ਅਫ਼ਗਾਨਿਸਤਾਨ: ਕਾਬੁਲ ਵਿੱਚ ਗੋਲ਼ੀਆਂ ਦੀ ਗੂੰਜ ਪੈ ਰਹੀ ਹੈ ਤੇ ਤਾਲਿਬਾਨ ਕੰਧਾਰ ਦੇ ਤੈਰਾਕੀ ਤਲਾਅ 'ਚ ਡੁਬਕੀ ਲਾ ਰਹੇ ਹਨ - ਡਾਇਰੀ

ਅਫ਼ਗਾਨਿਸਤਾਨ

ਤਸਵੀਰ ਸਰੋਤ, Getty Images

    • ਲੇਖਕ, ਮਲਿਕ ਮੁਦੱਸਰ
    • ਰੋਲ, ਬੀਬੀਸੀ ਪੱਤਰਕਾਰ, ਕਾਬੁਲ

ਕਾਬੁਲ ਵਿੱਚ ਗੋਲੀਬਾਰੀ ਦੀਆਂ ਆਵਾਜ਼ਾਂ ਵੀਰਵਾਰ ਨੂੰ ਵੀ ਸੁਣਾਈ ਦਿੱਤੀਆਂ। ਇਸ ਗੋਲੀਬਾਰੀ ਦਾ ਉਦੇਸ਼, ਸੜਕਾਂ 'ਤੇ ਮੌਜੂਦ ਸੈਂਕੜੇ ਲੋਕਾਂ ਨੂੰ ਤਿਤਰ-ਬਿਤਰ ਕਰਨਾ ਸੀ ਜੋ ਵਿਦੇਸ਼ੀ ਦੂਤਾਵਾਸਾਂ ਵੱਲ ਵੱਧ ਰਹੇ ਸਨ ਅਤੇ ਹਵਾਈ ਅੱਡੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਮੈਨੂੰ ਲਗਦਾ ਹੈ ਕਿ ਆਸ਼ੁਰਾ ਛੁੱਟੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ, ਜਦੋਂ ਦਫਤਰ ਅਤੇ ਕਾਰੋਬਾਰ ਖੁੱਲ੍ਹਣਗੇ ਤਾਂ ਹੀ ਇਹ ਜਾਣਨਾ ਸੰਭਵ ਹੋਵੇਗਾ ਕਿ ਨਵੀਂ ਪ੍ਰਣਾਲੀ ਕਿਸ ਹੱਦ ਤੱਕ ਅਜ਼ਾਦ ਹੋਵੇਗੀ।

19 ਅਗਸਤ, ਅਫ਼ਗ਼ਾਨਿਸਤਾਨ ਦਾ ਅਜ਼ਾਦੀ ਦਿਹਾੜਾ ਵੀ ਹੈ। ਸ਼ਪਸ਼ਟ ਤੌਰ 'ਤੇ ਇੱਥੇ ਜਸ਼ਨ ਦਾ ਮਾਹੌਲ ਤਾਂ ਬਿਲਕੁਲ ਵੀ ਨਹੀਂ ਦਿਖਾਈ ਦੇ ਰਿਹਾ।

ਹਾਲਾਂਕਿ ਇੱਥੇ ਬਹੁਤ ਸਾਰੇ ਲੋਕ ਹਨ ਜੋ ਕੌਮੀ ਝੰਡੇ ਦੇ ਗਾਇਬ ਹੋਣ ਨੂੰ ਸਵੀਕਾਰ ਕਰਨ ਅਤੇ ਇਸਲਾਮਿਕ ਅਮੀਰਾਤ ਦੇ ਝੰਡੇ ਨੂੰ ਲਹਿਰਾਉਣ ਲਈ ਬਿਲਕੁਲ ਤਿਆਰ ਨਹੀਂ ਜਾਪਦੇ।

ਇਸ ਲਈ ਪ੍ਰਦਰਸ਼ਨ ਵੀ ਹੋ ਰਹੇ ਹਨ ਅਤੇ ਗੋਲੀਬਾਰੀ ਵੀ ਕੀਤੀ ਗਈ ਹੈ।

ਕੱਲ੍ਹ ਜਲਾਲਾਬਾਦ ਵਿੱਚ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ 'ਤੇ ਗੋਲੀਆਂ ਵੀ ਚਲਾਈਆਂ ਗਈਆਂ, ਜਦੋਂ ਕਿ ਅੱਜ ਕਾਬੁਲ ਅਤੇ ਕੁਝ ਹੋਰ ਖੇਤਰਾਂ ਵਿੱਚ ਵੀ ਲੋਕ ਬਾਹਰ ਨਿਕਲ ਕੇ ਆਏ।

ਉਨ੍ਹਾਂ ਵਿੱਚ ਔਰਤਾਂ, ਮਰਦ ਅਤੇ ਨੌਜਵਾਨ ਸ਼ਾਮਲ ਸਨ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਵੱਡੇ-ਛੋਟੇ ਕੌਮੀ ਝੰਡੇ ਚੁੱਕੇ ਹੋਏ ਸਨ।

ਇਹ ਵੀ ਪੜ੍ਹੋ:

