਲਿਬਾਨ ਦੇਸ਼ ਨੂੰ ਸ਼ਰੀਆ ਕਾਨੂੰਨ ਮੁਤਾਬਕ ਚਲਾਉਣਾ ਚਾਹੁੰਦੇ ਹਨ ਅਤੇ ਉਹ ਮੌਲਵੀ ਹੀ ਤੈਅ ਕਰਨਗੇ ਕਿ ਇਸ ਪ੍ਰਕਿਰਿਆ ਵਿੱਚ ਲੋਕਾਂ ਦੇ ਹਕੂਕ ਕੀ ਹੋਣਗੇ- ਖਾਸ ਕਰਕੇ ਔਰਤਾਂ ਅਤੇ ਘੱਟ ਗਿਣਤੀਆਂ ਦੇ।
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ ਵਿੱਚੋਂ ਜਿਸ ਤਰ੍ਹਾਂ ਅਮਰੀਕੀ ਅਗਵਾਈ ਵਾਲ਼ੀ ਨਾਟੋ ਫ਼ੌਜਾਂ ਅਚਾਨਕ ਲਾਂਭੇ ਹੋ ਗਈਆਂ ਅਤੇ ਜਿਸ ਤਰ੍ਹਾਂ ਪੂਰੇ ਦੇਸ਼ ਵਿੱਚ ਅਫ਼ਰਾ-ਤਫ਼ਰੀ ਮੱਚ ਗਈ ਉਸ ਨਾਲ ਕੂਟਨੀਤਿਕ ਸਬੰਧਾਂ ਨੂੰ ਵੀ ਅਚਾਨਕ ਧੱਕਾ ਲੱਗਿਆ ਹੈ।
ਇਸ ਘਟਨਾਕ੍ਰਮ ਦੌਰਾਨ ਇੱਕ ਨਵੀਂ ਧਿਰ ਦਾ ਉਭਾਰ ਵੀ ਹੋਇਆ ਹੈ। ਜਿਸ ਵਿੱਚ ਚੀਨ, ਰੂਸ ਅਤੇ ਪਾਕਿਸਤਾਨ ਸ਼ਾਮਲ ਹਨ, ਕਿਉਂਕਿ ਈਰਾਨ ਦੇ ਸਬੰਧ ਵੀ ਅਮਰੀਕਾ ਨਾਲ ਠੀਕ ਨਹੀਂ ਹਨ ਇਸ ਲਈ ਤਾਲਿਬਾਨ ਨੂੰ ਮਾਨਤਾ ਦੇਣ ਦੇ ਪੱਖ ਵਿੱਚ ਨਜ਼ਰ ਆ ਰਿਹਾ ਹੈ। ਇਹ ਵੀ ਭਾਰਤ ਲਈ ਪਰੇਸ਼ਾਨੀ ਦਾ ਸਬੱਬ ਹੈ।
ਭਾਰਤ ਦੇ ਸਾਬਕਾ ਉੱਪ-ਕੌਮੀ ਰੱਖਿਆ ਸਲਾਹਕਾਰ ਅਰਵਿੰਦ ਗੁਪਤਾ ਮੰਨਦੇ ਹਨ ਕਿ ਭਾਰਤ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਦੇ ਅਨੁਸਾਰ ਤਾਲਿਬਾਨ ਤੋਂ ਭਾਰਤ ਨੂੰ ਕੁਝ ਹਾਸਲ ਨਹੀਂ ਹੋਣ ਵਾਲਾ ਹੈ।
ਬੀਬੀਸੀ ਨਾਲ਼ ਗੱਲਬਾਤ ਦੌਰਾਨ ਗੁਪਤਾ ਕਹਿੰਦੇ ਹਨ, "ਤਾਲਿਬਾਨ ਦੇ ਅਸਲੀ ਚਿਹਰੇ ਤੋਂ ਸਾਰੇ ਜਾਣੂ ਹਨ। ਤਾਲਿਬਾਨ ਹਾਲੇ ਤੱਕ ਇੱਕ ਕੱਟੜਪੰਥੀ ਗਰੁੱਪ ਹੈ। ਕੱਟੜਪੰਥ ਅਤੇ ਰੂੜ੍ਹੀਵਾਦ ਬੜੀ ਵੱਡੀ ਸਮੱਸਿਆ ਬਣੇ ਰਹਿਣਗੇ ਕਿਉਂਕਿ ਉਹ ਸੋਚ ਕਦੇ ਖ਼ਤਮ ਹੋਣ ਵਾਲ਼ੀ ਨਹੀਂ ਹੈ।