ਹਾਲਾਂਕਿ ਦੋ ਦਿਨ ਪਹਿਲਾਂ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਸਾਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਕੰਮ ਨਿਰਪੱਖਤਾ ਨਾਲ ਕਰ ਸਕਦੇ ਹੋ, ਪਰ ਅੱਜ ਦੂਜਾ ਦਿਨ ਹੈ ਜਦੋਂ ਕੋਈ ਤਸਵੀਰ ਖਿੱਚਣ ਲਈ ਜਾਂ ਵੀਡੀਓ ਬਣਾਉਣ ਲਈ ਕੈਮਰਾ ਚੁੱਕਣ 'ਤੇ, ਤਾਲਿਬਾਨ ਦੇ ਲੜਾਕਿਆਂ ਨੇ ਮੈਨੂੰ ਟੋਕਿਆ।

ਇਸ ਲਈ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਚੀਜ਼ ਗੁਪਤ ਤਰੀਕੇ ਨਾਲ ਹੁੰਦੀ ਹੈ, ਇਹ ਹੋ ਜਾਵੇ ਤਾਂ ਠੀਕ ਨਹੀਂ ਤਾਂ ਅਸੀਂ ਆਪਣੀ ਜ਼ਰੂਰਤ ਅਨੁਸਾਰ ਜਦੋਂ ਮਰਜ਼ੀ ਤਸਵੀਰਾਂ ਜਾਂ ਵੀਡਿਓ ਨਹੀਂ ਲੈ ਸਕਦੇ।

ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿੱਚ ਤਾਲਿਬਾਨ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।

ਭਾਵੇਂ ਇਹ ਕਾਬੁਲ ਹੋਵੇ ਜਾਂ ਕੰਧਾਰ ਜਾਂ ਕੋਈ ਹੋਰ ਸ਼ਹਿਰ, ਮੈਂ ਇੱਥੇ ਅਣਗਿਣਤ ਵਾਰ ਆਪਣੇ ਕੈਮਰੇ ਨਾਲ ਡਾਕਿਊਮੈਂਟਰੀਆਂ ਬਣਾਈਆਂ ਹਨ ਅਤੇ ਰਿਪੋਰਟਿੰਗ ਕੀਤੀ ਹੈ।

ਇਸ ਲਈ ਫਿਲਮਾਏ ਬਗੈਰ, ਮੈਂ ਆਪਣੇ ਮੋਬਾਈਲ ਫੋਨ ਦਾ ਕੈਮਰਾ ਬੰਦ ਕਰਾਂਗਾ, ਕੈਮਰਾ ਅਤੇ ਟ੍ਰਾਈਪੌਡ ਚੁੱਕਾਂਗਾ, ਇੱਕ ਥਾਂ ਤੋਂ ਜਾਂ ਦੂਜੀ ਥਾਂ 'ਤੇ ਜਾਵਾਂਗਾ, ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਅੰਤ ਵਿੱਚ ਆਪਣੇ ਨਿਵਾਸ 'ਤੇ ਵਾਪਸ ਆ ਜਾਵਾਂਗਾ।

ਹੁਣ ਤੱਕ, ਤਾਲਿਬਾਨ ਦੀਆਂ ਸੈਲਫੀਆਂ ਅਤੇ ਨਰਮ ਬੋਲਾਂ ਤੋਂ ਲੱਗਦਾ ਹੈ ਕਿ ਉਹ ਤਸਵੀਰਾਂ ਨੂੰ ਲੈ ਕੇ ਨਰਮੀ ਵਰਤ ਸਕਦੇ ਹਨ ਪਰ ਇਹ ਨਿਸ਼ਚਤ ਰੂਪ ਨਾਲ ਨਹੀਂ ਕਿਹਾ ਗਿਆ ਹੈ ਕਿ ਕਾਬੁਲ ਤੋਂ ਕੰਧਾਰ ਤੱਕ ਦੇ ਰਾਜਮਾਰਗਾਂ ਅਤੇ ਇਮਾਰਤਾਂ 'ਤੇ ਬਣੀਆਂ ਮੂਰਤੀਆਂ ਅਤੇ ਤਸਵੀਰਾਂ ਦਾ ਕੀ ਹੋਵੇਗਾ।

ਕਾਬੁਲ ਦੇ ਬਾਕਸ ਕੈਮਰੇ

ਕੰਧਾਰ ਦੇ ਇੱਕ ਆਦਮੀ ਨੇ ਸਾਨੂੰ ਕੰਧਾਰ ਦੀ ਤਬਾਹੀ, ਉੱਥੇ ਹੋ ਰਹੀਆਂ ਤਬਦੀਲੀਆਂ ਅਤੇ ਉਸਦੀ ਆਪਣੀ ਯਾਤਰਾ ਬਾਰੇ ਦੱਸਿਆ।

ਮੈਂ ਆਪ ਵੀ ਕੁਝ ਮਹੀਨੇ ਪਹਿਲਾਂ ਕੰਧਾਰ ਗਿਆ ਸੀ। ਹੁਣ ਮੈਨੂੰ ਇਹ ਵੀ ਯਾਦ ਨਹੀਂ ਹੈ ਕਿ ਮੈਂ ਉੱਥੇ ਕੁੱਲ ਕਿੰਨੀ ਵਾਰ ਗਿਆ ਹਾਂ, ਸ਼ਾਇਦ 25 ਜਾਂ ਇਸ ਤੋਂ ਵੀ ਵੱਧ ਵਾਰ। ਪਹਿਲੀ ਵਾਰ ਮੈਂ ਉੱਥੇ ਇੱਕ ਪ੍ਰਾਈਵੇਟ ਕੰਪਨੀ ਲਈ ਡਾਕਿਊਮੈਂਟਰੀ ਬਣਾਉਣ ਗਿਆ ਸੀ।