ਤਾਲਿਬਾਨ ਦੇ ਸੱਤਾ ਵਿੱਚ ਦਖ਼ਲ ਤੋਂ ਜਿਹਾਦੀ ਸੋਚ ਹੋਰ ਵੀ ਵਿਕਸਿਤ ਹੋਵੇਗੀ ਅਤੇ ਇਸ ਦੇ ਬੁਰੇ ਸਿੱਟੇ ਪੂਰੀ ਦੁਨੀਆਂ ਨੇ ਪਹਿਲਾਂ ਹੀ ਦੇਖੇ ਲਏ ਹਨ। ਉੱਥੇ ਇਸਲਾਮਿਕ ਸਟੇਟ ਯਾਨਿ ਆਈਐੱਸ ਦੀ ਵਿਚਾਰਧਾਰਾ ਵੀ ਜ਼ਿੰਦਾ ਹੈ।"
ਸੱਤਾ ਉੱਪਰ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਕਈ ਐਲਾਨ ਜ਼ਰੂਰ ਕੀਤੇ ਹਨ ਅਤੇ ਆਪਣਾ ਉਦਾਰਵਾਦੀ ਚਿਹਰਾ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਫਿਰ ਵੀ ਅਫ਼ਗਾਨਿਸਤਾਨ ਦੇ ਵੱਖੋ-ਵੱਖ ਸੂਬਿਆਂ ਵਿੱਚ ਤਾਲਿਬਾਨ ਲੜਾਕਿਆਂ ਦੇ ਧੱਕੇ ਦੀਆਂ ਵਾਰਦਾਤਾਂ ਵੀ ਵਧ ਰਹੀਆਂ ਹਨ।
ਖ਼ਬਰਾਂ ਮੁਤਾਬਕ ਤਾਲਿਬਾਨ ਦੇ ਲੜਾਕੇ ਘਰ-ਘਰ ਦੀ ਤਲਾਸ਼ੀ ਲੈ ਰਹੇ ਹਨ ਅਤੇ ਸਾਬਕਾ ਸਰਕਾਰ ਵਿੱਚ ਕੰਮ ਕਰਨ ਵਾਲ਼ੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਲੱਭ ਰਹੇ ਹਨ।
ਇਹ ਵੀ ਪੜ੍ਹੋ:
ਜਿਨ੍ਹਾਂ ਲੋਕਾਂ ਨੇ ਕਦੇ ਤਾਲਿਬਾਨ ਨਾਲ ਲੋਹਾ ਲਿਆ ਸੀ ਉਹ ਹੁਣ ਸਿੱਧੇ ਤੌਰ ਤੇ ਉਨ੍ਹਾਂ ਦੇ ਨਿਸ਼ਾਨੇ ਉੱਪਰ ਆ ਗਏ ਹਨ ਜਦਕਿ ਤਾਲਿਬਾਨ ਨੇ ਕਿਹਾ ਹੈ ਕਿ ਉਹ ਬਦਲਾਖੋਰੀ ਵਾਲੀ ਕਾਰਵਾਈ ਨਹੀਂ ਕਰਨਗੇ।
ਇਸੇ ਕੜੀ ਵਿੱਚ ਤਾਲਿਬਾਨ ਤੋਂ ਲੋਹਾ ਲੈਣ ਵਾਲ਼ੀ ਬਲਖ਼ ਸੂਬੇ ਦੀ ਸਲੀਮਾ ਮਜ਼ਾਰੀ ਨੂੰ ਵੀ ਤਾਲਿਬਾਨ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਗੁਪਤਾ ਕਹਿੰਦੇ ਹਨ, "ਅਜਿਹੇ ਵਿੱਚ ਤਾਲਿਬਾਨ ਉੱਪਰ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਉਨ੍ਹਾਂ ਦੇ ਲੜਾਕੇ ਲੋਕਾਂ ਨੂੰ ਹਵਾਈ ਅੱਡੇ ਵੀ ਨਹੀਂ ਜਾਣ ਦੇ ਰਹੇ ਅਤੇ ਅੱਤਵਾਦ ਫ਼ੈਲਾਅ ਰਹੇ ਹਨ, ਉਹ ਸਰਕਾਰ ਕਿਵੇਂ ਚਲਾਉਣਗੇ?"

ਤਸਵੀਰ ਸਰੋਤ, Reuters
ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਤੋਂ ਭਾਰਤ ਦੇ ਸਬੰਧਾਂ ਦੇ ਪ੍ਰਸੰਗ ਵਿੱਚ ਜੇ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਇਹ ਬਹੁਤ ਚਿੰਤਾਜਨਕ ਹੈ।
ਇਸ ਨੂੰ ਗੁੱਟ ਵਿੱਚ ਈਰਾਨ ਸਮੇਤ ਮੱਧ-ਏਸ਼ੀਆ ਦੇ ਕਈ ਹੋਰ ਦੇਸ਼ ਵੀ ਸ਼ਾਮਲ ਹੋ ਸਕਦੇ ਹਨ, ਜਿਸ ਕਾਰਨ ਚਿੰਤਾ ਦਾ ਵਧ ਜਾਣਾ ਸੁਭਾਵਕ ਹੀ ਹੈ।
ਗੁਪਤਾ ਕਹਿੰਦੇ ਹਨ, "ਤਾਲਿਬਾਨ ਲੱਖ ਦਾਅਵਾ ਕਰਨ ਕਿ ਉਹ 'ਅਫ਼ਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਿਸੇ ਦੂਜੇ ਦੇਸ਼ ਦੇ ਖ਼ਿਲਾਫ਼ ਹਮਲਿਆਂ ਲਈ ਨਹੀਂ ਹੋਣ ਦੇਵੇਗਾ' ਪਰ ਸੱਚਾਈ ਇਹ ਹੈ ਕਿ ਚੀਨ ਅਤੇ ਪਾਕਿਸਤਾਨ ਭਾਰਤ ਦੇ ਖ਼ਿਲਾਫ਼ ਇਸ ਦੀ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਰਹਿਣਗੇ।"
ਭਾਰਤ ਨੇ ਕਦੇ ਵੀ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਉਨ੍ਹਾਂ ਦੀ ਸਰਕਾਰ ਸੀ ਉਸ ਸਮੇਂ ਵੀ ਭਾਰਤ ਨੇ, ਕੂਟਨੀਤਿਕ ਭਾਸ਼ਾ ਵਿੱਚ ਜਿਸ ਨੂੰ ਇੰਗੇਜ ਕਰਨਾ ਕਿਹਾ ਜਾਂਦਾ ਹੈ- ਉਹ ਕਦੇ ਨਹੀਂ ਕੀਤਾ।
ਸਿਰਫ਼ ਇੱਕ ਵਾਰ, ਜਦੋਂ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਕਟੱੜਪੰਥੀਆਂ ਨੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਕੰਧਾਰ ਲੈ ਗਏ ਸਨ। ਪਹਿਲੀ ਅਤੇ ਆਖ਼ਰੀ ਵਾਰ ਭਾਰਤ ਨੇ ਤਾਲਿਬਾਨ ਦੇ ਕਮਾਂਡਰਾਂ ਨਾਲ਼ ਰਸਮੀ ਗੱਲਬਾਤ ਕੀਤੀ ਸੀ। ਫਿਰ ਭਾਰਤ ਨੇ ਹਮੇਸ਼ਾ ਖ਼ੁਦ ਨੂੰ ਤਾਲਿਬਾਨ ਤੋਂ ਦੂਰ ਹੀ ਰੱਖਿਆ।
ਅਮਰੀਕੀ ਫ਼ੌਜਾਂ ਦੇ ਹਟਣ ਦੀ ਪ੍ਰਕਿਰਿਆ ਤੋਂ ਪਹਿਲਾਂ, ਜਦੋਂ ਦੋਹਾ ਵਿੱਚ ਤਾਲਿਬਾਨ ਦੇ ਆਗੂਆਂ ਦੇ ਨਾਲ ਵਾਰਤਾ ਦੇ ਦੌਰ ਚੱਲੇ, ਉਸ ਸਮੇਂ ਵੀ ਭਾਰਤ ਨੇ ਉਨ੍ਹਾਂ ਨਾਲ ਸੰਵਾਦ ਨਾ ਕਰਨ ਦਾ ਹੀ ਫ਼ੈਸਲਾ ਕੀਤਾ.