ਉਸੇ ਸਾਲ, ਮੈਂ ਕੰਧਾਰ ਦੇ ਸ਼ਹੀਦਾਂ ਵਾਲੇ ਚੌਕ ਵਿੱਚ ਅਫ਼ਗਾਨ ਬਾਕਸ ਕੈਮਰਿਆਂ ਦੀ ਇੱਕ ਲਾਈਨ ਵੇਖੀ ਸੀ।

ਕੰਧਾਰ ਵਿੱਚ ਬਿਜਲੀ ਕਾਫੀ ਦੇਰ ਨਾਲ ਆਈ ਸੀ ਅਤੇ ਉਸ ਸਮੇਂ ਲੋਕ ਤਸਵੀਰਾਂ ਲੈਣ ਲਈ ਇਸ ਕੈਮਰੇ ਦੀ ਵਰਤੋਂ ਕਰਦੇ ਸਨ, ਜਿਸਦੀ ਖੋਜ 1825 ਵਿੱਚ ਹੋਈ ਸੀ।

ਕਾਬੁਲ ਵਿੱਚ 2006 ਦੌਰਾਨ ਦੌ ਬੁਰਕਾਧਾਰੀ ਔਰਤਾਂ ਬਾਕਸ ਕੈਮਰੇ ਦੇ ਸਾਹਮਣੇ ਬੈਠ ਕੇ ਤਸਵੀਰ ਖਿਚਵਾਉਂਦੀਆਂ ਹੋਈਆਂ

ਤਸਵੀਰ ਸਰੋਤ, Scott Peterson/getty images

ਤਸਵੀਰ ਕੈਪਸ਼ਨ, ਕਾਬੁਲ ਵਿੱਚ 2006 ਦੌਰਾਨ ਦੋ ਬੁਰਕਾਧਾਰੀ ਔਰਤਾਂ ਬਾਕਸ ਕੈਮਰੇ ਦੇ ਸਾਹਮਣੇ ਬੈਠ ਕੇ ਤਸਵੀਰ ਖਿਚਵਾਉਂਦੀਆਂ ਹੋਈਆਂ, ਉਸ ਸਮੇਂ ਬਾਕਸ ਕੈਮਰੇ ਰਾਜਧਾਨੀ ਕਾਬੁਲ ਵਿੱਚ ਆਮ ਦੇਖੇ ਜਾਂਦੇ ਸਨ

2019 ਵਿੱਚ ਜਦੋਂ ਮੈਂ ਇਸ ਚੌਕ ਤੋਂ ਲੰਘ ਰਿਹਾ ਸੀ, ਮੈਂ ਇੱਕ ਫੋਟੋਗ੍ਰਾਫਰ ਦੀ ਦੁਕਾਨ ਦੇ ਬਾਹਰ ਉਹੀ ਅਫ਼ਗਾਨ ਬਾਕਸ ਕੈਮਰਾ ਵੇਖਿਆ, ਮੈਂ ਤੁਰੰਤ ਆਪਣੀ ਕਾਰ ਵਿੱਚੋਂ ਉਤਰਿਆ ਅਤੇ ਡੇਢ ਸੌ ਡਾਲਰ ਵਿੱਚ ਉਹ ਕੈਮਰਾ ਖਰੀਦ ਲਿਆ।

ਸ਼ਾਇਦ ਉਹ ਚੌਕ ਦਾ ਆਖਰੀ ਕੈਮਰਾ ਸੀ। ਦੁਕਾਨਦਾਰ ਨੇ ਹੈਰਾਨੀ ਨਾਲ ਮੈਨੂੰ ਪੁੱਛਿਆ ਸੀ, "ਤੁਸੀਂ ਇਹ ਕਿਉਂ ਖਰੀਦ ਰਹੇ ਹੋ? ਤੁਸੀਂ ਇਸ ਨਾਲ ਕੀ ਕਰੋਗੇ?"

ਮੈਂ ਕਿਹਾ, "ਮੈਂ ਇਸਨੂੰ ਆਪਣੇ ਡਰਾਇੰਗ ਰੂਮ ਵਿੱਚ ਰੱਖਾਂਗਾ।" ਇਹ ਸੁਣ ਕੇ ਉਹ ਹੋਰ ਵੀ ਹੈਰਾਨ ਹੋ ਗਿਆ ਸੀ।

ਖੈਰ, ਮੈਨੂੰ ਨਹੀਂ ਪਤਾ ਕਿ ਅੱਜ ਇਸ ਚੌਕ ਵਿੱਚ ਕਿਸੇ ਫੋਟੋਗ੍ਰਾਫਰ ਦੀ ਕੋਈ ਦੁਕਾਨ ਖੁੱਲ੍ਹੀ ਹੈ ਜਾਂ ਨਹੀਂ। ਸੁਣਨ ਵਿੱਚ ਆਇਆ ਹੈ ਕਿ ਅੱਜ ਜਦੋਂ ਕੰਧਾਰ ਵਿੱਚ ਕੌਮੀ ਝੰਡੇ ਨਾਲ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਕੁਝ ਪੱਤਰਕਾਰ ਵੀ ਇਸ ਵਿਰੋਧ ਦਾ ਸ਼ਿਕਾਰ ਹੋਏ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੰਧਾਰ ਦੇ ਇੱਕ ਸਥਾਨਕ ਨਿਵਾਸੀ, ਗੁਲ ਮੁਹੰਮਦ (ਬਦਲਿਆ ਨਾਮ) ਨੇ ਸਾਨੂੰ ਦੱਸਿਆ ਕਿ ਕੁਝ ਸੁਧਾਰ ਹੋਇਆ ਹੈ, ਪਰ ਇੱਕ ਦਿਨ ਪਹਿਲਾਂ, ਸ਼ਹਿਰ ਦੇ ਲੋਕ ਗੋਲੀਬਾਰੀ ਦੀ ਸ਼ਿਕਾਇਤ ਕਰ ਰਹੇ ਸਨ।