ਮਗਰਲੇ ਦਰਵਾਜ਼ੇ ਤੋਂ ਵੀ ਤਾਲਿਬਾਨ ਲੀਡਰਸ਼ਿਪ ਨਾਲ ਗੱਲਬਾਤ ਦਾ ਵੀ ਭਾਰਤ ਨੇ ਹਮੇਸ਼ਾ ਖੰਡਨ ਕੀਤਾ ਹੈ।
ਗੁਪਤਾ ਮੰਨਦੇ ਹਨ ਕਿ ਤਾਲਿਬਾਨ ਦੇ ਆਉਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਰਸਤੇ ਭਾਰਤ ਵਿੱਚ ਕਟੱੜਪੰਥੀਆਂ ਦੀ ਘੁਸਪੈਠ ਦੀਆਂ ਘਟਨਾਵਾਂ ਵਧ ਸਕਦੀਆਂ ਹਨ ਕਿਉਂਕਿ ਪਾਕਿਸਤਾਨ ਅਜਿਹਾ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹੇਗਾ।

ਤਸਵੀਰ ਸਰੋਤ, SAEED KHAN/AFP/GETTY IMAGES
ਉੱਥੇ ਹੀ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲਾ ਵਿੱਚ ਕਈ ਸਾਲ ਕੰਮ ਕਰ ਚੁੱਕੇ ਗੁਲਸ਼ਨ ਸੱਚਦੇਵਾ ਕਹਿੰਦੇ ਹਨ ਕਿ ਤਾਲਿਬਾਨ ਦੇ ਨਾਲ ਪਾਕਿਸਤਾਨ ਦਾ ਹੋਣਾ ਭਾਰਤ ਲਈ ਇੱਕ ਵੱਡੀ ਚੁਣੌਤੀ ਬਣਿਆ ਰਹੇਗਾ।
ਸੱਚਦੇਵਾ ਫ਼ਿਲਹਾਲ ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਫਾਰ ਇੰਟਰਨੈਸ਼ਨਲ ਸਟਡੀਜ਼ ਦੇ ਪ੍ਰੋਫ਼ੈਸਰ ਹਨ।
ਪ੍ਰੋਫ਼ੈਸਰ ਗੁਲਸ਼ਨ ਸੱਚਦੇਵਾ ਨੇ ਬੀਬੀਸੀ ਨੂੰ ਦੱਸਿਆ, "ਤਾਲਿਬਾਨ ਕੌਣ ਹਨ? ਇਹ ਤਹਿਰੀਕ ਜਦੋਂ ਸ਼ੁਰੂ ਹੋਈ ਸੀ ਤਾਂ ਪਾਕਿਸਤਾਨ ਦੇ ਐਬਟਾਬਾਦ ਦੇ ਮਦਰੱਸਿਆ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਇਸ ਵਿੱਚ ਭੇਜਿਆ ਗਿਆ। ਉਨ੍ਹਾਂ ਨੂੰ ਹਥਿਆਰਬੰਦ ਕੀਤਾ ਗਿਆ ਸੀ। ਇਹ ਸ਼ੁਰੂਆਤ ਸੀ ਪਰ ਜੜ੍ਹਾਂ ਹਾਲੇ ਵੀ ਉਹੀ ਹਨ ਜੋ ਜਿੰਨੀ ਭਾਰਤ ਲਈ ਫ਼ਿਕਰ ਦੀ ਗੱਲ ਹੈ ਪੂਰੀ ਦੁਨੀਆਂ ਲਈ ਵੀ ਉਨੀਂ ਹੀ ਫ਼ਿਕਰ ਦੀ ਗੱਲ ਹੈ।"