ਕੁਝ ਲੋਕ ਬਗਰਾਮ ਜੇਲ੍ਹ ਤੋਂ ਆਏ ਸਨ ਅਤੇ ਗੋਲੀਬਾਰੀ ਕਰ ਰਹੇ ਸਨ।

ਗੁਲ ਮੁਹੰਮਦ ਕਹਿੰਦੇ ਹਨ, "ਇੱਥੇ ਬਹੁਤ ਜ਼ਿਆਦਾ ਭੀੜ ਸੀ, ਬਹੁਤ ਸਾਰੇ ਤਾਲਿਬਾਨ ਸਨ ਜੋ ਮੋਟਰਸਾਈਕਲਾਂ 'ਤੇ ਸ਼ਹਿਰ ਭਰ ਵਿੱਚ ਘੁੰਮ ਰਹੇ ਸਨ।

ਕੁਝ ਲੋਕ ਘਰਾਂ ਨੂੰ ਪਰਤ ਰਹੇ ਸਨ ਪਰ ਹੁਣ ਇਸ ਵਿੱਚ ਸੁਧਾਰ ਹੋਇਆ ਹੈ। ਰਾਜਪਾਲ ਦੇ ਬੁਲਾਰੇ ਨੇ ਕਿਹਾ: "ਅਸੀਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਸਜ਼ਾ ਦੇਵਾਂਗੇ।"

ਹਾਲਾਂਕਿ, ਗੁਲ ਮੁਹੰਮਦ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੁਕਾਨਾਂ ਅਜੇ ਵੀ ਬੰਦ ਹਨ।

ਕੰਧਾਰ ਵਿੱਚ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹਨ, ਪਰ ਟ੍ਰੈਫਿਕ ਪੁਲਿਸ ਸੜਕਾਂ 'ਤੇ ਆ ਗਈ ਹੈ ਅਤੇ ਸਰਕਾਰੀ ਦਫਤਰਾਂ, ਜਿਵੇਂ ਕਿ ਹਸਪਤਾਲ ਅਤੇ ਪਾਣੀ ਦੀ ਸਪਲਾਈ ਆਦਿ ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਗਵਰਨਰ ਹਾਊਸ ਅਤੇ ਕਸਟਮ ਦਫਤਰ ਅਜੇ ਵੀ ਬੰਦ ਹਨ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਦੀ ਫੌਜ ਤਾਲਿਬਾਨ ਦੇ ਸਾਹਮਣੇ ਕਿਉਂ ਨਹੀਂ ਖੜ ਸਕੀ

ਲੋਕ ਚਿੰਤਤ ਹਨ, ਸ਼ਾਇਦ ਇਸੇ ਲਈ ਕੋਈ ਕੰਮ 'ਤੇ ਨਹੀਂ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਰਕਾਰੀ ਅਧਿਕਾਰੀ ਸ਼ਹਿਰ ਛੱਡ ਗਏ ਸਨ, ਪਰ ਪਿਛਲੇ ਦੋ ਦਿਨਾਂ ਵਿੱਚ ਉਨ੍ਹਾਂ ਵਿੱਚੋਂ ਕੁਝ ਲੋਕ ਵਾਪਸ ਆ ਗਏ ਹਨ।

ਅਸੀਂ ਗੁਲ ਮੁਹੰਮਦ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਕੰਧਾਰ ਹਮੇਸ਼ਾ ਲਈ ਛੱਡ ਦਿੱਤਾ ਸੀ।

ਆਮ ਲੋਕਾਂ ਨੇ ਚੁਕਾਈ ਜੰਗ ਦੀ ਕੀਮਤ

ਉਨ੍ਹਾਂ ਨੇ ਆਪਣੀ ਕਹਾਣੀ ਦੱਸੀ ਅਤੇ ਕਿਹਾ ਕਿ ਉਹ ਕਾਬੁਲ ਸਿਰਫ ਕੰਮ ਲਈ ਆਏ ਸਨ, ਪਰ ਇਮਾਨਦਾਰੀ ਨਾਲ ਦੱਸਾਂ, "ਮੈਨੂੰ ਰਹਿਣ ਵਿੱਚ ਡਰ ਲੱਗ ਰਿਹਾ ਹੈ, ਮੈਨੂੰ ਨਹੀਂ ਪਤਾ ਕਿ ਇੱਥੇ ਨਵੀਂ ਪ੍ਰਣਾਲੀ ਕਿਹੋ-ਜਿਹੀ ਹੋਵੇਗੀ?"

ਉਨ੍ਹਾਂ ਕਿਹਾ, "ਇਸ ਸਮੇਂ ਔਰਤਾਂ ਬਿਨਾਂ ਬੁਰਕਾ ਪਾਏ ਅਤੇ ਮਾਸਕ ਲਗਾ ਕੇ ਬਾਜ਼ਾਰ ਵਿੱਚ ਘੁੰਮ ਰਹੀਆਂ ਹਨ, ਪਰ ਅਸੀਂ ਭਵਿੱਖ ਬਾਰੇ ਚਿੰਤਤ ਹਾਂ। ਹਰ ਕੋਈ ਇਹੀ ਸੋਚ ਰਿਹਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅਫ਼ਗਾਨਿਸਤਾਨ ਛੱਡ ਕੇ ਜਾ ਰਹੇ ਹਨ। ਮੈਂ ਖੁਦ ਇੱਥੇ ਨਹੀਂ ਰਹਿਣਾ ਚਾਹੁੰਦਾ।"

ਗੁਲ ਮੁਹੰਮਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਹੀਨੇ ਭਰ ਚੱਲੀ ਇਸ ਲੜਾਈ ਦੌਰਾਨ ਹਰ ਰੋਜ਼ ਆਮ ਨਾਗਰਿਕਾਂ ਦੀਆਂ ਲਾਸ਼ਾਂ ਦੇਖੀਆਂ ਹਨ।

ਇਹ ਵੀ ਪੜ੍ਹੋ:

ਤਾਲਿਬਾਨ ਨੇ ਪੂਰਬ ਅਤੇ ਦੱਖਣ ਵਿੱਚ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਲੋਕਾਂ ਦੇ ਘਰਾਂ ਨੂੰ ਪਨਾਹਗਾਹ ਵਜੋਂ ਵਰਤਿਆ ਹੈ।

ਸ਼ਹਿਰ ਦੀ ਇੱਕ ਔਰਤ ਨੇ ਮੈਨੂੰ ਦੱਸਿਆ ਕਿ ਤਾਲਿਬਾਨ ਨੇ ਕਿਹਾ ਕਿ ਜੇ ਤੁਸੀਂ ਪੰਜ ਮਿੰਟਾਂ ਵਿੱਚ ਘਰ ਤੋਂ ਬਾਹਰ ਨਹੀਂ ਨਿੱਕਲੇ ਤਾਂ ਉਹ ਉਸਨੂੰ ਮਾਰ ਦੇਣਗੇ।

ਉਨ੍ਹਾਂ ਨੇ ਘਰਾਂ ਨੂੰ ਤਬਾਹ ਕਰ ਦਿੱਤਾ, ਸਰਕਾਰ ਉਨ੍ਹਾਂ ਦੇ ਵਿਰੁੱਧ ਹਵਾਈ ਸੈਨਾ ਦੀ ਵਰਤੋਂ ਕਰ ਰਹੀ ਸੀ, ਉਸਦੇ ਨਾਲ ਵੀ ਘਰ ਤਬਾਹ ਹੋਏ।

ਵੀਡੀਓ ਕੈਪਸ਼ਨ, ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਕਾਬੁਲ ਦੇ ਹਾਲਾਤ

ਗੁਲ ਮੁਹੰਮਦ ਦਾ ਕਹਿਣਾ ਹੈ ਕਿ ਆਮ ਨਾਗਰਿਕਾਂ ਨੇ 2001 ਤੋਂ ਇਸਦੀ ਕੀਮਤ ਅਦਾ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਬੁਲ ਯਾਤਰਾ ਬਾਰੇ ਇੱਕ ਚੰਗੀ ਗੱਲ ਇਹ ਸੀ ਕਿ ਉਹ ਕੰਧਾਰ ਤੋਂ ਰਾਤ ਨੂੰ 10 ਵਜੇ ਚੱਲੇ ਸਨ ਅਤੇ ਸਵੇਰੇ 7 ਵਜੇ ਪਹੁੰਚੇ ਸਨ, ਪਰ ਰਸਤੇ ਵਿੱਚ ਉਨ੍ਹਾਂ ਨੂੰ ਕਿਸੇ ਲੁਟੇਰੇ ਜਾਂ ਡਾਕੂ ਦਾ ਸਾਹਮਣਾ ਨਹੀਂ ਕਰਨਾ ਪਿਆ ਜੋ ਕਿ ਇੱਥੇ ਇੱਕ ਆਮ ਗੱਲ ਸੀ।

ਹਾਲਾਂਕਿ, ਇੱਥੇ ਦੋ ਚੌਕੀਆਂ ਸਨ ਜਿੱਥੇ ਤਾਲਿਬਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਹੈ ਅਤੇ ਫਿਰ ਉਨ੍ਹਾਂ ਨੂੰ ਜਾਣ ਵੀ ਦਿੱਤਾ।

ਕਾਬੁਲ ਹੁਣ ਅਤੇ ਪਹਿਲਾਂ...