ਸੱਚਦੇਵਾ ਦਾ ਕਹਿਣਾ ਹੈ ਕਿ ਪਾਕਿਸਾਤਾਨ ਦੀਆਂ ਵੱਖ-ਵੱਖ ਸੰਸਥਾਵਾਂ- ਜਿਵੇਂ ਫ਼ੌਜ ਅਤੇ ਸੂਹੀਆ ਏਜੰਸੀਆਂ- ਦਾ ਸੰਬੰਧ ਵੀ ਤਾਲਿਬਾਨ ਨਾਲ਼ ਡੂੰਘਾ ਹੀ ਰਿਹਾ ਹੈ। ਹਾਲਾਂਕਿ ਸਾਲ 2001 ਵਿੱਚ ਤਾਲਿਬਾਨ ਦੇ ਟਿਕਾਣਿਆਂ ਤੇ ਜਦੋਂ ਅਮਰੀਕੀ ਫ਼ੌਜਾਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਤਬਾਹ ਕੀਤਾ ਤਾਂ ਅਫ਼ਗਾਨਿਸਤਾਨ ਵਿੱਚ ਲੋਕਤੰਤਰੀ ਸਰਕਾਰ ਨੇ ਵਾਗ-ਡੋਰ ਸੰਭਾਲੀ ਤਾਂ ਲੱਗਿਆ ਕਿ ਹੁਣ ਕਦੇ ਤਾਲਿਬਾਨ ਮਜ਼ਬੂਤ ਨਹੀਂ ਹੋ ਸਕੇਗਾ।
ਉਨ੍ਹਾਂ ਨੂੰ ਲਗਦਾ ਹੈ ਕਿ ਜੋ ਕੁਝ ਅਫ਼ਗਾਨਿਸਤਾਨ ਵਿੱਚ ਹੋ ਰਿਹਾ ਹੈ। ਉਸ ਵਿੱਚ ਅਮਰੀਕਾ ਅਫ਼ਗਾਨਿਸਤਾਨ ਵਿੱਚ ਗ਼ਨੀ ਲੀਡਰਸ਼ਿਪ ਅਤੇ ਤਾਲਿਬਾਨ-ਸਾਰੇ ਮਿਲੇ ਹੋਏ ਨਜ਼ਰ ਆਉਂਦੇ ਹਨ।
ਉਹ ਕਹਿੰਦੇ ਹਨ,"ਜੇ ਅਜਿਹਾ ਨਹੀਂ ਹੈ ਤਾਂ ਫਿਰ ਬਿਨਾਂ ਵਿਰੋਧ ਦੇ ਸਰਕਾਰ ਨੇ ਤਾਲਿਬਾਨ ਦੇ ਸਾਹਮਣੇ ਗੋਢੇ ਕਿਉਂ ਟੇਕ ਦਿੱਤੇ? ਇਹ ਵੱਡਾ ਸਵਾਲ ਬਣਿਆ ਰਹੇਗਾ ਕਿਉਂਕਿ ਅਮਰੀਕਾ ਵੀ ਕਹਿੰਦਾ ਰਿਹਾ ਹੈ ਕਿ ਤਾਲਿਬਾਨ ਨੂੰ ਕਾਬੁਲ ਤੱਕ ਪਹੁੰਚਣ ਵਿੱਚ ਤਿੰਨ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ ਪਰ ਇਹ ਦੋ-ਚਾਰ ਦਿਨਾਂ ਵਿੱਚ ਹੀ ਹੋ ਗਿਆ।"
ਸੱਚਦੇਵਾ ਦਾ ਇਹ ਵੀ ਕਹਿਣਾ ਹੈ, ''ਤਾਲਿਬਾਨ ਦੇ ਪਿਛਲੇ ਰਾਜਕਾਲ ਅਤੇ ਇਸ ਰਾਜਕਾਲ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਪਹਿਲਾਂ ਵਾਲੇ ਵਿੱਚ ਉਸ ਨੂੰ ਮਾਨਤਾ ਨਹੀਂ ਮਿਲੀ ਸੀ। ਜਦਕਿ ਇਸ ਵਾਰ ਦੁਨੀਆਂ ਦੇ ਦੋ ਤਕੜੇ ਦੇਸ਼ਾਂ, ਜਿਵੇਂ- ਚੀਨ ਅਤੇ ਰੂਸ ਉਸ ਨੂੰ ਮਾਨਤਾ ਦੇ ਰਹੇ ਹਨ।
ਯੂਰਪ ਦੇ ਦੇਸ਼ ਵੀ ਅਜਿਹਾ ਹੀ ਕਰਨਗੇ ਕਿਉਂਕਿ ਇਸ ਨਾਲ਼ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ ਉਹ ਮੰਨਦੇ ਹਨ ਕਿ ਇਸ ਵਾਰ ਆਪਣੀ ਸੁਰੱਖਿਆ ਅਤੇ ਸੰਪ੍ਰਭੂਤਾ ਦੇ ਮੱਦੇ ਨਜ਼ਰ ਭਾਰਤ ਲਈ ਤਾਲਿਬਾਨ ਨਾਲ਼ ਡੀਲ ਕਰਨਾ ਬਹੁਤ ਜ਼ਰੂਰੀ ਹੋ ਜਾਵੇਗਾ।'

ਤਸਵੀਰ ਸਰੋਤ, EPA
ਸੱਚਦੇਵਾ ਕਹਿੰਦੇ ਹਨ ਕਿ ਭਾਰਤ ਨੂੰ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੰਨੀ ਦੇਰ ਭਾਰਤ ਤਾਲਿਬਾਨ ਦੇ ਨਾਲ ਸੰਵਾਦ ਨਹੀਂ ਕਰੇਗਾ, ਉਸਦਾ ਸਿੱਧਾ ਲਾਹਾ ਪਾਕਿਸਤਾਨ ਚੁੱਕਣ ਦੀ ਕੋਸ਼ਿਸ਼ ਕਰੇਗਾ।
ਰਣਨੀਤਿਕ ਮਾਮਲਿਆਂ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਅਭਿਜੀਤ ਅਯੀਅਰ ਮਿਤਰਾ ਵੀ ਇਹੀ ਮੰਨਦੇ ਹਨ।
ਉਹ ਕਹਿੰਦੇ ਹਨ,"ਨਾ ਸਿਰਫ਼ ਰਾਜਦੂਤ ਨੂੰ ਵਾਪਸ ਭੇਜਣਾ ਚਾਹੀਦਾ ਹੈ ਸਗੋਂ ਭਾਰਤ ਨੂੰ ਚਾਹੀਦਾ ਹੈ ਕਿ ਆਪਣੇ ਸਲਾਹਕਾਰਾਂ ਨੂੰ ਵੀ ਦੂਤਾਵਾਸ ਵਿੱਚ ਤੈਨਾਅਤ ਕਰੇ। ਰੂਸ ਚੀਨ, ਈਰਾਨ ਅਤੇ ਪਾਕਿਸਤਾਨ ਦੇ ਦੂਤਾਵਾਸ ਬੰਦ ਨਹੀਂ ਹੋਏ ਹਨ। ਭਾਰਤ ਦਾ ਤਾਲਿਬਨ ਨਾਲ਼ ਸੰਵਾਦ ਰਚਾਉਣ ਦਾ, ਹਿੱਤ ਵਿੱਚ ਲਿਆ ਗਿਆ ਫ਼ੈਸਲਾ ਹੋਵੇਗਾ।"