ਗੁਲ ਮੁਹੰਮਦ 41 ਸਾਲ ਦੇ ਹਨ ਅਤੇ ਤਾਲਿਬਾਨ ਦਾ ਪਿਛਲਾ ਦੌਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ।

ਉਹ ਕਹਿੰਦੇ ਹਨ "ਹੁਣ ਅਸੀਂ ਕੰਧਾਰ ਵਿੱਚ ਆਧੁਨਿਕ ਇਮਾਰਤਾਂ ਅਤੇ ਵਿਕਾਸ ਵੇਖਦੇ ਹਾਂ।

ਜਦੋਂ ਤਾਲਿਬਾਨ ਪਹਿਲੀ ਵਾਰ ਆਇਆ ਸੀ, ਇੱਥੇ ਸੋਕਾ ਅਤੇ ਅਕਾਲ ਸੀ। ਲੋਕ ਗਰੀਬੀ ਵਿੱਚ ਜਿਓਂ ਰਹੇ ਸਨ, ਸਾਨੂੰ ਇੱਕ-ਇੱਕ ਨਿਵਾਲੇ ਲਈ ਬਹੁਤ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਸਨ।।

ਉਸ ਸਮੇਂ, ਤਾਲਿਬਾਨ ਨੇ ਫ਼ੀਮ ਬੀਜੀ ਅਤੇ ਸਾਨੂੰ ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਇੱਕ ਤਰ੍ਹਾਂ ਦਾ ਫੁੱਲ ਸੀ। ਅਸੀਂ ਇਸਦੇ ਬੀਜਾਂ (ਖਸਖਸ) ਨੂੰ ਖੰਡ ਨਾਲ ਮਿਲਾ ਕੇ ਖਾਂਦੇ ਸੀ, ਸਾਨੂੰ ਲੱਗਦਾ ਸੀ ਕਿ ਇਹ ਕੋਈ ਫਲ ਹੈ।"

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ꞉ ਨੌਂ ਸਾਲ ਦੇ ਛੋਟੇ ਬੱਚੇ ਅਫ਼ੀਮ ਦੇ ਆਦੀ

ਗੁਲ ਮੁਹੰਮਦ ਦੱਸਦੇ ਹਨ ਕਿ ਅਫੀਮ ਤਾਲਿਬਾਨ ਦੀ ਆਮਦਨ ਦਾ ਇੱਕ ਸਾਧਨ ਸੀ ਅਤੇ ਉਨ੍ਹਾਂ ਨੇ ਇਸ ਨੂੰ ਪੱਛਮ ਵਿਰੁੱਧ ਇੱਕ ਹਥਿਆਰ ਵਜੋਂ ਜਾਇਜ਼ ਠਹਿਰਾਇਆ ਸੀ।

ਮੈਂ ਗੁਲ ਮੁਹੰਮਦ ਨੂੰ ਪੁੱਛਿਆ ਕਿ ਕੀ ਤਾਲਿਬਾਨ ਅਜੇ ਵੀ ਪ੍ਰਾਰਥਨਾਵਾਂ, ਦਾੜ੍ਹੀਆਂ ਅਤੇ ਟੋਪੀਆਂ ਆਦਿ ਦੀ ਜਾਂਚ ਕਰਦੇ ਦਿਖਾਈ ਦੇ ਰਹੇ ਹਨ।

ਉਨ੍ਹਾਂ ਨੇ ਕਿਹਾ, "ਤਾਲਿਬਾਨ ਹਾਲੇ ਕੁਝ ਵੀ ਨਹੀਂ ਕਹਿ ਰਹੇ ਹਨ ਅਤੇ ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਉਹ ਅਜੇ ਵੀ ਚਾਹੁੰਦੇ ਹਨ ਕਿ ਕੌਮਾਂਤਰੀ ਭਾਈਚਾਰਾ ਉਨ੍ਹਾਂ ਨੂੰ ਮਾਨਤਾ ਦੇ ਦੇਵੇ।"

ਉਹ ਅੱਗੇ ਦੱਸਦੇ ਹਨ ਕਿ ਇੱਕ ਵਾਰ ਤਾਲਿਬਾਨ ਦੇ ਇੱਕ ਸਮੂਹ ਨੇ ਉਨ੍ਹਾਂ ਨੂੰ ਕੰਧਾਰ ਵਿੱਚ ਫੜ ਲਿਆ ਸੀ, ਉਸ ਸਮੇਂ ਉਹ 16 ਸਾਲ ਦੇ ਸਨ।

‘ਕਾਬੁਲ ਹੁਣ ਇੱਕ ਜੰਗਲ ਨਾ ਕਿ ਮਨੁੱਖੀ ਸ਼ਹਿਰ’

ਉਨ੍ਹਾਂ ਨੇ ਮੈਨੂੰ ਪੁੱਛਿਆ ਸੀ ਕਿ ਮੇਰੀ ਦਾੜ੍ਹੀ ਕਿਉਂ ਨਹੀਂ ਹੈ, ਮੇਰੇ ਕੋਲ ਟੋਪੀ ਕਿਉਂ ਨਹੀਂ ਹੈ, ਮੈਂ ਆਪਣੇ ਵਾਲ ਕਿਉਂ ਨਹੀਂ ਕੱਟੇ। ਮੈਂ ਕਿਹਾ ਕਿ ਮੇਰੇ ਕੋਲ ਆਪਣੇ ਵਾਲ ਕੱਟਣ ਦਾ ਸਮਾਂ ਨਹੀਂ ਸੀ, ਉਨ੍ਹਾਂ ਨੇ ਕਿਹਾ, ਅੱਛਾ, ਤੁਹਾਡੇ ਕੋਲ ਸਮਾਂ ਨਹੀਂ ਹੈ, ਸਾਡੇ ਕੋਲ ਹੈ।