ਉਨ੍ਹਾਂ ਦਾ ਮੰਨਣਾ ਹੈ ਕਿ ਅਜੇ ਤੱਕ ਭਾਰਤ ਨੇ ਜਿਹੋ-ਜਿਹਾ ਰਵੀਆ ਅਪਣਾਇਆ ਹੈ ਉਹ ਬਿਲਕੁਲ ਸਹੀ ਰਿਹਾ। ਜਦਕਿ ਹੁਣ ਬਦਲੇ ਹੋਏ ਹਾਲਾਤ ਮੂਜਬ ਆਪਣੀ ਨੀਤੀ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਦੇ ਤਾਲਿਬਾਨ ਅਤੇ ਹੁਣ ਤੇ ਤਾਲਿਬਾਨ ਵਿੱਚ ਇੰਨਾ ਫ਼ਰਕ ਹੈ ਕਿ ਹੁਣ ਉਨ੍ਹਾਂ ਦਾ "ਵਿਸ਼ਵੀਕਰਨ" ਹੋ ਚੁੱਕਿਆ ਹੈ।
ਉਨ੍ਹਾਂ ਦਾ ਕਹਿਣਾ ਸੀ,"ਪਹਿਲਾਂ ਵਾਲ਼ਾ ਤਾਲਿਬਾਨ ਪੂਰੀ ਤਰ੍ਹਾਂ ਪਾਕਿਸਤਾਨ ਦੇ ਕੰਟਰੋਲ ਵਿੱਚ ਰਿਹਾ। ਲੇਕਿਨ ਸੰਗਠਨ ਦੇ ਦੂਜੇ ਸਭ ਤੋਂ ਵੱਡੇ ਆਗੂ ਅਬਦੁੱਲ ਗ਼ਨੀ ਬਰਦਾਰ ਨੇ ਅੱਠ ਸਾਲਾਂ ਤੱਕ ਪਾਕਿਸਤਾਨੀ ਜੇਲ੍ਹਾਂ ਵਿੱਚ ਤਸੀਹੇ ਝੱਲੇ।
ਇਸ ਤੋਂ ਬਾਅਦ ਤਾਲਿਬਾਨ ਦਾ ਹੁਣ ਪਾਕਿਸਤਾਨ ਪ੍ਰਤੀ ਰਵੀਆ ਪਹਿਲਾਂ ਵਰਗਾ ਰਹੇ ਇਹ ਜ਼ਰੂਰੀ ਨਹੀਂ ਹੈ। ਇਸ ਦੇ ਸੰਕੇਤ ਉਦੋਂ ਮਿਲਣ ਲੱਗੇ ਸਨ ਜਦੋਂ ਤਾਲਿਬਾਨ ਨਾ ਇੰਨੀ ਤੇਜ਼ੀ ਨਾਲ਼ ਅਫ਼ਗਾਨਿਸਤਾਨ ਦੀ ਸੱਤਾ ਉੱਪਰ ਕਬਜ਼ਾ ਕਰ ਲਿਆ।"
ਸੱਤਾ ਹਾਸਲ ਕਰਨ ਤੋਂ ਬਾਅਦ ਤਾਲਿਬਾਨ ਵੱਲੋਂ ਦਿੱਤੇ ਗਏ ਸੰਕੇਤਾਂ ਨੂੰ ਰਣਨੀਤੀ ਮਾਹਰ ਗੰਭੀਰਤਾ ਨਾਲ ਦੇਖ ਰਹੇ ਹਨ।
ਮਿਸਾਲ ਵਜੋਂ ਔਰਤਾਂ ਨੂੰ ਬੁਰਕੇ ਦੇ ਥਾਂ ਹਿਜਾਬ ਪਾ ਕੇ ਕੰਮ ਕਰਨ ਦੀ ਆਗਿਆ, ਅਫ਼ਗਾਨਿਸਤਾਨ ਦੀ ਧਰਤੀ ਦਾ ਕਿਸੇ ਹੋਰ ਦੇਸ਼ ਦੇ ਖ਼ਿਲਾਫ਼ ਵਰਤੋਂ ਨਾ ਕਰਨ ਦਿੱਤੇ ਜਾਣਾ, ਗੁਰਦੁਆਰੇ ਵਿੱਚ ਸਿੱਖਾਂ ਅਤੇ ਹਿੰਦੂਆਂ ਨੂੰ ਭਰੋਸਾ ਦਵਾਉਣਾ, ਭਾਰਤ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਦੀ ਬੇਨਤੀ ਅਤੇ ਸ਼ੀਆ ਭਾਈਚਾਰੇ ਨਾਲ਼ ਸੰਬੰਧ ਬਿਹਤਰ ਬਣਾਉਣ ਦੇ ਭਰੋਸੇ ਦਾ ਵੀ ਬਾਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ।