ਉਨ੍ਹਾਂ ਨੇ ਇੱਕ ਮਸ਼ੀਨ ਚੁੱਕੀ, ਮੇਰੇ ਸਿਰ ਦੇ ਵਿਚਕਾਰ ਸੜਕ ਵਰਗਾ ਇੱਕ ਡਿਜ਼ਾਈਨ ਬਣਾਇਆ ਅਤੇ ਮੈਨੂੰ ਇਹ ਕਹਿੰਦੇ ਹੋਏ ਛੱਡ ਦਿੱਤਾ ਕਿ "ਹੁਣ ਤੁਹਾਡੇ ਕੋਲ ਸਮਾਂ ਹੈ।"

"ਸਾਨੂੰ ਇਹ ਸਾਫ ਤੌਰ 'ਤੇ ਸਮਝ ਆ ਗਿਆ ਕਿ ਉਦੋਂ ਇਹ ਇੱਕ ਜੰਗਲ ਵਰਗਾ ਸੀ। ਨਾ ਕਿ ਇੱਕ ਮਨੁੱਖੀ ਸ਼ਹਿਰ। ਉਸ ਸਮੇਂ ਮੈਂ ਆਪਣੇ ਪਰਿਵਾਰ ਨੂੰ ਕਿਹਾ ਕਿ ਮੈਂ ਹੁਣ ਇੱਥੇ ਨਹੀਂ ਰਹਾਂਗਾ ਅਤੇ ਫਿਰ ਮੈਂ ਅੱਠ ਸਾਲ ਪਾਕਿਸਤਾਨ ਵਿੱਚ ਰਿਹਾ।

ਫਿਰ ਜਦੋਂ ਤਾਲਿਬਾਨ ਚਲਿਆ ਗਿਆ ਅਤੇ ਕੁਝ ਸਮਾਂ ਬੀਤ ਗਿਆ, ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਇੱਥੇ ਵਾਪਸ ਆ ਗਿਆ। ਮੈਨੂੰ ਨਹੀਂ ਪਤਾ ਕਿ ਮੈਂ ਇੱਥੇ ਹੋਰ ਕਿੰਨਾ ਚਿਰ ਰਹਿ ਸਕਾਂਗਾ।"

ਗੁਲ ਮੁਹੰਮਦ ਕਹਿੰਦੇ ਹਨ, "ਅੱਜ ਇੱਥੇ ਸਾਡੇ ਕੋਲ ਸਭ ਕੁਝ ਹੈ, ਪਰ ਅਜੇ ਇਹ ਪਤਾ ਨਹੀਂ ਹੈ ਕਿ ਕੀ ਅਸੀਂ ਹਮੇਸ਼ਾ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਾਂਗੇ ਜੋ ਸਾਡੇ ਕੋਲ ਹਨ।"

"ਹੁਣ ਕੰਧਾਰ ਇੱਕ ਆਧੁਨਿਕ ਸ਼ਹਿਰ ਹੈ। ਕੁੜੀਆਂ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ, ਔਰਤਾਂ ਇਕੱਲੇ ਬਾਹਰ ਜਾ ਸਕਦੀਆਂ ਸਨ ਅਤੇ ਗੱਡੀ ਵੀ ਚਲਾ ਸਕਦੀਆਂ ਸਨ।

ਇੱਥੇ ਤੁਹਾਨੂੰ ਚੰਗੀਆਂ ਇਮਾਰਤਾਂ ਅਤੇ ਆਧੁਨਿਕ ਸ਼ੈਲੀ ਦੀ ਰਿਹਾਇਸ਼ ਮਿਲੇਗੀ। ਸ਼ਹਿਰ ਦੀ ਆਧੁਨਿਕ ਹਾਊਸਿੰਗ ਸੁਸਾਇਟੀ, ਆਈਨੋ ਮੀਨਾ, ਹਰ ਆਉਣ ਵਾਲੇ ਵਿਅਕਤੀ ਦਾ ਧਿਆਨ ਖਿੱਚਦੀ ਹੈ।"

ਗੁਲ ਮੁਹੰਮਦ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਪੁੱਛਿਆ, "ਪਿਤਾ ਜੀ, ਇਹ ਤਾਲਿਬਾਨ ਫੁਹਾਰੇ ਦੇ ਗੰਦੇ ਪਾਣੀ ਵਿੱਚ ਆਪਣੇ ਹੱਥ ਕਿਉਂ ਧੋ ਰਹੇ ਹਨ?

ਵੀਡੀਓ ਕੈਪਸ਼ਨ, ਤਾਲਿਬਾਨ ਦਾ ਅਫ਼ਗਾਨਿਸਤਾਨ 'ਚ ਅਜਿਹਾ ਖੌਫ਼ ਕਿ ਲੋਕ ਦੇਸ਼ ਛੱਡਣ ਨੂੰ ਕਾਹਲੇ

"ਜਦੋਂ ਮੈਂ ਮੁੜਿਆ, ਤਾਂ ਮੈਂ ਵੇਖਿਆ ਕਿ ਕੁਝ ਤਾਲਿਬਾਨ ਸ਼ਹਿਰ ਦੇ ਮੱਧ ਵਿੱਚ ਇੱਕ ਫੁਹਾਰੇ ਦੁਆਲੇ ਬੈਠੇ ਸਨ, ਉਹ ਆਈਸਕ੍ਰੀਮ ਖਾ ਰਹੇ ਸਨ, ਜੂਸ ਪੀ ਰਹੇ ਸਨ ਅਤੇ ਫੁਹਾਰੇ ਦੇ ਪਾਣੀ ਨਾਲ ਹੱਥ-ਮੂੰਹ ਧੋ ਰਹੇ ਸਨ, ਉਹ ਪਾਣੀ ਜੋ ਮਹੀਨਿਆਂ ਤੋਂ ਨਹੀਂ ਬਦਲਿਆ ਗਿਆ ਸੀ।"