ਜਿੱਥੋਂ ਤੱਕ ਗੱਲ ਰਹੀ ਅਫ਼ਗਾਨਿਸਤਾਨ ਵਿੱਚ ਸ਼ਰੀਅਤ ਲਾਗੂ ਕਰਨ ਦੀ ਤਾਂ ਅਭਿਜੀਤ ਅਈਅਰ ਮਿਤਰਾ ਕਹਿੰਦੇ ਹਨ ਕਿ ਕਾਬੁਲ ਅਤੇ ਕੁਝ ਸੂਬਿਆਂ ਨੂੰ ਛੱਡ ਕੇ ਅਫ਼ਗਾਨਿਸਤਾਨ ਵਿੱਚ ਕੋਈ ਕਨੂੰਨ ਸਖ਼ਤੀ ਨਾਲ ਲਾਗੂ ਹੀ ਨਹੀਂ ਰਿਹਾ।
ਮਿਤਰਾ ਕਹਿੰਦੇ ਹਨ,"ਸੂਬਿਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਘਰ ਵਿੱਚ ਜੋ ਵੱਡਾ ਹੈ ਜਾਂ ਜੋ ਕੁਨਬੇ ਦਾ ਸਰਦਾਰ ਹੈ, ਜੋ ਉਸ ਨੇ ਕਹਿ ਦਿੱਤਾ ਉਹੀ ਕਨੂੰਨ ਹੈ। ਸ਼ਰੀਆ ਲਾਗੂ ਹੋਣ ਨਾਲ਼ ਕੋਈ ਨਵੀਂ ਪ੍ਰਣਾਲੀ ਤਾਂ ਆ ਜਾਵੇਗੀ ਜਿਸ ਤਹਿਤ ਮਾਮਲਿਆਂ ਨੂੰ ਹੱਲ ਕੀਤਾ ਜਾਵੇਗਾ। ਇਸ ਪ੍ਰਣਾਲੀ ਕਾਬੁਲ ਲਈ ਠੀਕ ਨਹੀਂ ਹੋ ਸਕਦੀ ਪਰ ਅਫ਼ਗਾਨਿਸਤਾਨ ਦੇ ਇੱਕ ਵੱਡੇ ਭੂ-ਭਾਗ ਵਿੱਚ ਇਸ ਦੇ ਬਹਾਨੇ ਕੋਈ ਕਨੰਨ-ਪ੍ਰਣਾਲੀ ਤਾਂ ਲਾਗੂ ਹੋਵੇਗੀ।"
ਉਹ ਕਹਿੰਦੇ ਹਨ ਕਿ ਇਹ ਸਹੀ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਦੀ ਪੁਸ਼ਤਪਨਾਹੀ ਨੇ ਹੀ ਮਜ਼ਬੂਤ ਕੀਤਾ ਹੈ ਪਰ ਆਮ ਅਫ਼ਗਾਨ ਦੀਆਂ ਭਾਵਨਾਵਾਂ ਪਾਕਿਸਾਤਾਨ ਦੇ ਖ਼ਿਲਾਫ਼ ਹੀ ਹਨ।
ਇਸ ਦਾ ਭਾਰਤ ਨੂੰ ਲਾਭ ਚੁੱਕਣਾ ਚਾਹੀਦਾ ਹੈ ਕਿਉਂਕਿ ਤਾਲਿਬਾਨ ਵੀ ਵੱਡੀ ਅਬਾਦੀ ਦੀਆਂ ਭਾਵਨਾਵਾਂ ਦੇ ਉਲਟ ਜਾਣ ਦਾ ਖ਼ਤਰਾ ਨਹੀਂ ਚੁੱਕ ਸਕਦਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