"ਇਸੇ ਤਰ੍ਹਾਂ, ਤਿੰਨ ਦਿਨ ਪਹਿਲਾਂ ਜਦੋਂ ਮੈਂ ਸਵੀਮਿੰਗ ਪੂਲ ਗਿਆ, ਉਹ ਬੰਦ ਸੀ। ਪੁੱਛਣ 'ਤੇ ਦੱਸਿਆ ਗਿਆ ਕਿ ਤਾਲਿਬਾਨ ਇੱਥੇ ਆਉਂਦੇ ਸਨ ਅਤੇ ਕਹਿੰਦੇ ਸਨ ਕਿ ਅਸੀਂ ਇਸ ਵਿੱਚ ਜਾਵਾਂਗੇ।

ਫਿਰ ਉਹ ਆਪਣੀਆਂ ਜੁੱਤੀਆਂ ਸਮੇਤ ਇਸ ਵਿੱਚ ਵੜ ਜਾਂਦੇ ਸਨ ਅਤੇ ਪੂਲ ਦੇ ਪਾਣੀ ਨੂੰ ਗੰਦਾ ਕਰ ਦਿੰਦੇ ਸਨ, ਇਸ ਲਈ ਹੁਣ ਇਹ ਬੰਦ ਹੈ।"

ਗੁਲ ਮੁਹੰਮਦ ਦਾ ਕਹਿਣਾ ਹੈ ਕਿ ਪਹਿਲਾਂ ਵਾਲੇ ਦੌਰ ਵਿੱਚ ਤਾਲਿਬਾਨ ਆਪਣੇ ਆਪ ਨੂੰ ਪੜ੍ਹੇ-ਲਿਖੇ ਇਸਲਾਮਿਕ ਤਾਲਿਬਾਨ ਕਹਿੰਦੇ ਸਨ।

ਜਦੋਂ ਲਾਜਵਾਬ ਹੋਇਆ ਤਾਲਿਬਾਨ

"ਪਹਿਲਾਂ ਸਾਨੂੰ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਸੀ, ਪਰ ਹੁਣ ਜਦੋਂ ਮੈਂ ਕੰਧਾਰ ਵਿੱਚ ਕੁਝ ਤਾਲਿਬਾਨਾਂ ਨਾਲ ਗੱਲ ਕਰਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਉਹ ਖੁਦ ਬਹੁਤ ਸਾਰੇ ਇਸਲਾਮੀ ਸਿਧਾਂਤਾਂ ਤੋਂ ਜਾਣੂ ਨਹੀਂ ਹਨ।"

"ਅਜਿਹਾ ਲੱਗਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਅਜਿਹੇ ਹਨ ਜੋ ਮਦਰੱਸਿਆਂ ਅਤੇ ਇਸਲਾਮਿਕ ਸਿੱਖਿਆਵਾਂ ਤੋਂ ਅਣਜਾਣ ਹਨ। ਦੂਜੇ ਸ਼ਬਦਾਂ ਵਿੱਚ, ਤਾਲਿਬਾਨ ਸ਼ਾਇਦ ਉਨ੍ਹਾਂ ਦਾ ਇਸਤੇਮਾਲ ਕਰ ਰਹੇ ਹੋਣ।

ਮੈਂ ਤਾਲਿਬਾਨ ਦੇ ਲੋਕਾਂ ਵਿੱਚੋਂ ਇੱਕ ਨੂੰ ਪੁੱਛਿਆ ਕਿ ਜੇ ਤਸਵੀਰ ਹਰਾਮ ਹੈ ਤਾਂ ਤੁਹਾਡੇ ਨੇਤਾ ਤਸਵੀਰਾਂ ਕਿਉਂ ਬਣਾ ਰਹੇ ਹਨ। ਉਸਦਾ ਜਵਾਬ ਸੀ, "ਸ਼ਾਇਦ ਉਨ੍ਹਾਂ ਨੇ ਬਣਾਉਣੀ ਹੋਵੇ।"

"ਮੈਂ ਤਾਲਿਬਾਨ ਦੇ ਇੱਕ ਹੋਰ ਵਿਅਕਤੀ ਨੂੰ ਪੁੱਛਿਆ ਕਿ ਜੇ ਪਾਣੀ ਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ। ਉਸਨੇ ਜਵਾਬ ਦਿੱਤਾ, "ਉਹ ਤਯੰਮੁੱਮ ਕਰੇਗਾ (ਆਤਮਾ ਦੀ ਵਰਤੋਂ ਕਰਕੇ ਇਸ਼ਨਾਨ)"

... ਮੈਂ ਕਿਹਾ ਕਿ ਮੈਨੂੰ ਤਯੰਮੁੱਮ ਦਾ ਤਰੀਕਾ ਦੱਸੋ ਤਾਂ ਉਸਨੇ ਕਿਹਾ, "ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ", ਪਰ ਫਿਰ ਉਹ ਚਲਾ ਗਿਆ ਅਤੇ ਵਾਪਸ ਨਹੀਂ ਆਇਆ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)